ਪਰਿਵਾਰਵਾਦ - ਸਵਰਾਜਬੀਰ
ਭਾਰਤ ਦੇ ਸਿਆਸੀ ਦ੍ਰਿਸ਼ ਵਿਚ ਪਰਿਵਾਰਵਾਦ ਵਿਵਾਦਗ੍ਰਸਤ ਵਰਤਾਰੇ ਵਜੋਂ ਉੱਭਰ ਰਿਹਾ ਹੈ। ਬਹੁਤ ਸਾਰੇ ਲੋਕ ਅਤੇ ਸਿਆਸੀ ਮਾਹਿਰ ਇਸ ਨੂੰ ਜਮਹੂਰੀਅਤ, ਨਿੱਜੀ ਆਜ਼ਾਦੀ, ਜ਼ਿੰਮੇਵਾਰੀ, ਕਾਬਲੀਅਤ ਆਦਿ ਗੁਣਾਂ ਦਾ ਵਿਰੋਧੀ-ਵਰਤਾਰਾ ਅਤੇ ਨਿਖੇਧ ਮੰਨਦੇ ਹਨ ਜਦੋਂਕਿ ਕੁਝ ਸਿਆਸਤਦਾਨ ਇਸ ਨੂੰ ਸੱਤਾ ਅਤੇ ਤਾਕਤ ਉੱਤੇ ਕਬਜ਼ਾ ਜਮਾਈ ਰੱਖਣ ਲਈ ਵਰਤਦੇ ਹਨ। ਆਧੁਨਿਕ ਸਮਿਆਂ ਦੀਆਂ ਪ੍ਰਚਲਿਤ ਕਦਰਾਂ-ਕੀਮਤਾਂ ਅਨੁਸਾਰ ਬੰਦੇ ਦੀ ਕਾਬਲੀਅਤ, ਵਿੱਦਿਅਕ ਯੋਗਤਾ, ਸਿਆਣਪ, ਨਿਮਰਤਾ, ਅਸੂਲਾਂ ਪ੍ਰਤੀ ਅਕੀਦਤ ਤੇ ਉਨ੍ਹਾਂ ਲਈ ਕੰਮ ਕਰਨ ਦੀ ਸਮਰੱਥਾ, ਜ਼ਿੰਮੇਵਾਰੀ ਨਿਭਾਉਣ ਦੀ ਭਾਵਨਾ ਆਦਿ ਨੂੰ ਉਹ ਨਿੱਜੀ ਗੁਣ ਮੰਨਿਆ ਜਾਂਦਾ ਹੈ ਜਿਨ੍ਹਾਂ ਕਾਰਨ ਉਸ ਦੀ ਸਮਾਜਿਕ ਅਤੇ ਸਿਆਸੀ ਪਛਾਣ ਬਣਨੀ ਚਾਹੀਦੀ ਹੈ।
ਉਪਰੋਕਤ ਸੋਚ-ਸਮਝ ਦੇ ਬਾਵਜੂਦ ਪਰਿਵਾਰਵਾਦ/ਵੰਸ਼ਵਾਦ ਦੇਸ਼ ਦੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਕਾਂਗਰਸ ਦੀ ਸਿਆਸਤ ਨਹਿਰੂ-ਗਾਂਧੀ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਸਮਾਜਵਾਦੀ ਪਾਰਟੀ ਦੀ ਮੁਲਾਇਮ ਸਿੰਘ ਪਰਿਵਾਰ, ਡੀਐੱਮਕੇ ਦੀ ਕਰੁਣਾਨਿਧੀ ਪਰਿਵਾਰ, ਨੈਸ਼ਨਲ ਕਾਨਫਰੰਸ ਦੀ ਅਬਦੁੱਲਾ ਪਰਿਵਾਰ, ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੀ ਸ਼ਰਦ ਪਵਾਰ ਪਰਿਵਾਰ, ਰਾਸ਼ਟਰੀ ਜਨਤਾ ਦਲ ਦੀ ਲਾਲੂ ਪ੍ਰਸਾਦ ਯਾਦਵ ਪਰਿਵਾਰ, ਨੈਸ਼ਨਲ ਪੀਪਲਜ਼ ਪਾਰਟੀ ਦੀ ਪੂਰਨੋ ਸੰਗਮਾ ਪਰਿਵਾਰ ਅਤੇ ਝਾਰਖੰਡ ਮੁਕਤੀ ਮੋਰਚਾ ਦੀ ਸ਼ਿਬੂ ਸੋਰੇਨ ਪਰਿਵਾਰ ਦੇ ਆਲੇ-ਦੁਆਲੇ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਕਈ ਦਹਾਕਿਆਂ ਤੋਂ ਬਾਦਲ ਪਰਿਵਾਰ ’ਤੇ ਕੇਂਦਰਿਤ ਹੈ। ਹੋਰ ਪਾਰਟੀਆਂ ਵੀ ਇਸ ਫ਼ਹਿਰਿਸਤ ਵਿਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਸਿਰਫ਼ ਭਾਰਤੀ ਜਨਤਾ ਪਾਰਟੀ ਅਤੇ ਕਮਿਊਨਿਸਟ ਪਾਰਟੀਆਂ ਹੀ ਇਸ ਵਰਤਾਰੇ ਤੋਂ ਮੁਕਤ ਹਨ। 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਅਤੇ ਹੋਰ ਪਾਰਟੀਆਂ ਦੀ ਹਾਰ ਇਹ ਸੰਕੇਤ ਤਾਂ ਦਿੰਦੀ ਹੈ ਕਿ ਇਹ ਵਰਤਾਰਾ ਕਮਜ਼ੋਰ ਹੋ ਰਿਹਾ ਹੈ ਪਰ ਹੁਣੇ ਹੁਣੇ ਹੋਈਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਇਹ ਸੰਕੇਤ ਵੀ ਮਿਲਦੇ ਹਨ ਕਿ ਇਹ ਰੁਝਾਨ ਏਨੀ ਜਲਦੀ ਖ਼ਤਮ ਹੋਣ ਵਾਲਾ ਨਹੀਂ।
ਪੁਰਾਣੇ ਸਮਿਆਂ ਵਿਚ ਬਾਦਸ਼ਾਹਤਾਂ, ਸਾਮਰਾਜ ਅਤੇ ਰਾਜਾ-ਰਜਵਾੜਾਸ਼ਾਹੀਆਂ ਪਰਿਵਾਰਾਂ ਦੇ ਆਲੇ-ਦੁਆਰੇ ਉੱਸਰੀਆਂ। ਉਦਾਹਰਨ ਦੇ ਤੌਰ ’ਤੇ ਪੰਜਾਬ ਵਿਚ ਸਰਦਾਰ ਚੜ੍ਹਤ ਸਿੰਘ ਨੇ ਸ਼ੁੱਕਰਚੱਕੀਆ ਮਿਸਲ ਉਸਾਰੀ। ਉਨ੍ਹਾਂ ਦੇ ਵਡੇਰੇ ਬੁੱਧ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਅਤੇ ਉਸ ਦੇ ਪੁੱਤਰ ਨੌਧ ਸਿੰਘ ਨੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਪਿੰਡ ਸ਼ੁੱਕਰਚੱਕ ਵਿਚ ਕਿਲ੍ਹੇਬੰਦੀ ਕਰ ਕੇ ਆਪਣੇ ਪਰਿਵਾਰ ਨੂੰ ਮਜ਼ਬੂਤ ਕੀਤਾ। ਚੜ੍ਹਤ ਸਿੰਘ ਦੇ ਪੁੱਤਰ ਮਹਾਂ ਸਿੰਘ ਨੇ ਮਿਸਲ ਦਾ ਵਿਸਥਾਰ ਕੀਤਾ ਅਤੇ ਉਸ ਦਾ ਪੋਤਰਾ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ। ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਉਸ ਦੇ ਰਾਜ ਨੂੰ ਸੁਰੱਖਿਅਤ ਨਾ ਰੱਖ ਸਕੇ ਅਤੇ 1849 ਵਿਚ ਪੰਜਾਬ ’ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ।
ਪੁਰਾਤਨ ਅਤੇ ਜਾਗੀਰਦਾਰੀ ਸਮਾਜਾਂ ਵਿਚ ਰਾਜਿਆਂ ਦੇ ਧੀਆਂ-ਪੁੱਤਰਾਂ ਦੇ ਵਿਆਹ ਦੂਸਰੇ ਰਾਜਿਆਂ ਦੇ ਧੀਆਂ-ਪੁੱਤਰਾਂ ਨਾਲ ਹੁੰਦੇ ਅਤੇ ਇਸ ਤਰ੍ਹਾਂ ਸੱਤਾ ਦੇ ਨਵੇਂ ਸਮੀਕਰਨ ਬਣਦੇ ਅਤੇ ਪਰਿਵਾਰਾਂ ਦੀ ਜਕੜ ਮਜ਼ਬੂਤ ਹੁੰਦੀ, ਉਤਰਾਧਿਕਾਰੀਆਂ ਦੇ ਚਰਿੱਤਰ ਵਿਚ ਵਿਲਾਸਤਾ ਅਤੇ ਹੋਰ ਕਮਜ਼ੋਰੀਆਂ ਕਾਰਨ ਪਰਿਵਾਰ/ਖ਼ਾਨਦਾਨ ਖ਼ਤਮ ਹੋ ਜਾਂਦੇ ਅਤੇ ਸੱਤਾ ਨਵੇਂ ਪਰਿਵਾਰਾਂ/ਖ਼ਾਨਦਾਨਾਂ ਵਿਚ ਚਲੀ ਜਾਂਦੀ। ਇਸ ਤਰ੍ਹਾਂ ਹਰ ਸੱਤਾਮਈ ਖ਼ਾਨਦਾਨ ਵਿਚ ਇਕ ਦੌਰ ਚੜ੍ਹਤ ਤੇ ਤਰੱਕੀ ਦਾ ਹੁੰਦਾ ਅਤੇ ਇਕ ਦੌਰ ਪਤਨ ਤੇ ਅਧੋਗਤੀ ਦਾ। ਭਾਰਤ ਵਿਚ ਅਨੇਕ ਸਾਮਰਾਜ ਜਿਵੇਂ ਮੌਰੀਆ, ਗੁਪਤਾ, ਚੇਰਾ, ਚੋਲਾ, ਪੱਲਵਾ, ਪਾਂਡਿਆ (Pandyas), ਮਮਲੂਕ, ਖਿਲਜੀ, ਤੁਗਲਕ, ਲੋਧੀ, ਮੁਗ਼ਲ ਆਦਿ ਪਣਪੇ। ਸਥਾਨਕ ਪੱਧਰ ’ਤੇ ਜਾਗੀਰਦਾਰ ਘਰਾਣਿਆਂ ਦਾ ਬੋਲਬਾਲਾ ਰਿਹਾ। ਯੂਰੋਪ, ਅਫ਼ਰੀਕਾ ਅਤੇ ਏਸ਼ੀਆ ਦੇ ਹੋਰ ਦੇਸ਼ਾਂ ਵਿਚ ਸ਼ਕਤੀਸ਼ਾਲੀ ਪਰਿਵਾਰਾਂ ਨੇ ਅਨੇਕ ਸਾਮਰਾਜ ਉਸਾਰੇ।
ਯੂਰੋਪ ਵਿਚ ਪੁਨਰ-ਜਾਗ੍ਰਿਤੀ (Renaissance) ਅਤੇ ਚਰਚ-ਸੁਧਾਰ ਅੰਦੋਲਨ (Reformation) ਦੇ ਸਮਿਆਂ ਵਿਚ ਇਹ ਵਿਸ਼ਵਾਸ ਮਜ਼ਬੂਤ ਹੋਏ ਕਿ ਮਨੁੱਖ ਦੇ ਸੰਸਾਰ ਵਿਚ ਹੋਣ ਤੇ ਜਿਊਣ ਦੇ ਅਰਥ ਉਸ ਦੀ ਮਨੁੱਖਤਾ ’ਚੋਂ ਉਪਜਦੇ ਹਨ, ਖ਼ਾਨਦਾਨਾਂ ਦੇ ਆਪਣੇ ਆਲੇ-ਦੁਆਲੇ ਬਣਾਏ ਸੱਤਾ ਦੇ ਜਾਲ ਵਿਚੋਂ ਨਹੀਂ। ਅਧਿਆਤਮਕ ਬਹਿਸਾਂ ਵਿਚ ਵੀ ਈਸ਼ਵਰ-ਪੂਜਾ ਦਾ ਸਰੂਪ ਬਦਲਿਆ ਅਤੇ ਇਹ ਵਿਸ਼ਵਾਸ ਬਣਨ ਲੱਗੇ ਕਿ ਜੇ ਮਨੁੱਖ ਨੇ ਇਸ ਭਵਸਾਗਰ ’ਚੋਂ ਪਾਰ ਉੱਤਰਨਾ ਹੈ ਤਾਂ ਇਹ ਜ਼ਿੰਮੇਵਾਰੀ ਉਸ ਦੀ ਖ਼ੁਦ ਦੀ ਹੈ, ਇਹ ਉਸ ਦੇ ਕਮਾਏ ਕਰਮਾਂ ’ਤੇ ਨਿਰਭਰ ਕਰਦਾ ਹੈ, ਪਾਰ-ਉਤਾਰਾ ਜਨਮ, ਜਾਤ ਜਾਂ ਪਰਿਵਾਰ ਕਾਰਨ ਨਹੀਂ ਹੋ ਸਕਦਾ। ਪ੍ਰਤੀਕਾਤਮਕ ਰੂਪ ਵਿਚ ਫਰਾਂਸੀਸੀ ਇਨਕਲਾਬ ਨੇ ਬਾਦਸ਼ਾਹੀ-ਜਾਗੀਰਦਾਰੀ ਜਕੜ ਨੂੰ ਤੋੜਿਆ ਅਤੇ ਇਹ ਸਥਾਪਿਤ ਕੀਤਾ ਕਿ ਬਾਦਸ਼ਾਹ ਜਾਂ ਰਾਜੇ ਨਹੀਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਰਾਜ ਕਰਨਗੇ। ਰੂਸੀ ਤੇ ਚੀਨੀ ਇਨਕਲਾਬਾਂ ਨੇ ਲੋਕ-ਸਮੂਹਾਂ (ਜਿਨ੍ਹਾਂ ਵਿਚ ਬਹੁਗਿਣਤੀ ਕਿਸਾਨਾਂ ਅਤੇ ਸਨਅਤੀ ਮਜ਼ਦੂਰਾਂ ਦੀ ਸੀ) ਦੀ ਤਾਕਤ ਦੇ ਸਿਧਾਂਤ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ।
ਭਾਰਤ ਵਿਚ ਜਾਗੀਰਦਾਰੀ ਪਰੰਪਰਾ ਨੂੰ ਢਾਹ ਬਹੁਤ ਬਾਅਦ ਵਿਚ ਲੱਗਣੀ ਸ਼ੁਰੂ ਹੋਈ। ਪੰਜਾਬ ਵਿਚ ਬੰਦਾ ਬਹਾਦਰ ਦੇ ਸਮੇਂ ਵਿਚ ਸੀਮਤ ਇਲਾਕੇ ਵਿਚ ਜਾਗੀਰਦਾਰੀ ਦਾ ਖ਼ਾਤਮਾ ਹੋਇਆ ਅਤੇ ਸਿੱਖ ਮਿਸਲਾਂ ਦੇ ਸਮੇਂ ਵਿਚ ਜੱਟ, ਕਾਰੀਗਰ ਅਤੇ ਤਥਾਕਥਿਤ ਪੱਛੜੀਆਂ ਜਾਤਾਂ ਸੱਤਾ-ਪ੍ਰਾਪਤੀ ਵੱਲ ਵਧੀਆਂ ਪਰ ਬਾਅਦ ਵਿਚ ਜਾਗੀਰਦਾਰੀ ਬਣਤਰ ਫਿਰ ਭਾਰੂ ਹੋ ਗਈ। ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਵੀ ਰਜਵਾੜਾਸ਼ਾਹੀ ਤੇ ਜਾਗੀਰਦਾਰੀ ਦਾ ਬੋਲਬਾਲਾ ਰਿਹਾ। 19ਵੀਂ ਸਦੀ ਦੇ ਦੂਸਰੇ ਅੱਧ ਵਿਚ ਮਹਾਰਾਜਾ ਦਲੀਪ ਸਿੰਘ ਦਾ ਸਿੱਖ ਭਾਈਚਾਰੇ ਦੀ ਰਾਜ-ਪ੍ਰਾਪਤੀ ਦੀ ਚਾਹਤ ਦਾ ਚਿੰਨ੍ਹ ਬਣ ਕੇ ਉੱਭਰਨਾ ਇਹ ਦਰਸਾਉਂਦਾ ਹੈ ਕਿ ਪਰਿਵਾਰਾਂ/ਖ਼ਾਨਦਾਨਾਂ ਵਿਚ ਕਿੰਨੀ ਪ੍ਰਤੀਕਾਤਮਕ ਊਰਜਾ ਜਮ੍ਹਾਂ ਹੋ ਸਕਦੀ ਹੈ ਅਤੇ ਉਹ ਭਾਈਚਾਰਿਆਂ ਦੇ ਸਮੂਹਿਕ ਮਾਣ-ਸਨਮਾਨ ਤੇ ਪਛਾਣ ਦੇ ਚਿੰਨ੍ਹ ਬਣ ਜਾਂਦੇ ਹਨ। ਪੰਜਾਬ ਵਿਚ ਰਜਵਾੜਾਸ਼ਾਹੀ-ਜਾਗੀਰਦਾਰੀ ਵਿਰੁੱਧ ਸਭ ਤੋਂ ਮਹੱਤਵਪੂਰਨ ਸੰਘਰਸ਼ ਪੈਪਸੂ ਦੀ ਮੁਜ਼ਾਰਾ ਲਹਿਰ ਸੀ ਜੋ ਜਾਗੀਰਦਾਰੀ ਦੇ ਖ਼ਾਤਮੇ ਅਤੇ ਆਧੁਨਿਕ ਪੰਜਾਬ ਵਿਚ ਲੋਕ-ਸ਼ਕਤੀ ਦੇ ਯੁੱਗ ਦੇ ਆਰੰਭ ਦੀ ਪ੍ਰਤੀਕ ਸੀ।
ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਰਾਜਿਆਂ-ਰਜਵਾੜਿਆਂ ਦੇ ਖ਼ਿਤਾਬ ਬਣੇ ਰਹੇ ਜਿਹੜੇ ਇੰਦਰਾ ਗਾਂਧੀ ਦੀ ਸਰਕਾਰ ਨੇ ਖ਼ਤਮ ਕੀਤੇ ਪਰ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਸ ਤੋਂ ਬਾਅਦ ਸਮਾਜ ਵਿਚ ਉਨ੍ਹਾਂ ਦੀ ਸਰਦਾਰੀ ਅਤੇ ਜਾਗੀਰਦਾਰੀ ਵਿਚਾਰਾਂ ਦਾ ਪ੍ਰਭੂਤਵ ਖ਼ਤਮ ਹੋ ਗਿਆ। ਸਮਾਜ ਵਿਚ ਅਜਿਹੇ ਵਿਚਾਰਾਂ ਦੇ ਪ੍ਰਭਾਵ ਕਾਰਨ ਹੀ ਤਾਕਤਵਰ ਸਿਆਸਤਦਾਨਾਂ ਦੀ ਸ਼ਖ਼ਸੀ ਪੂਜਾ ਦੇ ਰੁਝਾਨ ਉੱਭਰੇ ਅਤੇ ਉਨ੍ਹਾਂ ਦੇ ਪਰਿਵਾਰ ਸ਼ਕਤੀਸ਼ਾਲੀ ਬਣੇ। ਸਨਅਤੀ ਅਤੇ ਵਪਾਰਕ ਖੇਤਰਾਂ ਵਿਚ ਵੀ ਅਜਿਹੇ ਘਰਾਣੇ ਹੋਂਦ ਵਿਚ ਆਏ ਜਿਨ੍ਹਾਂ ਦੀ ਅੰਦਰੂਨੀ ਬਣਤਰ ਜਾਗੀਰਦਾਰੀ ਘਰਾਣਿਆਂ ਵਰਗੀ ਸੀ। ਸਿਆਸੀ ਘਰਾਣਿਆਂ ਵਿਚ ਜਾਗੀਰਦਾਰੂ ਫ਼ਿਤਰਤ ਦਾ ਵਰਤਾਰਾ ਜ਼ਿਆਦਾ ਭਾਰੂ ਰਿਹਾ ਕਿਉਂਕਿ ਸਾਡੇ ਮਨਾਂ ਵਿਚ ਆਤਮਸਾਤ ਹੋਈ ਜਾਗੀਰਦਾਰੀ ਵਿਚਾਰਧਾਰਾ ਸਾਨੂੰ ਸਿਆਸੀ ਪਰਿਵਾਰਾਂ ਦੀ ਪ੍ਰਤੀਕਾਤਮਕ ਤਾਕਤ ਨੂੰ ਸਵੀਕਾਰ ਕਰਨ ਲਈ ਮਜਬੂਰ ਕਰਦੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਨਹੀਂ ਜਾਣਦੀ ਕਿ ਨਹਿਰੂ-ਗਾਂਧੀ ਪਰਿਵਾਰ ਦੀ ਗ਼ੈਰਹਾਜ਼ਰੀ ਵਿਚ ਉਹਦਾ ਸਿਆਸੀ ਭਵਿੱਖ ਕਿਹੋ ਜਿਹਾ ਹੋਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਹ ਲੱਭਣ ਲਈ ਭਟਕ ਰਹੇ ਹਨ ਕਿ ਉਹ ਬਾਦਲ ਪਰਿਵਾਰ ਦੀ ਥਾਂ ਕਿਹੜੇ ਆਗੂਆਂ ਨੂੰ ਪਾਰਟੀ ਦਾ ਧੁਰਾ ਬਣਾਉਣ।
ਇਹ ਕਹਿਣਾ ਗ਼ਲਤ ਹੋਵੇਗਾ ਕਿ ਸਿਰਫ਼ ਇਕ ਪਰਿਵਾਰ ਹੀ ਕਿਸੇ ਪਾਰਟੀ ਜਾਂ ਸੰਸਥਾ ਦੇ ਪਤਨ ਲਈ ਜ਼ਿੰਮੇਵਾਰ ਹੁੰਦਾ ਹੈ। ਜਮਹੂਰੀਅਤ ਦੇ ਸਮਿਆਂ ਵਿਚ ਪਾਰਟੀ ਦੇ ਮੈਂਬਰ ਤੇ ਕਾਰਕੁਨ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਉਹ (ਪਾਰਟੀ ਦੇ ਮੈਂਬਰ ਤੇ ਕਾਰਕੁਨ) ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਵਕਤੀ ਤੇ ਨਿੱਜੀ ਫ਼ਾਇਦੇ ਲੈਣ ਲਈ ਆਪਣੀ ਜ਼ਿੰਮੇਵਾਰੀ ਤਿਆਗਦੇ ਅਤੇ ਪਰਿਵਾਰਾਂ ਦੇ ਵਫ਼ਾਦਾਰ ਬਣ ਜਾਂਦੇ ਹਨ। ਸਿਆਸੀ, ਵਪਾਰਕ, ਸਨਅਤ, ਕਲਾ ਤੇ ਗਿਆਨ ਦੇ ਖੇਤਰਾਂ ਵਿਚ ਪਰਿਵਾਰਾਂ ਨੇ ਸਾਕਾਰਾਤਮਕ ਭੂਮਿਕਾ ਵੀ ਨਿਭਾਈ ਹੈ ਪਰ ਪਰਿਵਾਰਾਂ ਤੇ ਸੱਤਾ ਦੇ ਜੋੜ ਦੇ ਵਰਤਾਰੇ ਵਿਚ ਪਰਿਵਾਰਾਂ ਦੀ ਭੂਮਿਕਾ ਇਕ ਖ਼ਾਸ ਸਮੇਂ ਤੋਂ ਬਾਅਦ ਸੀਮਤ ਅਤੇ ਬਾਅਦ ਵਿਚ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਸਮਿਆਂ ਵਿਚ ਸਿਆਸੀ ਪਾਰਟੀਆਂ ਅਤੇ ਸੰਸਥਾਵਾਂ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ ਅਜਿਹੇ ਪਰਿਵਾਰਾਂ ਤੋਂ ਮੁਕਤੀ ਦੀ ਜ਼ਰੂਰਤ ਹੁੰਦੀ ਹੈ।
ਉੱਘੇ ਚਿੰਤਕ ਐਰਿਕ ਫਰੋਮ ਅਨੁਸਾਰ ਜਦ ਸਮਾਜ ਰਜਵਾੜਾਸ਼ਾਹੀ-ਜਾਗੀਰਦਾਰੀ ਦੌਰ ਤੋਂ ਮੁਕਤ ਹੁੰਦੇ ਹਨ ਤਾਂ ਜਾਗੀਰਦਾਰੀ ਬੰਧਨਾਂ ਤੋਂ ਮੁਕਤ ਹੋਣ ਕਾਰਨ ਲੋਕਾਂ ਨੂੰ ਨਵੀਂ ਤਰ੍ਹਾਂ ਦੀ ਆਜ਼ਾਦੀ ਮਿਲਦੀ ਹੈ, ਇਸ ਆਜ਼ਾਦੀ ਨੂੰ ਵਰਤਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਅਜਿਹੀ ਜ਼ਿੰਮੇਵਾਰੀ ਦਾ ਬੋਝ ਉਠਾਉਣਾ ਕਈ ਵਾਰ ਮੁਸ਼ਕਲ ਹੁੰਦਾ ਹੈ, ਸਦੀਆਂ ਤੋਂ ਲੋਕਾਂ ਨੂੰ ਆਦਤ ਪਈ ਹੁੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਫ਼ੈਸਲੇ ਕੋਈ ਹੋਰ (ਰਾਜਾ, ਸਾਮੰਤ, ਜਾਗੀਰਦਾਰ, ਜ਼ਿਮੀਂਦਾਰ, ਮਾਲਕ ਆਦਿ) ਲਵੇ, ਜਾਗੀਰਦਾਰੀ ਬੰਧਨਾਂ ਤੋਂ ਮੁਕਤੀ ਦੇ ਬਾਅਦ ਆਪਣੇ ਫ਼ੈਸਲੇ ਖ਼ੁਦ ਕਰਨੇ ਪੈਂਦੇ ਹਨ। ਕਈ ਵਾਰ ਲੋਕ ਅਜਿਹੀ ਜ਼ਿੰਮੇਵਾਰੀ ਨਿਭਾਉਣਾ ਨਹੀਂ ਚਾਹੁੰਦੇ ਤੇ ਉਹ ਇਹ ਆਜ਼ਾਦੀ ਤਾਨਾਸ਼ਾਹਾਂ, ਸ਼ਕਤੀਸ਼ਾਲੀ ਸ਼ਾਸਕਾਂ ਤੇ ਘਰਾਣਿਆਂ ਦੇ ਹੱਥਾਂ ਵਿਚ ਦੇ ਦਿੰਦੇ ਹਨ। ਆਧੁਨਿਕ ਸਮਿਆਂ ਵਿਚ ਅਜਿਹੇ ਤਾਨਾਸ਼ਾਹਾਂ ਅਤੇ ਸਿਆਸੀ ਘਰਾਣਿਆਂ ਨੇ ਲੰਮੇ ਸਮੇਂ ਤਕ ਰਾਜ ਕੀਤਾ ਹੈ। ਜਮਹੂਰੀਅਤ ਅਤੇ ਪਰਿਵਾਰਵਾਦ ਵਿਚ ਬੁਨਿਆਦੀ ਵਿਰੋਧ ਹੈ, ਜਮਹੂਰੀਅਤ ਤਾਂ ਇਹ ਮੰਗ ਕਰਦੀ ਹੈ ਕਿ ਪਰਿਵਾਰ ਦੇ ਮੈਂਬਰਾਂ ਵਿਚ ਵੀ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਹਨ ਅਤੇ ਕਿਸੇ ਵਿਚਾਰ ਜਾਂ ਵਰਤਾਰੇ ਨੂੰ ਖ਼ਾਨਦਾਨੀ ਇੱਜ਼ਤ ਦੇ ਨਾਂ ’ਤੇ ਠੋਸਣ ਦੀ ਬਜਾਏ ਨਿੱਜੀ ਰਾਇ ਨੂੰ ਪਹਿਲ ਦਿੱਤੀ
ਜਾਣੀ ਚਾਹੀਦੀ ਹੈ।
ਜੇ ਸਿਆਸੀ ਪਾਰਟੀਆਂ ਨੇ ਉਸਾਰੂ ਤੇ ਭਵਿੱਖਮੁਖੀ ਸਿਆਸਤ ਦੀ ਉਸਾਰੀ ਕਰਨੀ ਹੈ ਤਾਂ ਉਨ੍ਹਾਂ ਨੂੰ ਜਮਹੂਰੀਅਤ ਦੇ ਸਿਧਾਂਤ ਨੂੰ ਪਹਿਲ ਦਿੰਦਿਆਂ ਪਰਿਵਾਰਵਾਦ ਦੇ ਵਰਤਾਰੇ ਤੋਂ ਮੁਕਤੀ ਪ੍ਰਾਪਤ ਕਰਨੀ ਪੈਣੀ ਹੈ, ਸਿਆਸੀ ਕਾਰਕੁਨਾਂ ਨੂੰ ਪਾਰਟੀ ਵਿਚਲੀ ਅੰਦਰੂਨੀ ਜਮਹੂਰੀਅਤ ਨੂੰ ਬਹਾਲ ਕਰਨ ਲਈ ਸੰਘਰਸ਼ ਕਰਨਾ ਪੈਣਾ ਹੈ। ਅਜਿਹਾ ਸੰਘਰਸ਼ ਹੀ ਜਮਹੂਰੀਅਤ ਦਾ ਜ਼ਾਮਨ ਬਣ ਸਕਦਾ ਹੈ। ਸਿਆਸੀ ਹਕੀਕਤਾਂ ਏਨੀਆਂ ਜਟਿਲ ਹਨ ਕਿ ਭਵਿੱਖ ਵਿਚ ਸਿਆਸੀ ਪਰਿਵਾਰਾਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪਰਿਵਾਰਾਂ ਦੀ ਭੂਮਿਕਾ ਪ੍ਰਾਥਮਿਕ ਤੇ ਬੁਨਿਆਦੀ ਨਹੀਂ ਹੋ ਸਕਦੀ, ਉਨ੍ਹਾਂ ਨੂੰ ਆਪਣੇ ਆਪ ਨੂੰ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਅਨੁਸਾਰ ਢਾਲਣਾ ਪਵੇਗਾ। ਇਹ ਸਮੇਂ ਇਹੋ-ਜਿਹੇ ਫ਼ੈਸਲੇ ਕਰਨ ਦੇ ਸਮੇਂ ਹਨ ਅਤੇ ਜਿਹੜੀਆਂ ਪਾਰਟੀਆਂ ਅਜਿਹਾ ਕਰਨ ਵਿਚ ਅਸਫ਼ਲ ਹੋਣਗੀਆਂ, ਉਨ੍ਹਾਂ ਦੀ ਹੋਂਦ ਨੂੰ ਖ਼ਤਰਾ ਹੋਣਾ ਸੁਭਾਵਿਕ ਹੈ।