ਕੀ ਲੈਣਾ ਐਸੇ ਰਿਸ਼ਤਿਆਂ ਤੋਂ - ਰਵਿੰਦਰ ਸਿੰਘ ਕੁੰਦਰਾ
ਕੀ ਲੈਣਾ ਐਸੇ ਰਿਸ਼ਤਿਆਂ ਤੋਂ, ਜੋ ਬਣੇ ਤਾਂ ਸੀ ਪਰ ਨਿਭੇ ਨਹੀਂ,
ਜ਼ਿੰਦਗੀ ਦੀ ਤਲਖ਼ ਸਚਾਈ ਅੱਗੇ, ਬਹੁਤੀ ਦੇਰ ਉਹ ਟਿਕੇ ਨਹੀਂ।
ਕੁੱਝ ਰਸਤੇ ਸਨ ਕੁੱਝ ਪਗਡੰਡੀਆਂ, ਜੋ ਪੈੜਾਂ ਨੇ ਸਨ ਤੈਅ ਕੀਤੇ,
ਪਰ ਕੀ ਕਰਨਾ ਉਨ੍ਹਾਂ ਪੈਰਾਂ ਨੂੰ, ਜੋ ਕਦਮ ਮਿਲਾ ਕੇ ਤੁਰੇ ਨਹੀਂ।
ਕੁੱਝ ਸੈਨਤਾਂ 'ਤੇ ਕੁੱਝ ਨਖ਼ਰੇ ਸਨ, ਜੋ ਅਫ਼ਸਾਨੇ ਬਣ ਉਭਰੇ ਸਨ,
ਸਭ ਟੁੱਟੇ ਅੱਖਰ ਕਰ ਕਰ ਕੇ, ਹਕੀਕਤ ਬਣਕੇ ਜੁੜੇ ਨਹੀਂ।
ਗ਼ਜ਼ਲ ਨੇ ਬਹਿਰ ਦੇ ਸੁਰ ਅੰਦਰ, ਅਰੂਜ ਤੱਕ ਹਾਲੇ ਜਾਣਾ ਸੀ,
ਪਰ ਕਾਫ਼ੀਏ ਬਾਂਹ ਵਿੱਚ ਬਾਂਹ ਪਾ ਕੇ, ਰਦੀਫਾਂ ਵੱਲ ਨੂੰ ਮੁੜੇ ਨਹੀਂ।
ਨਾ ਗ਼ਿਲਾ ਕੋਈ ਉਨ੍ਹਾਂ ਉੱਤੇ, ਨਾ ਆਸ ਉਨ੍ਹਾਂ ਤੋਂ ਵਾਅਦਿਆਂ ਦੀ,
ਜੋ ਵਫ਼ਾ ਦੀ ਮੰਜ਼ਿਲ ਪਾ ਨਾ ਸਕੇ, ਜੋ ਵਿਛੋੜੇ ਦੇ ਵਿੱਚ ਝੁਰੇ ਨਹੀਂ।
ਪੱਤਝੜਾਂ ਤੋਂ ਚੱਲ ਬਹਾਰਾਂ ਦਾ, ਸਬਰ ਦਾ ਸਫ਼ਰ ਅਜੀਬ ਰਿਹਾ,
ਰੰਗੀਨ ਸੁਪਨਿਆਂ ਦੀਆਂ ਸ਼ਾਖ਼ਾਂ 'ਤੇ, ਸਾਕਾਰੀ ਫੁੱਲ ਤਾਂ ਖਿੜੇ ਨਹੀਂ।
ਪਰਤ ਦੇ ਅਗਲੇ ਵਰਕੇ ਨੂੰ, ਕਰ ਅੰਕਿਤ ਨਵਾਂ ਕੋਈ ਅਫ਼ਸਾਨਾ,
ਜੇ ਵਕਤ ਇੰਝ ਹੱਥੋਂ ਨਿਕਲ ਗਿਆ, ਨਾ ਕਹੀਂ ਕਿ ਮੌਕੇ ਮਿਲੇ ਨਹੀਂ।
- ਰਵਿੰਦਰ ਸਿੰਘ ਕੁੰਦਰਾ