ਕੇਜਰੀਵਾਲ ਦੀ ਦਾਅਵੇਦਾਰੀ ਅਤੇ ਸਿਆਸਤ - ਰਾਜੇਸ਼ ਰਾਮਚੰਦਰਨ
ਜਦੋਂ ਕਿਤੇ ਉਮੀਦ ਦੀ ਗੱਲ ਛਿੜਦੀ ਹੈ ਤਾਂ ਹਮੇਸ਼ਾ ਧੀਰਜ ਬੰਨ੍ਹਾਉਂਦੀ ਹੈ। ਪੰਜਾਬ ਦੇ ਲੋਕ ਰੋਸ, ਹੌਸਲੇ ਤੇ ਰੌਣਕ ਮੇਲੇ ਦੇ ਧਾਰਨੀ ਹਨ ਤੇ ਉਨ੍ਹਾਂ ਦਾ ਵਿਸ਼ਵਾਸ ਰਿਹਾ ਹੈ ਕਿ ਹਾਲਾਤ ਬਦਲ ਸਕਦੇ ਹਨ ਤੇ ਬਦਲਣਗੇ। ਇਹੀ ਉਹ ਗੱਲ ਹੈ ਜੋ ਉਸ ਸਿਆਸੀ ਹੜ੍ਹ ਦਾ ਖੁਲਾਸਾ ਕਰਦੀ ਹੈ ਜੋ ਮੌਜੂਦਾ ਮੁੱਖ ਮੰਤਰੀ, ਤਿੰਨ ਸਾਬਕਾ ਮੁੱਖ ਮੰਤਰੀਆਂ, ਦੋ ਪਾਰਟੀ ਪ੍ਰਧਾਨਾਂ ਅਤੇ ਸੂਬੇ ਦੇ ਸਭ ਤੋਂ ਵਿਵਾਦਪੂਰਨ ਸਿਆਸਤਦਾਨ ਨੂੰ ਵਹਾ ਕੇ ਲੈ ਗਿਆ। ਇਹ ਸਿਆਸੀ ਸੁਨਾਮੀ ਲੈ ਕੇ ਆਉਣ ਦਾ ਸਿਹਰਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਰ ਬੰਨ੍ਹਿਆ ਜਾਣਾ ਬਣਦਾ ਹੈ ਜਿਸ ਨੇ ਸੁਚੱਜੀ ਯੋਜਨਾਬੰਦੀ, ਠਰੰਮੇ ਅਤੇ ਲੋਕਾਂ ਨਾਲ ਰਾਬਤਾ ਬਣਾ ਕੇ ਇਹ ਕੰਮ ਨੇਪਰੇ ਚਾੜ੍ਹਿਆ ਹੈ। ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਸੀ ਤੇ ਉਦੋਂ ਤੱਕ ਕੇਜਰੀਵਾਲ ਹੀ ਸ਼ਾਸਨ ਦੇ ‘ਦਿੱਲੀ ਮਾਡਲ’ ਦੀ ਨੁਮਾਇੰਦਗੀ ਕਰਦੇ ਹੋਏ ਤਬਦੀਲੀ ਦਾ ਹੋਕਾ ਦੇ ਰਹੇ ਸਨ। ਇਸ ਮੁਹਿੰਮ ਦੀ ਕਾਰਕਰਦਗੀ ਦਾ ਪਹਿਲਾ ਸੰਕੇਤ ਉਦੋਂ ਮਿਲਿਆ ਸੀ ਜਦੋਂ ਦਸੰਬਰ ਮਹੀਨੇ ਕੇਂਦਰ ਸ਼ਾਸਿਤ ਚੰਡੀਗੜ੍ਹ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਪਛਾੜ ਕੇ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ ਸੀ।
ਇਨ੍ਹਾਂ ਚੋਣ ਨਤੀਜਿਆਂ ਦਾ ਸਭ ਤੋਂ ਖੜਕਵਾਂ ਪਹਿਲੂ ਇਹ ਹੈ ਕਿ ਕਿਵੇਂ ਡਾਢਿਆਂ ਨੂੰ ਧੂੜ ਚਟਾਈਦੀ ਹੈ ਤੇ ਇੰਝ ਵੋਟਰਾਂ ਨੇ ਪੰਜਾਬ ਦੀ ਜਗੀਰੂ, ਦਾਗੀ ਅਤੇ ਦਲਾਲੀਖੋਰ ਲੀਡਰਸ਼ਿਪ ਨੂੰ ਸਬਕ ਸਿਖਾਇਆ ਹੈ। ਇਸ ਦੀ ਲਪੇਟ ਵਿਚ ਆਉਣ ਵਾਲੇ ਵੱਡੇ ਸਿਆਸੀ ਮਹੰਤਾਂ ਵਿਚ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕਿਆ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ, ਪਟਿਆਲਵੀ ‘ਮਹਾਰਾਜਾ’ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦਾ ਸੈਲੇਬ੍ਰਿਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਸ ਦਾ ਵਿਵਾਦਗ੍ਰਸਤ ਲਫਟੈਣ ਤੇ ਸਾਲਾ ਬਿਕਰਮ ਸਿੰਘ ਮਜੀਠੀਆ ਅਤੇ ਚਚੇਰਾ ਭਰਾ ਤੇ ਦੋ ਵਾਰ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਹਨ। ਵੱਡੀ ਗੱਲ ਇਹ ਹੈ ਕਿ ਚੁਣਾਵੀ ਪਰ੍ਹੇ ਵਿਚ ਇਨ੍ਹਾਂ ਖੱਬੀਖ਼ਾਨਾਂ ਨੂੰ ਧੋਬੀ ਪਟਕਾ ਮਾਰਨ ਵਾਲਿਆਂ ਵਿਚੋਂ ਕੋਈ ਮੋਬਾਈਲ ਫੋਨ ਦੀ ਰਿਪੇਅਰ ਕਰਨ ਵਾਲਾ ਤੇ ਕੋਈ ਸਾਧਾਰਨ ਵਲੰਟੀਅਰ ਹੈ ਜਿਨ੍ਹਾਂ ਨੂੰ ਬਹੁਤੇ ਲੋਕ ਜਾਣਦੇ ਵੀ ਨਹੀਂ ਸਨ।
ਬਹਰਹਾਲ, ਸਿਰਫ ਲੋਕਾਂ ਦੇ ਮਨਾਂ ਵਿਚ ਭਰਿਆ ਪਿਆ ਗੁੱਸਾ ਹੀ ਕਿਸੇ ਪਾਰਟੀ ਨੂੰ ਇੰਨੀ ਵੱਡੀ ਜਿੱਤ ਦਿਵਾਉਣ ਲਈ ਕਾਫ਼ੀ ਨਹੀਂ ਹੁੰਦਾ, ਤੇ ਇਹ ਗੁੱਸਾ ਮਹਿਜ਼ ਮੌਜੂਦਾ ਸੱਤਾਧਾਰੀ ਧਿਰ ਤੱਕ ਸੀਮਤ ਨਹੀਂ ਸੀ ਸਗੋਂ ਇਹ ਸਮੁੱਚੀ ਵਿਸ਼ੇਸ਼ ਅਧਿਕਾਰ ਪ੍ਰਾਪਤ ਸਿਆਸੀ ਜਮਾਤ ਖਿਲਾਫ਼ ਸੁਲਗਦੀ ਵਿਰੋਧ ਦੀ ਭਾਵਨਾ ਦੀ ਸੁਨਾਮੀ ਸੀ। ਰੋਹ ਦੇ ਜਿਸ ਹੜ੍ਹ ਨੂੰ 2017 ਵਿਚ ਬੰਨ੍ਹ ਮਾਰ ਲਿਆ ਗਿਆ ਸੀ, ਉਹ ਐਤਕੀਂ ਟੁੱਟ ਗਿਆ ਤੇ ਇਹ ਸਿਆਸੀ ਜਮੂਦ ਨੂੰ ਹੂੰਝ ਕੇ ਲੈ ਗਿਆ। ‘ਆਪ’ ਦੇ ਹੱਕ ਵਿਚ ਭੁਗਤਣ ਵਾਲਾ ਇਕ ਹੋਰ ਕਾਰਕ ਇਹ ਸੀ ਕਿ ਇਹ ਪਾਰਟੀ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਉੱਠੇ ਰੋਹ ਦੀ ਇਕਲੌਤੀ ਲਾਭਪਾਤਰ ਸੀ। ਇਸ ਲਈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਨਾ ਕੇਵਲ ਚੁਣਾਵੀ ਹਾਰ ਦਾ ਸਾਹਮਣਾ ਕਰਨਾ ਪਿਆ ਸਗੋਂ ਇਸ ਦੌਰਾਨ ਉਨ੍ਹਾਂ ਆਪਣੀ ਭਰੋਸੇਯੋਗਤਾ ਵੀ ਗੁਆ ਲਈ। ਕਿਸਾਨ ਅੰਦੋਲਨ ਦੇ ਸਿੱਟੇ ਵਜੋਂ ਇਕਜੁੱਟ ਹੋਈ ਨਿਜ਼ਾਮ ਵਿਰੋਧੀ ਵੋਟ ਵੱਡੇ ਪੱਧਰ ਉੱਤੇ ਆਪ ਦੇ ਹੱਕ ਵਿਚ ਭੁਗਤ ਗਈ।
ਨਤੀਜਿਆਂ ਤੋਂ ਸਾਬਿਤ ਹੁੰਦਾ ਹੈ ਕਿ ਜੱਟ ਸਿੱਖ ਕਿਸਾਨੀ ਨੇ ਦਿਲ ਖੋਲ੍ਹ ਕੇ ‘ਆਪ’ ਨੂੰ ਵੋਟਾਂ ਪਾਈਆਂ ਹਨ ਤੇ ਅਕਾਲੀ ਦਲ ਦੀ ਜੋ ਦੁਰਗਤ ਹੋਈ ਹੈ, ਉਸ ਤੋਂ ਵੀ ਇਹ ਤੱਥ ਸਿੱਧ ਹੁੰਦਾ ਹੈ। ਪਾਰਟੀ ਦੀਆਂ ਸੀਟਾਂ ਦੀ ਸੰਖਿਆ 15 ਤੋਂ ਘਟ ਕੇ ਤਿੰਨ ਰਹਿ ਗਈ ਹੈ। ਭਾਜਪਾ ਨਾਲ ਵੀ ਇਹੋ ਜਿਹੀ ਹੀ ਹੋਈ ਹੈ ਜਿਸ ਨੇ ਅਖੀਰਲੇ ਦਿਨੀਂ ਕੁਮਾਰ ਵਿਸ਼ਵਾਸ ਵਾਲੀ ਛੁਰੀ ਸਮੇਤ ਹਰ ਹਰਬਾ ਅਜ਼ਮਾਇਆ ਪਰ ਤਾਂ ਵੀ ਪੰਜਾਬ ਦੇ ਹਿੰਦੂ ਵੀ ਵੱਡੀ ਤਾਦਾਦ ਵਿਚ ‘ਆਪ’ ਦੇ ਹੱਕ ਵਿਚ ਹੀ ਭੁਗਤੇ ਜਿਸ ਸਦਕਾ ਹੀ ਪਾਰਟੀ ਸ਼ਹਿਰੀ ਖੇਤਰਾਂ ਵਿਚ ਵੱਡੀ ਗਿਣਤੀ ਸੀਟਾਂ ਜਿੱਤਣ ਵਿਚ ਕਾਮਯਾਬ ਹੋ ਸਕੀ ਹੈ। ਇਸ ਲਈ ਜੇ 2017 ਵਿਚ ਖ਼ਾਲਿਸਤਾਨੀਆਂ ਨਾਲ ਸੰਬੰਧਾਂ ਦੇ ਡਰ ਕਰ ਕੇ ‘ਆਪ’ ਨੂੰ ਹਰਾਉਣ ਅਤੇ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਨੂੰ 77 ਸੀਟਾਂ ਜਿਤਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ ਤਾਂ ਐਤਕੀਂ ਕੇਜਰੀਵਾਲ ਨੇ ਤਿਰੰਗਾ ਯਾਤਰਾ ਰਾਹੀਂ ਆਪਣੇ ਰਾਸ਼ਟਰਵਾਦੀ ਕਿਰਦਾਰ ਨੂੰ ਚਮਕਾ ਕੇ ਉਨ੍ਹਾਂ ਸਾਰੇ ਪੁਰਾਣੇ ਤੌਖਲੇ ਦੂਰ ਕਰਨ ਲਈ ਸਖ਼ਤ ਮਿਹਨਤ ਕੀਤੀ ਤੇ ਇਸ ਦਾ ਉਨ੍ਹਾਂ ਨੂੰ ਲਾਹਾ ਵੀ ਮਿਲਿਆ। ਕੱਟੜ ਹਿੰਦੂ ਵੋਟ ਨੇ ਕਾਂਗਰਸ ਤੇ ਭਾਜਪਾ ਤੋਂ ਪਿੱਠ ਭੁਆ ਕੇ ਖੁੱਲ੍ਹੇ ਦਿਲ ਨਾਲ ‘ਆਪ’ ਦੀ ਹਮਾਇਤ ਕੀਤੀ, ਜਾਂ ਇਹ ਕਹਿ ਲਓ ਕਿ ਹਿੰਦੂਆਂ ਨੇ ਆਪਣੇ ਸੰਕੀਰਨ ਹਿੱਤਾਂ ਅਤੇ ਘੱਟਗਿਣਤੀ ਅਸੁਰੱਖਿਆ ਦੀ ਭਾਵਨਾ ਨੂੰ ਲਾਂਭੇ ਰੱਖ ਕੇ ਹੋਰਨਾਂ ਭਾਈਚਾਰਿਆਂ ਨਾਲ ਮਿਲ ਕੇ ਉਮੀਦ ਅਤੇ ਤਬਦੀਲੀ ਦਾ ਰਾਹ ਚੁਣਿਆ ਹੈ।
ਹੁਣ ਬਾਕੀ ਰਹਿ ਗਿਆ ਪੰਜਾਬ ਦਾ ਉਹ ਵੋਟਰ ਜਿਸ ਦਾ ਕੌਮੀ ਪੱਧਰ ਉੱਤੇ ਬਾਤਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਸੰਖਿਆ 32 ਫ਼ੀਸਦ ਬਣਦੀ ਹੈ। ਆਰਾਮਪ੍ਰਸਤ ‘ਮਹਾਰਾਜੇ’ ਦੀ ਥਾਂ ਉਤਸ਼ਾਹੀ ਦਲਿਤ ਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਠਾ ਕੇ ਕਾਂਗਰਸ ਲੀਡਰਸ਼ਿਪ ਨੇ ਮਾਸਟਰ ਸਟਰੋਕ ਵਰਤਣ ਦੀ ਸੋਚੀ ਸੀ ਪਰ ਪੰਜਾਬ ਦੇ ਦਲਿਤ ਵੋਟਰਾਂ ਨੇ ਹਾਈ ਕਮਾਂਡ ਦੇ ਇਸ ਹੁਕਮ ਦੇ ਯੱਕੇ ਨੂੰ ਜੋਕਰ ਬਣਾ ਕੇ ਧਰ ਦਿੱਤਾ। ਸਿੱਖਾਂ, ਹਿੰਦੂਆ ਦੀ ਤਰ੍ਹਾਂ ਦਲਿਤਾਂ ਨੇ ਵੀ ਸਿਆਸੀ ਨਿਜ਼ਾਮ ਨੂੰ ਰਗੜ ਸੁੱਟਿਆ ਤੇ ਇੰਝ ਇਕ ਵਾਰ ਫਿਰ ਸਾਬਿਤ ਕੀਤਾ ਕਿ ਅਖੌਤੀ ਨੀਵੀਆਂ ਜਾਤੀਆਂ ਦੀਆਂ ਵੋਟਾਂ ਭਾਜਪਾ ਅਤੇ ਅਕਾਲੀ ਦਲ ਦੇ ਹੱਕ ਵਿਚ ਭੁਗਤਾਉਣ ਦੀ ਸਾਰੀ ਚਾਰਾਜੋਈ ਦੇ ਬਾਵਜੂਦ ਭਾਰਤੀ ਸਿਆਸਤ ਵਿਚ ਰੋਹ ਦਾ ਪੁੰਜ ਸਾਰੀਆਂ ਪਛਾਣਾਂ ਉੱਤੇ ਭਾਰੂ ਪੈ ਜਾਂਦਾ ਹੈ। ਨਾ ਚੰਨੀ ਦੀ ਪਛਾਣ ਤੇ ਨਾ ਹੀ ਰਾਮ ਰਹੀਮ ਦੀ ਫਰਲੋ ਦਲਿਤਾਂ ਨੂੰ ਭ੍ਰਿਸ਼ਟ ਨਿਜ਼ਾਮ ਖਿਲਾਫ਼ ਆਪਣਾ ਗੁੱਸਾ ਕੱਢਣ ਤੋਂ ਰੋਕ ਸਕੀ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ ਦੌਰਾਨ ਚੰਨੀ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਮਿਲਣ ਨਾਲ ਚੰਨੀ ਦੀ ਗ਼ਰੀਬ ਦਲਿਤ ਵਜੋਂ ਬਣਾਈ ਗਈ ਪਛਾਣ ਦੀ ਸਾਰੀ ਚਮਕ ਲੱਥ ਗਈ ਅਤੇ ਨਾਲ ਹੀ ਉਸ ਦੀ ਸਰਕਾਰ ਖਿਲਾਫ਼ ਨਿੱਤ ਦਿਨ ਚਲਾਏ ਜਾਂਦੇ ਸਿੱਧੂ ਦੇ ਤੀਰਾਂ ਕਰ ਕੇ ਕਾਂਗਰਸ ਦੀ ਹਾਲਤ ਹੋਰ ਵੀ ਪਤਲੀ ਹੋ ਗਈ।
ਜੇ ਇਨ੍ਹਾਂ ਚੋਣਾਂ ਨੇ ਕੇਜਰੀਵਾਲ ਨੂੰ ਸਿਖਰਲੇ ਅਹੁਦੇ ਲਈ ਕੌਮੀ ਦਾਅਵੇਦਾਰ ਵਜੋਂ ਦਿੱਲੀ ਤੋਂ ਬਾਹਰ ਭਰੋਸੇਮੰਦ ਬਦਲ ਦੇ ਰੂਪ ਵਿਚ ਉਭਾਰਿਆ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਵੋਟਰ ਆਪਣੀਆਂ ਸੀਮਤ ਪਛਾਣਾਂ ਤੋਂ ਪਰ੍ਹੇ ਜਾ ਕੇ ਆਪਣੀ ਜ਼ਿੰਦਗੀ ਸੁਧਾਰਨ ਲਈ ਇਕਜੁੱਟ ਹੋ ਰਹੇ ਹਨ। ਹਾਲਾਂਕਿ ਭਗਵੇਂਧਾਰੀ ਯੋਗੀ ਆਦਿੱਤਿਆਨਾਥ ਉਦਾਰਵਾਦੀਆਂ ਦੀ ਕਦੇ ਵੀ ਪਹਿਲੀ ਪਸੰਦ ਨਹੀਂ ਬਣਦੇ ਪਰ ਉਸ ਦੀ ਜਿੱਤ ਲਈ ਵੀ ਇਹ ਤਰਕ ਲਾਗੂ ਹੁੰਦਾ ਹੈ। ਕੁਝ ਕੁ ਹੋਰਨਾਂ ਪੱਛੜੀਆਂ ਜਾਤੀਆਂ ਦੇ ਨਾਲ ਮਿਲ ਕੇ ਮੁਸਲਿਮ-ਯਾਦਵ ਫਾਰਮੂਲਾ ਭਾਵੇਂ ਕਿੰਨਾ ਵੀ ਜੇਤੂ ਮੁਹਾਜ਼ ਨਜ਼ਰ ਆਉਂਦਾ ਸੀ ਪਰ ਆਮ ਲੋਕਾਂ ਨੇ ਡੈਲਟਾ ਦੀ ਲਹਿਰ ਵੇਲੇ ਹੋਈਆਂ ਮੌਤਾਂ, ਗੰਗਾ ਵਿਚ ਤੈਰਦੀਆਂ ਲਾਸ਼ਾਂ, ਖੇਤੀ ਕਾਨੂੰਨਾਂ ਤੇ ਇੱਥੋਂ ਤੱਕ ਕਿ ਲਖੀਮਪੁਰ ਖੀਰੀ ਕਤਲ ਕਾਂਡ ਲਈ ਯੋਗੀ ਤੇ ਭਾਜਪਾ ਨੂੰ ਮੁਆਫ਼ ਕਰ ਦਿੱਤਾ। ਅਮਨ ਕਾਨੂੰਨ ਦੀ ਸਥਿਤੀ, ਮੁਫ਼ਤ ਰਾਸ਼ਨ, ਲਾਭਪਾਤਰੀਆਂ ਨੂੰ ਸਿੱਧੀ ਨਕਦ ਅਦਾਇਗੀ ਅਤੇ ਲੋਕਾਂ ਦੀ ਦਸ਼ਾ ਸੁਧਾਰਨ ਲਈ ਕਈ ਟੀਚਾਬੱਧ ਯੋਜਨਾਵਾਂ ਵੋਟਰਾਂ ਦੇ ਮਨਮਸਤਕ ਉੱਤੇ ਹਾਵੀ ਹੋ ਗਈਆਂ। ਤਾਂ ਵੀ ਸਮਾਜਵਾਦੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਸਾਫ਼ ਜ਼ਾਹਰ ਹੈ ਕਿ ਵਰਤਮਾਨ ਸਰਕਾਰ ਖਿਲਾਫ਼ ਗੁੱਸਾ ਤਾਂ ਸੀ ਪਰ ਇਹ ਅਜੇ ਉਬਾਲੇ ਦੇ ਮੁਕਾਮ ਉੱਤੇ ਨਹੀਂ ਅੱਪੜ ਸਕਿਆ। ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੂੰ ਵੀ ਆਪਣੀ ਜਾਤੀ ਪਹਿਰਾਵੇ ਤੋਂ ਬਾਹਰ ਆ ਕੇ ਬਦਲ ਰਹੇ ਭਾਰਤ ਦੀਆਂ ਨਵੀਆਂ ਹਕੀਕਤਾਂ ਨਾਲ ਅੱਖਾਂ ਮਿਲਾਉਣੀਆਂ ਪੈਣਗੀਆਂ ਜਿਸ ਵਿਚ ਪਛਾਣ ਦੀ ਸਿਆਸਤ ਦੇ ਧਨ ਆਸਰੇ ਚੋਣਾਂ ਜਿੱਤਣੀਆਂ ਹੁਣ ਸ਼ਾਇਦ ਸੰਭਵ ਨਹੀਂ ਰਹਿ ਗਈਆਂ।
ਉਤਰਾਖੰਡ, ਗੋਆ ਤੇ ਮਨੀਪੁਰ ਦੇ ਚੋਣ ਨਤੀਜੇ ਭਾਜਪਾ ਦੇ ਬਦਲ ਦੇ ਰੂਪ ਵਿਚ ਕਾਂਗਰਸ ਦੀ ਨਾਕਾਮੀ ਦੀ ਕਹਾਣੀ ਭਲੀਭਾਂਤ ਬਿਆਨ ਕਰਦੇ ਹਨ। ਇਹ ਪਾਰਟੀ ਲਗਾਤਾਰ ਹਾਸ਼ੀਏ ਵੱਲ ਵਧ ਰਹੀ ਹੈ ਅਤੇ ਇਸ ਦੀ ਲੀਡਰਸ਼ਿਪ ਆਪਣੀ ਭੂਮਿਕਾ ਮੁੜ ਤਲਾਸ਼ਣ ਤੋਂ ਇਨਕਾਰੀ ਜਾਪਦੀ ਹੈ। ਵਿਰੋਧੀ ਧਿਰ ਦੀ ਅਗਵਾਈ ਦੇ ਸੰਕਟ ਦੇ ਇਸ ਪ੍ਰਸੰਗ ਵਿਚ ਕੇਜਰੀਵਾਲ ਇਕ ਸਾਥ ‘ਭਾਰਤ ਮਾਤਾ ਕੀ ਜੈ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਦੋ ਵੱਖੋ-ਵੱਖਰੇ ਮਿਜ਼ਾਜ ਦੇ ਨਾਅਰੇ ਲਾ ਕੇ ਉਭਰ ਰਹੇ ਹਨ। ਇੰਝ ਜਾਪਦਾ ਹੈ ਕਿ ਕੇਜਰੀਵਾਲ ਦੇ ‘ਇਨਕਲਾਬ’ ਦੇ ਵਾਅਦੇ ਨਾਲ 2024 ਦਾ ਮਹਾ ਮੁਕਾਬਲਾ ਹੋਰ ਭਖ਼ ਗਿਆ ਹੈ।
* ਲੇਖਕ ‘ਦਿ ਟ੍ਰਿਬਿਊਨ’ ਦਾ ਐਡੀਟਰ-ਇਨ-ਚੀਫ ਹੈ।