ਦਿਲ ਦੀ ਘੁੰਡੀ - ਕੇਹਰ ਸ਼ਰੀਫ਼
ਖਿੜਕੀਆਂ ਬੂਹੇ ਖੋਲ੍ਹ ਨੀ ਜਿੰਦੇ
ਕੁੱਝ ਤਾਂ ਮੂੰਹੋਂ ਬੋਲ ਨੀਂ ਜਿੰਦੇ
ਬੇ-ਦਿਲਿਆਂ ਦਾ ਕਾਹਦਾ ਜੀਣਾ
ਜੀਣ ਲਈ ਪਰ ਤੋਲ ਨੀ ਜਿੰਦੇ।
ਅੱਜ, ਜਦੋਂ ਇਤਿਹਾਸ ਹੋ ਗਿਆ
ਤੇ ਇਸਦਾ ਅਹਿਸਾਸ ਹੋ ਗਿਆ
ਇਹ ਪਛਤਾਵਾ ਬਣਨ ਤੋਂ ਪਹਿਲਾਂ
ਆਪਣਾ ਆਪ ਫਰੋਲ ਨੀ ਜਿੰਦੇ।
ਵਗਦੀ ਹਵਾ ਕੁਲੈਹਣੀ ਹੋਵੇ
ਗੱਲ ਕੋਈ ਸੱਚੀ ਕਹਿਣੀ ਹੋਵੇ
ਪੱਥਰ ਵਰਗੇ ਜਿਗਰੇ ਅੰਦਰ
ਪੁੱਗਦੀ ਨਾ ਕੋਈ ਝੋਲ ਨੀ ਜਿੰਦੇ।
ਲੋਕ ਰਾਜ 'ਚ ਤੇਰਾ ਵਾਸਾ ਹੋਵੇ
ਤੇਰਾ ਹੀ ਰੱਤ ਕਿਉਂ ਨਿੱਤ ਚੋਵੇ
ਸੋਚ-ਵਿਚਾਰ ਕਰਨ ਦਾ ਵੇਲਾ
ਪਾ ਕੇ ਗਲ਼ ਪਿੱਟ ਢੋਲ ਨੀ ਜਿੰਦੇ।
ਨੇਰ੍ਹਿਆਂ ਨੂੰ ਕਬਰੀਂ ਦਫਣਾ ਕੇ
ਚਾਨਣੀਆਂ ਦਾ ਸ਼ਹਿਰ ਵਸਾ ਕੇ
ਕਿਰਤ ਦਾ ਰੁਤਬਾ ਸਭ ਤੋਂ ਉੱਚਾ
ਹਰ ਥਾਵੇਂ ਸੱਚ ਬੋਲ ਨੀਂ ਜਿੰਦੇ।
ਲਫ਼ਜ਼ਾਂ ਨਾਲ ਮੁਹੱਬਤਾਂ ਪਾ ਕੇ
ਚਿੰਤਨ ਦਾ ਕੋਈ ਵੇਗ ਹੰਢਾ ਕੇ
ਆਪਣਿਆਂ ਦੇ ਗਲ਼ ਲੀਰਾਂ ਦੇਖੇਂ
ਕਰ ਕੋਈ ਅੱਥਰਾ ਘੋਲ਼ ਨੀ ਜਿੰਦੇ।
ਉਹ ਤੈਨੂੰ ਸਾਊ ਢੱਗਾ ਈ ਕਹਿੰਦੇ
ਆਪ ਸਦਾ ਸੁਖ ਵਿਚ ਹੀ ਰਹਿੰਦੇ
ਸੀਸ ਤਲੀ ਧਰ ਤੇ ਕੁੱਦ ਮੈਦਾਨੇ
ਸਹਿ ਸਾਰੇ ਬੋਲ-ਕੁਬੋਲ ਨੀ ਜਿੰਦੇ।
ਤਖ਼ਤ-ਤਾਜ ਮਨ ਆਈਆਂ ਕਰਦੇ
ਕਿਰਤੀ ਦੇ ਘਰ ਸੁਪਨੇ ਮਰਦੇ
ਮਸਲੇ ਪਰਬਤੋਂ ਭਾਰੇ ਹੋ ਗਏ
ਕੋਈ ਤਾਂ ਹੱਲ ਟੋਲ਼ ਨੀ ਜਿੰਦੇ।
ਇਨਸਾਨਾਂ ਵਾਲੀ ਬਸਤੀ ਅੰਦਰ
ਹਰ ਪਾਸੇ ਕਿਉਂ ਲਿਸ਼ਕਣ ਖੰਜਰ
ਇਸ ਖ਼ਤਰੇ ਨੂੰ ਡੱਕਣ ਦੇ ਲਈ
ਬੈਠ ਤੂੰ ਆਪਣੇ ਕੋਲ਼ ਨੀ ਜਿੰਦੇ।
ਹਾਕਮ ਦੀ ਹੈ ਸੋਚ ਕੁਲੈਹਣੀ
ਸਮਿਆਂ ਕਰਵਟ ਬਦਲ ਹੀ ਲੈਣੀ
ਭਗਤ, ਸਰਾਭੇ ਸਦਾ ਹੀ ਲੜਦੇ
ਦੇਖ ਇਤਿਹਾਸ ਫਰੋਲ ਨੀ ਜਿੰਦੇ।
ਵਕਤ ਨੇ ਉਨ੍ਹਾਂ ਨੂੰ ਚੇਤੇ ਰੱਖਿਆ
ਜਿਨ੍ਹਾਂ ਨੇ ਹੜ੍ਹ ਜਬਰ ਦਾ ਡੱਕਿਆ
ਸੰਘਰਸ਼ਾਂ ਵਾਲੇ 'ਕੱਠ 'ਚ ਬਹਿ ਕੇ
ਜਾਬਰ ਨੂੰ ਤੂੰ ਦੇਵੇਂ ਰੋਲ਼ ਨੀ ਜਿੰਦੇ।
ਖਿੜਕੀਆਂ ਬੂਹੇ ਖੋਲ੍ਹ ਨੀ ਜਿੰਦੇ
ਕੱਝ ਤਾਂ ਮੂੰਹੋਂ ਬੋਲ ਨੀਂ ਜਿੰਦੇ।