ਡਾਇਰੀ - ਬਾਤਾਂ ਭਗਵੰਤ ਮਾਨ ਦੀਆਂ-(1) - ਨਿੰਦਰ ਘੁਗਿਆਣਵੀ
ਭਗਵੰਤ ਮਾਨ ਨਾਲ ਮੇਰੀ ਕੀ ਸਾਂਝ ਹੈ? ਕਦੋਂ ਕੁ ਦੀ ਹੈ? ਕਿੰਨੀ ਕੁ ਹੈ? ਇਹ ਸਵਾਲ ਮੇਰੇ ਸਾਹਮਣੇ ਹਨ।
1997 ਦਾ ਵਰਾ ਸੀ। ਇਕ ਦਿਨ, ਮੈਂ ਜਲੰਧਰ ਰੇਡੀਓ ਉਤੇ ਗਾਉਣ ਗਿਆ ਹੋਇਆ ਸਾਂ। ਸਾਡੇ ਘਰ ਲੈਂਡ ਲਾਈਨ ਫੋਨ ਵੀ ਨਹੀਂ ਸੀ ਲੱਗਿਆ ਉਦੋਂ। ਬਸ, ਚਿੱਠੀ ਪੱਤਰ ਰਾਹੀਂ ਹੀ ਸਭ ਪਾਸੇ ਰਾਬਤੇ ਹੁੰਦੇ ਸਨ। ਮੈਂ ਦੇਰ ਰਾਤੀਂ ਘਰੇ ਆਇਆ ਤਾਂ ਮੇਰਾ ਤਾਇਆ ਰਾਮ ਦੱਸਣ ਲੱਗਿਆ, " ਅੱਜ ਦੁਪਹਿਰ ਵੇਲੇ ਜੱਸੋਵਾਲੀਆ ਜੀ ਆਇਆ ਸੀ, ਨਾਲ ਜੀਤ ਗੋਲੇਵਾਲੀਆ ਤੇ ਭਗਵੰਤ ਮਾਨ ਵੀ ਸੀ ਜੇਹੜਾ ਟੀਵੀ ਉਤੋਂ ਸਕਿੱਟਾਂ ਵਿਚ ਆਉਂਦਾ ਹੁੰਦਾ ਐ, ਗੋਲੇਵਾਲੀਆ ਕਾਰ 'ਚੋਂ ਉਤਰਿਆ ਤੇ ਤੇਰਾ ਉਹਨੇ ਪੁੱਛਿਆ ਤੇ ਮੈਂ ਕਿਹਾ ਕਿ ਨਿੰਦਰ ਤਾਂ ਅੱਜ ਰੇਡੀਓ ਉਤੇ ਗਾਉਣ ਗਿਆ ਵੈ ਜਲੰਧਰ ਨੂੰ ਤੇ ਗੋਲੇਵਾਲੀਆ ਕਹਿੰਦਾ ਕਿ ਜਦ ਉਹ ਆਊਗਾ, ਤਾਂ ਦੱਸ ਦਿਓ ਕਿ ਭਗਵੰਤ ਮਾਨ ਤੇ ਜੱਸੋਵਾਲ ਸਾਹਬ ਉਹਨੂੰ ਲੈਣ ਆਏ ਸੀ।"
ਤਾਏ ਰਾਮ ਨੇ ਕਾਰ ਵਿਚ ਬੈਠੇ ਜੱਸੋਵਾਲ ਤੇ ਭਗਵੰਤ ਮਾਨ ਪਛਾਣ ਲਏ ਸਨ। ਤਾਇਆ ਜਲੰਧਰ ਟੀਵੀ ਦਾ ਕੋਈ ਪ੍ਰੋਗਰਾਮ ਵੇਖਣੋਂ ਨਹੀਂ ਸੀ ਛਡਦਾ, ਸਾਰੇ ਪ੍ਰੋਗਰਾਮ ਵੇਂਹਦਾ ਸੀ ਖਾਸ ਕਰਕੇ 'ਮੇਰਾ ਪਿੰਡ ਮੇਰੇ ਖੇਤ'। ਮੇਰੇ ਘਰ ਨਾ ਮਿਲਣ ਕਰਕੇ, ਮੈਂ ਜੱਸੋਵਾਲ ਜੀ ਨੂੰ ਪੀਲੇ ਰੰਗਾ ਪੋਸਟ ਕਾਰਡ ਲਿਖਕੇ ਮਾਫੀ ਮੰਗੀ। ਭਗਵੰਤ ਮਾਨ ਦਾ ਮੇਰੇ ਕੋਲ ਸਿਰਨਾਵਾਂ ਹੀ ਨਹੀਂ ਸੀ। ਪਰ ਮੈਨੂੰ ਖੁਸ਼ੀ ਸੀ ਕਿ ਜੱਸੋਵਾਲ ਮੈਨੂੰ ਲੱਭਣ ਆਇਆ ਤੇ ਨਾਲ ਉਹਦੇ ਭਗਵੰਤ ਮਾਨ ਵੀ ਸੀ।
****
ਸੰਨ 1999 ਆ ਗਿਆ। ਮੈਂ ਇਕ ਪੁਸਤਕ ਲਿਖ ਰਿਹਾ ਸਾਂ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਮਸ਼ਹੂਰ ਹੋਏ ਮਾਨਾਂ ਬਾਰੇ। ਬਾਬੂ ਸਿੰਘ ਮਾਨ ਮਰਾੜਾਂ ਵਾਲੇ ਆਖਣ ਲੱਗੇ ਕਿ ਭਗਵੰਤ ਨੂੰ ਵੀ ਮਿਲ ਆ, ਮੈਂ ਫੋਨ ਕਰਦਾਂ ਉਹਨੂੰ ਤੇਰੇ ਬਾਰੇ। ਮਾਨ ਸਾਹਿਬ ਨੇ ਘਰ ਵਾਲੇ ਫੋਨ ਉਤੋਂ ਫੋਨ ਮਿਲਾਇਆ, ਨਹੀਂ ਮਿਲਿਆ। ਮੈਂ ਆਥਣੇ ਮਰਾੜਾਂ ਤੋਂ ਘੁਗਿਆਣੇ ਮੁੜ ਆਇਆ। ਕਿਤਾਬ ਵਿਚ ਭਗਵੰਤ ਮਾਨ ਬਾਰੇ ਲਿਖਣਾ ਤਾਂ ਬਣਦਾ ਹੀ ਸੀ।ਉਹਦਾ ਪਟਿਆਲੇ ਵਾਲਾ ਐਡਰੈਸ ਲੱਭਿਆ। ਸ਼ਾਇਦ ਅਫਸਰ ਕਲੋਨੀ ਸੀ, ਤੇ ਇਹ ਉਦੋਂ ਹਾਲੇ ਨਵੀਂ ਨਵੀਂ ਹੀ ਵੱਸੀ ਸੀ। ਮੈਂ ਚਿੱਠੀ ਲਿਖੀ ਕਿ ਭਗਵੰਤ ਬਾਈ ਜੀ, ਮੈਂ ਆਪ ਦੀ ਇੰਟਰਵਿਊ ਕਰਨੀ ਆਂ ਕਿਤਾਬ ਵਾਸਤੇ। ਮੈਨੂੰ ਕੋਈ ਜੁਆਬ ਨਾ ਆਇਆ। ਲੈਂਡ ਲਾਈਨ, ਫੋਨ ਜੋ ਬਾਬੂ ਸਿੰਘ ਮਾਨ ਨੇ ਲਿਖਵਾਇਆ ਸੀ,ਉਹ ਮਿਲਾਇਆ, ਤਾਂ ਭਗਵੰਤ ਦੇ ਪਿਤਾ ਜੀ ਨੇ ਉਠਾਇਆ। ਉਹ ਪੁੱਛਦੇ ਹਨ, ਕੌਣ ਬੋਲਦਾ ਐ? ਮੈਂ ਆਪਣਾ ਨਾਂ ਦੱਸਿਆ,ਤਾਂ ਉਹ ਬੋਲੇ, "ਹੱਛਾ ਹੱਛਾ, ਨਿੰਦਰ ਸਿੰਆਂ, ਮੈਂ ਤੇਰੇ ਲੇਖ ਪੰਜਾਬੀ ਟ੍ਰਿਬਿਊਨ ਵਿਚ ਪੜਦਾ ਹੁੰਨਾ ਆਂ, ਤੂੰ ਐਂ ਕਰੀਂ ਸ਼ੇਰਾ, ਰਾਤ ਨੂੰ ਫੋਨ ਕਰੀਂ, ਜਦ ਨੂੰ ਭਗਵੰਤ ਘਰੇ ਈ ਹੋਊ ਤੇ ਤੇਰੇ ਨਾਲ ਗੱਲ ਵੀ ਹੋਜੂ, ਅੱਜ ਭਵਾਨੀਗੜ੍ਹ ਵੰਨੀ ਗਿਆ ਐ, ਕੋਈ ਬਾਹਰੋਂ ਪ੍ਰਮੋਟਰ ਆਇਆ ਸੀ,ਉਹਨੂੰ ਮਿਲਣਾ ਸੀ ਉਹਨੇ।"
ਇਕ ਦਿਨ ਫਿਰ ਫੋਨ ਲਾਇਆ। ਭਗਵੰਤ ਮਾਨ ਨਹੀਂ ਮਿਲਿਆ। ਉਹ ਦਿੱਲੀ ਗਿਆ ਹੋਇਆ ਸੀ ਤੇ ਭਗਵੰਤ ਦੇ ਪਿਤਾ ਜੀ ਆਖਣ ਲੱਗੇ ਕਿ ਨਿੰਦਰ ਯਾਰ, ਤੂੰ ਆਬਦਾ ਨੰਬਰ ਲਿਖਵਾ, ਮੈਂ ਤੇਰੀ ਗੱਲ ਕਰਵਾਊਂ ਭਗਵੰਤ ਨਾਲ। ਮੈਂ ਨੰਬਰ ਲਿਖਵਾਂਦਿਆ ਆਖਿਆ ਕਿ ਐਂਕਲ ਜੀ, ਮੈਂ ਜਲੰਧਰ ਰਾਜੂ ਠਾਕੁਰ ਦੇ ਪੀ ਸੀ ਓ ਉਤੋਂ ਬੋਲਦਾ ਆਂ ਤੇ ਆਥਣੇ ਦੋ ਘੰਟੇ ਏਥੇ ਈ ਬਹਿੰਨਾ ਆਂ, ਜਦ ਤੁਸੀਂ ਗਲ ਕਰਵਾਓਗੇ, ਜੇ ਮੈਂ ਨਾ ਹੋਇਆ ਫੇਰ? ਉਹ ਹੱਸੇ, ਤੇ ਬੋਲੇ ਕਿ ਫੇਰ ਸਮਝੀਂ ਫਾਇਰ ਫੋਕਾ ਗਿਆ। ਸੋ, ਮੈਂ ਮਾਸਟਰ ਮਹਿੰਦਰ ਸਿੰਘ ਦਾ ਕਾਇਲ ਹੋ ਗਿਆ। ਤੇ ਇੱਕ ਨਾ ਇੱਕ ਦਿਨ, ਪਟਿਆਲੇ ਅਫਸਰ ਕਲੋਨੀ ਭਗਵੰਤ ਮਾਨ ਦੇ ਘਰ ਜਾ ਪੁੱਜਾ ਮੈਂ । ਧੁੰਦਲਾ ਜਿਹ ਚੇਤਾ ਹੈ, ਮੇਰੇ ਕੋਲ ਕੈਮਰਾ ਵੀ ਨਹੀਂ ਸੀ। ਫੋਨ ਤਾਂ ਕਿਥੋਂ ਹੋਣਾ ਸੀ? ਬਸ, ਪੈਨ ਤੇ ਕਾਪੀ ਸਨ । ਭਗਵੰਤ ਨੇ ਗੱਲਾਂ ਸੁਣਾਈਆਂ, ਤੇ ਮੈਂ ਨੋਟ ਕਰੀ ਗਿਆ। ਦੁਪਹਿਰ ਹੋ ਗਈ ਸੀ, ਉਹ ਆਖਣ ਲੱਗਾ ਕਿ ਦੋ ਦੋ ਫੁਲਕੇ ਖਾਨੇ ਆਂ ਆਪਾਂ। ਅਸਾਂ ਅੰਨ ਪਾਣੀ ਵੀ ਛਕਿਆ। ਉਹਨੇ ਆਖਿਆ ਕਿ ਨਿੰਦਰ, ਜਦ ਇਹ ਕਿਤਾਬ ਛਪ ਜਾਏ ਤਾਂ ਇਹਦੀਆਂ ਤੀਹ ਕਾਪੀਆਂ ਮੇਰੇ ਐਡਰੈਸ ਉਤੇ ਭੇਜ ਦੇਣੀਆਂ, ਪਤੰਦਰਾ, ਤੂੰ ਐਡਾ ਕੰਮ ਕੀਤਾ ਐ ਯਾਰ, ਸਾਰੇ ਮਾਨ ਖੇਰੂੰ ਖੇਰੂੰ ਹੋਏ ਪਏ ਐ ਤੇ ਤੂੰ ਇਕ ਕਿਤਾਬ ਚ ਕੱਠੇ ਕਰਤੇ ਐ, ਏਹ ਤਾਂ ਰੱਬ ਦੇ ਕਹੇ ਤੇ ਵੀ ਨਹੀਂ ਕੱਠੇ ਹੁੰਦੇ, ਸਾਬਾਸ਼ ਐ ਛੋਟੇ ਵੀਰ ਤੈਨੂੰ।