ਮੈਂ ਪਹਿਨਾਂ ਕੀ ਲਿਬਾਸ ਸਖੀ...- ਸਵਰਾਜਬੀਰ
ਬੁਰਕਾ ਪਹਿਨੀ ਇਕ ਵਿਦਿਆਰਥਣ ਕਰਨਾਟਕ ਦੇ ਇਕ ਕਾਲਜ ਵਿਚ ਦਾਖ਼ਲ ਹੁੰਦੀ ਹੈ। ਉਹ ਤੇਜ਼ ਤੇਜ਼ ਤੁਰ ਰਹੀ ਹੈ। ਦੂਸਰੇ ਪਾਸੇ ਭਗਵੇਂ ਮਫ਼ਲਰ ਅਤੇ ਸ਼ਾਲਾਂ ਲਈ ਨੌਜਵਾਨਾਂ ਦੀ ਟੋਲੀ ਹੈ। ਨੌਜਵਾਨ ਨਾਅਰੇਬਾਜ਼ੀ ਕਰਦੇ ਹਨ। ਵਿਦਿਆਰਥਣ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਲਾਉਂਦੀ ਹੈ। ਇਹ ਸਾਡੇ ਦੇਸ਼ ਦੀ ਸਮਾਜਿਕ ਤੇ ਮਾਨਸਿਕ ਸਥਿਤੀ ਦੀ ਕਲੇਸ਼ਮਈ ਤਸਵੀਰ ਹੈ। ਸਾਨੂੰ ਇਕ-ਦੂਜੇ ਦੇ ਕੱਪੜੇ ਪਹਿਨਣ ਦੇ ਤਰੀਕਿਆਂ ਬਾਰੇ ਇਤਰਾਜ਼ ਹੈ। ਇਹ ਹੈ ਸਾਡੀ ਲੜਾਈ! ਸਹਿਣਸ਼ੀਲਤਾ ਗਾਇਬ ਹੈ, ਗੋਸ਼ਟਿ/ਸੰਵਾਦ ਗ਼ੈਰਹਾਜ਼ਰ ਹੈ, ਹਾਜ਼ਰ ਹੈ ਸਾਡੀ ਕੱਟੜਪੰਥੀ ਸੋਚ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕੱਟੜਪੰਥੀਆਂ ਨੇ ਸਾਡੇ ਲਈ ਕੁੜਿੱਕੀਆਂ ਅਤੇ ਜਾਲ ਵਿਛਾ ਦਿੱਤੇ ਹਨ, ਅਸੀਂ ਉਨ੍ਹਾਂ ਵਿਚ ਫਸ ਰਹੇ ਹਾਂ, ਕੱਟੜਪੰਥੀ ਖ਼ੁਸ਼ ਹਨ, ਉਨ੍ਹਾਂ ਨੂੰ ਸਿਆਸੀ ਲਾਹਾ ਮਿਲ ਰਿਹਾ ਹੈ।
ਮੈਂ ਕੋਟ-ਪੈਂਟ ਪਹਿਨਦਾ ਹਾਂ, ਟਾਈ ਲਾਉਂਦਾ ਹਾਂ। ਕੀ ਕੋਈ ਮੇਰੇ ਲਿਬਾਸ ਬਾਰੇ ਸਵਾਲ ਕਰ ਸਕਦਾ ਹੈ? ਕਰੋੜਾਂ ਹਿੰਦੋਸਤਾਨੀ ਅਜਿਹਾ ਜਾਂ ਇਸ ਨਾਲ ਮਿਲਦਾ-ਜੁਲਦਾ ਲਿਬਾਸ ਪਾਉਂਦੇ ਹਨ। ਕੀ ਸਾਨੂੰ ਸਵਾਲ ਕੀਤਾ ਜਾ ਸਕਦਾ ਹੈ ਕਿ ਤੁਸੀਂ ਇਹ ਲਿਬਾਸ ਕਿਉਂ ਪਾਉਂਦੇ ਹੋ? ਸ਼ਾਇਦ ਨਹੀਂ, ਕਿਉਂਕਿ ਬਹੁਤ ਵੱਡੀ ਗਿਣਤੀ ਵਿਚ ਮਰਦ ਇਹੋ ਜਿਹੇ ਕੱਪੜੇ ਪਹਿਨਦੇ ਹਨ ਅਤੇ ਜਿਹੜਾ ਲਿਬਾਸ ਜਾਂ ਸੋਚ ਬਹੁਤ ਵੱਡੀ ਗਿਣਤੀ ਨੂੰ ਪ੍ਰਵਾਨਿਤ ਹੋਵੇ, ਉਸ ਨੂੰ ਆਮ ਕਰਕੇ ਸਵੀਕਾਰ ਕਰ ਲਿਆ ਜਾਂਦਾ ਹੈ।
ਕਈ ਵਿਅਕਤੀ ਮੇਰੇ ਲਿਬਾਸ ਬਾਰੇ ਉਜ਼ਰ ਕਰ ਸਕਦੇ ਹਨ। ਉਹ ਇਹ ਕਹਿ ਸਕਦੇ ਹਨ ਕਿ ਮੇਰਾ ਲਿਬਾਸ ਅੰਗਰੇਜ਼ੀ ਬਸਤੀਵਾਦੀ ਸੋਚ ਤੋਂ ਪ੍ਰਭਾਵਿਤ ਹੈ, ਮੈਂ ਅਜਿਹਾ ਲਿਬਾਸ ਇਸ ਲਈ ਪਹਿਨਦਾ ਹਾਂ ਕਿਉਂਕਿ ਮੇਰਾ ਮਨ/ਜ਼ਿਹਨ ਪੱਛਮੀ ਸੱਭਿਅਤਾ ਦਾ ਗ਼ੁਲਾਮ ਹੈ। ਕਈ ਵਿਅਕਤੀ ਇਸ ਦਲੀਲ ਨੂੰ ਹੋਰ ਅੱਗੇ ਵਧਾ ਕੇ ਕਹਿ ਸਕਦੇ ਹਨ ਕਿ ਜੇ ਤੁਹਾਡਾ ਲਿਬਾਸ ਹੀ ਭਾਰਤੀ ਨਹੀਂ ਤਾਂ ਸੋਚ ਕਿਵੇਂ ਭਾਰਤੀ ਹੋ ਸਕਦੀ ਹੈ ਅਤੇ ਪਤਾ ਨਹੀਂ ਅਜਿਹੀ ਬਹਿਸ ਤੁਹਾਨੂੰ ਕਿਸ ਮੁਹਾਣੇ ’ਤੇ ਲੈ ਜਾਵੇ, ਇਹ ਵੀ ਸਿੱਧ ਕੀਤਾ ਜਾ ਸਕਦਾ ਹੈ ਕਿ ਜਿਹੜਾ ਬੰਦਾ ਦੇਸ਼ ਦਾ ਲਿਬਾਸ ਹੀ ਨਹੀਂ ਪਹਿਨਦਾ, ਉਹ ਦੇਸ਼-ਪ੍ਰੇਮੀ ਕਿਵੇਂ ਹੋ ਸਕਦਾ ਹੈ, ਕੱਟੜਪੰਥੀ ਦਲੀਲ ਨੂੰ ਹੋਰ ਅੱਗੇ ਵਧਾ ਸਕਦੇ ਹਨ ਕਿ ਜਿਹੜੇ ਵਿਅਕਤੀ ਆਪਣੇ ਦੇਸ਼ ਦਾ ਲਿਬਾਸ ਨਹੀਂ ਪਹਿਨਦੇ, ਉਹ ਦੇਸ਼-ਵਿਰੋਧੀ ਹਨ। ਸੋਚ ਵਿਚਲੀ ਕੱਟੜਤਾ ਆਪਣੀ ਹਰ ਧਾਰਨਾ ਨੂੰ ਸਹੀ ਠਹਿਰਾ ਸਕਦੀ ਹੈ।
ਲੋਕ ਵੱਖ ਵੱਖ ਤਰ੍ਹਾਂ ਦੇ ਲਿਬਾਸ ਕਿਉਂ ਪਹਿਨਦੇ ਹਨ? ਮਾਰਕ ਟਵੇਨ ਨੇ ਆਪਣੀ ਕਹਾਣੀ ‘ਜ਼ਾਰ ਦੀ ਆਤਮਬਚਨੀ (The Czar’s Soliloquy)’ ਵਿਚ ਲਿਖਿਆ ਸੀ, ‘‘ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਕੱਪੜਿਆਂ ਤੋਂ ਬਿਨਾਂ ਉਹ ਕੁਝ ਵੀ ਨਹੀਂ ਹੈ;,ਕੱਪੜੇ ਸਿਰਫ਼ ਬੰਦੇ ਦੀ ਸ਼ਖ਼ਸੀਅਤ ਸਿਰਜਦੇ ਹੀ ਨਹੀਂ ਸਗੋਂ ਉਸ ਦੀ ਪਛਾਣ ਵੀ ਹੁੰਦੇ ਨੇ, ਕੱਪੜਿਆਂ ਤੋਂ ਬਿਨਾਂ ਬੰਦਾ ਇਕ ਸਿਫਰ ਹੈ, ਇਕ ਖਲਾਅ, ਅਣਹੋਇਆ ... ਕੱਪੜਿਆਂ ਤੋਂ ਬਿਨਾਂ ਬੰਦੇ ਕੋਲ ਕੋਈ ਤਾਕਤ ਨਹੀਂ ਹੁੰਦੀ।’’ ਮਾਰਕ ਟਵੇਨ ਸਮਾਜ ਵਿਚ ਲਿਬਾਸ ਦੀ ਤਾਕਤ ਨੂੰ ਬਿਆਨ ਕਰ ਰਿਹਾ ਸੀ। ਪੁਰਾਣੀ ਲਾਤੀਨੀ ਕਹਾਵਤ ‘‘vestis virum fact’’ ਦਾ ਅੰਗਰੇਜ਼ੀ ਅਨੁਵਾਦ ਹੈ, ‘‘Clothes make the man’’। ਇਸ ਦਾ ਪੰਜਾਬੀ ਵਿਚ ਸ਼ਾਬਦਿਕ ਅਨੁਵਾਦ ਕਰਨਾ ਮੁਸ਼ਕਲ ਹੈ। ਇਸ ਦੇ ਅਰਥ ਹਨ ਕਿ ਲੋਕ ਕਿਸੇ ਬੰਦੇ ਦੀ ਸ਼ਖ਼ਸੀਅਤ ਤੇ ਸਮਾਜਿਕ ਹਸਤੀ ਬਾਰੇ ਉਹਦੇ ਕੱਪੜਿਆਂ ਤੋਂ ਹੀ ਜਾਣਦੇ ਹਨ।
ਲਿਬਾਸ ਜਿੱਥੇ ਕਿਸੇ ਖ਼ਿੱਤੇ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਰਵਾਇਤਾਂ ਵਿਚੋਂ ਪੈਦਾ ਹੁੰਦੇ ਹਨ, ਉੱਥੇ ਸਮੇਂ ਦੀ ਸਿਆਸਤ ਅਤੇ ਹਕੂਮਤੀ ਸੋਚ ਤੋਂ ਵੀ ਪ੍ਰਭਾਵਿਤ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਲਿਬਾਸ ਪਹਿਨਣ ਦੇ ਤਰੀਕੇ ਬਾਰੇ ਲਿਖਿਆ ਸੀ, ‘‘ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।।’’ ਭਾਵ ਲੋਕ ਨੀਲੇ ਕੱਪੜੇ ਪਹਿਨ ਕੇ ਹਾਕਮਾਂ (ਜੋ ਮੁਸਲਮਾਨ ਸਨ) ਦੀਆਂ ਅੱਖਾਂ ਵਿਚ ਪ੍ਰਵਾਨ ਹੋਣਾ ਚਾਹੁੰਦੇ ਹਨ।
ਮਨੁੱਖ ਨੇ ਕਦ ਕੱਪੜੇ ਦੀ ਕਾਢ ਕੱਢੀ ਤੇ ਕਦ ਲਿਬਾਸ ਪਹਿਨਣੇ ਸ਼ੁਰੂ ਕੀਤੇ, ਬਹੁਤ ਵੱਡੇ ਵਿਸ਼ੇ ਹਨ। ਗ਼ਰੀਬਾਂ, ਅਮੀਰਾਂ ਤੇ ਬਾਦਸ਼ਾਹਾਂ ਦੇ ਲਿਬਾਸਾਂ ਵਿਚ ਕੋਹਾਂ ਦਾ ਫ਼ਰਕ ਹੁੰਦਾ ਹੈ। ਲਿਬਾਸ ਤੋਂ ਪਤਾ ਲੱਗਦਾ ਹੈ ਕਿ ਇਹ ਜਿਊੜਾ ਮਰਦ ਹੈ ਜਾਂ ਔਰਤ। ਲਿਬਾਸ ਤੋਂ ਬੰਦੇ ਦੇ ਧਰਮ ਦਾ ਵੀ ਅੰਦਾਜ਼ਾ ਹੁੰਦਾ ਹੈ, ਉਸ ਦੀ ਧਰਤ ਤੇ ਮੁਲਕ ਦਾ ਪਤਾ ਲੱਗਦਾ ਹੈ। ਲਿਬਾਸ ਬਹੁ-ਪਰਤੀ ਇਬਾਰਤ ਹੈ।
ਮਰਦ-ਪ੍ਰਧਾਨ ਸਮਾਜਾਂ ਵਿਚ ਹਮੇਸ਼ਾਂ ਮਰਦ ਹੀ ਇਹ ਨਿਸ਼ਚਿਤ ਕਰਦੇ ਆਏ ਹਨ ਕਿ ਔਰਤ ਨੂੰ ਕਿਸ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਅਤੇ ਕਦ ਤੇ ਕਿਸ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ। ਇਸ ਆਧਾਰ ’ਤੇ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਹਿਜਾਬ ਮਰਦ-ਪ੍ਰਧਾਨ ਸੋਚ ਦੁਆਰਾ ਬਣਾਇਆ ਗਿਆ ਲਿਬਾਸ ਹੈ; ਇਸ ਮੁੱਦੇ ਬਾਰੇ ਬਹਿਸ ਹੋ ਸਕਦੀ ਹੈ ਪਰ ਇਸ ਸਬੰਧ ਵਿਚ ਅੰਤਿਮ ਫ਼ੈਸਲਾ ਮੁਸਲਮਾਨ ਔਰਤਾਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਕੀ ਪਹਿਨਣਾ ਹੈ। ਸਮਾਜਿਕ, ਧਾਰਮਿਕ ਅਤੇ ਨਿੱਜੀ ਮਾਮਲਿਆਂ ਵਿਚ ਕਾਨੂੰਨੀ ਦਖ਼ਲ ਬਹੁਤ ਨਾਜ਼ੁਕ ਹਾਲਾਤ ਦੌਰਾਨ ਹੀ ਦਿੱਤਾ ਜਾਣਾ ਚਾਹੀਦਾ ਹੈ। ਉਦਾਹਰਨ ਦੇ ਤੌਰ ’ਤੇ ਗਰਭ ਵਿਚ ਲੜਕੀਆਂ ਮਾਰਨ ਵਿਰੁੱਧ ਦਿੱਤਾ ਜਾਂਦਾ ਕਾਨੂੰਨੀ ਦਖ਼ਲ ਜਾਇਜ਼ ਹੈ।
ਹਿੰਦੋਸਤਾਨੀ ਬਰੇ-ਸਗੀਰ (ਉਪ ਮਹਾਂਦੀਪ) ਦੀ ਤਾਰੀਖ ਵਿਚ ਬਹੁਤ ਸਾਰੇ ਅਜਿਹੇ ਪੰਥ ਤੇ ਫਿਰਕੇ ਉੱਭਰੇ ਜਿਨ੍ਹਾਂ ਨੇ ਲਿਬਾਸ ਨੂੰ ਨਕਾਰ ਦਿੱਤਾ, ਨਿਰਵਸਤਰ ਰਹਿਣ ਲੱਗ ਪਏ। ਜੈਨ ਮੱਤ ਨਾਲ ਸਬੰਧਿਤ ਕਈ ਮੁਨੀ ਬਿਲਕੁਲ ਨਿਰਵਸਤਰ ਰਹਿੰਦੇ ਹਨ। ਨਾਗੇ ਸਾਧੂ ਨੰਗੇ ਰਹਿੰਦੇ ਤੇ ਪਿੰਡਿਆਂ ’ਤੇ ਬਿਭੂਤ ਮਲਦੇ ਹਨ। ਯਹੂਦੀ ਧਰਮ ਛੱਡ ਕੇ ਮੁਸਲਮਾਨ ਬਣਿਆ ਫ਼ਕੀਰ ਸਰਮਦ ਪਿੰਡੇ ’ਤੇ ਲੀਰ ਵੀ ਨਹੀਂ ਸੀ ਪਹਿਨਦਾ। ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਸ਼ਿਕੋਹ ਉਸ ਦਾ ਮੁਰੀਦ ਸੀ। ਸਰਮਦ ਧਰਮ ਅਤੇ ਲਿਬਾਸ ਦੇ ਆਧਾਰ ’ਤੇ ਫੈਲੀ ਹੋਈ ਕੱਟੜਪੰਥੀ ਤੋਂ ਏਨਾਂ ਤੰਗ ਆ ਚੁੱਕਿਆ ਸੀ ਕਿ ਉਸ ਨੇ ਸੂਫ਼ੀਆਂ ਵਾਲਾ ਚੋਲਾ ਪਹਿਨਣ ਤੋਂ ਵੀ ਇਨਕਾਰ ਕਰਦਿਆਂ ਕਿਹਾ (ਸਰਮਦ ਨੂੰ ਵੀ ਸੂਫ਼ੀ ਮੰਨਿਆ ਜਾਂਦਾ ਸੀ/ਹੈ) :
ਈਂ ਖਿਰਕਾ-ਏ-ਪਸ਼ਮੀਨਾ ਕਿਹ ਸਦ ਫ਼ਿਤਨਾ ਦਰੂਸਤ,
ਬਾਜ਼ਸ਼ ਨ ਕਸ਼ਮ ਬਦੋਸ਼ ਆਰ ਅਸਤ ਮਰਾ।।
ਭਾਵ, ਸੂਫ਼ੀਆਂ ਦੇ ਪਸ਼ਮੀਨੇ (ਉੱਨ) ਦੇ ਚੋਲੇ/ਖਿਰਕੇ ਪਿੱਛੇ ਸੈਂਕੜੇ ਐਬ ਲੁਕੇ ਹੋਏ ਹਨ, ਮੈਂ ਕਦੇ ਇਹਦੇ ਨੇੜੇ ਨਹੀਂ ਜਾਵਾਂਗਾ ਕਿਉਂਕਿ ਇਹ ਸ਼ਰਮਿੰਦਗੀ ਨਾਲ ਭਰਿਆ ਹੋਇਆ ਹੈ। ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕਰਨ ਦੇ ਹੁਕਮ ਦਿੱਤੇ। ਉਸ ਦਾ ਨਿਰਵਸਤਰ ਰਹਿਣ ਦਾ ਫ਼ੈਸਲਾ ਧਾਰਮਿਕ ਕੱਟੜਤਾ ਅਤੇ ਧਨ ਤੇ ਤਾਕਤ ਦੀ ਸੱਤਾ ਦਾ ਵਿਰੋਧ ਸੀ।
ਇਸ ਸਮੇਂ ਕਰਨਾਟਕ ਵਿਚ ਮੁਸਲਮਾਨ ਵਿਦਿਆਰਥਣਾਂ ਦੇ ਹਿਜਾਬ ਪਹਿਨ ਕੇ ਸਕੂਲ-ਕਾਲਜ ਆਉਣ ਬਾਰੇ ਵਿਵਾਦ ਛਿੜਿਆ ਹੋਇਆ ਹੈ। ਹਿਜਾਬ, ਖ਼ਿਮਾਰ, ਬੁਰਕਾ, ਪਰਦਾ ਆਦਿ ਬਾਰੇ ਇਸਲਾਮੀ ਰਵਾਇਤਾਂ ਵਿਚ ਵੱਡੀ ਬਹਿਸ ਹੁੰਦੀ ਰਹੀ ਹੈ। ਇਸਲਾਮ ਦੇ ਵਿਦਵਾਨਾਂ ਅਨੁਸਾਰ ਕੁਰਾਨ ਵਿਚ ਹਿਜਾਬ ਦਾ ਮਤਲਬ ਉਸ ਪਰਦੇ ਤੋਂ ਹੈ ਜੋ ਜ਼ਨਾਨਖ਼ਾਨੇ (ਘਰ ਵਿਚ ਔਰਤਾਂ ਵਾਲੇ ਹਿੱਸੇ) ਅਤੇ ਬਾਕੀ ਦੇ ਘਰ ਵਿਚਕਾਰ ਲਗਾਇਆ ਜਾਂਦਾ ਸੀ। ਇਸਲਾਮ ਦੀਆਂ ਵੱਖ ਵੱਖ ਪਰੰਪਰਾਵਾਂ ਵਿਚ ਔਰਤਾਂ ਦੇ ਸਰੀਰ ਨੂੰ ਢਕਣ ਨੂੰ ਲੈ ਕੇ ਵੱਡੀਆਂ ਬਹਿਸਾਂ ਹੋਈਆਂ। ਇਨ੍ਹਾਂ ਬਹਿਸਾਂ ਵਿਚ ਬੁਨਿਆਦੀ ਮੁੱਦਾ ਇਹ ਸੀ/ਹੈ ਕਿ ਕੀ ਔਰਤਾਂ ਲਈ ਬੁਰਕਾ ਅਤੇ ਹਿਜਾਬ ਪਹਿਨਣੇ ਧਾਰਮਿਕ ਅਕੀਦੇ ਅਨੁਸਾਰ ਜ਼ਰੂਰੀ ਹਨ ਜਾਂ ਨਹੀਂ। ਬਹੁਤ ਸਾਰੇ ਦੇਸ਼ਾਂ ਵਿਚ ਮੁਸਲਮਾਨ ਔਰਤਾਂ ਬੁਰਕਾ ਅਤੇ ਹਿਜਾਬ ਨਹੀਂ ਪਹਿਨਦੀਆਂ, ਉਹ ਵੀ ਮੁਸਲਮਾਨ ਹਨ ਅਤੇ ਉਨ੍ਹਾਂ ਨੂੰ ਮੁਸਲਮਾਨ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਦਾਹਰਨ ਦੇ ਤੌਰ ’ਤੇ ਪੀਊ ਰਿਸਰਚ ਸੈਂਟਰ ਦੇ ਕੁਝ ਵਰ੍ਹੇ ਪਹਿਲਾਂ ਹੋਏ ਇਕ ਸਰਵੇਖਣ ਅਨੁਸਾਰ ਅਮਰੀਕਾ ਵਿਚ ਰਹਿੰਦੀਆਂ ਦਸ ਲੱਖ ਮੁਸਲਮਾਨ ਔਰਤਾਂ ਵਿਚੋਂ 43 ਫ਼ੀਸਦੀ ਹਿਜਾਬ ਪਹਿਨਦੀਆਂ ਸਨ ਅਤੇ 57 ਫ਼ੀਸਦੀ ਨਹੀਂ। ਇਸ ਸਦੀ ਦੇ ਪਹਿਲੇ ਦਹਾਕੇ ਦੌਰਾਨ ਤੁਰਕੀ ਦੀਆਂ 15 ਫ਼ੀਸਦੀ ਔਰਤਾਂ ਹਿਜਾਬ ਦੀ ਥਾਂ ’ਤੇ ਸਿਰ ’ਤੇ ਦਸਤਾਰ ਬੰਨ੍ਹਣ ਨੂੰ ਧਾਰਮਿਕ ਤੌਰ ’ਤੇ ਸਹੀ ਮੰਨਦੀਆਂ ਸਨ।
ਕਿਸੇ ਰੀਤੀ-ਰਿਵਾਜ ਨੂੰ ਸਵੀਕਾਰ ਅਤੇ ਰੱਦ ਕਰਨ ਦੇ ਸਮਾਜਿਕ, ਸਿਆਸੀ, ਸੱਭਿਆਚਾਰਕ ਅਤੇ ਆਰਥਿਕ ਕਾਰਨ ਹੁੰਦੇ ਹਨ। ਸਮੇਂ ਦੇ ਬਦਲਣ ਨਾਲ ਸੋਚਣ ਦੇ ਤਰੀਕੇ ਬਦਲਦੇ ਹਨ। ਕਿਸੇ ਜ਼ਮਾਨੇ ਵਿਚ ਸਹੀ ਸਮਝਿਆ ਜਾਂਦਾ ਰੀਤੀ-ਰਿਵਾਜ ਬਦਲੇ ਹੋਏ ਸਮਿਆਂ ਵਿਚ ਹੋਰ ਮਜ਼ਬੂਤ ਹੋ ਸਕਦਾ ਹੈ ਜਾਂ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਆਪਣਾ ਸਮਾਂ ਵਿਹਾਅ ਚੁੱਕਾ ਹੈ ਅਤੇ ਇਸ ਨੂੰ ਨਕਾਰ ਦਿੱਤਾ ਜਾਵੇ। ਕਿਸੇ ਰੀਤੀ-ਰਿਵਾਜ ਨੂੰ ਨਕਾਰਨ ਦੀ ਪ੍ਰਕਿਰਿਆ ਉਦੋਂ ਹੀ ਸਫ਼ਲ ਹੁੰਦੀ ਹੈ ਜਦੋਂ ਸਮਾਜ ਦਾ ਵੱਡਾ ਹਿੱਸਾ ਇਹ ਸਮਝਣ ਲੱਗ ਪਏ ਕਿ ਇਹ ਰੀਤੀ-ਰਿਵਾਜ ਸਹੀ ਨਹੀਂ ਹੈ, ਉਸ ਸਮੇਂ ਅਜਿਹੀ ਸੋਚ ਚਿੰਤਕਾਂ, ਆਗੂਆਂ, ਧਾਰਮਿਕ ਰਹਿਬਰਾਂ ਤੇ ਸਮਾਜਿਕ ਕਾਰਕੁਨਾਂ ਦੇ ਬੋਲਾਂ ਅਤੇ ਲਿਖ਼ਤਾਂ ਰਾਹੀਂ ਬੁਲੰਦ ਹੁੰਦੀ ਹੈ, ਕਈ ਵਾਰ ਸ਼ਾਸਕ ਸਾਕਾਰਾਤਮਕ ਭੂਮਿਕਾ ਵੀ ਨਿਭਾਉਂਦੇ ਹਨ। ਉਦਾਹਰਨ ਦੇ ਤੌਰ ’ਤੇ ਸਾਡੇ ਦੇਸ਼ ਵਿਚ ਸਤੀ ਅਤੇ ਬਾਲ-ਵਿਆਹ ਦੇ ਵਿਰੁੱਧ ਅਤੇ ਵਿਧਵਾ-ਵਿਆਹ ਦੇ ਹੱਕ ਵਿਚ ਵੱਡੇ ਸਮਾਜਿਕ ਸੰਘਰਸ਼ ਹੋਏ। ਸਮਾਜ ਦੇ ਕਈ ਹਿੱਸਿਆਂ ਨੇ ਇਨ੍ਹਾਂ ਰੀਤੀ-ਰਿਵਾਜਾਂ ਵਿਰੁੱਧ ਕਾਨੂੰਨ ਬਣਾਉਣ ਦਾ ਵਿਰੋਧ ਕੀਤਾ। ਤਤਕਾਲੀਨ ਸਰਕਾਰਾਂ ਦੁਆਰਾ ਕਾਨੂੰਨ ਬਣਾਉਣ ਨੇ ਇਨ੍ਹਾਂ ਰੀਤੀ-ਰਿਵਾਜਾਂ ਨੂੰ ਖ਼ਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਪਰ ਉਸ ਤੋਂ ਪਹਿਲਾਂ ਸਮਾਜ ਵਿਚ ਇਨ੍ਹਾਂ ਨੂੰ ਖ਼ਤਮ ਕਰਨ ਦੀ ਸੋਚ ਜੜ੍ਹਾਂ ਫੜ ਚੁੱਕੀ ਸੀ, ਉੱਨੀਵੀਂ ਸਦੀ ਵਿਚ ਬਦਲਾਉ ਦੀ ਇਹ ਆਵਾਜ਼ ਸਮਾਜ ਦੇ ਆਪਣੇ ਚਿੰਤਕਾਂ ਜਿਵੇਂ ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ, ਸਹਿਜਾਨੰਦ ਸਵਾਮੀ ਆਦਿ ਨੇ ਉਠਾਈ। ਇਸ ਤੋਂ ਪਹਿਲਾਂ ਵੀ ਚਿੰਤਕ ਅਤੇ ਧਾਰਮਿਕ ਆਗੂ ਇਨ੍ਹਾਂ ਪ੍ਰਥਾਵਾਂ ਵਿਰੁੱਧ ਆਵਾਜ਼ ਉਠਾ ਚੁੱਕੇ ਸਨ।
ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਤੁਰਕੀ ਦੇ ਆਗੂ ਆਤਰੁਕ ਮੁਸਤਫ਼ਾ ਕਮਾਲ ਪਾਸ਼ਾ ਦੀ ਅਗਵਾਈ ਵਿਚ ਤੁਰਕੀ ਵਿਚ ਵੱਡੀਆਂ ਤਬਦੀਲੀਆਂ ਹੋਈਆਂ : ਤੁਰਕੀ ਧਰਮ ਨਿਰਪੱਖ ਦੇਸ਼ ਬਣਿਆ, ਧਰਮ ਦਾ ਸਿਆਸਤ ਅਤੇ ਵਿੱਦਿਅਕ ਅਦਾਰਿਆਂ ਵਿਚ ਦਖ਼ਲ ਬੰਦ ਕੀਤਾ ਗਿਆ, ਔਰਤਾਂ ਨੂੰ ਵੋਟ ਦੇਣ ਦਾ ਹੱਕ ਅਤੇ ਆਧੁਨਿਕ ਸਿੱਖਿਆ ਦਿੱਤੀ ਜਾਣ ਲੱਗੀ, ਸ਼ੇਖ ਤੇ ਦਰਵੇਸ਼ ਜਿਹੇ ਲਕਬ ਵਰਤਣ ’ਤੇ ਪਾਬੰਦੀ ਲੱਗੀ ਪਰ ਕਮਾਲ ਪਾਸ਼ਾ ਨੇ ਲਿਬਾਸ ’ਤੇ ਕੋਈ ਪਾਬੰਦੀ ਨਹੀਂ ਲਗਾਈ। ਉਹ ਔਰਤਾਂ ਦੁਆਰਾ ਹਿਜਾਬ ਪਹਿਨਣ ਨੂੰ ਪਸੰਦ ਨਹੀਂ ਸੀ ਕਰਦਾ ਪਰ ਉਸ ਨੇ ਪਾਬੰਦੀ ਲਗਾਉਣ ਤੋਂ ਗੁਰੇਜ਼ ਕੀਤਾ। ਉਸ ਦੇ ਪੈਰੋਕਾਰਾਂ (ਜੋ ਫ਼ੌਜੀ ਜਰਨੈਲ ਸਨ) ਦੇ ਪ੍ਰਭਾਵ ਕਾਰਨ 1980ਵਿਆਂ ਵਿਚ ਵਿੱਦਿਅਕ ਅਦਾਰਿਆਂ ਅਤੇ ਜਨਤਕ ਥਾਵਾਂ ’ਤੇ ਹਿਜਾਬ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਗਈ। ਹਿਜਾਬ ਪਹਿਨਣ ਦੇ ਹਾਮੀ ਇਸ ਦਾ ਵਿਰੋਧ ਕਰਦੇ ਰਹੇ। 2008 ਅਤੇ ਇਸ ਤੋਂ ਬਾਅਦ ਸੰਵਿਧਾਨਕ ਸੋਧਾਂ ਰਾਹੀਂ ਵਿੱਦਿਅਕ ਅਦਾਰਿਆਂ, ਅਦਾਲਤਾਂ ਆਦਿ ਵਿਚੋਂ ਇਹ ਪਾਬੰਦੀ ਹਟਾ ਦਿੱਤੀ ਗਈ; ਬਹੁਤੀਆਂ ਥਾਵਾਂ ’ਤੇ ਹਿਜਾਬ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਗਈ (ਕੁਝ ਸਥਾਨਾਂ ’ਤੇ ਪਾਬੰਦੀ ਅਜੇ ਵੀ ਜਾਰੀ ਹੈ)।
ਕਮਾਲ ਪਾਸ਼ਾ ਨੇ ਤੁਰਕੀ ਵਿਚ ਯੁੱਗ-ਪਲਟਾਊ ਸੁਧਾਰਾਂ ਦੀ ਅਗਵਾਈ ਕੀਤੀ ਸੀ ਪਰ ਉਹ ਲਿਬਾਸ ’ਤੇ ਪਾਬੰਦੀਆਂ ਲਗਾਉਣ ਤਕ ਨਹੀਂ ਸੀ ਗਿਆ। 1980ਵਿਆਂ ਵਿਚ ਲਗਾਈਆਂ ਗਈਆਂ ਪਾਬੰਦੀਆਂ ਨੂੰ ਬਾਅਦ ਵਿਚ ਵਾਪਸ ਲੈਣਾ ਪਿਆ। ਪਾਬੰਦੀਆਂ ਲਗਾਉਣ ਦੀ ਪ੍ਰਕਿਰਿਆ ਨੇ ਤੁਰਕੀ ਵਿਚ ਧਾਰਮਿਕ ਮੂਲਵਾਦੀਆਂ ਅਤੇ ਕੱਟੜਪੰਥੀਆਂ ਨੂੰ ਮਜ਼ਬੂਤ ਕੀਤਾ।
ਸਾਡੇ ਦੇਸ਼ ਵਿਚ ਅਜਿਹਾ ਕੁਝ ਹੀ ਹੋਵੇਗਾ, ਲਿਬਾਸ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ, ਲਿਬਾਸ ’ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਸਭ ਧਰਮਾਂ ਦੇ ਮੂਲਵਾਦੀਆਂ ਅਤੇ ਕੱਟੜਪੰਥੀਆਂ ਨੂੰ ਮਜ਼ਬੂਤ ਕਰਨਗੀਆਂ। ਕਰਨਾਟਕ ਵਿਚ ਚੱਲ ਰਹੇ ਵਿਵਾਦ ਵਿਚ ਪੀੜਤ ਕੌਣ ਹੈ? ਸਪੱਸ਼ਟ ਹੈ ਕਿ ਮੁਸਲਮਾਨ ਵਿਦਿਆਰਥਣਾਂ। ਸਾਡਾ ਮੂਲ ਸਰੋਕਾਰ ਕੀ ਹੈ? ਸਪੱਸ਼ਟ ਹੈ ਕਿ ਸਾਰੇ ਧਰਮਾਂ ਦੀਆਂ ਕੁੜੀਆਂ ਸਕੂਲਾਂ-ਕਾਲਜਾਂ ਵਿਚ ਆਉਣ ਅਤੇ ਵਿੱਦਿਆ ਗ੍ਰਹਿਣ ਕਰਨ। ਇਸ ਤਰ੍ਹਾਂ ਉਨ੍ਹਾਂ ਦਾ ਸਕੂਲਾਂ-ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿਚ ਆਉਣਾ ਤੇ ਪੜ੍ਹਨਾ ਮਹੱਤਵਪੂਰਨ ਹੈ ਨਾ ਕਿ ਇਹ ਕਿ ਉਹ ਕੀ ਪਹਿਨਦੀਆਂ ਹਨ।
ਕਰਨਾਟਕ ਹਾਈ ਕੋਰਟ ਹਿਜਾਬ ਪਹਿਨਣ ਦੇ ਮੁੱਦੇ ਦੀ ਸੁਣਵਾਈ ਕਰ ਰਿਹਾ ਹੈ। ਮੁਸਲਮਾਨ ਲੜਕੀਆਂ ਦੇ ਹਿਜਾਬ ਪਹਿਨਣ ਦੇ ਹੱਕ ਵਿਚ ਦਲੀਲ ਦਿੰਦਿਆਂ ਪਟੀਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਦੇ ਵਕੀਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਬੇਨਤੀ ਸਿਰਫ਼ ਇੰਨੀ ਹੈ ਕਿ ਉਨ੍ਹਾਂ ਨੂੰ ‘ਆਪਣਾ ਲਿਬਾਸ’ ਪਾ ਕੇ ਵਿਦਿਅਕ ਅਦਾਰੇ ਜਾਣ ਦਿੱਤਾ ਜਾਵੇ। ਉਡਪੀ (Udapi) ਦੇ ਕੁੰਦਾਪੁਰ ਕਾਲਜ, ਜਿੱਥੋਂ ਵਿਵਾਦ ਸ਼ੁਰੂ ਹੋਇਆ, ਦੀ ਪ੍ਰਬੰਧਕ ਕਮੇਟੀ ਅਨੁਸਾਰ ਕਾਲਜ ਵਿਚ ਵਰਦੀ ਪਾਉਣ ਦਾ ਨਿਰਦੇਸ਼ ਇਕ ਸਾਲ ਪਹਿਲਾਂ ਜਾਰੀ ਕੀਤਾ ਗਿਆ ਪਰ ਕਿਸੇ ਨੇ ਇਸ ਦਾ ਵਿਰੋਧ ਨਹੀਂ ਸੀ ਕੀਤਾ। ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਇਹ ਮਾਮਲਾ ਕਾਲਜ ਦੀ ਕਮੇਟੀ ਅਤੇ ਵਿਦਿਆਰਥੀਆਂ ਵਿਚਕਾਰ ਹੈ ਅਤੇ ਇਸ ਵਿਚ ਰਿਆਸਤ/ਸਟੇਟ ਦੀ ਕੋਈ ਭੂਮਿਕਾ ਨਹੀਂ।
ਦਲੀਲ ਦਿੱਤੀ ਜਾ ਰਹੀ ਹੈ ਕਿ ਨਿੱਜੀ ਖੇਤਰ ਦਾ ਕੋਈ ਵਿੱਦਿਅਕ ਅਦਾਰਾ ਜਾਂ ਹੋਰ ਸੰਸਥਾ ਆਪਣੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਵਰਦੀ ਨਿਯਤ ਕਰ ਸਕਦਾ ਹੈ ਅਤੇ ਇਹ ਮਾਮਲਾ ਇਨ੍ਹਾਂ ਦੋਹਾਂ ਧਿਰਾਂ ਵਿਚਕਾਰ ਹੈ ਕਿ ਉਸ ਆਦੇਸ਼ ਦੀ ਪਾਲਣਾ ਕਿਵੇਂ ਕੀਤੀ ਜਾਵੇ। ਪ੍ਰਮੁੱਖ ਸਵਾਲ ਇਹ ਹੈ ਕਿ ਕੀ ਕੋਈ ਅਦਾਰਾ ਕਿਸੇ ਧਾਰਮਿਕ ਭਾਈਚਾਰੇ ਦੇ ਲਿਬਾਸ ’ਤੇ ਪਾਬੰਦੀ ਲਗਾ ਸਕਦਾ ਹੈ। ਆਪਣੇ ਧਾਰਮਿਕ, ਖੇਤਰੀ ਜਾਂ ਸੱਭਿਆਚਾਰ ਵਿਸ਼ਵਾਸਾਂ ਅਨੁਸਾਰ ਲਿਬਾਸ ਪਹਿਨਣਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 25 ਧਾਰਮਿਕ ਆਜ਼ਾਦੀ ਦੇ ਅਧਿਕਾਰ ਨੂੰ ਯਕੀਨੀ ਬਣਾਉਂਦੀ ਹੈ। ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਵਿਦਿਆਰਥਣਾਂ ਬੁਰਕੇ ਅਤੇ ਹਿਜਾਬ ਪਹਿਨਦੀਆਂ ਆਈਆਂ ਹਨ। ਸੰਵਿਧਾਨ ਦੀ ਧਾਰਾ 25 ਦੀ ਮੂਲ ਧਾਰਨਾ ਇਹੀ ਹੈ ਕਿ ਤੁਸੀਂ ਆਪਣੀਆਂ ਧਾਰਮਿਕ ਰਵਾਇਤਾਂ ਦਾ ਪਾਲਣ ਕਰ ਸਕਦੇ ਹੋ ਜਦੋਂ ਤਕ ਇਸ ਨਾਲ ਦੂਸਰੇ ਵਿਅਕਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਖ਼ਾਸ ਤਰ੍ਹਾਂ ਦਾ ਲਿਬਾਸ ਕਿਸੇ ਨੂੰ ਰਵਾਇਤੀ, ਪੁਰਾਣੇ ਢੰਗ ਦਾ ਜਾਂ ਦਕਿਆਨੂਸੀ ਲੱਗ ਸਕਦਾ ਹੈ ਪਰ ਲਿਬਾਸ ਨਿੱਜੀ ਚੋਣ ਹੈ। ਇਕ ਵਿਅਕਤੀ ਦਾ ਖ਼ਾਸ ਤਰੀਕੇ ਦਾ ਲਿਬਾਸ ਪਹਿਨਣਾ ਕਿਸੇ ਦੂਸਰੇ ਵਿਅਕਤੀ ਦੀ ਧਾਰਮਿਕ ਆਜ਼ਾਦੀ ਵਿਚ ਉਦੋਂ ਤਕ ਦਖ਼ਲ ਨਹੀਂ ਹੈ ਜਦੋਂ ਤਕ ਲਿਬਾਸ ’ਤੇ ਕੁਝ ਅਜਿਹੇ ਸ਼ਬਦ ਨਾ ਲਿਖੇ ਹੋਣ ਜੋ ਕਿਸੇ ਧਰਮ ਜਾਂ ਫ਼ਿਰਕੇ ਦੇ ਵਿਰੁੱਧ ਹੋਣ। ਬੁਰਕੇ ਜਾਂ ਹਿਜਾਬ ਵਿਚ ਅਜਿਹਾ ਕੁਝ ਨਹੀਂ ਹੈ।
ਲਿਬਾਸ ’ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਲਗਾਉਣੀ ਬੇਮਾਅਨੀ ਹੋਵੇਗੀ। ਅਜਿਹੀਆਂ ਪਾਬੰਦੀਆਂ ਨਾ ਸਿਰਫ਼ ਧਾਰਮਿਕ ਕੱਟੜਤਾ ਵਧਾਉਂਦੀਆਂ ਹਨ ਸਗੋਂ ਲੋਕਾਂ ਦੇ ਮਨਾਂ ਵਿਚ ਵੀ ਅਜਿਹੀਆਂ ਭਾਵਨਾਵਾਂ ਪੈਦਾ ਕਰਦੀਆਂ ਹਨ ਕਿ ਉਹ ਵਿਰੋਧ ਕਰਨ ਲਈ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਰਦੇ ਹਨ। ਅਜਿਹੀ ਵਰਤੋਂ ਬਹੁਤ ਵਾਰ ਕਰਮਕਾਂਡੀ ਹੁੰਦੀ ਹੈ। ਸਮਾਜ ਅਤੇ ਸਰਕਾਰ ਦਾ ਮੂਲ ਧਿਆਨ ਵਿਦਿਆਰਥਣਾਂ ਨੂੰ ਵਿੱਦਿਆ ਮੁਹੱਈਆ ਕਰਾਉਣ ਵੱਲ ਹੋਣਾ ਚਾਹੀਦਾ ਹੈ, ਉਨ੍ਹਾਂ ਦੇ ਲਿਬਾਸ ’ਤੇ ਕੰਟਰੋਲ ਕਰਨ ’ਤੇ ਨਹੀਂ। ਮੁਸਲਮਾਨ ਵਿਦਿਆਰਥਣਾਂ ਨੂੰ ਵਿੱਦਿਆ ਤੋਂ ਇਸ ਲਈ ਵਾਂਝਿਆਂ ਨਹੀਂ ਰੱਖਿਆ ਜਾ ਸਕਦਾ ਕਿ ਉਹ ਹਿਜਾਬ ਜਾਂ ਬੁਰਕਾ ਪਹਿਨਦੀਆਂ ਹਨ। ਕਿਸੇ ਇਕ ਤਰ੍ਹਾਂ ਦੇ ਲਿਬਾਸ ’ਤੇ ਪਾਬੰਦੀ ਲਗਾਉਣਾ ਸੰਵਿਧਾਨ ਦੀ ਧਾਰਾ 14 (ਬਰਾਬਰੀ ਦੇ ਅਧਿਕਾਰ) ਦੀ ਉਲੰਘਣਾ ਵੀ ਹੈ।
ਮਨੁੱਖ ਦੇ ਲਿਬਾਸ ਵਿਚ ਬਦਲਾਉ ਆਉਂਦਾ ਹੈ। ਇਹ ਬਦਲਾਉ ਸਮਾਜ ਵਿਚੋਂ ਉਪਜਦਾ ਹੈ। ਅਜਿਹਾ ਬਦਲਾਉ ਕਿਸੇ ’ਤੇ ਥੋਪਣ ਦੀ ਜ਼ਰੂਰਤ ਨਹੀਂ।
ਮਨੁੱਖ ਕਈ ਪਛਾਣਾਂ ਵਿਚ ਵੰਡਿਆ ਹੁੰਦਾ ਹੈ, ਉਸ ਦੀ ਧਾਰਮਿਕ ਪਛਾਣ, ਕੌਮੀ ਪਛਾਣ, ਸੱਭਿਆਚਾਰਕ, ਭਾਸ਼ਾਈ, ਜਾਤੀ, ਜਮਾਤੀ, ਖੇਤਰੀ ਪਛਾਣ ਆਦਿ। ਉਸ ਨੂੰ ਇਕ ਪਛਾਣ ਤਕ ਸੀਮਤ ਕਰਨਾ ਜਾਂ ਆਪਣੀ ਇਕ ਪਛਾਣ ਨੂੰ ਦੂਸਰੀ ਦੇ ਅਧੀਨ ਕਰ ਲਈ ਕਹਿਣਾ ਬੰਦੇ ਨੂੰ ਆਪਣੇ ਆਪ ਨੂੰ ਕੋਹਣ ਅਤੇ ਖ਼ੁਦ ’ਤੇ ਕਹਿਰ ਢਾਹੁਣ ਲਈ ਮਜਬੂਰ ਕਰਨਾ ਹੈ। ਸਿਆਸੀ, ਸਮਾਜਿਕ ਅਤੇ ਆਰਥਿਕ ਕੜਵੱਲਾਂ ਕਾਰਨ ਸਮਾਜਿਕ ਤੋਰ, ਕਈ ਵਾਰ, ਜਵਾਰ-ਭਾਟਿਆਂ ਦਾ ਰੂਪ ਧਾਰਨ ਕਰ ਲੈਂਦੀ ਹੈ ਪਰ ਕੁਝ ਸਮੇਂ ਬਾਅਦ ਉਹ ਆਪਣੇ ਸਹਿਜ-ਲੋਕ-ਬੋਧ ਵੱਲ ਪਰਤ ਆਉਂਦੀ ਹੈ। ਸਮਾਜ ਵਿਚ ਹੰਢਣਸਾਰ ਤਬਦੀਲੀਆਂ ਸਹਿਜ-ਭਾਵੀ ਤੋਰ ਨਾਲ ਹੁੰਦੀਆਂ ਹਨ, ਥੋਪੇ ਜਾਣ ਨਾਲ ਨਹੀਂ।