ਨੌਜਵਾਨੀ ਵਿੱਚ ਦੀਪ ਸਿੱਧੂ ਦੀ ਵਿਚਾਰਧਾਰਾ ਦਾ ਪ੍ਭਾਵ - ਸ. ਦਲਵਿੰਦਰ ਸਿੰਘ ਘੁੰਮਣ
ਦੁਨਿਆਂ ਵਿੱਚ ਧਰੂ ਤਾਰੇ ਵਾਂਗ ਚਮਕਣ ਦੀ ਗਤੀ ਕਿਸੇ ਵਿਰਲੇ ਵਿਰਲੇ ਬੰਦਿਆਂ ਦੇ ਹਿਸੇ ਆਈ ਹੈ। ਜੇ ਉਸ ਗਤੀ ਨੇ ਆਪਣੀ ਰਫਤਾਰ ਨੂੰ ਢੁੱਕਵੇ ਰੁੱਖ ਵਿੱਚ ਰੱਖ ਕੇ ਬਿਨਾਂ ਨੁੱਕਸਾਨ ਤੇ ਮੰਜ਼ਿਲ ਨੂੰ ਸਪ੍ਸ਼ੀ ਛੋਹਿਆ ਹੋਵੇ ਤਾਂ ਦੁਨਿਆਂ ਚੰਗੇ ਲਈ ਗੱਲਾਂ ਕਰਦੀ ਹੈ। ਜੱਗ ਬਾਤਾਂ ਪਾਉਣ ਦੇ ਕਾਬਲ ਹੋ ਜਾਦਾ ਹੈ। ਪੰਜਾਬ ਅਤੇ ਸਿੱਖ ਸਿਆਸਤ ਵਿੱਚ ਗੁਰੂ ਗੋਬਿੰਦ ਸਿੰਘ ਦੀ ਸਿਧਾਂਤਿਕ ਲੜਾਈ ਦਾ ਪਿਛਾ ਕਰਦਿਆਂ ਪਿਛਲੇ 75 ਸਾਲਾਂ ਦੀ ਭਾਰਤ ਦੀ ਅਜ਼ਾਦੀ ਤੋ ਬਾਆਦ ਦੋ ਅਜਿਹੀਆਂ ਸ਼ਖਸ਼ੀਅਤਾਂ ਆਈਆਂ। ਜਿੰਨਾਂ ਸਮੇ ਦੀ ਐਸੀ ਬਾਂਹ ਮਰੋੜੀ ਕਿ ਸਮੇ ਨੂੰ ਥਾਂ ਸਿਰ ਕਰਦੇ ਹੋਏ ਆਪਣੀ ਆਹੁਤੀ ਦੇ ਗਏ। ਜਿੰਨਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਦੀਪ ਸਿੱਧੂ ਦੀ ਘੱਟ ਸਮੇ ਵਿੱਚ ਦਾਰਸ਼ਨਿੱਕ ਸੋਚ ਨੇ ਸਰਕਾਰਾਂ ਦੀਆਂ ਪੰਜਾਬ ਪ੍ਤੀ ਮਾੜੀਆ ਨੀਤੀਆਂ ਨੂੰ ਵਾਅ ਵਰੋਲੇ ਵਾਂਗ ਉਡਣੇ ਲਾ ਦਿਤਾ। ਸਰਕਾਰਾਂ ਆਪਣੇ ਛੜ-ਯੰਤਰਾ ਨਾਲ ਕਾਮਯਾਬੀ ਵੱਲ ਨਾ ਵਧ ਸਕੀਆਂ ਪਰ ਹੱਲ ਕੱਢਣ ਦੀ ਬਜਾਏ ਉਸ ਸੋਚ ਨੂੰ ਮਾਰਨ ਤੁਰ ਪਈਆਂ। ਪਰ ਸਿਧਾਂਤਿਕ ਲਹਿਰਾਂ ਦੇ ਵਗਦੇ ਦਰਿਆਵਾਂ ਨੂੰ ਠੱਲ ਪਾਉਣਾ ਅਸਾਨ ਨਹੀ ਹੁੰਦਾ। ਇਹ ਸ਼ਖਸ਼ੀਅਤਾਂ ਸਾਡੇ ਵਿੱਚ ਨਹੀ ਹਨ ਪਰ ਸੋਚ ਕਦੇ ਨਹੀ ਮਰੇਗੀ ਸਗੋ ਅਮਰ ਹੋ ਗਈ ਹੈ। ਬੇਵਕਤੀ, ਅਚਾਨਕ ਦੀਪ ਸਿੱਧੂ ਦੀ ਮੌਤ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਮੌਤ ਦੇ ਕੋਈ ਵੀ ਕਾਰਨ ਹੋਣ ਪਰ ਸ਼ੱਕ ਦਾ ਪੈਦਾ ਹੋਣਾ ਸੁਭਾਵਿਕ ਹੈ। ਡੂੰਘੀ ਸਾਜ਼ਿਸ ਦਾ ਸ਼ਿਕਾਰ ਬਣਾਇਆ ਗਿਆ ਹੈ। ਸਮਾਂ ਦੱਸੇਗਾ। ਪਰ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਹਿੱਤ ਚੱਲੀ ਗੱਲ ਦਾ ਵੱਡਾ ਗੱਲਕਾਰ ਦਾ ਚੜ੍ਦੀ ਉਮਰੇ ਇਸ ਤਰਾ ਚਲੇ ਜਾਣਾ ਬਹੁਤ ਦੁੱਖਦਾਈ ਹੈ। ਦੀਪ ਸਿੱਧੂ ਦੇ ਅੰਤਿਮ ਸੰਸਕਾਰ ਤੇ ਉਮੜੀ ਸਿੱਖ ਨੌਜਵਾਨੀ ਨੇ ਇਹ ਆਭਾਸ ਦਿੱਤਾ ਕਿ ਇਹ ਮਹਿਜ ਇਕ ਮਾਮੂਲੀ ਘਟਨਾ ਜਾਂ ਪੀ੍ਵਾਰਕ ਸਮਾਗਮ ਤੱਕ ਸੀਮਤ ਨਾ ਰਹਿ ਜਾਵੇ ਇਸ ਲਈ ਉਸ ਦੀ ਹੋਈ ਕੁਰਬਾਨੀ ਦੇ ਮੁਲਾਂਕਣ ਨੂੰ ਵਿਸ਼ਾਲਤਾ ਦਾ ਘੇਰਾ ਮੱਲਣ ਲਈ ਇਕ ਵੱਡੀ ਲਹਿਰ ਪੈਦਾ ਕਰਨੀ ਜਰੂਰੀ ਹੈ। ਜੋ ਇਸ ਗੱਲ ਦੀ ਵਜਹਾ ਬਣੀ ਕਿ ਉਸ ਦੀ ਅਮਰ ਅਰਦਾਸ ਲਈ ਸ਼ੀ੍ ਫਤਿਹਗ੍ੜ ਸਾਹਿਬ ਦੀ ਪਵਿੱਤਰ ਧਰਤੀ ਤੋ ਲੱਖਾਂ ਦੇ ਇਕੱਠ ਵਿੱਚ ਕੌਮ ਨੇ ਉਸ ਨੂੰ ਕੌਮੀ ਯੋਧੇ ਦੇ ਖਿਤਾਬ ਨਾਲ ਨਿਵਾਜਿਆ। ਇਹ ਅਚੇਤ ਅਵਸਥਾ ਵਿੱਚੋ ਵਾਪਰੀ ਘਟਨਾ ਨੇ ਪੰਜਾਬ ਖਾਸ ਕਰ ਸਿੱਖ ਜ਼ਜਬਾਤਾਂ ਨੂੰ ਧੂਰ ਅੰਦਰ ਤੱਕ ਝਿੰਜੋੜ ਦਿੱਤਾ। ਦੀਪ ਸਿੱਧੂ ਦੀ ਵੱਧਦੀ ਲੋਕ ਲੀਡਰ ਦੀ ਹਰਮਨ ਪਿਆਰਤਾ ਦੇ ਟੁੱਟਣ ਨਾਲ ਪੰਜਾਬ ਜ਼ਾਰ ਜ਼ਾਰ ਰੋਇਆ। " ਮੇਰੇ ਨਾਲ ਸੀ, ਮੇਰੇ ਨਾਲ ਗੱਲ ਕਰਦਾ ਸੀ, ਮੈਨੂੰ ਮਿਲਣਾ ਸੀ, ਮੇਰੀ ਮਿਲਣ ਦੀ ਖਾਹਿਸ਼ ਸੀ, ਇਹ ਸੱਭ ਖਿਆਲ ਰੂਪੀ ਅਕਿਹ ਪੀੜਾ ਦੇ ਰੰਗ ਹਨ। ਉਸ ਨੇ ਜਿਸ ਤਰੀਕੇ ਨਾਲ ਇਕ ਸੂਖਮ ਅਤੇ ਸੱਚੀ ਭਾਵਨਾ ਨਾਲ ਸਿੱਖਾਂ ਨਾਲ ਹੋਈਆਂ ਘੌਰ ਬੇਇਨਸਾਫੀਆਂ ਨੂੰ ਲੋਕਾਂ ਦੇ ਸਮਝ ਆਉਣ ਵਾਲੀ ਸਰਲ ਭਾਸ਼ਾ ਦੀ ਵਿਉਤਬੰਦੀ ਚੁਣੀ। ਉਸ ਦੀ ਗੱਲ ਦੇ ਤਰਕ ਬਹੁਤ ਖਾਸ ਅਵੱਸਥਾ ਨੂੰ ਦਲੀਲ ਨਾਲ ਸਮਝਾਉਣ ਲਈ ਅਹਿਮ ਸਨ। ਉਸ ਦੇ ਸਾਕਾਰਆਤਮਿੱਕ ਜੁਆਬ ਕਿਸੇ ਵੀ ਸਵਾਲ ਨੂੰ ਸਧਾਰਨ ਹੀ ਢਿੱਠ ਕਰ ਦਿੰਦੇ। ਸਵਾਲ ਆਪਣੇ ਆਪ ਵਿੱਚ ਬੋਣੇਪਣ ਦਾ ਸਿਕਾਰ ਲੱਗਦਾ। ਪੜਾਈ ਇਨਸਾਨ ਨੂੰ ਜਿਉਣ ਪੱਧਰ ਦਿੰਦੀ ਹੈ ਉਸ ਵਿੱਚ ਰੰਗ ਕਲਾ, ਵਿਚਾਰ, ਸਿਧਾਂਤ ਸੋਚ ਵਿਆਕਤੀਗਤ ਹੁੰਦੀ ਹੈ। ਜੋ ਰੰਗ ਭਰਦਾ ਹੈ ਉਹ ਉਸ ਦੇ ਵਿਚਾਰਾਂ ਦੀ ਖੁਬਸੂਰਤੀ ਦੀ ਤਸਵੀਰ ਬਣ ਜਾਦੀ ਹੈ। ਦੀਪ ਦੇ ਕਿਸੇ ਆਕਾਸ਼ ਨੂੰ ਛੂਹ ਲੈ ਜਾਣ ਵਾਲੀ ਬਿਰਤੀ ਨੇ ਅਮਰ ਹੋਣ ਦੇ ਰਾਹ ਦੀ ਪੈੜ ਨੱਪਣੀ ਸੁਰੂ ਕਰ ਦਿੱਤੀ ਸੀ। ਗੁਰੂਬਾਣੀ ਦੇ ਨਿੱਤ-ਨੇਮ ਨੇ ਨਿਰਭਉ ਕਰ ਦਿੱਤਾ ਸੀ ਪਰ ਉਹ ਨਿਰਵੈਰ ਨਹੀ ਹੋ ਸਕਿਆਂ ਕਿਉਕਿ ਉਸ ਨੇ ਆਪਣੇ ਵੈਰ ਦੀ ਨਹੀ ਸਗੋ ਕੌਮ ਦੇ ਵੈਰੀਆ ਦੀ ਸ਼ਨਾਖਤ ਕਰਨੀ ਜਰੂਰ ਸ਼ੁਰੂ ਕਰ ਦਿੱਤੀ ਸੀ। ਉਹ ਉਂਗਲ ਲਾ ਲਾ ਕੇ ਪੰਜਾਬ ਵਿਰੋਧੀਆਂ, ਦੋਖੀਆਂ ਨੂੰ ਵੰਗਾਰਨ ਲੱਗ ਪਿਆ ਸੀ। ਜਿਸ ਤਾਰੀਕੇ ਨਾਲ ਫਰਵਰੀ 2022 ਦੀਆਂ ਇਲੈਕਸ਼ਨਾਂ ਵਿੱਚ ਉਹ ਖੁੱਲ ਕੇ ਸ. ਸਿਮਰਨਜੀਤ ਸਿੰਘ ਮਾਨ ਨਾਲ ਪੰਜਾਬ ਅਤੇ ਅਜ਼ਾਦ ਰਾਜ ਦੀ ਗੱਲ ਲਈ ਚਟਾਨ ਵਾਂਗ ਖੜਾ ਹੋ ਗਿਆ। ਸ. ਮਾਨ ਦੇ ਪੰਜਾਬ ਪ੍ਤੀ ਸਟੈਂਡ ਦੀ ਪੋ੍ੜਤਾ ਕਰਦਾ ਨਜ਼ਰ ਆਉਣ ਲੱਗਾ। " ਵਾਰਸ ਪੰਜਾਬ ਦੇ " ਜਥੈਬੰਦੀ ਦੀ ਪਹਿਲੀ ਪਹਿਲ ਕਦਮੀ ਰਾਹੀਂ ਬਾਰ ਬਾਰ ਅਪੀਲਾਂ ਕੀਤੀਆ ਕਿ ਇਹ ਜਿੱਤ ਕਿੰਨੀ ਜਰੂਰੀ ਹੈ ਇਹ ਉਸ ਦੇ ਵਿਕਾਰ ਦਾ ਸਵਾਲ ਬਣ ਗਿਆ। ਅਗਰ ਸ. ਮਾਨ ਜਿੱਤ ਗਿਆ ਤਾਂ ਪੰਜਾਬ ਦੀ ਜਿੱਤ, ਸਿੱਖਾਂ ਦੀ ਜਿੱਤ ਨਾਲ ਜੋੜ ਕੇ ਇਕ ਪੰਜਾਬ ਪੱਖੀ ਵੱਡੀ ਲਹਿਰ ਦਾ ਖੜੇ ਹੋਣਾ ਸੰਭਾਵਨਾਪੂਰਨ ਹੈ। ਇਹੀ ਅੱਜ ਪੰਜਾਬ ਨੂੰ ਆਪਣੇ ਪੈਰੀ ਖੜੇ ਹੋਣ ਲਈ ਇਕ ਸਾਂਝੀ ਤਾਕਤ ਦੀ ਲੋੜ ਹੈ। ਕਿਸਾਨ ਮੋਰਚੇ ਵਿੱਚ ਉਸ ਦੀ ਹਰ ਗੱਲ ਅਤੇ ਦਲੀਲ ਨੂੰ ਪੁਖਤਾਂ ਰਣਨੀਤੀ ਨਾਲ ਮੰਨਿਆ ਜਾਣ ਲੱਗਾ। ਕਿਸਾਨੀ ਮੋਰਚੇ ਦੀ ਫਤਿਹ ਦੀ ਕਲਾ ਸ਼ਾਇਦ ਨਾ ਵਾਪਰਦੀ ਕਿਉ ਕਰਕੇ ਦੀਪ ਸਿੱਧੂ ਦੀ ਦਾਰਸ਼ਨਿਕ ਸੋਚ ਨੇ ਪੰਜਾਬ ਨੂੰ ਵੰਗਾਰਿਆ। ਮੋਰਚਾ ਲਈ ਪੰਜਾਬ ਦੀਆਂ ਸਰਹੱਦਾ ਮੱਲਣ ਨਾਲੋ ਦਿੱਲੀ ਦੇ ਬਰੂਹਾਂ ਤੇ ਜਾ ਕੇ ਕੇਂਦਰ ਦੇ ਨੱਕ ਵਿੱਚ ਦੱਮ ਨਾ ਕੀਤਾ ਤਾਂ ਲੀਡਰਾਂ ਦੇ ਘਸਿਆਰੇ ਹੱਥ ਕੰਢਿਆਂ ਦੇ ਖੇਡ ਬਣ ਕੇ ਫੇਲ ਹੋ ਜਾਵੇਗਾ। ਦਿਮਾਗੋਂ ਖੁੰਡੀ ਹੋ ਚੁੱਕੀ ਪੰਜਾਬ ਦੀ ਰਾਜਨੀਤੀ ਲਈ ਨਵਾਂ ਮੋੜਾ ਦੇਣਾ ਜਰੂਰੀ ਸੀ। ਸੋਧਾਂ ਨਾਲੋ ਕਾਨੂੰਨਾਂ ਦੀ ਮੁਲੋਂ ਰੱਦ ਕਰਨ ਦੀ ਗੱਲ ਪੰਜਾਬ ਦੀ ਹੋਂਦ ਨਾਲ ਜੋੜਿਆ ਤਾਂ ਮੰਗਾਂ ਵਿੱਚ ਨਿਖਾਰਤਾ ਆ ਗਈ। ਹਰ ਨੀਤੀ ਲਈ ਸੁਰੂਆਤ ਅਤੇ ਨਤੀਜੇ ਸਾਹਮਣੇ ਰੱਖਣ ਲੱਗਾ ਤਾਂ ਕਿਸਾਨ ਆਗੂਆਂ ਦੀ ਕਾਰਜ-ਵਿਧੀ ਚਿੱਥੀ ਪੈਣ ਲੱਗੀ। ਆਪਣੀ ਚੌਧਰ ਦੇ ਪਾਵੇ ਹਿਲਦੇ ਮਹਿਸੂਸ ਹੋਏ ਤਾਂ ਰਾਹ ਵਿੱਚੋ ਰੋੜਾ ਬਨਣ ਤੋ ਰੋਕਣ ਲਈ 26 ਜਨਵਰੀ ਦੇ ਲਾਲ ਕਿਲੇ ਤੇ ਝੰਡੇ ਝੁਲਾਉਣ ਦੀ ਸੁਚੱਜੀ ਕਾਰਵਾਈ ਲਈ ਦੀਪ ਸਿੱਧੂ ਬਦਨਾਮ ਕਰਕੇ ਕਿਸਾਨੀ ਮੋਰਚੇ ਤੋ ਬੇਦਖਲੀ ਕਰ ਦਿੱਤੀ ਗਈ ਸਗੋ ਬੀਜੇਪੀ, ਆਰਐਸਐਸ ਦਾ ਘੂਸਪੈਠੀਆ ਕਹਿ ਕੇ ਨਿੱਦਿਆ ਗਿਆ। ਹਾਸ਼ੀਏ ਉਪਰ ਧੱਕਣ ਲਈ ਪੂਰਾ ਜੋਰ ਲਾਇਆ ਗਿਆ। ਸਿੱਧੂ ਖੁਦ ਨਿਰਾਸ਼ਾ ਜਰੂਰ ਹੋਇਆ ਪਰ ਉਸ ਨੇ ਅਸਮਾਨੀ ਉਡਾਰੀ ਦੀ ਕਲਾਬਾਜ਼ੀ ਸਮਝ ਕੇ ਹੋਰ ਉਚਾ ਉੱਡਣ ਲੱਗਾ। ਉਸ ਵੇਲੇ ਜਾਰੀ ਕੀਤੀਆਂ ਵੀਡੀਉ ਤੋ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿ ਉਸ ਨੇ ਪੰਜਾਬੀਆਂ ਨੂੰ ਪੰਜਾਬ ਦੀ ਆਪਣੀ ਹੋਣੀ ਲਈ ਖੜੇ ਹੋਣ ਲਈ ਤਰਲੇ ਕੀਤੇ।
"ਮੇਰੀ ਮੌਤ ਤੇ ਨਾ ਰੋਇਉ,
ਮੇਰੀ ਸੋਚ ਨੂੰ ਬਚਾਇਉ "
ਜਦੋ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਰਿਹਾਇਸ ਤੇ ਦੀਪ ਸਿੱਧੂ ਨੂੰ ਪੱਗ ਬੰਨੀ ਤਾਂ ਉਹ ਬਹੁਤ ਜਲੋਅ ਵਿੱਚ ਆ ਗਿਆ। ਫਿੱਕਾ ਪਿਆ ਚਿਹਰਾ ਗੁੜਾ ਹੁੰਦਾ ਗਿਆ। ਦੁਬਾਰਾ ਅਵਾਜ਼ ਟੱਨਕਣ ਲੱਗੀ। ਗੱਲ ਕਰਨ ਲਈ ਵੱਡਾ ਪਲੇਟਫਾਰਮ ਮਿਲ ਗਿਆ। ਫਿਰ ਦੁਬਾਰਾ ਮੌਤ ਤੀਕਣ ਵਾਪਸ ਉਹ ਨਾ ਬੈਠਾ ਅਤੇ ਨਾ ਹੀ ਸੁੱਤਾ। ਦਿਨ ਰਾਤ ਇਕ ਕਰਕੇ ਪੰਜਾਬ ਦੀ ਮੁਸਕਲਾਂ ਦੀ ਅਸਲੀ ਜੜ੍ ਨੂੰ ਪਹਿਚਾਨਣ ਤੇ ਜੋਰ ਲਾਉਣ ਲੱਗਾ। ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਦੇ ਹੱਕ ਵਿੱਚ ਇਕ ਵੱਡੀ ਲਹਿਰ ਖੜੀ ਕਰਨ ਵਿੱਚ ਕਾਮਯਾਬ ਰਿਹਾ। ਅਮਰਗ੍ੜ ਹਲਕੇ ਵਿੱਚ ਦਿਨ ਰਾਤ ਇੱਕ ਕਰਕੇ ਆਪਣੇ ਘੇਰੇ ਨੂੰ ਵਧਾਉਦੇ ਹੋਏ ਹਰ ਇਕ ਨੂੰ ਸ. ਮਾਨ ਨੂੰ ਜਿਤਾਉਣ ਲਈ ਸੱਦੇ ਦੇਣ ਲੱਗਾ। ਹਨੇਰੀ ਝੁੱਲਣ ਲੱਗੀ। ਕਲਾਕਾਰਾਂ ਦਾ ਵੱਡਾ ਹਿਸਾ ਅਮਰਗ੍ੜ ਹਲਕੇ ਨੂੰ ਹਿਮਾਇਤ ਦੇਣ ਪੁੱਜਿਆ। ਬਰਾਬਰ ਦੀ ਇਲੈਕਸ਼ਨ ਲੜਦੇ ਉਮੀਦਵਾਰ ਸ. ਮਾਨ ਦੇ ਹੱਕ ਵਿੱਚ ਆ ਖੜੇ ਹੋਏ। ਵਿਦੇਸ਼ਾ ਵਿੱਚਲੀਆ ਪੰਜਾਬ ਪ੍ਤੀ ਸੰਭਾਵਨਾਵਾਂ ਵਿੱਚ ਬਦਲ ਵੇਖਣ ਨੂੰ ਮਿਲਿਆ। ਇਲੈਕਸ਼ਨਾ ਵਿੱਚ ਪੰਜ ਦਿਨ ਰਹਿੰਦੇ 15 ਫਰਵਰੀ ਨੂੰ ਦੀਪ ਸਿੱਧੂ ਦੇ ਭੇਦ ਭਰੇ ਢੰਗ ਨਾਲ ਐਕਸੀਡੈਂਟ ਹੋਣ ਮੌਤ ਨਾਲ ਸਾਰਾ ਪੰਜਾਬ, ਵਿਦੇਸੀ ਪੰਜਾਬੀ ਜਾਂ ਜਿਥੇ ਵੀ ਕੋਈ ਸ਼ੁਭਚਿੰਤਕ ਸੀ ਨੂੰ ਬਹੁਤ ਗਹਿਰਾ ਸਦਮਾਂ ਪਹੁੰਚਿਆ। ਪੰਜਾਬੀਆਂ ਦੇ ਸੀਨੇ ਅਸਿਹ ਕੁਰਲਾਹਟੀ ਦਰਦ ਨੇ ਇਕ ਦਮ ਸੁੰਨ ਕਰ ਦਿਤਾ। ਸਾਜ਼ਿਸਾਂ ਦੀ ਮਾਹਿਰ ਸਰਕਾਰ ਨੇ ਸਿੱਖਾਂ ਕੋਲੋ ਇਕ ਹੋਰ ਕੌਹੀਨੂਰ ਹੀਰਾ ਖੋਹ ਲਿਆਂ। ਸਿੱਖ ਸ਼ੰਘਰਸ ਨੂੰ ਮਿਲੀ ਇਕ ਨਵੀ ਸਵੇਰ ਦਾ ਲੋਢੇ ਵੇਲਾ ਹੋ ਗਿਆ। ਇਕ ਵੱਡੇ ਤਰਕੀ, ਦਲੀਲੀ ਆਗੂ ਦਾ ਸਿਖਰ ਦੁਪਿਹਰੇ ਜਾਣਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋ ਬਾਆਦ ਵੱਡੀ ਸੱਟ ਸੀ। ਪੀ੍ਵਾਰ ਲਈ ਪੁੱਤਰ, ਭਰਾ, ਪਿਤਾ, ਪਤੀ ਸਮੇਤ ਅਨੇਕਾਂ ਰਿਸ਼ਤਿਆਂ ਨੂੰ ਰਿਸਦੇ ਜ਼ਖਮ ਦੇ ਗਿਆ।
ਸਿੱਖ ਕੌਮ ਨੇ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਹੈ। ਜੋ ਵੀ ਸਾਜ਼ਿਸ ਰਚੀ ਗਈ ਹੈ ਉਸ ਉਪਰ ਉੱਚ ਪੱਧਰੀ ਪੜਤਾਲ ਹੋਵੇ। ਪੰਜਾਬ ਦੀ ਨੌਜਵਾਨੀ ਦੀ ਪਰਖ ਦੀ ਘੜੀ ਸ਼ੁਰੂ ਹੋ ਚੁੱਕੀ ਹੈ। ਜਾਤ ਪਾਤ, ਨਫਰਤ, ਨਸ਼ੇ ਤਿਆਗ ਕੇ ਆਪਣੀ ਹੋਣੀ ਸਵਾਰਨ ਲਈ ਘਰਾਂ ਵਿੱਚੋ ਬਾਹਰ ਨਿਕਲੇ। ਧਾਰਮਿਕ, ਰਾਜਨੀਤਕ, ਸਮਾਜਿਕ ਬੇਇਨਸਾਫੀ ਲਈ ਗੁਰੂਆਂ ਵੱਲੋ ਦਿਤੇ ਇਤਿਹਾਸ ਦੀ ਗਵਾਹ ਬਣੇ। ਕਿਵੇ ਸਾਡੇ ਪੁਰਖਿਆਂ ਨੇ ਧਰਮ ਹਿੱਤ ਸੀਸ ਦੇ ਕੇ, ਬਰਾਬਰਤਾ ਲਈ ਮੀਰੀ ਪੀਰੀ ਸਿਧਾਂਤ ਤੇ ਤੁਰ ਕੇ, ਸਰਬੰਸ ਵਾਰ ਕੇ ਮਨੁੱਖਤਾ ਦੇ ਹਿੱਤ ਲਈ ਪਹਿਰਾ ਦਿੱਤਾ। ਆਉ ਰਲ ਕੇ ਸ. ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਉਹਨਾਂ ਦੇ ਸੱਚੇ ਸੁੱਚੇ ਅਦਰਸ਼ਾ ਤੇ ਚੱਲਈਏ। ਸਰਬ ਕਲਾ ਸੰਪੂਰਨ ਅਮਰ ਰੂਹ ਕੋਲੋ ਚੰਗੀ ਅਗਵਾਈ ਲਈ ਦਿਤੇ ਸੰਦੇਸ਼ ਨਾਲ ਤੁਰਨ ਦਾ ਅਹਿਦ ਲਈਏ।
ਸ. ਦਲਵਿੰਦਰ ਸਿੰਘ ਘੁੰਮਣ