ਸੇਵਕ ਕੋ ਸੇਵਾ ਬਣ ਆਈ - ਜਸਵੀਰ ਸ਼ਰਮਾ ਦੱਦਾਹੂਰ

ਪੂਰੀ ਤਰ੍ਹਾਂ ਸੇਵਾ ਨੂੰ ਸਮਰਪਿਤ ਹਨ ਬਾਬਾ 'ਬਲਵਿੰਦਰ ਸਿੰਘ ਜੀ ਚਾਹਲ'

ਜਿਮੀਦਾਰਾ ਘਰਾਣੇ ਨਾਲ ਸਬੰਧਤ, ਚੰਗੇ ਖ਼ਾਨਦਾਨ ਵਿੱਚੋਂ, ਚੰਗੀ ਜਾਇਦਾਦ ਦੇ ਮਾਲਕ, ਵਾਹਿਗੁਰੂ ਵੱਲੋਂ ਬਖਸ਼ੀ ਹਰ ਸੁੱਖ-ਸਹੂਲਤ ਨੂੰ ਤਿਆਗ ਕੇ ਭਾਈ ਘਨ੍ਹੱਈਆ ਜੀ ਬਿਰਧ ਘਰ ਮੰਝ ਸਾਹਿਬ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਮਰਪਿਤ ਹਨ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬਲਵਿੰਦਰ ਸਿੰਘ ਜੀ ਚਾਹਲ। ਸੁਨਣ ਨੂੰ ਬਿਲਕੁਲ ਭਾਂਵੇ ਹਰ ਇਨਸਾਨ ਨੂੰ ਅਜੀਬ ਲੱਗੇ ਪਰ ਇਹ ਸਭ ਹਕੀਕਤ ਹੈ ਜੀ। ਸਵ: ਜਸਬੀਰ ਸਿੰਘ ਚਾਹਲ ਦੇ ਗ੍ਰਹਿ ਵਿਖੇ ਜਨਮੇ ਬਾਬਾ ਬਲਵਿੰਦਰ ਸਿੰਘ ਜੀ ਚਾਹਲ ਚੰਗੇ ਵਧੀਆ ਕਿਰਸਾਨ ਰਹੇ ਹਨ। ਇਹਨਾਂ ਦੇ ਵਿੱਚ ਇਕ ਸਫ਼ਲ ਕਿਰਸਾਨ ਦੇ ਸਾਰੇ ਗੁਣ ਹਨ। ਵਧੀਆ ਨਿਪੁੰਨ ਕਿਰਸਾਨ ਦੇ ਨਾਲ-ਨਾਲ ਭਾਂਵੇ ਆਪ ਇਕ ਸੁਗੜ ਸਿਆਣੇ ਤੇ ਤਜ਼ਰਬੇਕਾਰ ਲੀਡਰ ਵੀ ਰਹੇ ਹਨ ਅਤੇ ਆਪ ਵੀ ਇਕ ਪਾਰਟੀ ਬਣਾ ਕੇ ਉਹਦੇ ਕਰਤਾ ਧਰਤਾ ਵੀ ਰਹੇ ਹਨ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਾਂਗ ਹੀ ਆਪ ਨੂੰ ਇਕ ਘਟਨਾਂ ਨੇ ਝੰਜੋੜਿਆ ਕਰਕੇ ਹੀ ਆਪ ਨੇ ਦੁਨੀਆਂਦਾਰੀ ਤਿਆਗ ਕੇ ਸੇਵਾ ਨੂੰ ਜ਼ਿੰਦਗੀ ਦਾ ਗਹਿਣਾ ਸਮਝ ਲਿਆ। ਕਿਸੇ ਘਰ ਦੇ ਵਿੱਚ ਬੱਚੇ ਆਪਣੇ ਬੁੱਢੇ ਮਾਤਾ-ਪਿਤਾ ਨੂੰ ਰੋਟੀ ਖਵਾ ਰਹੇ ਸਨ। ਉਹਨਾਂ ਦੀ ਔਲਾਦ ਪੁੱਤਰ ਨੂੰਹ ਨੇ ਬਜ਼ੁਰਗਾਂ ਨੂੰ ਖਾਣਾ ਦਿੱਤਾ। ਖਾਣਾ ਖਾਣ ਤੋਂ ਬਾਅਦ ਉਸ ਬੁੱਢੇ ਮਾਂ-ਬਾਪ ਨੂੰ ਥੋੜੇ ਹੋਰ ਖਾਣੇ ਦੀ ਲੋੜ ਸੀ ਪਰ ਉਹਨਾਂ ਦੇ ਪੁੱਤਰ ਨੂੰਹ ਨੇ ਇਹ ਕਹਿ ਕੇ ਖਾਣਾ ਦੇਣੋ ਮਨ੍ਹਾਂ ਕਰ ਦਿੱਤਾ ਕਿ ਹੁਣ ਸਿਰਫ਼ ਬਚਿਆ ਖਾਣਾ ਉਹਨਾਂ ਦੇ ਬੱਚਿਆਂ ਜੋਗਾ ਹੀ ਰਹਿ ਗਿਆ ਹੈ। ਇਸ ਕਰਕੇ ਹੋਰ ਖਾਣਾ ਨਹੀਂ ਮਿਲਣਾ। ਇਹ ਸਭ ਕੁਝ ਜਦ ਵਾਪਰ ਰਿਹਾ ਸੀ ਤਾਂ ਸੰਜੋਗ ਵੱਸ ਬਲਵਿੰਦਰ ਸਿੰਘ ਚਾਹਲ ਵੀ ਉਸ ਘਰ ਵਿੱਚ ਮੌਜੂਦ ਸਨ 'ਤੇ ਏਸੇ ਗੱਲ ਨੇ ਹੀ ਇਹਨਾਂ ਦੀ ਜਿੰਦਗੀ ਬਦਲ ਕੇ ਰੱਖ ਦਿੱਤੀ ਕਿ ਇਸ ਫ਼ਾਨੀ ਦੁਨੀਆਂ ਤੇ ਕੋਈ ਵੀ ਕਿਸੇ ਦਾ ਨਹੀਂ ਹੈ ਭਾਵ ਇਕ ਪੁੱਤਰ ਨੂੰਹ ਹੀ ਆਵਦੇ ਮਾਂ-ਬਾਪ ਨੂੰ ਰੱਜਵੀਂ ਰੋਟੀ ਨਹੀਂ ਦੇ ਸਕਦੇ? ਇਸ ਗੱਲ ਨੂੰ ਆਪ ਨੇ ਐਨਾਂ ਝੰਜੋੜਿਆ ਕਿ ਸੰਸਾਰੀ ਸੁੱਖ ਸੁਵਿਧਾ ਨੂੰ ਤਿਆਗ ਕੇ ਸਭ ਕੁਝ ਹੁੰਦੇ ਸੁੰਦੇ ਵੈਰਾਗੀ ਸਾਧਾਂ ਵਾਲਾ ਭੇਸ ਬਣਾ ਗਏ ਤੇ ਆਪਣੇ ਹਿੱਸੇ ਦੀ ਜਾਇਦਾਦ ਵੇਚ ਵੱਟ ਕੇ ਭਾਈ ਸਾਹਿਬ ਮੰਝ ਸਾਹਿਬ ਰੋਡ ਤੇ ਭਾਈ ਘਨ੍ਹੱਈਆ ਜੀ ਦੀ ਸੇਵਾ ਨੂੰ ਸਮਰਪਿਤ ਅਤੇ ਉਹਨਾ ਦੇ ਪਦ ਚਿਨ੍ਹਾਂ ਤੇ ਚੱਲਦਿਆਂ ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਨਾਂਅ ਤੇ ਹੀ ਭਾਈ ਘਨ੍ਹੱਈਆ ਬਿਰਧ ਆਸ਼ਰਮ ਖ਼ੋਲ ਦਿੱਤਾ ਕਿ ਏਥੋਂ ਹਰ ਇਕ ਭੁੱਖੇ ਨੂੰ ਖਾਣਾ, ਸਿਰ ਢਕਣ ਲਈ ਕਮਰਾ ਤੇ ਹਰ ਸੁੱਖ ਸਹੂਲਤ ਵਾਹਿਗੁਰੂ ਦੀ ਕਿਰਪਾ ਨਾਲ ਮਿਲੇਗੀ। ਬੇਸ਼ੱਕ ਆਪ ਜੀ ਇਕ ਗ੍ਰਹਿਸਥੀ ਇਨਸਾਨ ਹਨ। ਇਕ ਸ਼ਾਦੀਸ਼ੁਦਾ ਬੇਟਾ ਹੈ ਤੇ ਇਕ ਸ਼ਾਦੀਸ਼ੁਦਾ ਲੜਕੀ। ਲੜਕਾ ਬਾਬਾ ਜੀ ਦੇ ਨਾਲ ਬਿਰਧ ਘਰ ਵਿਖੇ ਸੇਵਾ ਕਰਦਾ ਹੈ ਅਤੇ ਲੜਕੀ ਇਸ ਸਮੇਂ ਏਅਰਪੋਰਟ ਸ੍ਰੀ ਅੰਮਿਤਸਰ ਸਾਹਿਬ ਵਿਖੇ ਨੌਕਰੀ ਕਰ ਰਹੀ ਹੈ ਪਰ ਆਪ ਸਿਰਫ਼ ਤੇ ਸਿਰਫ਼ ਬਿਰਧ ਘਰ ਦੀ ਸੇਵਾ ਨੂੰ ਹੀ ਸਮਰਪਿਤ ਹਨ।
ਭਾਈ ਘਨ੍ਹੱਈਆ ਜੀ ਬਿਰਧ ਘਰ ਵਿੱਚ ਇਸ ਸਮੇਂ ਤਕਰੀਬਨ 60-70 ਬਜ਼ੁਰਗ ਮਰਦ-ਔਰਤਾਂ ਰਹਿ ਰਹੀਆਂ ਹਨ ਜਿੰਨ੍ਹਾਂ ਵਿੱਚੋਂ ਕੁਝ ਅਪਾਹਜ਼ ਵੀ ਹਨ। ਉਹਨਾਂ ਦੀ ਪੂਰੀ ਸੇਵਾ ਬਾਬਾ ਜੀ ਵੱਲੋਂ ਪੂਰੀ ਨਿਹਚਾ ਨਾਲ ਕੀਤੀ ਜਾਂਦੀ ਹੈ। ਸਮੇਂ ਅਨੁਸਾਰ ਰੋਟੀ, ਚਾਹ, ਦਵਾਈ, ਸਿਹਤ ਦਾ ਖਿਆਲ, ਗਰਮ ਕੱਪੜੇ, ਨਹਾਉਣ ਧੋਣ ਦਾ ਪੂਰਾ ਇੰਤਜ਼ਾਮ, ਬਾਬਾ ਜੀ ਵੱਲੋਂ ਪੂਰੀ ਦੇਖ਼ ਰੇਖ ਨਾਲ ਸੇਵਾ ਭਾਵਨਾ ਨਾਲ ਕੀਤਾ ਹੀ ਨਹੀਂ ਜਾਂਦਾ ਬਲਕਿ ਖ਼ੁਦ ਆਪ ਵੀ ਬਾਬਾ ਜੀ ਉਹਨਾਂ ਨੂੰ ਨੁਹਾਉਂਦੇ ਹਨ। ਸਾਲ 1997 ਤੋਂ ਲੈ ਕੇ 2017 ਤੱਕ ਹਰ ਸਾਲ 29 ਦਸੰਬਰ ਨੂੰ ਗਰਜ਼ਵੰਦ ਲੜਕੇ ਅਤੇ ਲੜਕੀਆਂ ਦੀਆਂ ਸ਼ਾਦੀਆਂ ਬਿਰਧ ਘਰ ਵਿਖੇ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਕੀਤੀਆਂ ਜਾਂਦੀਆਂ ਹਨ। ਹੁਣ ਤੱਕ ਕਾਫ਼ੀ ਜੋੜਿਆਂ ਦੀ ਸ਼ਾਦੀ ਕਰਕੇ ਬਾਬਾ ਜੀ ਵੱਲੋਂ ਬੱਚਿਆਂ ਨੂੰ ਗ੍ਰਹਿਸਥੀ ਜੋੜਿਆਂ ਨੂੰ ਘਰੇਲੂ ਸਮਾਨ ਵੀ ਦਿੱਤਾ ਜਾ ਚੁੱਕਾ ਹੈ ਤੇ ਸਮੇਂ ਸਮੇਂ ਤੇ ਬਾਬਾ ਜੀ ਆਪਣੇ ਹੱਥੀਂ ਪ੍ਰਦੂਸ਼ਿਤ ਹੋਏ ਵਾਤਾਵਰਨ ਨੂੰ ਸ਼ੁੱਧਤਾ ਪਹੁੰਚਾਉਣ ਲਈ ਬੂਟੇ ਵੀ ਲਾਉਂਦੇ ਰਹਿੰਦੇ ਹਨ ਅਤੇ ਸਮੇਂ ਸਮੇਂ ਤੇ ਅੱਖਾਂ, ਕੰਨਾਂ ਤੇ ਹੋਰ ਬਿਮਾਰੀਆਂ ਦੇ ਕੈਂਪ ਲਗਾ ਕੇ ਬਿਰਧ ਘਰ ਵਾਲਿਆਂ ਅਤੇ ਆਮ ਲੋਕਾਂ ਲਈ ਵੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦੇ ਰਹਿੰਦੇ ਹਨ। ਇਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਹੀ ਬਾਬਾ ਗੁਰਪ੍ਰੀਤ ਸਿੰਘ ਸੋਨੀ ਰੁਪਾਣੇ ਵਾਲੇ ਆਪਣੇ ਗ੍ਰਹਿਸਥੀ ਜੀਵਨ ਨੂੰ ਦਰ ਕਿਨਾਰ ਕਰਦੇ ਹੋਏ ਅਤੇ ਇਹਨਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਸੈਂਕੜੇ ਸ਼ਾਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰ ਚੁੱਕੇ ਹਨ ਅਤੇ ਗ੍ਰਹਿਸਥੀ ਜੋੜਿਆਂ ਨੂੰ ਘਰੇਲੂ ਵਰਤੋਂ ਦੇ ਸਮਾਨ ਦੇ ਚੁੱਕੇ ਹਨ। ਇਸ ਤੋਂ ਇਲਾਵਾ 20-25 ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਵਾਸਤੇ ਦੋ ਵਕਤ ਦਾ ਲੰਗਰ ਸੰਗਤ ਦੇ ਸਹਿਯੋਗ ਨਾਲ ਨਿਰਵਿਘਨ ਚਲਾ ਰਹੇ ਹਨ ਜਿਸਨੂੰ ਕਿ ਹੁਣ ਫਾਜਿਲਕਾ ਦੇ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ।
ਬਾਬਾ ਜੀ ਨੇ ਗੱਲ ਕਰਦਿਆਂ ਦੱਸਿਆ ਕਿ ਇਸ ਸਮੇਂ ਮੇਰੀ ਉਮਰ 65-66 ਸਾਲ ਦੀ ਹੈ ਤੇ ਬਾਕੀ ਰਹਿੰਦੀ ਜ਼ਿੰਦਗੀ ਵੀ ਮੈਂ ਸੇਵਾ ਨੂੰ ਸਮਰਪਿਤ ਹਾਂ। ਦੁਨੀਆਂਦਾਰੀ ਵਿੱਚ ਰਹਿੰਦਿਆਂ ਉਹਨਾਂ ਨੇ ਸਭਨਾਂ ਨੂੰ ਹੀ ਇਹ ਸੰਦੇਸ਼ ਦਿੱਤਾ ਕਿ ਹਰਇਕ ਇਨਸਾਨ ਨੂੰ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਆਪਣਾ ਦਸਵਾਂ ਦਸੌਂਧ ਕੱਢ ਕੇ ਗਰਜ਼ਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਤੇ ਸਭ ਤੋਂ ਵੱਧੀ ਗੱਲ ਮਾਤਾ-ਪਿਤਾ ਦੀ ਸੇਵਾ ਉਹਨਾਂ ਨੂੰ ਤੀਰਥ ਸਮਝ ਕੇ ਕਰਨੀ ਚਾਹੀਦੀ ਹੈ। ਇਸ ਵਾਰ 29 ਦਸੰਬਰ 2017 ਨੂੰ ਬਾਰਾਂ ਜੋੜਿਆਂ ਦੀ ਸ਼ਾਦੀ ਸਮੇਂ ਦਾਸ ਨੂੰ ਵੀ ਇਹ ਸਮੂਹਿਕ ਸ਼ਾਦੀਆਂ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਪੂਰਨ ਗੁਰਮਰਿਯਾਦਾ ਨਾਲ ਸ਼ਾਦੀਆਂ ਹੋਈਆਂ। ਬਹੁਤ ਹੀ ਸ਼ਲਾਘਾਯੋਗ ਪ੍ਰਬੰਧ ਵੇਖ ਕੇ ਦਿਲ ਅਸ਼-ਅਸ਼ ਕਰ ਉਠਿਆ। ਬੇਟੀਆਂ ਨੂੰ ਆਪਣੀਆਂ ਧੀਆਂ ਵਾਂਗ ਬਾਬਾ ਜੀ ਨੇ ਡੋਲੀਆਂ ਵਿੱਚ ਬਿਠਾਇਆ। ਅੱਗੇ ਗੱਲ ਜਾਰੀ ਰੱਖਦਿਆਂ ਬਾਬਾ ਜੀ ਨੇ ਦੱਸਿਆ ਕਿ ਜੰਮੂ ਕਸ਼ਮੀਰ 'ਚ ਆਏ ਹੜ੍ਹਾਂ ਵੇਲੇ ਵੀ ਉਹਨਾਂ ਨੇ ਤੇ ਬਾਬਾ ਸੋਨੀ ਜੀ ਰੁਪਾਣੇ ਵਾਲਿਆਂ ਵੱਲੋਂ ਘਰੇਲੂ ਤੇ ਖਾਣ ਪੀਣ ਦੇ ਸਮਾਨ ਦੇ ਕਈ ਟਰੱਕ ਭੇਜੇ। ਇਹ ਸਾਰੇ ਸਮਾਜ ਭਲਾਈ ਦੇ ਕੰਮ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ। ਐਸੇ ਮਹਾਂਪੁਰਖਾਂ ਦੇ ਦਰਸ਼ਨ ਹੀ ਧੰਨ ਹੁੰਦੇ ਹਨ।
ਐਹੋ ਜਿਹੇ ਮਹਾਨ ਕਾਰਜਾਂ ਵਿੱਚ ਹਰਇਕ ਇਨਸਾਨ ਨੂੰ ਆਪਣੇ ਵਿਤ ਮੁਤਾਬਕ ਸਹਿਯੋਗ ਦੇਣਾ ਬਣਦਾ ਹੈ ਤਾਂ ਕਿ ਆਪਣੇ ਇਨਸਾਨੀ ਜਾਮੇ ਵਿੱਚ ਹੁੰਦਿਆਂ ਹੋਇਆਂ ਵੀ ਭਲਾਈ ਦੇ ਕੰਮ ਕਰਕੇ ਜੀਵਨ ਸਫ਼ਲ ਹੋ ਸਕੇ।


ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

4 Jan 2018