ਬੁਢਾਪੇ ਦੀ ਲਾਠੀ - ਗੁਰਸ਼ਰਨ ਸਿੰਘ ਕੁਮਾਰ
ਮਾਪਿਆਂ ਦਾ ਪਿਆਰ ਅਲੌਕਿਕ ਹੁੰਦਾ ਏ
ਜਿਸ ਦੀ ਨੀਂਹ ਜਨਮ ਤੋਂ ਰੱਖੀ ਜਾਂਦੀ ਏ।
ਹਰ ਮਨੁੱਖ ਆਪਣੇ ਮਾਤਾ ਪਿਤਾ ਦੇ ਸਹਿਯੋਗ ਨਾਲ ਹੀ ਇਸ ਧਰਤੀ 'ਤੇ ਜਨਮ ਲੈਂਦਾ ਹੈ ਅਤੇ ਕੁਦਰਤ ਦੀ ਗੱਡੀ ਅੱਗੇ ਤੁਰਦੀ ਹੈ। ਸਾਡੇ ਸਾਹਿਤ ਵਿਚ ਮਾਂ ਦੀ ਬੱਚਿਆਂ ਲਈ ਕੁਰਬਾਨੀ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਪਿਓ ਦੇ ਤਿਆਗ ਲਈ ਬਹੁਤ ਘੱਟ ਲਿਖਿਆ ਗਿਆ ਹੈ ਕਿਉਂਕਿ ਪਿਤਾ ਬਾਹਰੋਂ ਬਹੁਤ ਸਖਤ ਹੁੰਦਾ ਹੈ ਪਰ ਅੰਦਰੋਂ ਬਹੁਤ ਨਰਮ ਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਵੱਡੇ ਹੋ ਕੇ ਕਾਮਯਾਬ ਮਨੁੱਖ ਬਣਨ। ਬੱਚਿਆਂ ਦੀ ਸਹੀ ਪਰਵਰਿਸ਼ ਲਈ ਉਨ੍ਹਾਂ ਦੇ ਸਿਰ 'ਤੇ ਮਾਂ ਬਾਪ ਦੋਹਾਂ ਦਾ ਸਾਇਆ ਜ਼ਰੂਰੀ ਹੈ। ਮਾਂ ਚਾਹੁੰਦੀ ਹੈ ਕਿ ਉਸ ਦੇ ਬੱਚਿਆਂ ਤੱਤੀ ਵਾਅ ਨਾ ਲੱਗੇ ਭਾਵ ਇਹ ਕਿ ਉਨ੍ਹਾਂ ਨੂੰ ਕੋਈ ਦੁੱਖ ਨਾ ਦੇਖਣਾ ਪਏ ਜਦ ਕਿ ਪਿਓ ਚਾਹੁੰਦਾ ਹੈ ਕਿ ਉਸ ਦੇ ਬੱਚੇ ਜ਼ਿੰਦਗੀ ਚ ਆਉਣ ਵਾਲੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਨ। ਜੇ ਮਾਂ ਬੱਚੇ ਦੀ ਜ਼ਮੀਨ ਹੈ ਤਾਂ ਪਿਤਾ ਉਸ ਦਾ ਆਸਮਾਨ ਹੈ। ਮਾਂ ਤੋਂ ਬਿਨਾ ਪੂਰਾ ਘਰ ਬਿਖਰ ਜਾਂਦਾ ਹੈ ਪਰ ਪਿਤਾ ਤੋਂ ਬਿਨਾ ਕਿਸੇ ਬੱਚੇ ਦੀ ਪੂਰੀ ਦੁਨੀਆਂ ਹੀ ਬਿਖਰ ਜਾਂਦੀ ਹੈ।
ਇਕ ਮਾਂ ਬਹੁਤ ਕਸ਼ਟ ਸਹਾਰ ਕੇ ਬੱਚੇ ਨੂੰ ਜਨਮ ਦਿੰਦੀ ਹੈ। ਉਸ ਲਈ ਆਪਣਾ ਸੁਹੱਪਣ, ਨਾਜੁਕਤਾ ਅਤੇ ਜੁਆਨੀ ਵਾਰ ਦਿੰਦੀ ਹੈ। ਦੂਜੇ ਪਾਸੇ ਪਿਤਾ ਪਰਿਵਾਰ ਦੀ ਰੋਟੀ ਰੋਜ਼ੀ ਅਤੇ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੀ ਸਾਰੀ ਜੁਆਨੀ ਕੁਰਬਾਨ ਕਰ ਦਿੰਦਾ ਹੈ। ਉਹ ਘਰੋਂ ਬੇਘਰ ਵੀ ਹੋਇਆ ਰਹਿੰਦਾ ਹੈ ਤਾਂ ਕਿ ਉਸ ਦੇ ਬੱਚਿਆਂ ਦਾ ਪਾਲਣ ਪੋਸਣ ਸੋਹਣਾ ਹੋ ਸਕੇ। ਉਨ੍ਹਾਂ ਨੂੰ ਕਿਸੇ ਕਿਸਮ ਦੀ ਕਮੀ ਜਾਂ ਤੰਗੀ ਪੇਸ਼ ਨਾ ਆਏ।
ਆਪਣੀ ਬੇਟੀ ਪ੍ਰਤੀ ਪਿਤਾ ਦਾ ਖਾਸ ਮੋਹ ਹੁੰਦਾ ਹੈ।ਜਿਹੜਾ ਪਿਤਾ ਸਾਰੀ ਉਮਰ ਕਿਸੇ ਅੱਗੇ ਨਹੀਂ ਝੁਕਿਆ ਹੁੰਦਾ ਉਹ ਆਪਣੀ ਬੇਟੀ ਤੋਰਨ ਲੱਗਿਆਂ ਆਪਣੇ ਅੱਥਰੂਆਂ ਨੂੰ ਨਹੀਂ ਰੋਕ ਸਕਦਾ। ਬੇਟੀ ਦੇ ਸੁੱਖ ਲਈ ਉਹ ਉਸ ਦੇ ਸੌਹਰਿਆਂ ਅੱਗੇ ਹੱਥ ਜੋੜਦਾ ਹੈ। ਇਸ ਲਈ ਬੇਟੀਆਂ ਨੂੰ ਵੀ ਘਰ ਦੀ ਮਰਿਆਦਾ ਅਤੇ ਮਾਂ ਪਿਓ ਦੇ ਜਜ਼ਬਾਤ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਬੇਟੀ ਆਪਣੇ ਮਾਂ ਪਿਓ ਤੋਂ ਬਾਹਰੀ ਹੋ ਕੇ ਕਿਸੇ ਗ਼ੈਰ ਲੜਕੇ ਨਾਲ ਰਿਸ਼ਤਾ ਜੋੜਦੀ ਹੈ ਤਾਂ ਉਨ੍ਹਾਂ ਲਈ ਇਹ ਬਹੁਤ ਦੁੱਖ ਦੀ ਗੱਲ ਹੁੰਦੀ ਹੈ।
ਸਾਰੀ ਦੁਨੀਆਂ ਵਿਚ ਇਕ ਪਿਤਾ ਹੀ ਐਸਾ ਬੰਦਾ ਹੁੰਦਾ ਹੈ ਜੋ ਚਾਹੁੰਦਾ ਹੈ ਕਿ ਉਸ ਦਾ ਬੇਟਾ ਉਸ ਤੋਂ ਵੀ ਉੱਚੇ ਅਹੁਦੇ ਤੇ ਪਹੁੰਚੇ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇ ਪਰ ਕਈ ਬੱਚੇ ਅਕਿਰਤਘਨ ਹੁੰਦੇ ਹਨ। ਉਹ ਸੋਚਦੇ ਹਨ ਕਿ ਉਹ ਆਪੇ ਹੀ ਵੱਡੇ ਹੋਏ ਹਨ ਆਪੇ ਹੀ ਕਾਮਯਾਬ ਹੋਏ ਹਨ। ਉਹ ਮਾਂ ਪਿਓ ਨੂੰ ਮੂੰਹ ਪਾੜ ਕੇ ਕਹਿ ਦਿੰਦੇ ਹਨ-"ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ?"
ਮਾਂ ਪਿਓ ਬੱਚੇ ਦੇ ਪਾਲਣ ਪੋਸਣ ਲਈ ਅਨੇਕਾਂ ਘਾਲਨਾ ਘਾਲਦੇ ਹਨ। ਉਹ ਬੱਚੇ ਦੇ ਸੁੱਖ ਲਈ ਆਪਣਾ ਸਾਰਾ ਸੁੱਖ ਵਾਰ ਦਿੰਦੇ ਹਨ। ਬੱਚੇ ਦੀਆਂ ਖ਼ੁਸ਼ੀਆਂ ਲਈ ਆਪਣੀਆਂ ਸਾਰੀਆਂ ਖ਼ੁਸ਼ੀਆਂ ਕੁਰਬਾਨ ਕਰ ਦਿੰਦੇ ਹਨ। ਉਹ ਬੱਚੇ ਨੂੰ ਚੰਗੇ ਸੰਸਕਾਰ ਦੇ ਕੇ ਹੋਨਹਾਰ ਬਣਾਉਂਦੇ ਹਨ। ਉਹ ਸਖਤ ਮਿਹਨਤ ਕਰ ਕੇ ਬੱਚਿਆਂ ਨੂੰ ਜ਼ਿੰਦਗੀ ਵਿਚ ਕਾਮਯਾਬ ਬਣਾਉਂਦੇ ਹਨ। ਮਾਂ ਪਿਓ ਤੋਂ ਬਿਨਾ ਬੱਚੇ ਮੁਰਝਾ ਜਾਂਦੇ ਹਨ। ਇਸ ਲਈ ਮਾਂ ਪਿਓ ਦੇ ਸੇਵਾ ਸਵਰਗਾਂ ਦਾ ਰਾਹ ਹੁੰਦੀ ਹੈ।
ਜਦ ਬੱਚੇ ਜਵਾਨ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਂ ਪਿਓ ਬ੍ਰਿਧ ਹੋ ਜਾਂਦੇ ਹਨ। ਫਿਰ ਕਈ ਬੱਚੇ ਆਪਣੇ ਆਪ ਨੂੰ ਘਰ ਦਾ ਸਰਪਰਸਤ ਸਮਝਦੇ ਹੋਏ ਮਾਂ ਪਿਓ ਦੀ ਅਣਦੇਖੀ ਕਰਨ ਲੱਗ ਪੈਂਦੇ ਹਨ। ਉਹ ਮਾਂ ਪਿਓ ਦੀ ਕੋਈ ਗੱਲ ਨਹੀਂ ਸਹਾਰਦੇ। ਉਹ ਮਾਂ ਪਿਓ ਦੇ ਉੱਠਣ ਬੈਠਣ ਅਤੇ ਰਹਿਣੀ ਬਹਿਣੀ ਦੇ ਨੁਕਸ ਕੱਢਣ ਲੱਗ ਪੈਂਦੇ ਹਨ। ਹਰ ਸਮੇਂ ਉਨ੍ਹਾਂ ਨੂੰ ਨੀਵਾਂ ਦਿਖਾ ਕੇ ਉਨ੍ਹਾਂ ਦਾ ਦਿਲ ਦੁਖਾਉਂਦੇ ਹਨ। ਘਰ ਤਦ ਤੱਕ ਨਹੀਂ ਟੁੱਟਦਾ ਜਦ ਤੱਕ ਫੈਸਲਾ ਬਜ਼ੁਰਗਾਂ ਦੇ ਹੱਥ ਹੁੰਦਾ ਹੈ। ਬੱਚਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿੰਨੀ ਜ਼ਰੂਰਤ ਉਨ੍ਹਾਂ ਨੂੰ ਬਚਪਨ ਵਿਚ ਮਾਂ ਪਿਓ ਦੀ ਹੁੰਦੀ ਹੈ, ਓਨੀ ਜ਼ਰੂਰਤ ਹੀ ਮਾਂ ਪਿਓ ਨੂੰ ਬੁਢਾਪੇ ਵਿਚ ਬੱਚਿਆਂ ਦੀ ਹੁੰਦੀ ਹੈ। ਡਾਲਰਾਂ ਅਤੇ ਪੌਂਡਾਂ ਦੀ ਚਮਕ ਵੀ ਅੱਜ ਕੱਲ ਦੇ ਬੱਚਿਆਂ ਨੂੰ ਆਪਣੇ ਵਲ ਖਿਚਦੀ ਹੈ। ਬੱਚੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਪ੍ਰਦੇਸਾਂ ਵੱਲ ਉਡਾਰੀ ਮਾਰ ਜਾਂਦੇ ਹਨ। ਪਿੱਛੋਂ ਬੁੱਢੇ ਮਾਂ ਪਿਓ ਦਾ ਬੁਢਾਪਾ ਰੁਲ ਜਾਂਦਾ ਹੈ। ਪੈਸੇ ਦੀ ਦੌੜ ਵਿਚ ਜਵਾਨ ਬੱਚੇ ਮਾਂ ਪਿਓ ਨੂੰ ਭੁੱਲ ਜਾਂਦੇ ਹਨ। ਬੁੱਢੇ ਮਾਂ ਪਿਓ ਇਕਲਾਪੇ ਅਤੇ ਬੇਕਦਰੀ ਵਿਚ ਰੁਲ ਜਾਂਦੇ ਹਨ। ਜਦ ਲਾਡਾਂ ਨਾਲ ਪਾਲੇ ਹੋਏ ਬੱਚੇ ਬੇਰੁਖੀ ਨਾਲ ਪੇਸ਼ ਆਉਂਦੇ ਹਨ ਤਾਂ ਮਾਂ ਪਿਓ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਨ੍ਹਾਂ ਦਾ ਮੋਹ ਭੰਗ ਹੋ ਜਾਂਦਾ ਹੈ। ਬੰਦਾ ਸਾਰੀ ਦੁਨੀਆਂ ਜਿੱਤ ਕੇ ਵੀ ਆਪਣੀ ਅੋਲਾਦ ਤੋਂ ਹਾਰ ਜਾਂਦਾ ਹੈ। ਵਧਦੀ ਉਮਰ ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਪਹਿਲਾਂ ਮਾਂ ਪਿਓ ਹੁਕਮ ਕਰਦੇ ਸਨ ਹੁਣ ਸਮਝੋਤੇ ਕਰਦੇ ਹਨ।
ਬੱਚਿਆਂ ਦੁਆਰਾ ਅਣਗੋਲਿਆ ਕਰਨ ਕਾਰਨ ਕਈ ਵਾਰੀ ਮਾਂ ਪਿਓ ਨੂੰ ਬ੍ਰਿਧ ਘਰਾਂ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਉਨ੍ਹਾਂ ਨੂੰ ਉੱਥੇ ਆਪਣੇ ਬੱਚਿਆਂ ਅਤੇ ਪੋਤੇ ਪੋਤੀਆਂ ਦਾ ਮੋਹ ਅਤੇ ਵਿਛੋੜਾ ਸਤਾਉਂਦਾ ਹੈ। ਜੇ ਨੂਹਾਂ ਆਪਣੇ ਸੱਸ ਸੌਹਰੇ ਨੂੰ ਆਪਣੇ ਮਾਂ-ਪਿਓ ਦੀ ਤਰ੍ਹਾਂ ਸਤਿਕਾਰ ਦੇਣ ਅਤੇ ਆਪਣੇ ਪਤੀ ਦੇਵ ਨੂੰ ਮਾਂ-ਪਿਓ ਪ੍ਰਤੀ ਆਪਣੇ ਫ਼ਰਜ਼ ਤੋਂ ਸੁਚੇਤ ਰੱਖਣ ਤਾਂ ਬਜ਼ੁਰਗਾਂ ਦਾ ਬੁਢਾਪਾ ਸੋਹਣਾ ਗੁਜ਼ਰ ਸਕਦਾ ਹੈ।
ਜਿਨ੍ਹਾਂ ਬੱਚਿਆਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਨਹੀਂ ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿ ਯਤੀਮਾਂ ਦੀ ਜ਼ਿੰਦਗੀ ਕਿਵੇਂ ਬੀਤਦੀ ਹੈ। ਉਹ ਪਲ ਪਲ ਤ੍ਰਿਸਕਾਰ ਅਤੇ ਹੀਨ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਵਿਚ ਆਤਮ ਵਿਸ਼ਵਾਸ ਦੀ ਕਮੀ ਰਹਿ ਜਾਂਦੀ ਹੈ ਅਤੇ ਭਵਿੱਖ ਧੁੰਦਲਾ ਹੋ ਜਾਂਦਾ ਹੈ। ਜਿਨ੍ਹਾਂ ਬੱਚਿਆਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਹੈ ਜਾਂ ਕੋਈ ਬਜ਼ੁਰਗ ਉਨ੍ਹਾਂ ਨੂੰ ਰੋਕਣ ਟੋਕਣ ਵਾਲਾ ਹੈ, ਉਨ੍ਹਾਂ ਨੂੰ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿਉਂਕਿ ਜਿਨ੍ਹਾਂ ਬਾਗਾਂ ਦਾ ਕੋਈ ਮਾਲੀ ਨਹੀਂ ਹੁੰਦਾ ਉਹ ਜਲਦੀ ਹੀ ਉਜੱੜ ਜਾਂਦੇ ਹਨ। ਇਸ ਲਈ ਪਿਤਾ ਦੀ ਸਖਤੀ ਬਰਦਾਸ਼ਤ ਕਰੋ ਤਾਂ ਕਿ ਕਿਸੇ ਕਾਬਲ ਬਣ ਸਕੋ। ਜੇ ਅੱਜ ਤੁਸੀਂ ਪਿਤਾ ਦੀਆਂ ਗੱਲਾਂ ਗੌਰ ਨਾਲ ਸੁਣੋਗੇ ਤਾਂ ਕਦੀ ਤੁਹਾਨੂੰ ਦੂਸਰੇ ਦੀਆਂ ਗੱਲਾਂ ਨਹੀਂ ਸੁਣਨੀਆਂ ਪੈਣਗੀਆਂ।
ਕਦੀ ਕੱਪੜਿਆਂ ਦੀ ਚਮਕ ਅਤੇ ਉੱਚੀਆਂ ਇਮਾਰਤਾਂ 'ਤੇ ਨਾ ਜਾਉ। ਜਿਸ ਘਰ ਦੇ ਬਜ਼ੁਰਗ ਹੱਸਦੇ ਨਜ਼ਰ ਆਉਣ ਤਾਂ ਸਮਝ ਲਉ ਕਿ ਆਸ਼ਿਆਨਾ ਦਿਲ ਦੇ ਅਮੀਰਾਂ ਦਾ ਹੈ। ਤੁਹਾਡੇ ਮਾਂ ਪਿਓ ਨੂੰ ਤੁਹਾਡੀ ਦੌਲਤ ਦੀ ਲੋੜ ਨਹੀਂ ਤੁਹਾਡੇ ਵਲੋਂ ਪਿਆਰ ਅਤੇ ਸਤਿਕਾਰ ਦੀ ਲੋੜ ਹੈ। ਜੇ ਤੁਹਾਡੇ ਕਾਰਨ ਤੁਹਾਡੇ ਮਾਂ ਪਿਓ ਦੀਆਂ ਅੱਖਾਂ ਵਿਚ ਅੱਥਰੂ ਹੋਣ ਤਾਂ ਸਮਝ ਲਉ ਕਿ ਤੁਸੀਂ ਉਨ੍ਹਾਂ ਦਾ ਦਿਲ ਦੁਖਾਇਆ ਹੈ। ਯਾਦ ਰੱਖੋ ਜਿਵੇਂ ਮਾਂ ਪਿਓ ਦੀ ਅਸੀਸ ਕਦੀ ਖਾਲੀ ਨਹੀਂ ਜਾਂਦੀ ਉਵੇਂ ਹੀ ਉਨ੍ਹਾਂ ਦੀ ਬਦ-ਦੁਆ ਵੀ ਕਦੀ ਟਾਲੀ ਨਹੀਂ ਜਾਂਦੀ। ਤੁਹਾਡੇ ਬੱਚੇ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਹਨ। ਜੇ ਤੁਸੀਂ ਅੱਜ ਆਪਣੇ ਮਾਂ ਪਿਓ ਦੀ ਇੱਜ਼ਤ ਕਰੋਗੇ ਤਾਂ ਹੀ ਕੱਲ੍ਹ ਨੂੰ ਤੁਹਾਨੂੰ ਆਪਣੇ ਬੱਚਿਆਂ ਤੋਂ ਉਹੋ ਇੱਜ਼ਤ ਵਾਪਸ ਮਿਲੇਗੀ। ਤੁਸੀਂ ਅੱਜ ਜੋ ਵੀ ਹੋ ਉਹ ਆਪਣੇ ਮਾਂ ਪਿਓ ਦੀ ਬਦੋਲਤ ਹੀ ਹੋ। ਜਦ ਵੀ ਸਵੇਰੇ ਕੰਮ ਤੇ ਜਾਵੋ ਤਾਂ ਮਾਂ ਪਿਓ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਜਾਵੋ ਤਾਂ ਕਿ ਤੁਹਾਡੇ ਕਿਸੇ ਕੰਮ ਵਿਚ ਰੁਕਾਵਟ ਨਾ ਆਵੇ ਅਤੇ ਹਰ ਮੈਦਾਨ ਫਤਹਿ ਹੋਵੇ।
ਕਹਿੰਦੇ ਹਨ ਕਿ ਐਸ਼ ਤਾਂ ਪਿਓ ਦੇ ਪੈਸੇ ਨਾਲ ਹੀ ਕੀਤੀ ਜਾਂਦੀ ਹੈ, ਆਪਣੇ ਪੈਸੇ ਨਾਲ ਤਾਂ ਕੇਵਲ ਦਾਲ ਰੋਟੀ ਹੀ ਪੂਰੀ ਹੁੰਦੀ ਹੈ। ਨਾ ਤਾਂ ਬਾਪ ਦੇ ਬਿਨਾ ਕੋਈ ਐਸ਼ ਕਰਾਉਂਦਾ ਹੈ ਅਤੇ ਨਾ ਹੀ ਮਾਂ ਤੋਂ ਬਿਨਾ ਮੂੰਹ ਵਿਚ ਕੋਈ ਬੁਰਕੀਆਂ ਪਾਉਂਦਾ ਹੈ। ਇਸ ਲਈ ਮਾਂ ਪਿਓ ਦਾ ਕਰਜ਼ ਐਸਾ ਹੁੰਦਾ ਹੈ ਜਿਸ ਨੂੰ ਬੱਚਾ ਸਾਰੀ ਉਮਰ ਹੀ ਨਹੀਂ ਉਤਾਰ ਸਕਦਾ। ਬੱਚੇ ਦੀ ਜਿਦ ਵੀ ਮਾਂ ਪਿਓ ਦੇ ਸਿਰ 'ਤੇ ਹੀ ਪੂਰੀ ਹੁੰਦੀ ਹੈ। ਇਸ ਧਰਤੀ 'ਤੇ ਬੱਚਿਆਂ ਦੇ ਮਾਂ ਪਿਓ ਉਨ੍ਹਾਂ ਦੇ ਰੱਬ ਹੀ ਹੁੰਦੇ ਹਨ। ਉਹ ਆਪਣੇ ਬੱਚਿਆਂ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਆਪਣੇ ਸਾਰੇ ਸੁੱਖ ਵਾਰ ਦਿੰਦੇ ਹਨ।
ਵੱਡੇ ਬਣੋ ਪਰ ਉਸ ਅੱਗੇ ਨਹੀਂ ਜਿਸ ਨੇ ਤੁਹਾਨੂੰ ਵੱਡਾ ਕੀਤਾ ਹੈ। ਇਹ ਗੱਲ ਦਾ ਕਦੀ ਹੰਕਾਰ ਨਾ ਕਰੋ ਕਿ ਹੁਣ ਮੈਂ ਜਵਾਨ ਹੋ ਗਿਆ ਹਾਂ, ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਪਵੇਗੀ। ਮਨ ਵਿਚ ਇਹ ਵੀ ਵਹਿਮ ਨਾ ਰੱਖੋ ਕਿ ਸਾਰਿਆਂ ਨੂੰ ਮੇਰੀ ਲੋੜ ਪਵੇਗੀ। ਬੀਤਿਆ ਵਕਤ ਕਦੀ ਵਾਪਸ ਨਹੀਂ ਆਉਂਦਾ। ਕਿਸੇ ਚੀਜ਼ ਦੀ ਕਦਰ ਉਦੋਂ ਪੈਂਦੀ ਹੈ ਜਦੋਂ ਉਹ ਹੱਥੋਂ ਨਿਕਲ ਜਾਂਦੀ ਹੈ। ਮਾਂ ਪਿਓ ਨੇ ਹਮੇਸ਼ਾਂ ਲਈ ਬੱਚਿਆਂ ਦੇ ਸਿਰ ਤੇ ਨਹੀਂ ਬੈਠੇ ਰਹਿਣਾ ਹੁੰਦਾ। ਉਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਦੁਜਿਆਂ ਅੱਗੇ ਉਨ੍ਹਾਂ ਦੀਆਂ ਤਰੀਫ਼ਾਂ ਦੇ ਪੁੱਲ ਬੰਨ੍ਹਣ, ਅਖੰਡ ਪਾਠ ਕਰਾਉਣ ਅਤੇ ਲੰਗਰ ਲਾਣ ਦਾ ਕੋਈ ਲਾਭ ਨਹੀਂ।ਮਾਂ ਪਿਓ ਦੀ ਕਦਰ ਉਨ੍ਹਾਂ ਦੇ ਜਿਉਂਦੇ ਜੀਅ ਕਰੋ। ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖੋ ਅਤੇ ਸਾਊ ਬੱਚੇ ਹੋਣ ਦਾ ਸਬੂਤ ਦਿਓ। ਜਿਸ ਤਰ੍ਹਾਂ ਬੱਚਿਆਂ ਦੀ ਸੋਹਣੀ ਪਰਵਰਿਸ਼ ਕਰਨਾ ਮਾਂ ਪਿਓ ਦਾ ਫ਼ਰਜ਼ ਹੁੰਦਾ ਹੈ ਉਸੇ ਤਰ੍ਹਾਂ ਬੁਢਾਪੇ ਵਿਚ ਆਪਣੇ ਮਾਂ ਪਿਓ ਦੀ ਸੰਭਾਲ ਕਰਨਾ ਵੀ ਲਾਇਕ ਬੱਚਿਆਂ ਦਾ ਫ਼ਰਜ਼ ਹੁੰਦਾ ਹੈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਸੋਚਣ ਦੀ ਲੋੜ ਹੈ ਕਿ ਉਹ ਆਪਣੇ ਮਾਂ ਪਿਓ ਪ੍ਰਤੀ ਆਪਣਾ ਫ਼ਰਜ਼ ਕਿੰਨੀ ਕੁ ਦਿਆਨਤਦਾਰੀ ਨਾਲ ਨਿਭਾ ਰਹੇ ਹਨ।
ਸਾਨੂੰ ਮਾਣ ਹੈ ਕਿ ਅੱਜ ਕੱਲ੍ਹ ਵੀ ਐਸੇ ਸਰਵਨ ਪੁੱਤਰ ਹਨ ਜੋ ਆਪਣੇ ਬੁੱਢੇ ਮਾਤਾ ਪਿਤਾ ਨੂੰ ਪੂਰਾ ਸਤਿਕਾਰ ਦਿੰਦੇ ਹਨ। ਉਨ੍ਹਾਂ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਦੀ ਹਰ ਗੱਲ ਜੀ ਕਰ ਕੇ ਮੰਨਦੇ ਹਨ। ਅਜਿਹੇ ਬੱਚਿਆਂ ਦੇ ਮਾਤਾ ਪਿਤਾ ਆਪਣੇ ਬੁਢਾਪੇ ਦਾ ਪੂਰਾ ਆਨੰਦ ਮਾਣਦੇ ਹਨ ਅਤੇ ਆਪਣੀ ਅੋਲਾਦ 'ਤੇ ਫ਼ਖਰ ਮਹਿਸੂਸ ਕਰਦੇ ਹਨ। ਅਜਿਹੇ ਹੋਨਹਾਰ ਬੱਚਿਆਂ ਨੇ 'ਬੁਢਾਪੇ ਦੀ ਲਾਠੀ' ਅਤੇ 'ਕੁਲ ਦਾ ਦੀਪਕ' ਆਦਿ ਸ਼ਬਦਾਂ ਨੂੰ ਦੁਨੀਆਂ ਤੇ ਜ਼ਿੰਦਾ ਰੱਖਿਆ ਹੈ।