ਜ਼ਿੰਦਗੀ ਦੀ ਦੌਲਤ - ਗੁਰਸ਼ਰਨ ਸਿੰਘ ਕੁਮਾਰ
ਇਸ ਧਰਤੀ ਤੇ ਮਨੁੱਖ ਹੀ ਐਸਾ ਪ੍ਰਾਣੀ ਹੈ ਜੋ ਆਪਣੀ ਜ਼ਿੰਦਗੀ ਦੇ ਗੁਜ਼ਰਾਨ ਲਈ ਪੈਸਾ ਕਮਾਉਂਦਾ ਹੈ। ਮਨੁੱਖ ਤੋਂ ਬਿਨਾ ਲੱਖਾਂ ਪ੍ਰਜਾਤੀਆਂ ਵਿਚੋਂ ਕੋਈ ਵੀ ਪ੍ਰਾਣੀ ਪੈਸਾ ਨਹੀਂ ਕਮਾਉਂਦਾ, ਫਿਰ ਵੀ ਭੁੱਖਾ ਨਹੀਂ ਮਰਦਾ। ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ ਕਿ ਉਹ ਵੱਡਾ ਹੋ ਕੇ ਕੀ ਬਣੇਗਾ ਜਾਂ ਉਸ ਦੀ ਜ਼ਿੰਦਗੀ ਵਿਚ ਕੀ ਕੁਝ ਵਾਪਰੇਗਾ। ਉਸ ਕੋਲ ਕਿੰਨਾ ਧਨ ਹੋਵੇਗਾ? ਉਸ ਦਾ ਵਿਆਹ ਹੋਵੇਗਾ ਜਾਂ ਨਹੀਂ? ਉਹ ਕਿਸ ਕਿਸ ਦੇ ਸੰਪਰਕ ਵਿਚ ਆਵੇਗਾ ਜਾਂ ਉਸ ਨੂੰ ਕੀ ਖ਼ੁਸ਼ੀਆਂ ਗਮੀਆਂ ਮਿਲਣਗੀਆਂ ਆਦਿ? ਇੰਨੇ ਅਣਜਾਣ ਹੋਣ ਦੇ ਬਾਵਜੂਦ ਇਕ ਗੱਲ ਸਭ ਨੂੰ ਪੱਕੀ ਹੁੰਦੀ ਹੈ ਕਿ ਉਹ ਇਕ ਦਿਨ ਮਰੇਗਾ ਜ਼ਰੂਰ। ਜੋ ਇਸ ਧਰਤੀ ਤੇ ਪੈਦਾ ਹੋਇਆ ਹੈ ਉਸ ਨੇ ਇਕ ਦਿਨ ਮਰਨਾ ਹੀ ਹੈ।
ਮਨੁੱਖ ਇਕੋ ਇਕ, ਪੈਸਾ ਕਮਾਉਣ ਵਾਲਾ ਪ੍ਰਾਣੀ ਹੈ। ਪੈਸੇ ਨਾਲ ਹੀ ਉਹ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਦੀ ਪਾਲਣਾ ਭਲੀ ਭਾਂਤ ਕਰ ਸਕਦਾ ਹੈ। ਪੈਸੇ ਨਾਲ ਹੀ ਸੁੱਖ ਦੇ ਸਾਧਨ ਹਾਸਲ ਕਰ ਸਕਦਾ ਹੈ। ਇਸ ਲਈ ਮਨੁੱਖਾ ਜ਼ਿੰਦਗੀ ਵਿਚ ਪੈਸੇ ਦਾ ਬਹੁਤ ਮਹੱਤਵ ਹੈ। ਪੈਸੇ ਨੂੰ ਮਨੁੱਖਾ ਜ਼ਿੰਦਗੀ ਵਿਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ। ਪੈਸੇ ਨਾਲ ਬੱਚਿਆਂ ਨੂੰ ਚੰਗੀ ਖੁਰਾਕ, ਸੋਹਣੇ ਕੱਪੜੇ ਅਤੇ ਉੱਚੀ ਵਿਦਿਆ ਦਿੱਤੀ ਜਾ ਸਕਦੀ ਹੈ। ਪੈਸਾ ਬਿਮਾਰੀ ਆਦਿ ਅਤੇ ਹੋਰ ਅਚਾਨਕ ਆਇ ਖ਼ਰਚਿਆਂ ਲਈ ਬਹੁਤ ਕੰਮ ਆਉਂਦਾ ਹੈ। ਕਿਸੇ ਅੱਗੇ ਹੱਥ ਨਹੀਂ ਅੱਡਣਾ ਪੈਂਦਾ ਅਤੇ ਆਪਣੀ ਇੱਜ਼ਤ ਬਣੀ ਰਹਿੰਦੀ ਹੈ। ਇੱਥੇ ਹੀ ਬੱਸ ਨਹੀਂ ਪੈਸੇ ਨਾਲ ਬੰਦੇ ਦੀ ਸ਼ਾਨੋ ਸ਼ੋਕਤ ਵੀ ਵਧਦੀ ਹੈ। ਮਹਿੰਗੀਆਂ ਕਾਰਾਂ, ਆਲੀਸ਼ਾਨ ਕੋਠੀਆਂ ਅਤੇ ਹੋਰ ਧਨ ਦੌਲਤ ਬੰਦੇ ਦਾ ਸਮਾਜ ਵਿਚ ਰੁਤਬਾ ਵਧਾਉਂਦੇ ਹਨ।ਬੰਦੇ ਦੀ ਜ਼ਿੰਦਗੀ ਕੁਝ ਸੌਖੀ ਹੁੰਦੀ ਹੈ ਅਤੇ ਉਸ ਨੂੰ ਖ਼ੁਸ਼ੀ ਮਿਲਦੀ ਹੈ।
ਪੈਸੇ ਤੋਂ ਬਿਨਾ ਜ਼ਿੰਦਗੀ ਵਿਚ ਨਹੀਂ ਸਰਦਾ। ਇਸ ਲਈ ਸਾਰੀ ਦੁਨੀਆਂ ਪੈਸਾ ਇਕੱਠਾ ਕਰਨ ਤੇ ਲੱਗੀ ਰਹਿੰਦੀ ਹੈ। ਪੈਸਾ ਕਮਾਉਣਾ ਜ਼ਰੂਰੀ ਹੈ। ਸਵਾਲ ਇਹ ਹੈ ਕਿ ਬੰਦੇ ਨੂੰ ਕਿੰਨਾ ਕੁ ਪੈਸਾ ਚਾਹੀਦਾ ਹੈ ਅਤੇ ਇਸ ਨੂੰ ਕਿਵੇਂ ਕਮਾਇਆ ਜਾਏ? ਕਮਾਈ ਦੇ ਢੰਗ ਨੂੰ ਦੋ ਤਰ੍ਹਾਂ ਵੰਡਿਆ ਜਾ ਸਕਦਾ ਹੈ। ਪਹਿਲਾ ਢੰਗ ਹੈ ਕਿ ਪੈਸਾ ਆਉਣਾ ਚਾਹੀਦਾ ਹੈ ਚਾਹੇ ਉਹ ਜਿਵੇਂ ਮਰਜ਼ੀ ਆਵੇ। ਭਾਵੇਂ ਠੱਗੀ ਠੋਰੀ, ਬੇਈਮਾਨੀ, ਲੁੱਟ ਮਾਰ ਜਾਂ ਗ਼ਰੀਬਾਂ ਦਾ ਹੱਕ ਮਾਰ ਕੇ ਆਵੇ। ਬੇਈਮਾਨੀ ਨਾਲ ਪੈਸਾ ਕਮਾਉਣ ਦਾ ਢੰਗ ਸੌਖਾ ਹੈ। ਇਸ ਨਾਲ ਥੋੜ੍ਹੇ ਸਮੇਂ ਵਿਚ ਘੱਟ ਮਿਹਨਤ ਨਾਲ ਜ਼ਿਆਦਾ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ। ਜ਼ਿਆਦਾ ਲੋਕ ਇਸ ਢੰਗ ਨੂੰ ਹੀ ਅਪਣਾਉਂਦੇ ਹਨ ਪਰ ਇਸ ਦੇ ਸਿੱਟੇ ਮਾੜੇ ਹੁੰਦੇ ਹਨ। ਇਸ ਢੰਗ ਨਾਲ ਆਪਣੀ ਜ਼ਮੀਰ ਮਾਰਨੀ ਪੈਂਦੀ ਹੈ। ਕਾਨੂੰਨ ਦਾ ਡਰ ਵੀ ਬਣਿਆ ਰਹਿੰਦਾ ਹੈ ਅਤੇ ਮਨ ਤੇ ਪਾਪ ਬੋਧ ਵੀ ਰਹਿੰਦਾ ਹੈ। ਇਸ ਲਈ ਪੈਸਾ ਕਮਾਉਣ ਦਾ ਇਹ ਢੰਗ ਵਧੀਆ ਨਹੀਂ।
ਪੈਸੇ ਦੇ ਲਾਲਚ ਵਿਚ ਬੰਦਾ ਅੰਨ੍ਹਾ ਹੋ ਜਾਂਦਾ ਹੈ। ਜ਼ਿਆਦਾ ਧਨ ਜਮਾ ਕਰਨ ਤੋਂ ਬਾਅਦ ਬੰਦੇ ਵਿਚ ਹੰਕਾਰ ਆ ਜਾਂਦਾ ਹੈ। ਫਿਰ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ। ਗ਼ਰੀਬ ਲੋਕ ਉਸ ਨੂੰ ਕੀੜੇ ਮਕੌੜੇ ਹੀ ਨਜ਼ਰ ਆਉਂਦੇ ਹਨ ਪਰ ਹੰਕਾਰਿਆ ਸੋ ਮਾਰਿਆ। ਰੱਬ ਜਲਦੀ ਹੀ ਅਜਿਹੇ ਲੋਕਾਂ ਦਾ ਹੰਕਾਰ ਤੋੜ ਦਿੰਦਾ ਹੈ। ਬੰਦੇ ਕੋਲ ਜਿਹੜੀ ਚੀਜ਼ ਵੀ ਜ਼ਰੂਰਤ ਤੋਂ ਜ਼ਿਆਦਾ ਹੋਵੇ ਉਹ ਉਸ ਲਈ ਸਮੱਸਿਆਵਾਂ ਹੀ ਖੜ੍ਹਾ ਕਰਦੀ ਹੈ। ਕਈ ਸਮੱਸਿਆਵਾਂ ਬੰਦੇ ਦੀਆਂ ਆਪਣੀਆਂ ਹੀ ਖੜੀਆਂ ਕੀਤੀਆਂ ਹੁੰਦੀਆਂ ਹਨ ਜੋ ਉਸ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਬੰਦੇ ਦੀ ਲਾਲਸਾ ਉਸ ਨੂੰ ਸਮੱਸਿਆਵਾਂ ਦੇ ਚੱਕਰਵਿਊ ਵਿਚ ਫਸਾਈ ਰੱਖਦੀ ਹੈ। ਜੇ ਉਸ ਨੂੰ ਇਕ ਚੀਜ਼ ਮਿਲ ਜਾਂਦੀ ਹੈ ਤਾਂ ਉਸ ਵਿਚ ਉਸੇ ਸਮੇਂ ਦੂਜੀ ਚੀਜ਼ ਦੀ ਲਾਲਸਾ ਪੈਦਾ ਹੋ ਜਾਂਦੀ ਹੈ। ਜ਼ਰੂਰਤ ਤੋਂ ਬਹੁਤ ਜ਼ਿਆਦਾ ਇਕੱਠਾ ਕੀਤਾ ਧਨ ਵੀ ਬੰਦੇ ਨੂੰ ਹਰ ਸਮੇਂ ਚਿੰਤਾ ਵਿਚ ਪਾਈ ਰੱਖਦਾ ਹੈ।
ਪੈਸਾ ਕਮਾਉਣ ਦਾ ਦੂਜਾ ਢੰਗ ਹੈ ਮਿਹਨਤ ਅਤੇ ਇਮਾਨਦਾਰੀ। ਇਹ ਢੰਗ ਕੁਝ ਕਠਿਨ ਹੈ ਕਿਉਂਕਿ ਇਸ ਨਾਲ ਜਿਆਦਾ ਮਿਹਨਤ ਕਰ ਕੇ ਧਨ ਕੁਝ ਘੱਟ ਹੀ ਕਮਾਇਆ ਜਾ ਸਕਦਾ ਹੈ। ਇਸ ਕਮਾਈ ਦੀ ਬਰਕਤ ਬਹੁਤ ਹੁੰਦੀ ਹੈ ਅਤੇ ਮਨ ਤੇ ਕੋਈ ਬੋਝ ਜਾਂ ਡਰ ਨਹੀਂ ਹੁੰਦਾ। ਪੈਸਾ ਮਨੁੱਖ ਨੂੰ ਦੁਨੀਆਂ ਵਿਚ ਬਹੁਤ ਉੱਤੇ ਲੈ ਕੇ ਜਾ ਸਕਦਾ ਹੈ ਪਰ ਮਨੁੱਖ ਇਸ ਪੈਸੇ ਨੂੰ ਉੱਤੇ (ਪ੍ਰਲੋਕ ਵਿਚ) ਨਹੀਂ ਲਿਜਾ ਸਕਦਾ।
ਪ੍ਰਮਾਤਮਾ ਨੇ ਤੁਹਾਨੂੰ ਬਖ਼ਸ਼ਿਸ਼ਾਂ ਦਿੱਤੀਆਂ ਹਨ ਤਾਂ ਆਪਣੀ ਤਾਕਤ, ਧਨ ਅਤੇ ਅਹੁਦੇ ਦਾ ਉਪਯੋਗ ਗ਼ਰੀਬ, ਲਾਚਾਰ ਅਤੇ ਮਜ਼ਲੂਮਾਂ ਦੇ ਭਲੇ ਲਈ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਤੇ ਜ਼ੁਲਮ ਕਰਨ ਲਈ ਜਾਂ ਉਨ੍ਹਾਂ ਦਾ ਹੱਕ ਮਾਰਨ ਲਈ। ਉਨ੍ਹਾਂ ਨੂੰ ਡਰਾਉਣਾ, ਧਮਕਾਉਣਾ, ਲੁੱਟਣਾ ਜਾਂ ਨੀਵਾਂ ਨਹੀਂ ਦਿਖਾਉਣਾ ਚਾਹੀਦਾ। ਇਨਸਾਨ ਹੋਣ ਕਾਰਨ ਸਾਡੇ ਵਿਚ ਇਨਸਾਨੀਅਤ ਹੋਣੀ ਜ਼ਰੂਰੀ ਹੈ। ਸਫ਼ਲ ਜੀਵਨ ਦਾ ਕੀ ਨੁਕਤਾ ਹੈ ਅਤੇ ਅਸੀਂ ਇਸ ਉੱਤੇ ਕਿਵੇਂ ਚੱਲਣਾ ਹੈ ਇਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਬਿਲਕੁਲ ਸਪੱਸ਼ਟ ਸੰਦੇਸ਼ ਦਿੰਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਹਿ॥
ਨਾਨਕ ਰਾਹੁ ਪਛਾਨਿਹ ਸੇਇ॥
ਜ਼ਿੰਦਗੀ ਦਾ ਰਸਤਾ ਉਸੇ ਨੂੰ ਸਮਝ ਆਇਆ ਹੈ, ਜੋ ਮਿਹਨਤ ਕਰ ਕੇ ਕਮਾਈ ਕਰਦਾ ਹੈ ਅਤੇ ਵੰਡ ਕੇ ਖਾਂਦਾ ਹੈ। ਉਨ੍ਹਾਂ ਨੇ ਮਨੁੱਖ ਨੂੰ ਜੀਵਨ ਜਾਚ ਦੱਸੀ ਕਿ-"ਨਾਮ ਜਪੋ, ਕਿਰਤ ਕਰੋ, ਵੰਡ ਛਕੋ॥"
ਗੁਰੂ ਸਾਹਿਬ ਨੇ ਸਾਨੂੰ ਕੇਵਲ ਸੰਦੇਸ਼ ਹੀ ਨਹੀਂ ਦਿੱਤਾ। ਉਨ੍ਹਾਂ ਨੇ ਇਸ ਸੰਦੇਸ਼ ਨੂੰ ਆਪਣੀ ਜ਼ਿੰਦਗੀ ਵਿਚ ਢਾਲਿਆ ਵੀ। ਸਾਰੀ ਉਮਰ ਉਹ ਨਾਮ ਸਿਮਰਨ ਕਰਦੇ ਰਹੇ। ਬਚਪਨ ਵਿਚ ਮੱਝਾਂ ਚਾਰਦੇ ਰਹੇ, ਜਵਾਨੀ ਵਿਚ ਮੌਦੀ ਖਾਨੇ ਦੀ ਸੇਵਾ ਕੀਤੀ ਅਤੇ ਅੰਤ ਸਮੇਂ ਕਰਤਰਪੁਰ ਵਿਚ ਖੇਤੀ ਬਾੜੀ ਦਾ ਕੰਮ ਸੰਭਾਲਿਆ। ਉਨ੍ਹਾਂ ਨੇ ਪਿਤਾ ਜੀ ਦੇ ਦਿੱਤੇ ਹੋਏ 20 ਰੁਪਇਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਦੁਨੀਆਂ ਦਾ ਸਭ ਤੋਂ ਉੱਤਮ ਵਪਾਰ ਕੀਤਾ। ਉਨ੍ਹਾਂ ਦਾ ਚਲਾਇਆ ਹੋਇਆ ਲੰਗਰ ਹਾਲੀ ਵੀ ਦੁਨੀਆਂ ਭਰ ਵਿਚ ਬੜੀ ਸ਼ਰਦਾ ਅਤੇ ਨਿਮਰਤਾ ਨਾਲ ਚਲਾਇਆ ਜਾ ਰਿਹਾ ਹੈ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਜਦ ਕੋਈ ਆਫ਼ਤ ਆਏ ਤਾਂ ਸਿੱਖ ਸਭ ਤੋਂ ਪਹਿਲਾਂ ਲੰਗਰ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਪਹੁੰਚਦੇ ਹਨ। ਦੁਨੀਆਂ ਵਿਚ ਭਾਵੇਂ ਸਿੱਖਾਂ ਦੀ ਗਿਣਤੀ ਕੇਵਲ ਢਾਈ ਕਰੋੜ ਹੈ ਫਿਰ ਵੀ ਉਹ ਰਾਤ ਨੂੰ ਪੰਜ ਕਰੋੜ ਤੋਂ ਉੱਪਰ ਲੋਕਾਂ ਨੂੰ ਮੁਫ਼ਤ ਭੋਜਨ ਕਰਾ ਕੇ ਸੌਂਦੇ ਹਨ।
ਧਨ ਓਨਾ ਹੀ ਠੀਕ ਹੈ ਜਿਸ ਨਾਲ ਮਨੁੱਖ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ ਅਤੇ ਕੁਝ ਰਕਮ ਔਖੇ ਸਮੇਂ ਅਤੇ ਬੁਢਾਪੇ ਲਈ ਵੀ ਬਚੀ ਰਹੇ। ਸਾਨੂੰ ਆਪਣੇ ਅਤੇ ਸਾਧਨਾ ਦਾ ਕੁਝ ਹਿੱਸਾ ਲੋੜਵੰਦਾਂ ਦੇ ਭਲੇ ਲਈ ਵੀ ਲਾਉਣਾ ਚਾਹੀਦਾ ਹੈ । ਇਹ ਹੀ ਅਸਲ ਦੌਲਤ ਹੈ ਜਿਹੜੀ ਅਗੋਂ ਸਾਡੇ ਕੰਮ ਆਉਣੀ ਹੈ।
ਬੰਦਾ ਪੈਸਾ ਕਮਾਉਣ ਲਈ ਨਹੀਂ ਜਿਉਂਦਾ ਸਗੋਂ ਜਿਉਣ ਲਈ ਪੈਸਾ ਕਮਾਉਂਦਾ ਹੈ। ਦੌਲਤ ਨਾਲ ਕੇਵਲ ਸੁਵਿਧਾਵਾਂ ਹੀ ਮਿਲਦੀਆਂ ਹਨ, ਸੁੱਖ ਨਹੀਂ ਮਿਲਦਾ। ਸੁੱਖ ਮਿਲਦਾ ਹੈ ਤੰਦਰੁਸਤੀ ਅਤੇ ਆਪਣਿਆਂ ਦੇ ਪਿਆਰ ਨਾਲ। ਜੇ ਦੌਲਤ ਨਾਲ ਸੁੱਖ ਮਿਲਦਾ ਹੁੰਦਾ ਤਾਂ ਧਨਵਾਨ ਲੋਕ ਕਦੀ ਦੁਖੀ ਨਾ ਹੁੰਦੇ। ਸਿਕੰਦਰ ਨੇ ਅੱਧੀ ਦੁਨੀਆਂ ਜਿੱਤ ਕੇ ਬਹੁਤ ਦੌਲਤ ਇਕੱਠੀ ਕਰ ਲਈ ਸੀ ਪਰ ਅੰਤ ਸਮੇਂ ਉਹ ਦੁਖੀ ਹੋ ਕੇ ਇਸ ਦੁਨੀਆਂ ਤੋਂ ਖਾਲੀ ਹੱਥ ਹੀ ਗਿਆ ਸੀ।
ਪੈਸੇ ਦੇ ਬਹੁਤ ਸੁੱਖ ਹੋਣ ਦੇ ਬਾਵਜ਼ੂਦ ਵੀ ਜ਼ਿੰਦਗੀ ਵਿਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਪੈਸੇ ਤੋਂ ਇਲਾਵਾ ਵੀ ਜ਼ਿੰਦਗੀ ਵਿਚ ਹੋਰ ਵੀ ਦੌਲਤਾਂ ਹਨ ਜੋ ਬੰਦੇ ਨਾਲ ਨਿਭਦੀਆਂ ਹਨ। ਬੰਦਾ ਪੈਸੇ ਨਾਲ ਨਹੀਂ ਦਿਲ ਨਾਲ ਅਮੀਰ ਹੋਣਾ ਚਾਹੀਦਾ ਹੈ। ਮਨੁੱਖ ਪੈਸੇ ਨਾਲ ਮਹਾਨ ਨਹੀਂ ਬਣਦਾ। ਉਹ ਆਪਣੇ ਚੰਗੇ ਕੰਮਾਂ ਨਾਲ ਮਹਾਨ ਬਣਦਾ ਹੈ। ਦੂਜਿਆਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾਉਣੀ ਚਾਹੀਦੀ ਹੈ। ਨਿਆਸਰਿਆਂ ਦੇ ਆਸਰਾ ਬਣੋ। ਆਪਣੇ ਲਈ ਤਾਂ ਸਾਰੇ ਜਿਉਂਦੇ ਹਨ, ਚਲੋ ਚੰਗੀ ਗੱਲ ਹੈ ਪਰ ਥੋੜ੍ਹਾ ਜਿਹਾ ਦੂਜੇ ਲਈ ਵੀ ਜੀਅ ਕੇ ਦੇਖੋ ਕਿੰਨਾ ਆਨੰਦ ਆਉਂਦਾ ਹੈ।