ਖ਼ੁਦਾ ਨੂੰ ਲੈ ਗਏ ਚੋਰ - ਰਵਿੰਦਰ ਸਿੰਘ ਕੁੰਦਰਾ
ਨਮਾਜ਼ ਪੜ੍ਹਾਂਦੇ ਮੌਲਵੀ 'ਤੇ, ਮਾਇਆ ਬਰਸ ਰਹੀ ਸੀ,
ਢੇਰੀ ਦੇਖ ਪੈਸੇ ਦੀ, ਜੱਟ ਦੀ ਨੀਯਤ ਤਰਸ ਰਹੀ ਸੀ।
ਸੋਚ ਰਿਹਾ ਸੀ ਅੱਲਾ ਦਾ, ਇਨਸਾਫ ਹੈ ਕਿਤਨਾ ਖੋਟਾ,
ਮਿਹਨਤ ਕੀਤੇ ਬਿਨਾ ਮੌਲਵੀ, ਮਾਲ ਕਮਾਂਦਾ ਮੋਟਾ।
ਅਸੀਂ ਮਿੱਟੀ ਨਾਲ ਮਿੱਟੀ ਹੋਈਏ, ਹਰ ਸਾਉਣੀ 'ਤੇ ਹਾੜ੍ਹੀ,
ਫੇਰ ਵੀ ਹੱਥ ਠੂਠਾ ਹੀ ਰਹਿੰਦਾ, ਮੱਤ ਸਾਡੀ ਰਹਿੰਦੀ ਮਾਰੀ।
ਤਿੰਨ ਕੁ ਸੌ ਜਦ ਕੱਠੇ ਕਰਕੇ, ਮੌਲਵੀ ਘਰ ਨੂੰ ਤੁਰਿਆ,
ਜੱਟ ਵੀ ਉਸਦੇ ਪਿੱਛੇ ਪਿੱਛੇ, ਗਲ਼ੀ ਦੇ ਮੋੜ ਕਈ ਮੁੜਿਆ।
ਮੋਕਲ਼ੀ ਜਿਹੀ ਥਾਂ ਦੇਖ ਕੇ, ਉਸ ਮੌਲਵੀ ਅੱਗੋਂ ਡੱਕਿਆ,
ਕਹਿੰਦਾ ਲਾ ਸ਼ਰਤ ਮੈਂ ਦੱਸਾਂ, ਜੋ ਤੇਰੇ ਮਨ ਵਸਿਆ।
ਦੋ, ਦੋ ਸੌ ਦੀ ਸ਼ਰਤ 'ਤੇ ਦੋਨੋਂ, ਝਟਪਟ ਹੋ ਗਏ ਸਹਿਮਤ,
ਚਾਰ ਸੌ ਸਾਹਮਣੇ ਰੱਖਣ ਲਈ, ਜੱਟ ਵਿਛਾਈ ਤਹਿਮਤ।
ਮੌਲਵੀ ਆਖੇ ਦੱਸ ਹੁਣ ਜੱਟਾ, ਕੀ ਹੈ ਮੇਰੇ ਮਨ ਵਿੱਚ,
ਤਾਂ ਕਿ ਮੁੱਕ ਹੀ ਜਾਵੇ ਤੇਰੀ, ਛੇੜੀ ਹੋਈ ਝਿਕ ਝਿਕ।
ਸੋਚ ਸੋਚ ਕੇ ਜੱਟ ਝੱਟ ਬੋਲਿਆ, ਤੇਰੇ ਮਨ ਵਸਦਾ ਅੱਲਾ,
ਮੈਨੂੰ ਪੱਕਾ ਯਕੀਨ ਤੇਰੇ 'ਤੇ, ਤੂੰ ਛੁਡਾ ਨਹੀਂ ਸਕਦਾ ਪੱਲਾ।
ਮੌਲਵੀ ਬੜਾ ਕਸੂਤਾ ਫਸਿਆ, ਸੋਚੇ ਹੁਣ ਕਰਾਂ ਕੀ,
ਝੂਠ ਬੋਲਾਂ ਤਾਂ ਕਾਫ਼ਰ ਬਣਦਾਂ, ਸੱਚ ਨੂੰ ਨਾ ਮੰਨੇ ਜੀਅ।
ਨਿੰਮੋਝੂਣਾ ਮੌਲਵੀ ਬੋਲਿਆ, ਹਾਂ ਮਨ ਮੇਰੇ ਹੈ ਅੱਲਾ,
ਸ਼ਰਤ ਤਾਂ ਮੈਂ ਹੁਣ ਹਾਰ ਗਿਆ ਹਾਂ, ਬਾਕੀ ਖ਼ੈਰ ਸੱਲਾ।
ਚਾਰ ਸੌ ਚੁੱਕ ਕੇ ਜੇਬ 'ਚ ਪਾ ਕੇ, ਜਦ ਜੱਟ ਭੱਜਣ ਲੱਗਾ,
ਮੌਲਵੀ ਨੇ ਵੀ ਝੱਟ ਕਰਕੇ, ਰੋਕਿਆ ਉਸ ਦਾ ਅੱਗਾ।
ਕਹਿੰਦਾ ਮੈਂ ਵੀ ਦੱਸ ਸਕਦਾ ਹਾਂ, ਤੇਰੇ ਮਨ ਵਿੱਚ ਕੀ ਹੈ,
ਦੂਜੀ ਸ਼ਰਤ ਲਗਾਉਣ ਲਈ, ਮੇਰਾ ਵੀ ਕਰਦਾ ਜੀਅ ਹੈ।
ਸੌ, ਸੌ ਦੀ ਹੋਰ ਸ਼ਰਤ ਲਗਾ ਕੇ, ਮੌਲਵੀ ਝਾੜਿਆ ਝੱਗਾ,
ਮੈਂ ਵੀ ਤੇਰੇ ਮਨ ਦੀ ਗੱਲ ਦਾ, ਭੇਦ ਹਾਂ ਖੋਲ੍ਹਣ ਲੱਗਾ।
ਵਸਦਾ ਤੇਰੇ ਮਨ ਵਿੱਚ ਵਾਹਿਗੁਰੂ, ਮੇਰਾ ਸ਼ੱਕ ਹੈ ਪੱਕਾ,
ਦੱਸ ਹੁਣ ਤੂੰ ਹੀ ਦਿਲ ਖੋਲ੍ਹ ਕੇ, ਕੌਣ ਝੂਠਾ ਕੌਣ ਸੱਚਾ।
ਠਾਣ ਲਈ ਜੱਟ ਨੇ ਮਨ ਵਿੱਚ, ਸ਼ਰਤ ਨਹੀਂ ਹੁਣ ਹਰਨੀ,
ਭਾਵੇਂ ਪੈ ਜਾਏ ਬਦਲੇ ਦੇ ਵਿੱਚ, ਭਾਰੀ ਚੱਟੀ ਭਰਨੀ।
ਕਹਿੰਦਾ ਮੌਲਵੀਆ ਮੇਰੇ ਲਈ, ਨਹੀਂ ਵਾਹਿਗੁਰੂ ਕੋਈ ਚੀਜ਼,
ਮੈਂ ਹਾਂ ਦੇਵੀ ਦਾ ਉਪਾਸ਼ਕ, ਅਦਨਾ ਭਗਤ ਗਰੀਬ।
ਰੋਜ਼ ਸਵੇਰੇ ਮੰਦਰ ਜਾ ਕੇ, ਮੈਂ ਹਾਂ ਸਜਦਾ ਕਰਦਾ,
ਕਾਲੀ ਦੇਵੀ ਦੀ ਪੂਜਾ ਬਿਨ, ਮੇਰਾ ਨਹੀਂ ਹੈ ਸਰਦਾ।
ਦੰਗ ਰਹਿ ਗਿਆ ਮੌਲਵੀ ਸੁਣ ਕੇ, ਐਸਾ ਝੂਠ ਪੁਲੰਦਾ,
ਪਰ ਕੁੱਝ ਵੀ ਤਾਂ ਕਰ ਨਾ ਸਕਿਆ, ਅੱਲਾ ਦਾ ਉਹ ਬੰਦਾ।
ਰਹਿੰਦਾ ਸੌ ਵੀ ਹੱਥੋਂ ਗੁਆ ਕੇ, ਮੌਲਵੀ ਹੋਇਆ ਉਦਾਸ,
ਖਾਲੀ ਹੱਥੀਂ ਤੁਰ ਜਾਣ ਬਿਨਾ, ਨਹੀਂ ਚਾਰਾ ਸੀ ਉਸ ਪਾਸ।
ਸੋਚ ਰਿਹਾ ਸੀ ਕਪਟੀ ਜੱਟ ਨੇ, ਕੀਤਾ ਝੂਠ ਦਾ ਧੰਦਾ,
ਸਰੇ ਬਜ਼ਾਰ ਹੀ ਲੁੱਟਿਆ ਗਿਆ ਹਾਂ, ਮੈਂ ਖ਼ੁਦਾ ਦਾ ਬੰਦਾ।
ਐਂਵੇਂ ਨਹੀਂ ਕਈ ਲੋਕੀਂ ਕਹਿੰਦੇ, ਗੱਲਾਂ ਹੋਰ 'ਤੇ ਹੋਰ,
ਮਚਲੇ ਜੱਟ ਨੇ ਮਾਰੀ ਬਾਜ਼ੀ, ਖ਼ੁਦਾ ਨੂੰ ਲੈ ਗਏ ਚੋਰ।