Pl ਇੱਕ ਮਾਈ ਰੱਬ ਰਜਾਈ - ਰਵੇਲ ਸਿੰਘ
ਕੁਝ ਦਿਨ ਹੋਏ ਇਕ ਨੇੜਲੇ ਸੰਬੰਧੀ ਦੇ ਅਕਾਲ ਚਲਾਣੇ ਤੇ ਉਸ ਦੀ ਮਾਤਮ ਪੁਰਸੀ ਤੇ ਸਸਕਾਰ ਲਈ ਜਾਣ ਦਾ ਮੌਕਾ ਮਿਲਿਆ। ਸਸਕਾਰ ਕਰਨ ਤੋਂ ਬਾਅਦ ਹੋਰ ਤਾਂ ਉਸ ਦੀ ਅੰਤਮ ਅਰਦਾਸ ਲਈ ਗੁਰਦੁਆਰੇ ਚਲੇ ਗਏ, ਪਰ ਆਪਣੀ ਉਮਰ ਅਤੇ ਜ਼ਿਆਦਾ ਦੇਰ ਬੈਠਣ ਜਾਂ ਖਲੋਣ ਦੀ ਮਜਬੂਰੀ ਕਾਰਣ ਮਾਰਗ ਵਾਲੇ ਘਰ ਹੀ ਆਉਣਾ ਠੀਕ ਸਮਝਿਆ।ਉੱਥੇ ਘਰ ਵਿੱਚ ਹੋਰ ਵੀ ਕਈ ਲੋਕ ਬੈਠੇ ਕੁਝ ਗੱਲਾਂ ਬਾਤਾਂ ਕਰ ਰਹੇ ਸਨ।ਇਨ੍ਹਾਂ ਵਿੱਚ ਇੱਕ ਬਿਰਧ ਮਾਈ ਜੋ ਬਹੁਤ ਹੀ ਧਾਰਮਕ ਵਿਚਾਰਾਂ ਵਾਲੀ ਵੀ ਕੁਰਸੀ ਤੇ ਬੈਠੀ ਹੋਈ ਗੱਲਾਂ ਬਾਤਾਂ ਕਰ ਰਹੀ ਸੀ, ਜੋ ਮੇਰੀ ਖਿੱਚ ਦਾ ਕਾਰਣ ਬਣੀ ਹੋਈ ਸੀ।
ਪਚਾਸੀ ਕੁ ਸਾਲ ਦੀ ਉਮਰ ਦੀ ਅਮ੍ਰਿਤ ਧਾਰੀ ਇੱਕ ਮਾਈ ਕਨਕ ਵੰਨਾ ਰੰਗ,ਅੱਖਾਂ ਵਿੱਚ ਇਕ ਖਾਸ ਚਮਕ,ਸਿਰ ਦੇ ਕੇਸਰੀ ਦੁਪੱਟਾ,ਗੱਲ ਗੱਲ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ, ਅਤੇ ਇਸ ਮਾਈ ਦਾ ਗੱਲੇ ਗੱਲੇ ਇਹ ਕਹਿਣਾ ਕਿ ਬਾਜਾਂ ਵਾਲੇ ਨੇ ਮੈਨੂੰ ਹੱਥ ਦੇ ਕੇ ਬਚਾ ਲਿਆ ਕਹਿਣ ਦਾ ਉਸ ਦਾ ਮਨ ਮੋਹਣਾ ਅੰਦਾਜ਼ ਵੇਖ ਕੇ ਉੱਸ ਦੇ ਬੋਲ ਜਿਵੇਂ ਮਨ ਨੂੰ ਟੁੰਬ ਗਏ। ਇੱਥੇ ਬੈਠੇ ਮੇਰਾ ਉਸ ਨਾਲ ਕੁਝ ਗੱਲ ਬਾਤ ਕਰਨ ਦਾ ਜੀਅ ਕਰਦਾ ਸੀ।
ਮੈਂ ਉਸ ਨੂੰ ਕਿਹਾ ਕਿ ਮਾਤਾ ਜੀ ਮੇਰੇ ਤੁਹਾਡੀਆਂ ਗੱਲਾਂ ਸੁਣਨ ਲਈ ਮਨ ਕਰਦਾ ਹੈ, ਉਹ ਬੋਲੀ ਜੀਅ ਸਦਕੇ ਵੀਰ ਜੀ, ਤੇ ਮੈਂ ਆਪਣੀ ਕੁਰਸੀ ਉਸ ਦੇ ਕੋਲ ਸਰਕਾ ਕੇ ਉਸ ਦੀਆਂ ਜੀਵਣ ਦੀਆਂ ਕਈ ਆਪ ਬੀਤੀਆਂ ਸੁਣਨ ਲਈ ਬੈਠ ਗਿਆ। ਵਡੇਰੀ ਉਮਰ ਦੇ ਨਾਲ ਉਸ ਨੂੰ ਕੋਈ ਗੱਲ ਕਰਨ ਤੋਂ ਪਹਿਲਾਂ ਕੁੱਝ ਠਹਿਰਾ ਤਾਂ ਆਉਂਦਾ ਸੀ ਪਰ ਫਿਰ ਵੀ ਉਸ ਦੇ ਬੋਲਾਂ ਵਿੱਚ ਮਿੱਠਾਸ ਤੇ ਬੜਾ ਅਨੋਖਾ ਧਰਵਾਸ ਸੀ। ਅਕਾਲ ਪੁਰਖ ਦੇ ਵਿਸ਼ਵਾਸ ਵਿੱਚ, ਅਤੇ ਪੂਰੀ ਤਰ੍ਹਾਂ ਧਾਰਮਕ ਰੰਗ ਵਿੱਚ ਰੰਗਿਆ ਹੋਣਾ ਉਸ ਪਾਸ ਬੈਠਣ ਤੇ ਹੋਰ ਸੁਣਨ ਨੂੰ ਮਨ ਕਰਦਾ ਹੈ।ਉਸ ਦਾ ਗੁਰਬਾਣੀ ਅਤੇ ਦੱਸਾਂ ਗੁਰੂ ਸਾਹਿਬਾਨ ਤੇ ਅਥਾਹ ਵਿਸ਼ਵਾਸ਼ ਹੈ।
ਇਸ ਦਾ ਪਛੋਕੜ ਪਿੰਡ ਜਲਾਲਾ ਬਾਦ ਹੈ।ਹਾਲਾਤ ਨੇ ਉਸ ਨੂੰ 84 ਦੇ ਸਿਖ ਨਸਲ ਕੁਸ਼ੀ ਦੇ ਦੁਖਾਂਤ ਵਿੱਚੋ ਬਚ ਨਿਕਲਣ ਦਾ ਮੌਕਾ ਬਖਸ਼ਿਆ ਉਹ ਇਨ੍ਹਾਂ ਕਾਲੇ ਦਿਨਾਂ ਦੀ ਯਾਦ ਨੂੰ ਗਰੂ ਸਦਕਾ ਬਚ ਨਿਕਲਣ ਲਈ ਕਹਿੰਦੀ ਹੈ ਜ਼ਾਲਮਾਂ ਨੇ ਘੱਟ ਨਹੀਂ ਕੀਤੀ ਪਰ ਦਸਮ ਪਾਤਸ਼ਾਹ ਬਾਜਾਂ ਵਾਲੇ ਨੁੰ ਹਰ ਥਾਂ ਹੱਥ ਦੇ ਕੇ ਬਚਾ ਲਿਆ। ਉਹ ਪੰਝੀ ਸਾਲ ਤੋਂ ਅਡੋਲ ਵਿਧਵਾ ਜੀਵਣ ਬਤੀਤ ਕਰ ਰਹੀ ਹੈ, ਦੋ ਪੁਤਰ ਹਨ, ਇਕ ਕੈਨੇਡਾ ਵਿੱਚ ਹੈ।ਦੂਸਰਾ ਜੋ ਇੰਲੈਂਡ ਚਲਿਆ ਗਿਆ ਸੀ ਜੋ ਹੁਣ ਇਸੇ ਸ਼ਹਿਰ ਆ ਵੱਸਿਆ ਹੈ ਅਤੇ ਹੁਣ ਉਹ ਉਸ ਕੋਲ ਰਹਿ ਰਹੀ ਹੈ।
ਉਸ ਨੇ ਦੱਸਿਆ ਕਿ ਇਕ ਵੇਰਾਂ ਉਸ ਦੀ ਨੂੰਹ ਬੀਮਾਰ ਹੋ ਗਈ। ਬਾਕੀ ਪ੍ਰਿਵਾਰ ਤਾਂ ਉਸ ਦੇ ਦੁਵਾ ਦਾਰੂ ਦੇ ਇਲਾਜ ਲਈ ਜੁੱਟ ਗਿਆ,ਪਰ ਉਹ ਆਪਣੇ ਕਮਰੇ ਵਿੱਚ ਬੈਠ ਕੇ ਉਸ ਦੀ ਸਲਾਮਤੀ ਲਈ ਬਾਣੀ ਦਾ ਪਾਠ ਅਤੇ ਬਾਜਾਂ ਵਾਲੇ ਪਿਤਾ ਪਾਸ ਅਰਦਾਸਾਂ ਕਰਦੀ ਰਹੀ ਉਸ ਨੇ ਮਿਹਰ ਕੀਤੀ ਉਸ ਨੂੰ ਬਚਾ ਲਿਆ।
ਉਹ ਕੁਝ ਸਮਾਂ ਆਪਣੇ ਪੁੱਤਰ ਕੋਲ ਕੈਨੇਡਾ (ਸਰੀ) ਵਿੱਚ ਵੀ ਰਹਿ ਆਈ ਹੈ।ਉਸ ਨੇ ਦੱਸਿਆ ਕਿ ਓਥੇ ਨੇੜਲੇ ਗੁਰਦੁਆਰੇ ਵਿੱਚ ਉਹ ਨੇਮ ਨਾਲ ਚਲੀ ਜਾਂਦੀ ਤੇ ਲਗਾਤਾਰ ਸੱਤ ਸੱਤ ਘੰਟੇ ਲੰਗਰ ਵਿਚ ਸੰਗਤ ਦੇ ਜੂਠੇ ਬਰਤਣ ਮਾਂਜਣ ਦੀ ਸੇਵਾ ਕਰਦੀ।ਇਕ ਦਿਨ ਗੁਰਦੁਆਰੇ ਦੀ ਕਮੇਟੀ ਦੇ ਪ੍ਰਬੰਧਕ ਉਸ ਨੂੰ ਸੇਵਾ ਕਰਦੀ ਨੂੰ ਵੇਖ ਕੇ ਕਹਿਣ ਲੱਗੇ ਮਾਤਾ ਤੂੰ ਸੇਵਾ ਬੜੇ ਪ੍ਰੇਮ ਨਾਲ ਕਰਦੀ ਤੂੰ ਦੱਸ ਤੈਨੂੰ ਕਿੰਨੀ ਤਨ ਖਾਹ,ਦਈਏ ਮੈਂ ਉਨ੍ਹਾਂ ਨੂੰ ਕਿਹਾ ਇਹ ਸੇਵਾ ਮੈਂ ਨਹੀ ਕਰਦੀ ਸਗੋਂ ਮੈਥੋਂ ਬਾਜਾਂ ਵਾਲਾ ਦਸ਼ਮੇਸ਼ ਪਿਤਾ ਮੇਰੇ ਸਿਰ ਤੇ ਆਪਣਾ ਹੱਥ ਆਪ ਧਰ ਕੇ ਲੈ ਰਿਹਾ ਹੈ। ਉਸ ਦੀ ਇਹ ਬਖਸ਼ਸ਼ ਹੀ ਮੇਰੇ ਲਈ ਵੱਡਾ ਸੇਵਾ ਫਲ਼ ਹੈ।ਮੈਨੂੰ ਹੋਰ ਕੀ ਚਾਹੀਦਾ ਹੈ। ਉਹ ਮੇਰੀ ਇਹ ਗੱਲ ਸੁਣ ਕੇ ਨਿਰਉੱਤਰ ਜਿਹੇ ਹੋ ਗਏ।
ਉਹ ਕੋਈ ਧਰਮ ਪ੍ਰਚਾਰਕ ਜਾਂ ਕਿਸੇ ਧਾਰਮਕ ਡੇਰੇ ਨਾਲ ਵੀ ਸੰਬਧਿਤ ਨਹੀਂ ਸੀ। ਉਸ ਨੇ ਮੈਨੂੰ ਇਹ ਦੱਸ ਕੈ ਹੈਰਾਨ ਨਹੀਂ ਸਗੋਂ ਪ੍ਰਭਾਵਤ ਵੀ ਕਰ ਦਿੱਤਾ ਕਿ ਹੁਣ ਤੀਕ ਉਹ ਨੌਂ ਵਾਰ ਅਤੇ ਲਗ ਪਗ ਦੱਸ ਵਾਰ ਹੇਮ ਕੁੰਡ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਦੀ ਪੈਦਲ ਯਾਤ੍ਰਾ ਕਰ ਚੁਕੀ ਹੈ ਅਤੇ ਹਰ ਦੁੱਖ ਸੁੱਖ ਵੇਲੇ ਗੁਰਬਾਣੀ ਤੇ ਵਿਸ਼ਵਾਸ਼ ਕਰਦੀ ਆਪਣੇ ਕੰਮ ਕਾਜ ਵਿੱਚ ਰੁੱਝੀ ਰਹਿੰਦੀ ਹੈ।
ਉਹ ਕਹਿੰਦੀ ਹੈ ਮੈਥੋਂ ਕਿੰਨੀ ਵੱਡੀ ਭੁੱਲ ਹੋਈ ਮੈਂ ਇਨੀਆਂ ਯਾਤ੍ਰਾ ਕੀਤੀਆਂ ਪਰ ਗੁਰੂ ਰਾਮ ਦਾਸ ਦੇ ਸੱਚ ਖੰਡ ਦੇ ਦਰਸ਼ਨ ਕਰਨ ਤੋਂ ਹੁਣ ਤੱਕ ਵਾਂਝੀ ਰਹਿ ਗਈ ਇਸ ਕਾਰਜ ਲਈ ਮੈਂ ਹਰ ਵੇਲੇ ਗੁਰੂ ਰਾਮਦਸ ਦੇ ਚਰਨ ਕਮਲਾਂ ਵਿੱਚ ਜੋਦੜੀ ਕੀਤੀ ਤੇ ਉਨ੍ਹਾਂ ਮੇਰੀ ਸੁਣ ਲਈ,ਅਤੇ ਮੈਂ ਇਹ ਪੈਦਲ ਯਾਤ੍ਰਾ ਵੀ ਕਰ ਲਈ।ਉਹ ਕਹਿਣ ਲੱਗੀ ਕਿ ਅਰਦਾਸ ਜੇ ਤਨੋਂ ਮਨੋਂ ਕੀਤੀ ਜਾਵੇ ਤੇ ਗੁਰੂ ਪਾਤਸ਼ਾਹ ਬਿਰਥੀ ਨਹੀਂ ਜਾਣ ਦਿੰਦੇ,ਉਹ ਜ਼ਰੂਰ ਪੂਰੀ ਹੁੰਦੀ ਹੈ
ਗੱਲਾਂ ਕਰਦਿਆਂ ਕਾਫੀ ਸਮਾ ਹੋ ਚੁਕਿਆ ਸੀ ,ਘਰ ਵਾਪਸ ਆਉਣਾ ਵੀ ਜ਼ਰੂਰੀ ਸੀ। ਉਸ ਮਾਈ ਰੱਬ ਰਜਾਈ ਦਾ ਗੁਰੂ ਸਾਹਿਬਾਂ ਤੇ ਅਥਾਹ ਵਿਸ਼ਵਾਸ਼ ਵੇਖ ਕੇ ਆਦਰ ਤੇ ਸਤਿਕਾਰ ਨਾਲ ਮੇਰਾ ਮਸਤਕ ਆਪ ਮੁਹਾਰਾ ਝੁੱਕ ਗਿਆ ਤੇ ਪਤਾ ਹੀ ਨਾ ਲੱਗਾ ਕਦੋਂ ਮੇਰੇ ਦੋਵੇਂ ਹੱਥ ਜੁੜੇ ਉਸ ਦੇ ਪਵਿਤਰ ਪੈਰਾਂ ਦੀ ਛੋਹ ਪ੍ਰਾਪਤ ਕਰ ਗਏ, ਉਹ ਬੜੇ ਅਦਬ ਸਤਿਕਾਰ ਨਾ ਬੋਲੀ ,ਔਖੀ ਸੌਖੀ ਵੇਲੇ ਉਸ ਅੱਗੇ ਅਰਦਾਸ ਅਤੇ ਉਸਦਾ ਸ਼ੁਕਰਾਨਾ ਕਰਿਆ ਕਰੋ।ਉਸ ਅੱਗੇ ਫੈਲਾਈ ਝੋਲੀ ਉਹ ਕਦੇ ਖਾਲੀ ਨਹੀਂ ਮੋੜਦਾ।
ਸੁਣਦੇ ਸਾਂ ਮਾਈਆਂ ਰੱਬ ਰਜਾਈਆਂ ਹੁੰਦੀਆਂ ਹਨ ਪਰ ਇਸ ਮਾਈ ਰੱਬ ਰਜਾਈ ਨੂੰ ਵੇਖ ਕੇ ਮੇਰਾ ਵਿਸ਼ਵਾਸ ਇਸ ਬਾਰੇ ਹੋਰ ਪੱਕਾ ਹੋ ਗਿਆ।