ਹਿੰਸਾ ਦਾ ਸਾਹਮਣਾ ਕਰਦਿਆਂ - ਅਵਿਜੀਤ ਪਾਠਕ


ਹਰ ਸਾਲ ਇਨ੍ਹੀਂ ਦਿਨੀਂ ਜਦੋਂ ਮਹਾਤਮਾ ਗਾਂਧੀ ਦੀ ਹੱਤਿਆ ਦੀ ਦਰਦਨਾਕ ਯਾਦ ਸਤਾਉਂਦੀ ਹੈ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਅਜਿਹੇ ਸੰਸਾਰ ਵਿਚ ਜੀਅ ਰਹੇ ਹਾਂ ਜਿਹੜਾ ਹਿੰਸਾ ਨੂੰ ਆਮ ਵਰਤਾਰਾ ਬਣਾਉਂਦਾ ਹੈ ਅਤੇ ਇਹ ਅਹਿੰਸਾ ਦੇ ਸਿਧਾਂਤਾਂ ਤੋਂ ਔਖਾ ਮਹਿਸੂਸ ਕਰਦਾ ਹੈ। ਇਥੋਂ ਤੱਕ ਕਿ ਭਾਵੇਂ ਅਸੀਂ ਵੱਖ ਵੱਖ ਰਸਮਾਂ ਤੇ ਰੀਤੀ-ਰਿਵਾਜ ਮਨਾਉਂਦੇ ਹੋਏ, ਗਾਂਧੀ ਪ੍ਰਤੀ ਆਪਣਾ ਸਤਿਕਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਵੀ ਅਸੀਂ ਜਿਸ ਦੌਰ ਵਿਚ ਰਹਿ ਰਹੇ ਹਾਂ, ਉਸ ਦੀ ਭਾਰੂ ਆਮ ਭਾਵਨਾ ਦੇ ਕਾਇਲ ਹੁੰਦੇ ਜਾਪਦੇ ਹਾਂ ਅਤੇ ਇਸ ਦੌਰ ਦੌਰਾਨ ਹੋਰਨਾਂ ਉਤੇ ਭਾਰੂ ਰਹਿਣ ਤੇ ਦਬਦਬਾ ਬਣਾਈ ਰੱਖਣ ਦੀ ਭਾਵਨਾ ਆਮ ਹੈ, ਸਮਾਜਿਕ ਡਾਰਵਿਨਵਾਦ ਸਾਡੇ ਖ਼ੂਨ ਵਿਚ ਹੈ, ਨਰਮਾਈ ਤੇ ਤਰਸ-ਦਇਆ ਵਰਗੇ ਗੁਣਾਂ ਨੂੰ ‘ਜ਼ਨਾਨਾ’ ਸਮਝਿਆ ਜਾਂਦਾ ਹੈ, ਆਧੁਨਿਕਤਾ ਦੇ ਲਾਭ ਤਕਨੀਕੀ-ਵਿਕਾਸਵਾਦ ਅਤੇ ਫ਼ੌਜਪ੍ਰਸਤ-ਰਾਸ਼ਟਰਵਾਦ ਨਾਲ ਵੰਡਣਯੋਗ ਨਹੀਂ ਹਨ! ਇਉਂ ਇਕ ਤਰੀਕੇ ਨਾਲ ਅਸੀਂ ਜੰਗ ਤੇ ਦਹਿਸ਼ਤਗਰਦੀ, ਨਵੇਂ ਰੂਪਾਂ ਵਾਲੀ ਬਸਤੀਵਾਦੀ ਲੁੱਟ-ਖਸੁੱਟ, ਪਛਾਣਾਂ ਨੂੰ ਸੀਮਤ ਕਰਨ ਦੇ ਨਾਂ ’ਤੇ ਇੰਤਹਾਪਸੰਦੀ ਅਤੇ ਅਸੀਮ ਲਾਲਚ ਤੇ ਖ਼ਾਹਿਸ਼ਾਂ ਤੇ ਆਧਾਰਿਤ ਖ਼ਪਤਕਾਰ ਸੱਭਿਆਚਾਰ ਦੇ ਆਦੀ ਹੋ ਚੁੱਕੇ ਹਾਂ।
        ਇਸ ਲਈ ਕੀ ਇਹ ਹੈਰਾਨੀਜਨਕ ਨਹੀਂ ਕਿ ਅਸੀਂ ਮਾਪਿਆਂ ਅਤੇ ਅਧਿਆਪਕਾਂ ਦੇ ਰੂਪ ਵਿਚ ਲਗਾਤਾਰ ਆਪਣੇ ਬੱਚਿਆਂ ਨੂੰ ਹਿੰਸਕ ਯੁਗ ਦੀ ਭਾਸ਼ਾ ਨੂੰ ਪ੍ਰਵਾਨ ਕਰਨ ਅਤੇ ਉਸ ਨੂੰ ਆਪਣੇ ਅੰਦਰ ਰਮਾ ਲੈਣ ਲਈ ਉਤਸ਼ਾਹਿਤ ਨਹੀਂ ਕਰ ਰਹੇ? ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਹੁਸ਼ਿਆਰ ਤੇ ਮੁਕਾਬਲੇਬਾਜ਼ ਹੋਣ, ਅਸੀਂ ਚਾਹੁੰਦੇ ਹਾਂ ਕਿ ਉਹ ਹਮੇਸ਼ਾ ਅੱਗੇ ਹੀ ਰਹਿਣ, ਭਾਵ ‘ਟੌਪਰ’ ਹੋਣ, ਅਸੀਂ ਚਾਹੁੰਦੇ ਹਾਂ ਕਿ ਉਹ ਸਿਰਫ਼ ਆਪਣੇ ਕਰੀਅਰ ਵੱਲ ਧਿਆਨ ਦੇਣ ਵਾਲਿਆਂ ਵਜੋਂ ਵੱਡੇ ਹੋਣ ਜਿਸ ਦੌਰਾਨ ਉਨ੍ਹਾਂ ਦੀ ਇਕੋ-ਇਕ ਖ਼ਾਹਿਸ਼ ਹੋਵੇ ਕਿ ਉਹ ਤੇਜ਼ ਭੱਜਣ, ਕੋਈ ਮੌਕਾ ਨਾ ਖੁੰਝਾਉਣ, ਵੱਧ ਤੋਂ ਵੱਧ ਕਮਾਈ ਕਰਨ ਅਤੇ ਦੁਨੀਆ ਨੂੰ ਆਪਣੀ ਹੰਕਾਰੀ ਨਜ਼ਰ ਨਾਲ ਦੇਖਣ। ਅਸੀਂ ਉਨ੍ਹਾਂ ਪ੍ਰਤੀ ਆਪਣੀ ਚਿੰਤਾ ਦੇ ਪ੍ਰਗਟਾਵੇ ਰਾਹੀਂ ਡਰ ਦੀ ਮਾਨਸਿਕਤਾ ਪੈਦਾ ਕਰਦੇ ਹਾਂ, ਅਸੀਂ ਉਨ੍ਹਾਂ ਨੂੰ ਇਹ ਮੰਨਣ ਲਾਉਂਦੇ ਹਾਂ ਕਿ ਜੇ ਉਹ ‘ਮੱਠੀ ਰਫ਼ਤਾਰ ਵਾਲੇ’ ਰਹੇ, ਜਾਂ ਜੇ ਉਹ ਕੋਮਲ ਰਹਿੰਦੇ ਹਨ ਜਾਂ ‘ਜ਼ਨਾਨਾ’ ਗੁਣ ਕਾਇਮ ਰੱਖਦੇ ਹਨ, ਜਿਵੇਂ ਸਹਿਯੋਗ ਦੀ ਭਾਵਨਾ ਰੱਖਣਾ, ਬੂਟਿਆਂ ਅਤੇ ਰੁੱਖਾਂ ਜਾਂ ਪੰਛੀਆਂ, ਦਰਿਆਵਾਂ ਆਦਿ ਪ੍ਰਤੀ ਸੰਵੇਦਨਸ਼ੀਲਤਾ ਦੀ ਭਾਵਨਾ ਰੱਖਣਾ, ਤਾਂ ਉਹ ਨਾਕਾਮ ਹੋ ਜਾਣਗੇ ਤੇ ਪਛੜ ਜਾਣਗੇ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਘਰਾਂ ਪਰਿਵਾਰਾਂ ਤੋਂ ਲੈ ਕੇ ਸਕੂਲਾਂ ਤੱਕ ਸਾਡੇ ਬੱਚਿਆਂ ਨੂੰ ਜਿਹੜਾ ਸੁਨੇਹਾ ਮਿਲ ਰਿਹਾ ਹੈ, ਉਹ ਬੜਾ ਸਾਫ਼ ਹੈ : ਹਿੰਸਾ ਆਮ ਵਰਤਾਰਾ ਹੈ ਅਤੇ ਇਹ ਹੋਣੀ ਵੀ ਚਾਹੀਦੀ ਹੈ! ਕੌਣ ਕਹਿ ਸਕਦਾ ਹੈ ਕਿ ਸੰਭਵ ਤੌਰ ਤੇ ਉਹ ਇਹ ਸੋਚਣ ਕਿ ਗਾਂਧੀ ਮੂਰਖ ਤੇ ਖ਼ਤਰਨਾਕ ਸੀ ਅਤੇ ਗੌਡਸੇ ਬੜਾ ਹੁਸ਼ਿਆਰ ਤੇ ਸੱਚਾ ਆਧੁਨਿਕਤਾਵਾਦੀ ਸੀ? ਇਹੋ ਕਾਰਨ ਹੈ ਕਿ ਬੱਚੇ ਵੀ ਅੱਜ ਕੱਲ੍ਹ ਉਸਤਾਦ ਬਿਸਮਿੱਲਾ ਖ਼ਾਨ ਦੀ ਸ਼ਹਿਨਾਈ ਨਾਲੋਂ ਫ਼ੌਜੀ ਪਰੇਡ ਜਿ਼ਆਦਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਕ੍ਰਿਕਟ ਤੇ ਫੁਟਬਾਲ ਵਿਚ ਜੰਗ ਹੀ ਦਿਖਾਈ ਦਿੰਦੀ ਹੈ, ਸੰਭਵ ਹੈ, ਉਹ ਇਹ ਮੰਨਦਿਆਂ ਹੀ ਵੱਡੇ ਹੋਣ ਕਿ ‘ਬਾਹਰਲੇ’ ਹਮੇਸ਼ਾ ਹੀ ‘ਅੰਦਰਲਿਆਂ’ ਖ਼ਿਲਾਫ਼ ਸਾਜ਼ਿਸ਼ਾਂ ਰਚਦੇ ਹਨ, ਤੇ ਇਸੇ ਤਰ੍ਹਾਂ ਉਹ ਇਹ ਵੀ ਸੋਚ ਸਕਦੇ ਹਨ ਕਿ ਗ਼ਰੀਬ ਇਸ ਕਾਰਨ ਗ਼ਰੀਬ ਹਨ ਕਿ ਉਹ ਸਿਆਣੇ ਨਹੀਂ ਹਨ, ਦੂਜੇ ਪਾਸੇ ਅਰਬਾਂਪਤੀ ਲੋਕ ਇਸ ਕਾਰਨ ਕਾਮਯਾਬ ਹਨ ਕਿਉਂਕਿ ਉਹ ਸਖ਼ਤ ਮਿਹਨਤ ਕਰਦੇ ਹਨ, ਸਿਆਣੇ ਅਤੇ ਹੁਸ਼ਿਆਰ ਹਨ!
        ਹਿੰਸਾ ਦੇ ਆਮ ਵਰਤਾਰਾ ਹੋ ਜਾਣ ਦੌਰਾਨ, ਸਾਡੇ ਵਿਚੋਂ ਕੁਝ ਜਣਿਆਂ ਜਿਵੇਂ ਅਧਿਆਪਕ, ਸਿੱਖਿਆਦਾਨੀ ਆਦਿ ਜੋ ਅਜੇ ਵੀ ਸੰਭਾਵਨਾਵਾਂ ਦੀ ਕਲਾ ਵਿਚ ਵਿਸ਼ਵਾਸ ਕਰਦੇ ਹਨ, ਜ਼ਰੂਰੀ ਹੈ ਕਿ ਉਹ ਅੱਗੇ ਆਉਣ ਅਤੇ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਕੰਮ ਕਰਨ। ਨਾਲ ਹੀ ਜ਼ਰੂਰਤ ਹੈ ਕਿ ਉਹ ਅਹਿੰਸਾ, ਨਿਰਪੱਖਤਾ ਅਤੇ ਦਇਆ ਦੀ ਭਾਸ਼ਾ ਤੇ ਇਸ ਦੇ ਅਮਲ ਨੂੰ ਸਮਝਣ ਤੇ ਉਸ ਨੂੰ ਆਪਣੇ ਆਪ ਵਿਚ ਰਮਾਉਣ। ਇਸ ਬਾਰੇ ਅਸੀਂ ਪ੍ਰੇਰਨਾ ਅਤੇ ਫਿਲਾਸਫੀ ਆਧਾਰ, ਆਪਣੇ ਕੁਝ ਨਾਮੀ ਚਿੰਤਕਾਂ, ਸਿੱਖਿਅਕਾਂ ਤੇ ਅਮਨ ਕਾਰਕੁਨਾਂ ਤੋਂ ਹਾਸਲ ਕਰ ਸਕਦੇ ਹਾਂ, ਜਿਵੇਂ ਪਾਉਲੋ ਫਰੇਰੇ, ਐਰਿਕ ਫਰੌਮ, ਵੀਅਤਨਾਮੀ ਬੋਧੀ ਭਿਖੂ ਟਿਕ ਨਾਤ ਹਾਨ ਤੇ ਮਹਾਤਮਾ ਗਾਂਧੀ ਅਤੇ ਇਸ ਤਰ੍ਹਾਂ ਅਸੀਂ ਸਿੱਖਣ ਦੇ ਸੱਭਿਆਚਾਰ ਨੂੰ ਮੁੜ ਪਰਿਭਾਸ਼ਿਤ ਕਰ ਸਕਦੇ ਹਾਂ। ਇਹ ਮਿਸਾਲੀ ਤਬਦੀਲੀ ਵਾਲੀ ਗੱਲ ਹੈ, ਅਤਿ-ਮੁਕਾਬਲੇ ਵਾਲੀ ਤੇ ਹਿੰਸਕ ਪੜ੍ਹਾਈ ਦੀ ਥਾਂ ਸੂਝਵਾਨ, ਦਇਆਵਾਨ, ਮਿਲਵਰਤਣਸ਼ੀਲ, ਮੇਲ-ਜੋਲ ਆਧਾਰਿਤ ਸਿੱਖਿਆ।
       ਅਧਿਆਪਕ ਹੋਣ ਦੇ ਨਾਤੇ ਮੈਨੂੰ ਨਵੀਂ ਪੀੜ੍ਹੀ ਦੇ ਯੁਵਾ ਦਿਮਾਗ਼ਾਂ ਨੂੰ ਪੋਸ਼ਿਤ ਕਰਨ ਲਈ ਸ਼ਾਂਤੀ ਦੀ ਸਿੱਖਿਆ ਦੇ ਤਿੰਨ ਬੁਨਿਆਦੀ ਸਿਧਾਂਤਾਂ ਦਾ ਜਸ਼ਨ ਮਨਾਉਣ ਵਿਚ ਕੋਈ ਝਿਜਕ ਨਹੀਂ ਹੈ, ਅਜਿਹੇ ਨੌਜਵਾਨਾਂ ਨਾਲ ਜਿਹੜੇ ਸੰਸਾਰ ਨੂੰ ਜੰਗ, ਫ਼ੌਜੀ ਰਾਸ਼ਟਰਵਾਦ, ਤਕਨੀਕੀ ਹਿੰਸਾ ਅਤੇ ਸਮਾਜਿਕ-ਆਰਥਿਕ ਨਾ ਬਰਾਬਰੀ ਦੇ ਭੱਦੇ ਰੂਪਾਂ ਤੋਂ ਆਜ਼ਾਦ ਕਰਨ ਲਈ ਕੋਸ਼ਿਸ਼ਾਂ ਕਰਨ ਦੀ ਹਿੰਮਤ ਕਰ ਸਕਣ। ਪਹਿਲਾ, ਅਧਿਆਪਕ ਨੂੰ ਸੰਵਾਦ ਮੁਖੀ ਹੋਣਾ ਚਾਹੀਦਾ ਹੈ ਜਿਹੜਾ ਇੰਨਾ ਕੁ ਦਿਆਲੂ ਹੋਵੇ ਕਿ ਉਹ ਸੁਣਨ ਦੀ ਕਲਾ ਨੂੰ ਵਿਕਸਤ ਕਰ ਸਕੇ। ਅਫਸਰਸ਼ਾਹੀ ਅਧਿਕਾਰ, ਗਿਆਨ ਦਾ ਘੁਮੰਡ ਅਤੇ ਸੱਤਾ ਦੀ ਇੱਛਾ ਅਕਸਰ ਅਧਿਆਪਕ ਤੇ ਯੁਵਾ ਵਿਦਿਆਰਥੀਆਂ ਦਰਮਿਆਨ ਵਖਰੇਵੇਂ ਦੀ ਕੰਧ ਖੜ੍ਹੀ ਕਰ ਦਿੰਦੇ ਹਨ। ਇਹ ਸਾਡੀਆਂ ਸਿੱਖਿਆ ਦੀਆਂ ਜਮਾਤਾਂ ਵਿਚ ਡਰ ਦਾ ਮਾਹੌਲ ਸਿਰਜਣ ਦਾ ਕਾਰਨ ਬਣਦਾ ਹੈ, ਇਸ ਨਾਲ ਇਕ-ਬਚਨੀ (ਇਕੱਲਿਆਂ ਹੀ ਬੋਲੀ ਜਾਣ) ਨੂੰ ਹੁਲਾਰਾ ਮਿਲਦਾ ਹੈ, ਇਹ ਨੌਜਵਾਨ ਵਿਦਿਆਰਥੀਆਂ ਨੂੰ ਜਮਾਤ ਵਿਚ ਆਪਣੇ ਤਜਰਬਿਆਂ ਨੂੰ ਜ਼ਾਹਰ ਕਰਨ ਤੇ ਆਪਣੀ ਗੱਲ ਕਹਿਣ ਤੋਂ ਰੋਕਦਾ ਹੈ। ਦੂਜੇ ਸ਼ਬਦਾਂ ਵਿਚ ਇਹ ਹਿੰਸਕ ਤੇ ਲੋਕਤੰਤਰ ਵਿਰੋਧੀ ਹੈ। ਇਸ ਲਈ ਸਾਡੇ ਬੱਚੇ ਸਿਰਫ਼ ਸੰਵਾਦਮੁਖੀ ਅਤੇ ਸਿੱਖਣ ਦੇ ਦਿਆਲੂ ਤਰੀਕੇ ਰਾਹੀਂ ਹੀ ਇਹ ਸਿੱਖ ਸਕਦੇ ਹਨ ਕਿ ਕਿਵੇਂ ਵਿਸ਼ਵ ਦ੍ਰਿਸ਼ਟੀ ਦੀ ਬਹੁਲਤਾ ਦੀ ਸ਼ਲਾਘਾ ਕੀਤੀ ਜਾ ਸਕਦੀ ਹੈ, ਗੱਲਬਾਤ ਤੇ ਵਿਚਾਰ-ਵਟਾਂਦਰੇ ਦੀ ਕਲਾ ਸਿੱਖੀ ਜਾ ਸਕਦੀ ਹੈ ਅਤੇ ਲੋਕਾਂ ਨੂੰ ਜੀਵਤ ਆਤਮਾਵਾਂ ਵਜੋਂ ਦੇਖਿਆ ਜਾ ਸਕਦਾ ਹੈ ਨਾ ਕਿ ਮਹਿਜ਼ ਦਬਾਏ ਜਾਣ ਵਾਲਿਆਂ ਵਜੋਂ। ਇਹ ਸੰਭਵ ਤੌਰ ਤੇ ਉਵੇਂ ਹੀ ਅਹਿੰਸਾ ਦੀ ਫ਼ਸਲ ਬੀਜਣ ਵਾਲੀ ਗੱਲ ਹੋਵੇਗੀ ਜਿਸ ਨੂੰ ਜੌਹਨ ਗੈਲਤੁੰਗ ਵਰਗੇ ਅਮਨ ਕਾਰਕੁਨ ਵੀ ‘ਝਗੜੇ ਦੇ ਹੱਲ’ ਦਾ ਹੁਨਰ ਕਰਾਰ ਦਿੰਦੇ ਹਨ।
       ਦੂਜਾ, ਸਾਨੂੰ ਮਹਿਜ਼ ਸੂਚਨਾ ਮੁਖੀ ਜਾਂ ਫਿਰ ਇਕੱਤਰ ਗਿਆਨ ਦੇ ਤਕਨੀਕੀ/ਅਕਾਦਮਿਕ ਭਾਰ ਨਾਲ ਦਬੀ ਹੋਈ ਸਿੱਖਿਆ ਦੀ ਥਾਂ ਸਾਡੀ ਚੇਤਨਾ ਅਤੇ ਸਵੈ-ਚਿੰਤਨਸ਼ੀਲਤਾ ਜਗਾਉਣ ਵਾਲੀ ਸਿੱਖਿਆ ਵੱਲ ਅੱਗੇ ਵਧਣ ਦੀ ਲੋੜ ਹੈ, ਮਿਸਾਲ ਵਜੋਂ, ਜੇ ਕੋਈ ਵਿਦਿਆਰਥੀ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਮਹਿਜ਼ ਰੱਟਾ ਲਾ ਕੇ ‘ਤੱਥ’ ਵਜੋਂ ਯਾਦ ਹੀ ਕਰਦਾ ਹੈ ਤਾਂ ਇਸ ਨਾਲ ਕੋਈ ਗੱਲ ਨਹੀਂ ਬਣਦੀ। ਇਸ ਦੀ ਥਾਂ ਆਲੋਚਨਾਤਮਕ ਸਿੱਖਿਆਦਾਨੀ ਵਜੋਂ ਕੋਈ ਅਧਿਆਪਕ ਜੋ ਕਰ ਸਕਦਾ ਹੈ, ਉਹ ਹੈ ਸਿੱਖਿਆਰਥੀ ਦੇ ਮਨ ਵਿਚ ਸੋਚਣ, ਪੁੱਛਣ ਅਤੇ ਹੈਰਾਨ ਹੋਣ ਦੀ ਭਾਵਨਾ ਜਗਾਉਣਾ। ਸਿਰਫ ਇਸ ਸੂਰਤ ਵਿਚ ਹੀ ਉਹ ਤੱਥਾਂ ਤੋਂ ਪਰੇ ਦੇਖ ਸਕਦਾ ਹੈ ਅਤੇ ਨਾਲ ਹੀ ਇਹ ਘੋਖ ਕਰ ਸਕਦਾ ਹੈ ਕਿ ਸੰਵਿਧਾਨ ਦੀ ਅਜਿਹੀ ਮਹਾਨ ਪ੍ਰਸਤਾਵਨਾ ਹੋਣ ਦੇ ਬਾਵਜੂਦ ਕੀ ਕਾਰਨ ਹੈ ਕਿ ਅਸੀਂ ਅੱਜ ਵੀ ਵਧ ਰਹੀ ਨਾ-ਬਰਾਬਰੀ, ਜਾਤ/ਪਿਤਾ-ਪੁਰਖੀ ਹਿੰਸਾ ਅਤੇ ਧਾਰਮਿਕ ਕੱਟੜਤਾ ਵਿਚਕਾਰ ਜੀਅ ਰਹੇ ਹਾਂ। ਇਹ ਇਕ ਤਰ੍ਹਾਂ ਧਰਮ ਨਿਰਪੱਖਤਾ, ਸਮਾਜਵਾਦ ਅਤੇ ਸੱਭਿਆਚਾਰਕ ਬਹੁਲਤਾਵਾਦ ਦੇ ਅਸਲੀ ਅਰਥਾਂ ਦੀ ਗਹਿਰਾਈ ਤੱਕ ਪਹੁੰਚਣ ਤੇ ਨਾਲ ਹੀ ਇਹ ਸਮਝਣ ਵਾਲੀ ਗੱਲ ਹੈ ਕਿ ਆਜ਼ਾਦੀ ਕੋਈ ਤਿਆਰ ਕੀਤਾ ਹੋਇਆ ਉਤਪਾਦ ਹੋਣ ਤੋਂ ਕਿਤੇ ਦੂਰ ਬਣਨ ਦੀ ਲਗਾਤਾਰ ਪ੍ਰਕਿਰਿਆ ਹੈ। ਨਾਲ ਹੀ ਹਿੰਸਾ ਦੇ ਹੁੰਦਿਆਂ ਆਜ਼ਾਦੀ ਦਾ ਹੋਣਾ ਨਾ-ਮੁਮਕਿਨ ਹੈ, ਭਾਵੇਂ ਇਹ ਹਿੰਸਾ ਢਾਂਚਾਗਤ ਹੋਵੇ, ਮਾਨਸਿਕ ਹੋਵੇ ਜਾਂ ਸੱਭਿਆਚਾਰਕ। ਜਦੋਂ ਗਿਆਨ ਜਾਗਰੂਕਤਾ ਦਾ ਜਸ਼ਨ ਹੁੰਦਾ ਹੈ ਤਾਂ ਸਾਡੀਆਂ ਜਮਾਤਾਂ ਸੱਚਮੁਚ ਅਹਿੰਸਾ ਤੇ ਆਜ਼ਾਦੀ ਦਾ ਅਜ਼ਮਾਇਸ਼ੀ ਟਿਕਾਣਾ ਬਣ ਜਾਂਦੀਆਂ ਹਨ।
        ਤੀਜਾ, ਸਾਨੂੰ ਆਪਣੀਆਂ ਜਮਾਤਾਂ ਵਿਚ ਪਿਆਰ ਦਾ ਸਿਖਰਲਾ ਸਰੂਰ ਪੈਦਾ ਕਰਨਾ ਚਾਹੀਦਾ ਹੈ। ਸਾਡੇ ਬੱਚੇ ਅਸਹਿ ਦਬਾਅ ਵਿਚ ਵੱਡੇ ਹੋ ਰਹੇ ਹਨ ਜਿਨ੍ਹਾਂ ਨੂੰ ਲਗਾਤਾਰ ਆਪਣਾ ਮੁਲੰਕਣ ਕੀਤੇ ਜਾਣ ਅਤੇ ਗਰੇਡਿੰਗ ਤੇ ਰੈਂਕਿੰਗ ਦੇ ਬੇਤੁਕੇ ਪੈਮਾਨਿਆਂ ਰਾਹੀਂ ਪਛੜਨ ਦਾ ਡਰ ਸਤਾਉਂਦਾ ਹੈ ਅਤੇ ਨਾਲ ਹੀ ਇਹ ਸਾਬਤ ਕਰਨ ਦਾ ਦਬਾਅ ਵੀ ਕਿ ਉਹ ਵੀ ‘ਵੱਡੇ’ ਬਣ ਸਕਦੇ ਹਨ। ਅਸੀਂ ਇਸ ਮਾਨਸਿਕ ਹਿੰਸਾ ਦਾ ਟਾਕਰਾ ਸਿਰਫ਼ ਪਿਆਰ ਅਤੇ ਹਮਦਰਦੀ ਭਰੀ ਸਮਝ ਨਾਲ ਹੀ ਕਰ ਸਕਦੇ ਹਾਂ। ਅਜਿਹੇ ਹਾਲਾਤ ਬਾਰੇ ਸੋਚੋ, ਜਦੋਂ ਅਸੀਂ ਅਧਿਆਪਕ ਹੋਣ ਦੇ ਨਾਤੇ ਉਨ੍ਹਾਂ ਨੂੰ ਕਿਸੇ ਹੋਰ ਬਿਰਤਾਂਤ ਵਿਚ ਸੁੰਦਰਤਾ ਦੇਖਣ ਲਈ ਪ੍ਰੇਰ ਸਕਦੇ ਹਾਂ : ਕਿ ਜਿਊਣ ਦਾ ਮਤਲਬ ਮੁਕਾਬਲਾ ਕਰਨਾ ਨਹੀਂ ਸਗੋਂ ਆਪਣੀ ਲੈਅ ਨਾਲ, ਆਪਣੀ ਧੁਨ ਵਿਚ ਜਿਊਣਾ ਹੈ, ਜਾਂ ਫਿਰ ਜਿਊਣ ਦਾ ਮਤਲਬ ਹੈ ਪਿਆਰ ਤੇ ਸੰਭਾਲ ਕਰਨਾ, ਤੇ ਜ਼ਿੰਦਗੀ ਵਿਚ ਅੰਦਰੂਨੀ ਤ੍ਰਿਪਤੀ ਦੀ ਭਰਪੂਰਤਾ ਤੋਂ ਬਿਨਾ ਹੋਰ ਕੋਈ ਕਾਮਯਾਬੀ ਨਹੀਂ ਹੋ ਸਕਦੀ!
ਕੀ ਅਸੀਂ ਇਸ ਲਈ ਤਿਆਰ ਹਾਂ?
* ਲੇਖਕ ਸਮਾਜ ਸ਼ਾਸਤਰੀ ਹੈ।