ਟਰਾਂਸਮੀਟਰ - ਨਿਰਮਲ ਸਿੰਘ ਕੰਧਾਲਵੀ
ਇਹ ਉਨ੍ਹਾਂ ਦਿਨਾਂ ਦੀ ਵਾਰਤਾ ਹੈ ਜਦੋਂ ਪੰਜਾਬ ਵਿਚ ਹਰ ਪਾਸੇ ਹੀ ਜੰਗਲ ਦਾ ਰਾਜ ਸੀ। ਸੂਰਜ ਮਿਟਦਿਆਂ ਹੀ ਲੋਕ ਆਪੋ ਆਪਣੇ ਅੰਦਰੀਂ ਵੜ ਜਾਂਦੇ ਤੇ ਸਾਰੀ ਸਾਰੀ ਰਾਤ ਨਾ ਸੌਂਦੇ ਨਾ ਜਾਗਦੇ ਵਰਗੀ ਹਾਲਤ ਚੋਂ ਗੁਜ਼ਰਦੇ। ਹਵਾ ਨਾਲ ਵੀ ਦਰਵਾਜ਼ਾ ਖੜਕਦਾ ਤਾਂ ਉਹ ਅੱਖਾਂ ਸਾਹਵੇਂ ਮੌਤ ਨੱਚਦੀ ਦੇਖਦੇ। ਬਲਕਾਰ ਨੇ ਇੰਗਲੈਂਡ ਵਿਚ ਅਖ਼ਬਾਰਾਂ ਰਾਹੀਂ ਬਹੁਤ ਕੁਝ ਪੜ੍ਹਿਆ ਸੀ ਅਤੇ ਪੰਜਾਬ ਤੋਂ ਵਾਪਸ ਆਉਣ ਵਾਲੇ ਲੋਕ ਵੀ ਉੱਥੋਂ ਦੇ ਹਾਲਾਤ ਬਾਰੇ ਦੱਸਦੇ ਰਹਿੰਦੇ ਸਨ।
ਇਕ ਦਿਨ ਤੜਕੇ ਪੰਜ ਵਜੇ ਹੀ ਉਸਦੇ ਫ਼ੂਨ ਦੀ ਘੰਟੀ ਖੜਕੀ ਤਾਂ ਉਸ ਨੇ ਅੱਭੜਵਾਹੇ ਜਿਹੇ ਨੇ ਰਸੀਵਰ ਚੁੱਕਿਆ ਤਾਂ ਅੱਗੋਂ ਬੋਲਣ ਵਾਲੇ ਦੀ ਘਿੱਗੀ ਬੱਝੀ ਹੋਈ ਸੀ। ਇਹ ਉਸ ਦੇ ਛੋਟੇ ਭਰਾ ਸਰਬਜੀਤ ਦਾ ਪੰਜਾਬ ਤੋਂ ਫ਼ੂਨ ਸੀ ਜਿਸ ਨੇ ਹਟਕੋਰੇ ਲੈ ਲੈ ਕੇ ਉਸ ਨੂੰ ਬਾਪ ਦੀ ਮੌਤ ਦੀ ਖ਼ਬਰ ਸੁਣਾਈ ਸੀ।
ਬਲਕਾਰ ਨੂੰ ਪਿੰਡ ਆਏ ਨੂੰ ਹਫ਼ਤਾ ਹੋ ਗਿਆ ਸੀ। ਅਫ਼ਸੋਸ ਕਰਨ ਆਉਣ ਵਾਲਿਆਂ ਵਾਸਤੇ ਵਰਾਂਡੇ ਵਿਚ ਹੀ ਦਰੀ ਵਿਛਾਈ ਹੋਈ ਸੀ। ਹਫ਼ਤਾ ਭਰ ਉਹ ਉਥੇ ਹੀ ਬੈਠਾ ਰਿਹਾ ਅਤੇ ਅਫ਼ਸੋਸ ਕਰਨ ਆਉਣ ਵਾਲੇ ਪਰਵਾਰ ਨਾਲ ਦੁਖ ਵੰਡਾਉਂਦੇ ਰਹੇ। ਅਫ਼ਸੋਸ ਕਰਨ ਆਏ ਕਿਸੇ ਬੰਦੇ ਨਾਲ਼ ਬਲਕਾਰ ਜੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਸਾਧਾਰਨ ਗੱਲ ਵੀ ਕਰਨੀ ਚਾਹੁੰਦਾ ਤਾਂ ਕੋਈ ਵਿਅਕਤੀ ਵੀ ਹੂੰ ਹਾਂ ਤੋਂ ਵੱਧ ਉਸ ਨਾਲ਼ ਗੱਲ ਨਾ ਕਰਦਾ ਜਿਵੇਂ ਦਹਿਸ਼ਤਗ਼ਰਦੀ ਨੇ ਉਨ੍ਹਾਂ ਦੇ ਸਰੀਰਾਂ ‘ਚੋਂ ਸਾਰੀ ਸੱਤਿਆ ਧੂਹ ਲਈ ਹੋਵੇ।.
ਅੱਜ ਸ਼ਾਮੀਂ ਉਹ ਚੁਬਾਰੇ ਚੜ੍ਹਿਆ ਸੀ। ਚੁਬਾਰੇ ਦੇ ਅੱਗੇ ਖੜ੍ਹਾ ਉਹ ਉਨ੍ਹਾਂ ਦਿਨਾਂ ਦੀਆਂ ਯਾਦਾਂ ‘ਚ ਗੁਆਚ ਗਿਆ ਜਦੋਂ ਇਹ ਚੁਬਾਰਾ ਉਸ ਦਾ ਇਕ ਨਿੱਕਾ ਜਿਹਾ ਸੰਸਾਰ ਹੁੰਦਾ ਸੀ। ਹਮ –ਜਮਾਤੀਆਂ ਨਾਲ ਰਾਤਾਂ ਨੂੰ ਇਕੱਠੇ ਪੜ੍ਹਨਾਂ, ਸ਼ਰਾਰਤਾਂ ਕਰਨੀਆਂ, ਹਾਸੇ, ਰੋਸੇ ਤੇ ਹੋਰ ਕਈ ਕੁਝ।
ਫਿਰ ਉਸ ਨੇ ਸੱਜੇ ਖੱਬੇ ਨਜ਼ਰ ਘੁੰਮਾਈ ਤੇ ਪਿੰਡ ਦੇ ਘਰਾਂ ਵਲ ਦੇਖਿਆ। ਚੜ੍ਹਦੇ ਪਾਸਿਉਂ ਮਿਡਲ ਸਕੂਲ ਹੁਣ ਪਿੰਡ ਦੇ ਬਾਹਰ-ਵਾਰ ਫਿਰਨੀ ਕੰਢੇ ਚਲਿਆ ਗਿਆ ਸੀ ਤੇ ਸਕੂਲ ਵਾਲੀ ਥਾਂ ਕਈ ਸਾਲ ਖਾਲੀ ਪਈ ਰਹੀ ਸੀ। ਹੁਣ ਉਥੇ ਤਿੰਨ ਮੰਜ਼ਲਾ ਮਕਾਨ ਉਸਰਿਆ ਹੋਇਆ ਸੀ ਜਿਸ ਦੀ ਪਾਣੀ ਵਾਲੀ ਟੈਂਕੀ ਉੱਪਰ ਹਵਾਈ ਜਹਾਜ਼ ਬਣਿਆ ਹੋਇਆ ਸੀ। ਉਹ ਅਜੇ ਉਧਰ ਦੇਖ ਹੀ ਰਿਹਾ ਸੀ ਕਿ ਉਸ ਦਾ ਛੋਟਾ ਭਰਾ ਸਰਬਜੀਤ ਵੀ ਪੋਲੇ ਪੋਲੇ ਪੈਰੀਂ ਪੌੜੀਆਂ ਚੜ੍ਹਦਾ ਆ ਗਿਆ। ਸਰਬਜੀਤ ਬੀ.ਏ. ਬੀ.ਐੱਡ. ਕਰ ਕੇ ਨਾਲ ਦੇ ਪਿੰਡ ਵਿਚ ਹੀ ਮਾਸਟਰ ਲਗਿਆ ਹੋਇਆ ਸੀ। ਬਲਕਾਰ ਨੇ ਜਦੋਂ ਸਰਬਜੀਤ ਤੋਂ ਉਸ ਨਵੇਂ ਬਣੇ ਮਕਾਨ ਬਾਰੇ ਪੁੱਛਿਆ ਤਾਂ ਉਹ ਦੱਸਣ ਲੱਗਾ, “ ਵੀਰ ਜੀ, ਰਾਜਸਥਾਨ ਵਲੋਂ ਆਏ ਇਕ ਬਹੁਤ ਪਹੁੰਚੇ ਹੋਏ ਜੋਤਸ਼ੀ ਨੇ ਖਾਲੀ ਪਏ ਖੋਲ਼ੇ ਖ਼ਰੀਦ ਕੇ ਇਹ ਚੁਬਾਰੇ ਪਾਏ ਆ, ਬੜਾ ਡੰਕਾ ਐ ਇਹਦੇ ਜੋਤਸ਼ ਦਾ, ਬੜੇ ਬੜੇ ਲੋਕ ਇਹਦੇ ਪਾਸੋਂ ਪੱਤਰੀ ਪੜ੍ਹਾਉਣ ਆਉਂਦੇ ਐ।”
“ ਕਿਸ ਤਰ੍ਹਾਂ ਦੇ ਬੜੇ ਬੜੇ ਲੋਕ ਆਉਂਦੇ ਐ?” ਬਲਕਾਰ ਨੇ ਮੁਸਕਰਾਉਂਦਿਆਂ ਪੁੱਛਿਆ।
“ਵੀਰ ਜੀ, ਆਮ ਲੋਕਾਂ ਤੋਂ ਇਲਾਵਾ ਪੁਲਿਸ ਦੇ ਅਤੇ ਸਿਵਲ ਦੇ ਵੱਡੇ ਵੱਡੇ ਅਫ਼ਸਰ ਤੇ ਸਿਆਸੀ ਲੀਡਰ ਵੀ ਹੱਥ ਦਿਖਾਉਣ ਆਉਂਦੇ ਐ।” ਸਰਬਜੀਤ ਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ।
“ ਸੱਬੀ, ਤੇਰਾ ਕੀ ਖ਼ਿਆਲ ਐ ਪਈ ਇਹ ਸਾਰੇ ਪੱਤਰੀਆਂ ਪੜ੍ਹਾਉਣ ਈ ਆਉਂਦੇ ਐ,” ਬਲਕਾਰ ਨੇ ਬੜੀ ਮਾਸੂਮੀਅਤ ਨਾਲ ਸਰਬਜੀਤ ਵਲ ਦੇਖਦਿਆਂ ਉਹਨੂੰ ਉਹਦੇ ਛੋਟੇ ਨਾਂ ਨਾਲ ਬੁਲਾ ਕੇ ਪੁੱਛਿਆ।
“ ਵੀਰ ਜੀ, ਜੋਤਸ਼ੀਆਂ ਨੇ ਕਿਹੜਾ ਖਲ਼- ਵੜੇਵੇਂ ਵੇਚਣੇ ਹੁੰਦੇ ਐ, ਲੋਕਾਂ ਦੇ ਪੱਤਰੀਆਂ ਟੇਵੇ ਈ ਦੇਖਣੇ ਹੁੰਦੇ ਐ ਤੇ ਭਵਿੱਖਬਾਣੀਆਂ ਕਰਨੀਆਂ ਹੁੰਦੀਆਂ,” ਸਰਬਜੀਤ ਨੇ ਛਿੱਥੇ ਪੈਂਦਿਆਂ ਕਿਹਾ।
“ ਸੱਬੀ, ਮੈਨੂੰ ਹੈਰਾਨੀ ਹੁੰਦੀ ਐ ਕਿ ਇਥੇ ਮੀਡੀਆ ਨੇ ਕਿਵੇਂ ਲੋਕਾਂ ਦੇ ਦਿਮਾਗ਼ ਧੋ ਛੱਡੇ ਐ, ਜੇ ਤੁਹਾਡੇ ਵਰਗੇ ਪੜ੍ਹੇ ਲਿਖਿਆਂ ਦਾ ਆਹ ਹਾਲ ਐ ਤਾਂ ਵਿਚਾਰੀ ਅਨਪੜ੍ਹ ਜੰਨਤਾ ਕਿੱਧਰ ਨੂੰ ਜਾਊ,” ਬਲਕਾਰ ਦੀਆਂ ਅੱਖਾਂ ‘ਚ ਰੋਹ ਸੀ।
“ ਵੀਰ ਜੀ, ਮੈਂ ਤੁਹਾਡੀ ਗੱਲ ਸਮਝਿਆ ਨਈਂ,” ਏਨਾ ਕਹਿ ਕੇ ਸਰਬਜੀਤ ਨੇ ਸਵਾਲੀਆ ਨਜ਼ਰਾਂ ਨਾਲ ਬਲਕਾਰ ਵਲ ਦੇਖਿਆ।
ਬਲਕਾਰ ਨੇ ਸਰਬਜੀਤ ਦੇ ਮੋਢੇ ‘ਤੇ ਹੱਥ ਰੱਖ ਕੇ ਕਹਿਣਾ ਸ਼ੁਰੂ ਕੀਤਾ, “ ਛੋਟਿਆ, ਤੈਨੂੰ ਪਤੈ ਪਈ ਪੰਜਾਬ ‘ਚ ਕਿਹੜੇ ਝੱਖੜ ਝੁੱਲ ਰਹੇ ਐ, ਤੁਹਾਨੂੰ ਤਾਂ ਸਾਡੇ ਨਾਲੋਂ ਜ਼ਿਆਦਾ ਪਤੈ, ਤੁਸੀਂ ਰੋਜ਼ ਆਪਣੇ ਪਿੰਡੇ ‘ਤੇ ਹੰਢਾਉਂਦੇ ਹੋ। ਨਾਲ਼ੇ ਆਪਣਾ ਪਿੰਡ ਤਾਂ ਮੁੱਢੋਂ ਹੀ ਸਿੱਖੀ ਦਾ ਧੁਰਾ ਰਿਹਾ। ਤੂੰ ਆਪ ਹੀ ਦੱਸਦਾ ਹੁੰਦਾ ਸੀ ਕਿ ਅੱਧੀ ਅੱਧੀ ਰਾਤ ਨੂੰ ਪੰਜਾਬ ਪੁਲਸ ਤੇ ਸੀ.ਅਰ.ਪੀ. ਵਾਲ਼ੇ ਪਿੰਡਾਂ ‘ਚ ਛਾਪੇ ਮਾਰ ਕੇ ਲੋਕਾਂ ਨੂੰ ਤੰਗ ਕਰਦੇ ਐ। ਨੌਜੁਆਨ ਮੁੰਡੇ ਬਿਨਾਂ ਕਾਰਨ ਹੀ ਫੜ ਲਏ ਜਾਂਦੇ ਹਨ ਤੇ ਪੁਲਸ ਲੱਖਾਂ ਰੁਪਏ ਲੈ ਕੇ ਛੱਡਦੀ ਐ ਤੇ ਜਿਹੜਾ ਕੋਈ ਗ਼ਰੀਬ ਪੈਸੇ ਨਹੀਂ ਦੇ ਸਕਦਾ, ਤੈਨੂੰ ਪਤਾ ਈ ਐ ਕਿ ਉਨ੍ਹਾਂ ਮੁੰਡਿਆਂ ਦਾ ਕੀ ਬਣਦੈ! ਸਰਕਾਰਾਂ ਨੂੰ ਇਹੋ ਜਿਹੇ ਝੱਖੜ ਝੁਲਾਉਣ ਲਈ ਨੈੱਟਵਰਕ ਦੀ ਲੋੜ ਹੁੰਦੀ ਐ ਤਾਂ ਕਿ ਉਨ੍ਹਾਂ ਦਾ ਆਪਸੀ ਤਾਲ-ਮੇਲ ਤੇਜ਼ ਹੋ ਸਕੇ ਅਤੇ ਏਜੰਸੀਆਂ ਨੂੰ ਪਲ ਪਲ ਦੀ ਖ਼ਬਰ ਮਿਲਦੀ ਰਹੇ। ਤੈਨੂੰ ਪਤੈ ਨਾ ਪਈ ਗੋਰਿਆਂ ਨੇ ਵੀ ਆਪਣੇ ਰਾਜ ਵਿਚ ਇਹੋ ਜਿਹੇ ਬੰਦੇ ਰੱਖੇ ਹੋਏ ਹੁੰਦੇ ਸਨ ਜਿਨ੍ਹਾਂ ਨੂੰ ਆਮ ਲੋਕ ਟੋਡੀ ਕਹਿੰਦੇ ਸਨ। ਦੇਸ਼ ਭਗਤਾਂ ਦੀਆਂ ਸੂਹਾਂ ਦੇਣ ਵਾਲ਼ੇ ਇਹ ਟੋਡੀ ਹੀ ਹੁੰਦੇ ਸਨ ਤੇ ਗੋਰੇ ਹਾਕਮ ਇਨ੍ਹਾਂ ਨੂੰ ਲੂਣ-ਹਰਾਮੀ ਬਦਲੇ ਅਹੁਦੇ ਅਤੇ ਜਾਗੀਰਾਂ ਦਿਆ ਕਰਦੇ ਸਨ। ਸੋ ਵੀਰ ਮੇਰਿਆ ਇਹ ਜੋਤਸ਼ੀ ਨਈਂ, ਇਹ ਕਿਸੇ ਏਜੰਸੀ ਦਾ ‘ਟਰਾਂਸਮੀਟਰ’ ਐ, ਸੋ ਬੜੇ ਬੜੇ ਅਫ਼ਸਰ ਤੇ ਸਿਆਸੀ ਲੀਡਰ ਹੱਥ ਦਿਖਾਉਣ ਨਈਂ ਆਉਂਦੇ, ਉਹ ਖ਼ਬਰਾਂ ਲੈਣ ਆਉਂਦੇ ਐ ਪਈ ਇਲਾਕੇ ‘ਚ ਕੀ ਹੋ ਰਿਹੈ ਤਾ ਕਿ ਉਹ ਆਪਣੀ ਅਗਲੀ ਰਣਨੀਤੀ ਘੜ ਸਕਣ।”
“ ਟਰਾਂਸਮੀਟਰ! ਸਰਬਜੀਤ ਨੇ ਇਉਂ ਹੈਰਾਨੀ ਨਾਲ ਕਿਹਾ ਜਿਵੇਂ ਉਹਦੇ ਕਪਾਟ ਖੁੱਲ੍ਹ ਗਏ ਹੋਣ।