ਹਿਜ਼ਾਬ ਬਾਰੇ ਭਗਵਾਂ ਬੁਖਲਾਹਟ - ਚੰਦ ਫਤਿਹਪੁਰੀ
ਜਿਉਂ-ਜਿਉਂ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ ਵੱਲੋਂ ਹਿੰਦੂ-ਮੁਸਲਿਮ ਨੂੰ ਫਿਰਕੂ ਲੀਹਾਂ ਉੱਤੇ ਵੰਡਣ ਦੀਆਂ ਕਾਰਵਾਈਆਂ ਤੇਜ਼ ਕੀਤੀਆਂ ਜਾ ਰਹੀਆਂ ਹਨ । ਗਊ ਹੱਤਿਆ ਦੇ ਨਾਂਅ ਉੱਤੇ ਭੀੜਤੰਤਰੀ ਹੱਤਿਆਵਾਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਲਵ ਜਿਹਾਦ ਦੇ ਰੌਲੇ ਤੋਂ ਬਾਅਦ ਧਰਮ ਸੰਸਦਾਂ ਰਾਹੀਂ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ ਤੱਕ ਪੁੱਜ ਗਿਆ ਹੈ । ਤਾਜ਼ਾ ਘਟਨਾਕ੍ਰਮ ਅਨੁਸਾਰ ਹੁਣ ਮੁਸਲਿਮ ਔਰਤਾਂ ਵੱਲੋਂ ਪਾਏ ਜਾਂਦੇ ਹਿਜ਼ਾਬ ਦਾ ਮੁੱਦਾ ਖੜ੍ਹਾ ਕਰ ਦਿੱਤਾ ਗਿਆ ਹੈ ।
ਭਗਵੀਆਂ ਭੀੜਾਂ ਵੱਲੋਂ ਕਰਨਾਟਕ ਵਿੱਚ ਹਿਜ਼ਾਬ ਪਹਿਨੀ ਸਕੂਲ ਜਾਣ ਵਾਲੀਆਂ ਲੜਕੀਆਂ ਨੂੰ ਜਮਾਤਾਂ ਵਿੱਚ ਜਾਣੋ ਰੋਕਿਆ ਜਾ ਰਿਹਾ ਹੈ । ਕੁਝ ਥਾਵਾਂ ਉੱਤੇ ਗੁੰਡਾ ਅਨਸਰਾਂ ਵੱਲੋਂ ਮੁਸਲਿਮ ਲੜਕੀਆਂ ਨਾਲ ਹੱਥੋਪਾਈ ਕਰਨ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ । ਬੁਰਕਾ ਜਾਂ ਹਿਜ਼ਾਬ ਪਹਿਨਣ ਬਾਰੇ ਹੁਣ ਤੱਕ ਸਕੂਲਾਂ-ਕਾਲਜਾਂ ਵਿੱਚ ਕੋਈ ਨਿਯਮ ਨਹੀਂ ਸਨ । ਇਹ ਸਭ ਜਾਣਦੇ ਹਨ ਕਿ ਦੱਖਣੀ ਰਾਜਾਂ ਕਰਨਾਟਕ, ਕੇਰਲਾ, ਮਹਾਰਾਸ਼ਟਰ ਤੇ ਗੁਜਰਾਤ ਵਿੱਚ ਬੁਰਕਾ ਜਾਂ ਹਿਜ਼ਾਬ ਪਹਿਨਣ ਦਾ ਜ਼ਿਆਦਾ ਰਿਵਾਜ ਹੈ । ਹਿਜ਼ਾਬ ਪਾਈ ਕੁੜੀਆਂ ਸਕੂਲ ਵੀ ਜਾਂਦੀਆਂ ਹਨ ਤੇ ਉੱਚੇ ਅਹੁਦਿਆਂ ਉੱਤੇ ਨੌਕਰੀਆਂ ਵੀ ਕਰਦੀਆਂ ਹਨ । ਇਸ ਤੋਂ ਪਹਿਲਾਂ ਇਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ । ਹੁਣ ਅਚਾਨਕ ਸਕੂਲਾਂ-ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਹਿਜ਼ਾਬ ਵਿਰੁੱਧ ਫੁਰਮਾਨ ਜਾਰੀ ਕਰਨੇ ਸ਼ੁਰੂ ਕਰ ਦੇਣ ਦਾ ਮਤਲਬ ਹੈ ਕਿ ਇਹ ਇੱਕ ਡੂੰਘੀ ਸਾਜ਼ਿਸ ਦਾ ਹਿੱਸਾ ਹੈ । ਕੁਝ ਵਿੱਦਿਅਕ ਸੰਸਥਾਵਾਂ ਤੋਂ ਸ਼ੁਰੂ ਹੋਏ ਇਸ ਮਸਲੇ ਨੇ ਉਦੋਂ ਹੋਰ ਜ਼ੋਰ ਫੜ ਲਿਆ, ਜਦੋਂ ਕਰਨਾਟਕ ਸਰਕਾਰ ਨੇ ਅਜਿਹੇ ਕੱਪੜੇ ਪਾਉਣ 'ਤੇ ਪਾਬੰਦੀ ਲਾਉਣ ਦਾ ਹੁਕਮ ਚਾੜ੍ਹ ਦਿੱਤਾ । ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਸੰਸਥਾਨ ਵੱਲੋਂ ਲਾਗੂ ਕੀਤੀ ਗਈ ਪੁਸ਼ਾਕ ਹੀ ਪਹਿਨਣੀ ਹੋਵੇਗੀ । ਇਸ ਵਿੱਚ ਨਵੀਂ ਗੱਲ ਕੋਈ ਨਹੀਂ, ਕਿਉਂਕਿ ਪਹਿਲਾਂ ਵੀ ਵਿਦਿਆਰਥੀ ਇੰਜ ਹੀ ਕਰਦੇ ਰਹੇ ਹਨ । ਇਸ ਦੇ ਨਾਲ ਕੁਝ ਲੜਕੀਆਂ ਹਿਜ਼ਾਬ ਤੇ ਸਿੱਖ ਲੜਕੇ ਪੱਗਾਂ ਵੀ ਸਕੂਲੀ ਵਰਦੀ ਨਾਲ ਪਹਿਨਦੇ ਰਹੇ ਹਨ । ਇਹ ਸਾਰਾ ਕੁਝ ਸਹਿਜਤਾ ਨਾਲ ਚਲਦਾ ਰਿਹਾ ਹੈ । ਕਿਸੇ ਵੀ ਵਿਦਿਆਰਥੀ ਨੂੰ ਕਦੇ ਇਹ ਇਤਰਾਜ਼ ਨਹੀਂ ਹੋਇਆ ਕਿ ਉਸ ਦੇ ਨਾਲ ਦਾ ਵਿਦਿਆਰਥੀ ਜਾਂ ਵਿਦਿਆਰਥਣ ਪੱਗ ਜਾਂ ਹਿਜ਼ਾਬ ਪਹਿਨ ਰਿਹਾ ਹੈ । ਹੁਣ ਨਵੇਂ ਸਰਕਾਰੀ ਹੁਕਮ ਦਾ ਮਤਲਬ ਇਸ ਮੱਦੇ ਨੂੰ ਭੜਕਾਉਣ ਤੋਂ ਵੱਧ ਕੁਝ ਨਹੀਂ ਹੈ ।
ਕਰਨਾਟਕ ਦੇ ਭਾਜਪਾ ਪ੍ਰਧਾਨ ਇਸ ਮੁੱਦੇ ਨੂੰ ਹੋਰ ਹਵਾ ਦੇਣ ਲਈ ਹਿਜ਼ਾਬ ਪਹਿਨਣ ਨੂੰ ਵਿਦਿਆ ਦਾ ਤਾਲਿਬਾਨੀਕਰਨ ਕਹਿ ਰਹੇ ਹਨ । ਇਸ ਦੇ ਜਵਾਬ ਵਿੱਚ ਕਿਹਾ ਜਾ ਸਕਦਾ ਹੈ ਕਿ ਸਕੂਲਾਂ ਵਿੱਚ ਸਰਸਵਤੀ ਦੀ ਪੂਜਾ ਕਰਨਾ ਸਿੱਖਿਆ ਦਾ ਹਿੰਦੂਕਰਨ ਨਹੀਂ ਹੈ । ਹੱਥਾਂ ਵਿੱਚ ਮਹਿੰਦੀ ਲਾਈ, ਗਲਾਂ ਵਿੱਚ ਧਾਰਮਿਕ ਚਿੰਨ੍ਹਾਂ ਵਾਲੇ ਲਾਕੇਟ ਤੇ ਮੱਥੇ 'ਤੇ ਸਿੰਧੂਰ ਲਾ ਕੇ ਸਕੂਲਾਂ-ਕਾਲਜਾਂ ਵਿੱਚ ਆਉਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਬਾਰੇ ਕੀ ਸਿੱਖਿਆ ਦਾ ਹਿੰਦੂਕਰਨ ਨਹੀਂ ਕਿਹਾ ਜਾਵੇਗਾ ।
ਸਾਡਾ ਸੰਵਿਧਾਨ ਸਾਰਿਆਂ ਨੂੰ ਆਪਣੇ ਧਰਮ ਦੀ ਪਾਲਣਾ ਤੇ ਉਨ੍ਹਾਂ ਦੇ ਪ੍ਰਤੀਕਾਂ ਦੀ ਵਰਤੋਂ ਦਾ ਹੱਕ ਦਿੰਦਾ ਹੈ । ਇਹ ਵੀ ਸੱਚਾਈ ਹੈ ਕਿ ਬੁਰਕਾ ਜਾਂ ਹਿਜ਼ਾਬ ਧਰਮ ਦਾ ਨਹੀਂ ਪਿਤਰ ਸੱਤਾ ਦਾ ਹਿੱਸਾ ਹੈ । ਪਿਤਰਸੱਤਾ ਨਾਲ ਜੁੜੇ ਤਮਾਮ ਚਿੰਨ੍ਹ ਔਰਤਾਂ ਆਪਣੀ ਮਰਜ਼ੀ ਨਾਲ ਅਪਣਾਉਂਦੀਆਂ ਹਨ ਤੇ ਮਰਜ਼ੀ ਨਾਲ ਹੀ ਛੱਡਦੀਆਂ ਹਨ । ਰਾਜਸਥਾਨ ਵਿੱਚ ਔਰਤਾਂ ਆਪਣੇ ਬਾਜੂਆਂ ਤੇ ਲੱਤਾਂ ਵਿੱਚ ਮੋਟੇ-ਮੋਟੇ ਕੜੇ ਪਹਿਨਦੀਆਂ ਹਨ । ਹਰਿਆਣਾ ਤੇ ਯੂ ਪੀ ਵਿੱਚ ਔਰਤਾਂ ਲੰਮੇ-ਲੰਮੇ ਘੁੰਡ ਕੱਢਦੀਆਂ ਹਨ, ਇਹ ਸਭ ਪਿਤਰਸੱਤਾ ਦੀ ਦੇਣ ਹੈ । ਪੰਜਾਬ ਦੀਆਂ ਔਰਤਾਂ ਨੇ ਆਪਣੀ ਮਰਜ਼ੀ ਨਾਲ ਇਸ ਤੋਂ ਨਿਜਾਤ ਪਾ ਲਈ ਹੈ । ਇਹ ਔਰਤ ਦੀ ਮਰਜ਼ੀ ਦਾ ਸਵਾਲ ਹੈ ਕਿ ਉਸ ਨੇ ਕੀ ਪਹਿਨਣਾ ਹੈ । ਮਰਦ ਸਮਾਜ ਇਸ ਲਈ ਉਸ ਨੂੰ ਮਜਬੂਰ ਨਹੀਂ ਕਰ ਸਕਦਾ ।
ਅਸਲ ਵਿੱਚ ਇਹ ਮਸਲਾ ਸੰਘ ਦੀ ਔਰਤ ਵਿਰੋਧੀ ਮਾਨਸਿਕਤਾ ਨਾਲ ਵੀ ਜੁੜਿਆ ਹੋਇਆ ਹੈ । ਕੇਰਲਾ ਦੇ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਦੀ ਲੜਾਈ ਵਿੱਚ ਅਸੀਂ ਦੇਖ ਚੁੱਕੇ ਹਾਂ । ਇਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਜਿੱਤ ਦੇ ਬਾਵਜੂਦ ਜਵਾਨ ਹਿੰਦੂ ਔਰਤਾਂ ਹਾਲੇ ਵੀ ਮੰਦਰ ਵਿੱਚ ਦਾਖ਼ਲ ਨਹੀਂ ਹੋ ਸਕਦੀਆਂ । ਹੁਣ ਤਾਂ ਗੱਲ ਇੱਥੇ ਪੁੱਜ ਚੁੱਕੀ ਹੈ ਕਿ ਮੰਦਰ ਦੇ ਗੇਟ ਉੱਤੇ ਔਰਤਾਂ ਦੀ ਮਾਹਵਾਰੀ ਚੈੱਕ ਕਰਨ ਲਈ ਮਸ਼ੀਨ ਲਾ ਦੇਣ ਦੀ ਵਿਉਂਤ ਹੋ ਰਹੀ ਹੈ । ਇਸ ਮਸਲੇ ਉੱਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਭ ਭਾਜਪਾ ਲੀਡਰ ਹਿੰਦੂ ਔਰਤਾਂ ਦੀ ਮੰਗ ਦਾ ਵਿਰੋਧ ਕਰ ਰਹੇ ਸਨ । ਹੁਣ ਵਾਰੀ ਮੁਸਲਿਮ ਔਰਤਾਂ ਦੀ ਹੈ । ਮਸਲਾ ਅਦਾਲਤ ਵਿੱਚ ਹੈ, ਬਹੁਤੀ ਆਸ ਹੈ ਕਿ ਅਦਾਲਤ ਹਿਜ਼ਾਬ ਪਹਿਨਣ ਉੱਤੇ ਰੋਕ ਵਿਰੁੱਧ ਫੈਸਲਾ ਦੇ ਦੇਵੇ, ਪਰ ਜਿਸ ਤਰ੍ਹਾਂ ਸਾਰੀ ਹਕੂਮਤ ਮੁਸਲਿਮ ਲੜਕੀਆਂ ਦੇ ਵਿਰੁੱਧ ਖੜ੍ਹੀ ਹੈ, ਉਸ ਤੋਂ ਜਾਪਦਾ ਇਸ ਫੈਸਲੇ ਦਾ ਵੀ ਹਸ਼ਰ ਸਬਰੀਮਾਲਾ ਵਾਲਾ ਹੀ ਹੋਵੇਗਾ । ਤਾਨਾਸ਼ਾਹ ਹਾਕਮਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮਨੁੱਖ ਇਸੇ ਲਈ ਬਾਕੀ ਜੀਵਾਂ ਨਾਲੋਂ ਵੱਖਰਾ ਹੈ ਕਿ ਉਹ ਆਪਣੀ ਅਜ਼ਾਦੀ ਨੂੰ ਕਿਸੇ ਵੀ ਕੀਮਤ ਗੁਆਉਣਾ ਪਸੰਦ ਨਹੀਂ ਕਰਦਾ । ਉਹ ਆਪਣੀ ਅਜ਼ਾਦੀ ਲਈ ਆਪਣੀ ਜਾਨ ਦੀ ਬਾਜ਼ੀ ਵੀ ਲਾ ਸਕਦਾ ਹੈ । ਦੁਨੀਆ ਦਾ ਇਤਿਹਾਸ ਅਜਿਹੇ ਲੋਕਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ । ਇਸ ਲਈ ਇਨ੍ਹਾਂ ਨੌਜਵਾਨ ਕੁੜੀਆਂ ਦੀ ਹੱਕੀ ਲੜਾਈ ਵਿੱਚ ਭਗਵਾਂ ਅੱਤਵਾਦੀ ਕਿਸੇ ਵੀ ਕੀਮਤ ਉੱਤੇ ਉਨ੍ਹਾਂ ਨੂੰ ਹਰਾ ਨਹੀਂ ਸਕਣਗੇ । ਨਾਗਰਿਕ ਸੋਧ ਕਾਨੂੰਨਾਂ ਵਿਰੁੱਧ ਸ਼ਾਹੀਨ ਬਾਗ ਦੇ ਮੋਰਚੇ ਵਿੱਚ ਇਨ੍ਹਾਂ ਦੇ ਜਜ਼ਬੇ ਨੂੰ ਸਾਰਾ ਦੇਸ਼ ਦੇਖ ਚੁੱਕਿਆ ਹੈ ।