ਸੋਨੇ ਦੇ ਤਵੀਤ ਵਾਲੀਏ, ਤੇਰੀ ਹਰ ਮੱਸਿਆ ਬਦਨਾਮੀ - ਨਿਰਮਲ ਸਿੰਘ ਕੰਧਾਲਵੀ
ਲੋਕ-ਧਾਰਾ ਦੇ ਉਪਰੋਕਤ ਲਿਖੇ ਬੋਲ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਉੱਪਰ ਪੂਰੇ ਢੁੱਕਦੇ ਹਨ। ਪਿਛਲੇ ਕੁਝ ਸਾਲਾਂ ਤੋਂ ਇਸ ਦੇ ਪ੍ਰਬੰਧ ਬਾਰੇ ਗਾਹੇ-ਬਗਾਹੇ ਮਾੜੀਆਂ ਖ਼ਬਰਾਂ ਚਰਚਾ ਵਿਚ ਆਉਂਦੀਆਂ ਰਹਿੰਦੀਆਂ ਹਨ। ਕਦੀ ਪਾਠੀਆਂ ਦੇ ਮਸਲੇ, ਕਦੀ ਰਾਗੀਆਂ/ਢਾਡੀਆਂ ਦੇ, ਕਦੇ ਗੁੰਮ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਅਤੇ ਕਦੀ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਹਰੇਕ ਵਾਰ ਉਂਗਲ ਇਸ ਦੇ ਪ੍ਰਬੰਧ ਵਲ ਉਠਦੀ ਹੈ। ਹੁਣੇ ਹੀ ਇਕ ਤਾਜ਼ਾ ਘਟਨਾ ਵਾਪਰੀ ਹੈ ਜਿਸ ਵਿਚ ਯੂ.ਪੀ. ਤੋਂ ਆਈ ਹੋਈ ਇਕ ਬਜ਼ੁਰਗ ਔਰਤ ਪਰਕਰਮਾ ਵਿਚ ਬੀੜੀ ਸੁਲਗਾਉਣ ਦੀ ਕੋਸ਼ਿਸ਼ ਕਰਦਿਆਂ ਫੜੀ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਔਰਤ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ ਤੇ ਸੇਵਾਦਾਰਾਂ ਦੇ ਪੈਰੀਂ ਵੀ ਪਈ ਕਿ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਇਥੇ ਬੀੜੀ, ਸਿਗਰੇਟ ਵਿਵਰਜਤ ਹੈ। ਇਸ ਦੇ ਬਾਵਜੂਦ ਉਸ ਨੂੰ ਕੁੱਟਿਆ ਮਾਰਿਆ ਗਿਆ। ਕੀ ਕਿਸੇ ਬਜ਼ੁਰਗ਼ ਔਰਤ ਨੂੰ ਸੇਵਾਦਾਰਾਂ ਵਲੋਂ ਕੁੱਟਣਾ ਮਾਰਨਾ ਜਾਇਜ਼ ਹੈ ਜਦ ਕਿ ਉਹ ਵਾਰ ਵਾਰ ਮੁਆਫ਼ੀਆਂ ਮੰਗ ਰਹੀ ਸੀ ਤੇ ਅਣਜਾਣੇ ‘ਚ ਹੋਈ ਗ਼ਲਤੀ ਦਾ ਅਹਿਸਾਸ ਕਰ ਰਹੀ ਸੀ? ਕੀ ਪ੍ਰਬੰਧਕਾਂ ਨੂੰ ਇਸ ਗੱਲ ਵਲ ਨਹੀਂ ਧਿਆਨ ਦੇਣਾ ਚਾਹੀਦਾ ਕਿ ਜੇ ਸ਼ਰਧਾਲੂਆਂ ਵਲੋਂ ਇਹੋ ਜਿਹੀਆਂ ਕੁਤਾਹੀਆਂ ਹੋ ਜਾਂਦੀਆਂ ਹਨ ਤਾਂ ਕਿਤੇ ਪ੍ਰਬੰਧ ਵਿਚ ਕੋਈ ਊਣਤਾਈ ਤਾਂ ਨਹੀਂ? ਸਮੁੱਚੇ ਮੀਡੀਏ ਵਿਚ ਇਸ ਵੇਲੇ ਦਰਬਾਰ ਸਾਹਿਬ ਦੇ ਮੈਨੇਜਰਾਂ ਦੀ ਕਾਰਜ ਕੁਸ਼ਲਤਾ ‘ਤੇ ਕਿੰਤੂ ਪ੍ਰੰਤੂ ਹੋ ਰਹੇ ਹਨ। ਖ਼ਬਰ ਹੈ ਕਿ ਸੱਤ ਕਰਮਚਾਰੀ ਮੁਅੱਤਲ ਕੀਤੇ ਗਏ ਹਨ ਤੇ ਤਿੰਨਾਂ ਦੀ ਬਦਲੀ ਕਰ ਦਿਤੀ ਗਈ ਹੈ। ਕੀ ਇਤਨੇ ਨਾਲ ਮਸਲਾ ਹੱਲ ਹੋ ਜਾਵੇਗਾ? ਕੱਲ੍ਹ ਕੈਨੇਡਾ ਦੇ ਇਕ ਟੀ.ਵੀ.ਸਟੇਸ਼ਨ ‘ਤੇ ਪੰਜਾਬ ਦੇ ਇਕ ਬੜੇ ਉੱਘੇ ਪੱਤਰਕਾਰ ਅਤੇ ਯੂ.ਕੇ. ਦੇ ਇਕ ਰੇਡੀਉ ‘ਤੇ ਸ਼੍ਰੋਮਣੀ ਕਮੇਟੀ ਤੋਂ ਸੇਵਾ-ਮੁਕਤ ਇਕ ਸੱਜਣ, ਦੋਵੇਂ ਹੀ ਕਹਿ ਰਹੇ ਸਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਭਾਈ ਭਤੀਜਾਵਾਦ ਏਨਾ ਘਰ ਕਰ ਗਿਆ ਹੈ ਕਿ ਅਯੋਗ ਵਿਅਕਤੀਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਵਾਲੇ ਅਹੁਦੇ ਦੇ ਦਿੱਤੇ ਜਾਂਦੇ ਹਨ। ਨਾਲਾਇਕ ਪ੍ਰਬੰਧ ਹੇਠ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਜੋ ਘਾਲ਼ੇ-ਮਾਲ਼ੇ ਕੀਤੇ ਗਏ ਉਸ ਬਾਰੇ ਸਮੁੱਚਾ ਸਿੱਖ ਜਗਤ ਜਾਣਦਾ ਹੈ। ਕੇਂਦਰ ਸਰਕਾਰ ਵਲੋਂ ਵਾਪਸ ਕੀਤੇ ਧਾਰਮਕ ਗ੍ਰੰਥ ਤੇ ਦਸਤਾਵੇਜ਼ਾਂ ਬਾਰੇ ਸਿੱਖ ਕੌਮ ਨੂੰ ਅਜੇ ਤੱਕ ਨਹੀਂ ਦੱਸਿਆ ਜਾ ਰਿਹਾ ਕਿ ਉਹ ਕਿੱਥੇ ਹਨ? ਹਰੇਕ ਕੰਮ ਲਈ ਕਮੇਟੀ (ਕੰਮ ‘ਤੇ ਮਿੱਟੀ) ਬਣਾ ਕੇ ਮਾਮਲੇ ਨੂੰ ਦੱਬਿਆ ਜਾ ਰਿਹਾ ਹੈ।
ਬਰਛਿਆਂ ਵਾਲੇ ਜਿਹੜੇ ਸੇਵਾਦਾਰ ਪਰਕਰਮਾ ਵਿਚ ਸੇਵਾ ‘ਤੇ ਲਾਏ ਜਾਂਦੇ ਹਨ ਉਹਨਾਂ ਵਿਚੋਂ ਬਹੁਤਿਆਂ ਦਾ ਵਤੀਰਾ ਸੰਗਤਾਂ ਨਾਲ਼ ਬਹੁਤ ਖਰ੍ਹਵਾ ਹੁੰਦਾ ਹੈ। ਸੰਗਤਾਂ ਨਾਲ ਪੇਸ਼ ਆਉਣ ਦੀ ਸ਼ਾਇਦ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਿਖਲਾਈ ਨਹੀਂ ਦਿਤੀ ਜਾਂਦੀ। ਅਕਸਰ ਹੀ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰ ਕੇ ਆਉਣ ਵਾਲੇ ਸ਼ਰਧਾਲੂ ਇਹਨਾਂ ਊਣਤਾਈਆਂ ਦਾ ਜ਼ਿਕਰ ਕਰਦੇ ਹਨ। ਇਥੋਂ ਤੱਕ ਕਿ ਸਿਰੋਪਾ ਦੇਣ ਵਿਚ ਵੀ ਭੇਦ-ਭਾਵ ਕੀਤਾ ਜਾਂਦਾ ਹੈ। ਕਈ ਸੱਜਣਾਂ ਨੇ ਦਾਸ ਨਾਲ਼ ਆਪਣੇ ਤਜਰਬੇ ਸਾਂਝੇ ਕੀਤੇ ਹਨ। ਮੇਰੇ ਆਪਣੇ ਨਾਲ ਵੀ ਹੋਈਆਂ ਦੋ ਘਟਨਾਵਾਂ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ। 1995 ਵਿਚ ਸਾਡਾ ਸਾਰਾ ਪਰਵਾਰ ਪੰਜਾਬ ਨੂੰ ਗਿਆ। ਸਾਡੀ ਵਾਪਸੀ ਦੀ ਫਲਾਈਟ ਰਾਤ ਨੂੰ ਦੋ ਵਜੇ ਸੀ। ਅਸੀਂ ਕਾਫੀ ਅਗਾਊਂ ਹੀ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਤਾਂ ਕਿ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕੀਏ। ਰਾਮਗੜ੍ਹੀਆ ਬੁੰਗੇ ਦੀ ਮੁਰੰਮਤ ਹੋ ਰਹੀ ਸੀ ਤੇ ਉਸ ਦੇ ਪਰਕਰਮਾ ਵਲ ਦੇ ਪਾਸੇ ਬਾਂਸ ਦੀਆਂ ਪੈੜਾਂ (ਸਕੈਫੋਲਡਿੰਗ) ਲੱਗੀਆਂ ਹੋਈਆਂ ਸਨ। ਮੈਂ ਇਕ ਬਰਛੇ ਵਾਲੇ ਸੇਵਾਦਾਰ ਨੂੰ ਪੁੱਛ ਬੈਠਾ ਕਿ ਰਾਮਗੜ੍ਹੀਆ ਬੁੰਗੇ ਨੂੰ ਰਾਹ ਕਿੱਧਰੋਂ ਦੀ ਜਾਂਦਾ ਹੈ ਤਾਂ ਉਹ ਮੈਨੂੰ ਟੁੱਟ ਕੇ ਪਿਆ ਤੇ ਬੋਲਿਆ,” ਉੱਥੇ ਤੇਰਾ ਕੀ ਰੱਖਿਆ ਹੋਇਐ? ਏਧਰ ਜਾਹ ਤਾਂ ਗੁਰੂ ਰਾਮ ਦਾਸ ਦੇ ਦਰਬਾਰ ‘ਚ।” ਉਹ ਮੂੰਹ ਵਿਚ ਹੋਰ ਵੀ ਕਈ ਕੁਝ ਬੋਲਿਆ। ਮੈਨੂੰ ਉਸ ਤੋਂ ਇਹ ਆਸ ਨਹੀਂ ਸੀ, ਮੈਂ ਤਾਂ ਬੜੀ ਨਿਮਰਤਾ ਨਾਲ ਭਾਈ ਸਾਹਿਬ ਜੀ ਕਹਿ ਕੇ ਉਸ ਨੂੰ ਬੁਲਾਇਆ ਸੀ। ਪਹਿਲਾਂ ਮੇਰਾ ਜੀਅ ਕੀਤਾ ਕਿ ਇਸ ਨੂੰ ਦੱਸਾਂ ਕਿ ਰਾਮਗੜ੍ਹੀਆ ਬੁੰਗੇ ਦਾ ਕੀ ਇਤਿਹਾਸ ਹੈ ਤੇ ਦੱਸਾਂ ਕਿ ਉੱਥੇ ਉਹ ਚੀਜ਼ ਪਈ ਹੈ ਜੋ ਸਦੀਆਂ ਤੀਕਰ ਖ਼ਾਲਸਾ ਸਰਦਾਰਾਂ ਵਲੋਂ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਪੁੱਟਣ ਦੀ ਕਹਾਣੀ ਸੁਣਾਉਂਦੀ ਰਹੇਗੀ (ਯਾਦ ਰਹੇ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਿੱਲੀਉਂ ਮੁਗ਼ਲ ਸਲਤਨਤ ਦੀ ਉਹ ਸਿਲ ਪੁੱਟ ਕੇ ਲੈ ਆਇਆ ਸੀ ਜਿਸ ਉੱਪਰ ਮੁਗ਼ਲ ਘਰਾਣੇ ਰਾਜ ਤਿਲਕ ਦਿਆ ਕਰਦੇ ਸਨ) ਮੈਂ ਸੋਚਿਆ ਮਨਾਂ ਜੇ ਇਸ ਬੰਦੇ ਨੂੰ ਕੋਈ ਗਿਆਨ ਹੁੰਦਾ ਤਾਂ ਇਹ ਇੰਜ ਨਾ ਕਹਿੰਦਾ ਕਿ ਉੱਥੇ ਕੀ ਰੱਖਿਆਂ ਹੋਇਆ ਹੈ। ਮੈਨੂੰ ਬਾਬਾ ਜੀ ਦਾ ਉਪਦੇਸ਼ ਯਾਦ ਆਇਆ “ ਮੂਰਖੈ ਨਾਲ ਨ ਲੁਝੀਏ ਪੜਿ ਅਖਰ ਏਹੋ ਬੁਝੀਐ” ਤੇ ਮੈਂ ਚੁੱਪ ਹੀ ਰਿਹਾ, ਵੈਸੇ ਵੀ ਇਕ ਵਾਰੀ ਇਕ ਸੱਜਣ ਨੇ ਮੈਨੂੰ ਦੱਸਿਆ ਸੀ ਕਿਸੇ ਐਹੋ ਜਿਹੇ ਸਮੇਂ ਤੇ ਬਰਛਿਆਂ ਵਾਲੇ ਕਈ ਸੇਵਾਦਾਰ ਇਕੱਠੇ ਹੋ ਜਾਂਦੇ ਹਨ ਤੇ ਸਵਾਲ ਕਰਨ ਵਾਲੇ ਸ਼ਰਧਾਲੂ ਨੂੰ ਡਰਾਉਂਦੇ, ਧਮਕਾਉਂਦੇ ਹਨ। ਪਿਛਲੇ ਸਾਲ ਸਮੁੱਚੇ ਸੰਸਾਰ ਨੇ ਮੀਡੀਆ ਰਾਹੀਂ ਦੇਖਿਆ ਹੀ ਸੀ ਕਿ ਕਿਵੇਂ ਇਹਨਾਂ ਦੀ ਟਾਸਕ ਫੋਰਸ ਨੇ ਸ਼ਾਂਤਮਈ ਸੰਘਰਸ਼ ਕਰਦੇ ਸਿੱਖਾਂ ਨੂੰ ਡਾਂਗਾਂ, ਕਿਰਪਾਨਾਂ ਨਾਲ ਕੁੱਟਿਆ, ਵੱਢਿਆ ਸੀ ਤੇ ਸਿਤਮ ਇਹ ਕਿ ਪਰਚੇ ਵੀ ਕੁੱਟ ਖਾਣ ਵਾਲਿਆਂ ‘ਤੇ ਹੀ ਹੋਏ। ਮਾਮਲਾ ਜੇ ਪੁਲਸ ਕੋਲ ਚਲਾ ਜਾਵੇ ਤਾਂ ਪੁਲਸ ਵੀ ਇਹਨਾਂ ਦੀ ਹੀ ਗੱਲ ਸੁਣਦੀ ਹੈ।
ਦੂਜੀ ਘਟਨਾ ਹੈ ਕਿ ਕੁਝ ਸਾਲ ਹੋਏ ਮੈਂ ਆਪਣੀ ਪਿੱਠ-ਦਰਦ ਦਾ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਭਰਤੀ ਹੋਇਆ। ਦੋ ਹਫ਼ਤਿਆਂ ਦੇ ਇਲਾਜ ਬਾਅਦ ਦਰਦ ਨੂੰ ਭਾਵੇਂ ਕੁਝ ਆਰਾਮ ਸੀ ਪਰ ਬਹੁਤੀ ਦੇਰ ਖੜ੍ਹੇ ਹੋਣ ਵਿਚ ਮੈਨੂੰ ਬਹੁਤ ਤਕਲੀਫ਼ ਹੁੰਦੀ ਸੀ। ਮੈਂ ਗੁਰੂ ਰਾਮ ਦਾਸ ਜੀ ਦੇ ਦਰਬਾਰ ਵਿਚ ਹਾਜ਼ਰੀ ਜ਼ਰੂਰ ਲਗਵਾਉਣੀ ਚਾਹੁੰਦਾ ਸਾਂ। ਮੱਥਾ ਟੇਕਣ ਵਾਲਿਆਂ ਦੀ ਬਹੁਤ ਲੰਬੀ ਕਤਾਰ ਸੀ, ਮੈਂ ਏਨੀ ਦੇਰ ਕਤਾਰ ‘ਚ ਖੜ੍ਹਾ ਨਹੀਂ ਸਾਂ ਹੋ ਸਕਦਾ। ਮੈਂ ਲਾਚੀ ਬੇਰ ਦੇ ਕੋਲ ਖੜ੍ਹੇ ਇਕ ਬਰਛੇ ਵਾਲੇ ਸੇਵਾਦਾਰ ਨੂੰ ਆਪਣੀ ਤਕਲੀਫ਼ ਦੱਸੀ ਤੇ ਇਹ ਵੀ ਦੱਸਿਆ ਮੈਂ ਇੰਗਲੈਂਡ ਤੋਂ ਆਇਆ ਹੋਇਆ ਹਾਂ ਤੇ ਸਬੱਬ ਨਾਲ ਹੀ ਸਾਡਾ ਆਉਣ ਬਣਦਾ ਹੈ ਸੋ ਕਿਰਪਾ ਕਰ ਕੇ ਜੇ ਉਹ ਮੈਨੂੰ ਇਸ ਛੋਟੇ ਰਸਤੇ ਰਾਹੀਂ ਮੱਥਾ ਟੇਕਣ ਲਈ ਜਾ ਲੈਣ ਦੇਵੇ ਤਾਂ ਉਸ ਦੀ ਬੜੀ ਮਿਹਰਬਾਨੀ ਹੋਵੇਗੀ। ਉਹ ਵੀ ਮੈਨੂੰ ਉਲਟਾ ਹੀ ਬੋਲਿਆ ਤੇ ਕਹਿਣ ਲੱਗਾ, “ ਜੇ ਤੂੰ ਇੰਗਲੈਂਡ ਤੋਂ ਆਂ ਸਕਦੈਂ ਤਾਂ ਲਾਈਨ ‘ਚ ਨਹੀ ਖੜ੍ਹਾ ਹੋ ਸਕਦਾ,” ਉਸ ਨੇ ਮੇਰੀ ਬਿਮਾਰੀ ਦੀ ਵੀ ਕੋਈ ਪਰਵਾਹ ਨਾ ਕੀਤੀ ਤੇ ਕਿਸੇ ਤਾਨਾਸ਼ਾਹ ਵਾਂਗ ਪੇਸ਼ ਆਇਆ ਮੇਰੇ ਨਾਲ਼।
ਖੈਰ, ਮੈਂ ਥੋੜ੍ਹੀ ਦੂਰ ਜਾ ਕੇ ਬੈਠ ਗਿਆ ਤੇ ਦੇਖਿਆ ਕਿ ਉਹ ਆਪਣੇ ਚਹੇਤਿਆਂ ਨਾਲ ਹੱਸ ਹੱਸ ਗੱਲਾਂ ਕਰ ਰਿਹਾ ਸੀ ਤੇ ਉਹਨਾਂ ਨੂੰ ਛੋਟੇ ਰਸਤੇ ਵਿਚੀਂ ਲੰਘਾਈ ਜਾਂਦਾ ਸੀ। ਜੀਅ ਤਾਂ ਕੀਤਾ ਕਿ ਉਸ ਨੂੰ ਪੁੱਛਾਂ ਪਰ ਫੇਰ ਕੁਝ ਸੋਚ ਕੇ ਮੈਂ ਚੁੱਪ ਹੀ ਰਿਹਾ।
ਇਹਨਾਂ ਤਰੁਟੀਆਂ ਵਿਚ ਸੁਧਾਰ ਉਤਨਾ ਚਿਰ ਨਹੀਂ ਹੋ ਸਕਦਾ ਜਿਤਨਾ ਚਿਰ ਪਾਰਦਰਸ਼ੀ ਢੰਗ ਨਾਲ ਪ੍ਰਬੰਧ ਵਿਚ ਨਿਯੁਕਤੀਆਂ ਨਹੀਂ ਹੁੰਦੀਆਂ ਤੇ ਜਿਹਨਾਂ ਕਰਮਚਾਰੀਆਂ ਦਾ ਸੰਗਤਾਂ ਨਾਲ ਵਾਹ ਪੈਂਦਾ ਹੈ ਉਹਨਾਂ ਨੂੰ ਬਾਕਾਇਦਾ ਚੰਗੇਰੇ ਵਤੀਰੇ ਦੀ ਸਿਖਲਾਈ ਨਹੀਂ ਦਿਤੀ ਜਾਂਦੀ। ਆਸਾਮੀਆਂ ‘ਤੇ ਉਹੀ ਉਮੀਦਵਾਰ ਚੁਣੇ ਜਾਣ ਜੋ ਉਸ ਆਸਾਮੀ ਦੇ ਕਾਬਲ ਹੋਣ।
ਇਥੇ ਮੈਨੂੰ ਇਕ ਪੁਰਾਤਨ ਕਹਾਣੀ ਯਾਦ ਆ ਗਈ ਕਿ ਇਕ ਰਾਜੇ ਨੇ ਪ੍ਰਧਾਨ ਮੰਤਰੀ ਨਿਯੁਕਤ ਕਰਨਾ ਸੀ। ਰਾਣੀ ਰਾਜੇ ‘ਤੇ ਬੜਾ ਜ਼ੋਰ ਪਾਵੇ ਕਿ ਉਸ ਦਾ ਭਰਾ ਬੜਾ ਪੜ੍ਹਿਆ ਲਿਖਿਆ ਹੈ ਉਸ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦਿਤਾ ਜਾਵੇ। ਇਕ ਉਮੀਦਵਾਰ ਹੋਰ ਵੀ ਸੀ। ਰਾਜਾ ਸਿਆਣਾ ਸੀ, ਉਸ ਨੇ ਇਕ ਦਿਨ ਪਰਖ ਲਈ (ਜਿਸ ਨੂੰ ਅੱਜ ਅਸੀਂ ਇੰਟਰਵੀਊ ਕਹਿੰਦੇ ਹਾਂ) ਦੋਵਾਂ ਨੂੰ ਬੁਲਾ ਲਿਆ। ਮਹਿਲ ਦੀ ਬੜੀ ਉੱਚੀ ਅਟਾਰੀ ‘ਤੇ ਰਾਜਾ, ਰਾਣੀ ਤੇ ਕੁਝ ਹੋਰ ਅਹਿਲਕਾਰ ਬੈਠੇ ਸਨ। ਰਸਮੀ ਸਵਾਲ ਜਵਾਬ ਤੋਂ ਬਾਅਦ ਰਾਜੇ ਨੇ ਦੇਖਿਆ ਕਿ ਮਹਿਲਾਂ ਦੇ ਨਾਲ ਦੀ ਲੰਘਦੀ ਸੜਕ ਉੱਪਰ ਊਠਾਂ ਦਾ ਕਾਫ਼ਿਲਾ ਲੰਘ ਰਿਹਾ ਸੀ। ਰਾਜੇ ਨੇ ਰਾਣੀ ਦੇ ਭਰਾ ਨੂੰ ਕਿਹਾ ਕਿ ਉਹ ਪਤਾ ਕਰ ਕੇ ਆਵੇ ਕਿ ਊਠਾਂ ਵਾਲਿਆਂ ਨੇ ਊਠਾਂ ਉੱਪਰ ਕੀ ਲੱਦਿਆ ਹੋਇਆ ਹੈ। ਉਹ ਜਲਦੀ ਹੀ ਮੁੜ ਆਇਆ ਤੇ ਆ ਕੇ ਦੱਸਿਆ ਕਿ ਊਠਾਂ ਉੱਪਰ ਗੁੜ ਲੱਦਿਆ ਹੋਇਆ ਹੈ। ਫੇਰ ਰਾਜੇ ਨੇ ਦੂਜੇ ਉਮੀਦਵਾਰ ਨੂੰ ਕਿਹਾ ਕਿ ਉਹ ਵੀ ਪਤਾ ਕਰ ਕੇ ਆਵੇ। ਉਹ ਥੋੜ੍ਹੀ ਦੇਰ ਲਗਾ ਕੇ ਆਇਆ ਤੇ ਕਹਿਣ ਲੱਗਾ, “ ਹਾਂ ਜੀ ਬਿਲਕੁਲ ਠੀਕ, ਊਠਾਂ ਉੱਪਰ ਗੁੜ ਹੀ ਹੈ। ਪੰਦਰਾਂ ਊਠ ਹਨ, ਹਰੇਕ ਊਠ ਉੱਪਰ ਦੋ ਮਣ ਗੁੜ ਹੈ। ਮੈਂ ਉਹਨਾਂ ਦੇ ਕਾਗਜ਼- ਪੱਤਰ ਦੇਖੇ ਹਨ, ਉਹ ਸਾਡੇ ਰਾਜ ਦਾ ਟੈਕਸ ਤਾਰ ਕੇ ਆਏ ਹਨ। ਗੁੜ ਇਸ ਭਾਅ ਖ਼ਰੀਦ ਕੇ ਲਿਆਏ ਹਨ ਤੇ ਉਹਨਾਂ ਨੂੰ ਉਮੀਦ ਹੈ ਕਿ ਇਸ ਭਾਅ ਮੰਡੀ ਵਿਚ ਵਿਕੇਗਾ । ਅਗਲੇ ਹਫ਼ਤੇ ਉਹ ਫਿਰ ਇਸੇ ਰਸਤੇ ਲੰਘਣਗੇ ਤੇ ਵਾਪਸੀ ‘ਤੇ ਉਹ ਅਨਾਜ ਲੈ ਕੇ ਆਉਣਗੇ । “ਰਾਜਾ ਰਾਣੀ ਨੂੰ ਕਹਿੰਦਾ ਕਿ ਉਹ ਹੁਣ ਆਪ ਹੀ ਦੱਸ ਦੇਵੇ ਕਿ ਦੋਨਾਂ ਵਿਚੋਂ ਕਿਸ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ
ਸ਼੍ਰੋਮਣੀ ਕਮੇਟੀ ਦਾ ਬਹੁਤ ਮਾਣ-ਮੱਤਾ ਇਤਿਹਾਸ ਹੈ। ਇਸ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਦੂਜੀਆਂ ਕੌਮਾਂ ਵਿਚ ਸਾਡਾ ਚੰਗਾ ਅਕਸ ਨਹੀਂ ਬਣੇਗਾ। ਪੁਰਾਣੇ ਜ਼ਮਾਨਿਆਂ ਵਿਚ ਤਾਂ ਗੱਲ ਦੱਬੀ ਘੁੱਟੀ ਰਹਿ ਜਾਂਦੀ ਸੀ ਪਰ ਅੱਜ ਤਾਂ ਸੋਸ਼ਲ ਮੀਡੀਆ ਚੁਰਾਹੇ ‘ਚ ਸਭ ਕੁਝ ਨਸ਼ਰ ਕਰ ਦਿੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਹਿਤ ਭਾਰਤ ਦੇ ਦੂਜੇ ਸੂਬਿਆਂ ਅਤੇ ਵਿਦੇਸ਼ਾਂ ‘ਚੋਂ ਵੱਖੋ ਵੱਖਰੇ ਸਭਿਆਚਾਰਾਂ ਤੇ ਵੱਖਰੀਆਂ ਭਾਸ਼ਾਵਾਂ ਬੋਲਣ ਵਾਲ਼ੇ ਲੋਕਾਂ ਦੀ ਗਿਣਤੀ ਬਹੁਤ ਵਧੀ ਹੈ। ਉਹਨਾਂ ਵਾਸਤੇ ਮੁਢਲੀ ਜਾਣਕਾਰੀ ਮੁਹੱਈਆ ਕਰਵਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫ਼ਰਜ਼ ਹੈ। ਗੁਰਦੁਆਰਾ ਸਾਹਿਬ ਦੀ ਯਾਤਰਾ ਲਈ ਮੁੱਖ ਸੂਚਨਾਵਾਂ ਬਾਰੇ ਪੰਜਾਬੀ,ਅੰਗਰੇਜ਼ੀ, ਹਿੰਦੀ ਅਤੇ ਹੋਰ ਲੋੜੀਂਦੀਆਂ ਭਾਸ਼ਾਵਾਂ ਵਿਚ ਵੱਡੇ ਵੱਡੇ ਬੋਰਡ ਪ੍ਰਵੇਸ਼-ਦੁਆਰਾਂ, ਜੋੜਾ-ਘਰਾਂ ਪਾਸ, ਤੇ ਆਲ਼ੇ-ਦੁਆਲੇ ਲਗਵਾਏ ਜਾਣ। ਸਰਾਵਾਂ ਦੇ ਕਮਰਿਆਂ ਵਿਚ ਵੀ ਲੋੜੀਂਦੀ ਜਾਣਕਾਰੀ ਲਿਖ ਕੇ ਲਗਾਉਣੀ ਚਾਹੀਦੀ ਹੈ। ਗਲਿਆਰੇ ਵਿਚ ਜਿਹੜੀਆਂ ਸਕਰੀਨਾਂ ‘ਤੇ ਮਸ਼ਹੂਰੀਆਂ ਕੀਤੀਆਂ ਜਾਂਦੀਆਂ ਹਨ, ਉੱਥੋਂ ਵੀ ਜਾਣਕਾਰੀ ਦਿਤੀ ਜਾਣੀ ਚਾਹੀਦੀ ਹੈ। ਪ੍ਰਵੇਸ਼- ਦੁਆਰਾਂ ਉੱਪਰ ਖੜ੍ਹੇ ਸੇਵਾਦਾਰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਚੰਗੇ ਜਾਣਕਾਰ ਹੋਣੇ ਚਾਹੀਦੇ ਹਨ। ਸਾਰਾ ਉੱਤਰੀ ਭਾਰਤ ਹਿੰਦੀ ਸਮਝਦਾ ਹੈ। ਦੱਖਣ ਭਾਰਤ ਦੇ ਲੋਕ ਅੰਗਰੇਜ਼ੀ ਤੋਂ ਭਲੀਭਾਂਤ ਜਾਣੂੰ ਹਨ। ਬਹੁਤੇ ਵਿਦੇਸ਼ੀ ਯਾਤਰੂ ਅੰਗਰੇਜ਼ੀ ਸਮਝਦੇ ਹਨ। ਇਸ ਤਰ੍ਹਾਂ ਕਰਨ ਨਾਲ਼ ਮਸਲਾ ਕਾਫੀ ਹੱਦ ਤੱਕ ਹੱਲ ਹੋ ਸਕਦਾ ਹੈ।
ਸੂਚਨਾਵਾਂ ਵਿਚ ਕੀ ਲਿਖਿਆ ਜਾਣਾ ਚਾਹੀਦਾ ਹੈ ਤੇ ਸ਼ਬਦ-ਜੋੜਾਂ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇ। ਮੈਨੂੰ ਇੰਜ ਜਾਪਦਾ ਹੈ ਕਿ ਪੰਜਾਬ ਵਿਚ ਸੂਚਨਾ ਬੋਰਡ ਲਿਖਣ ਦਾ ਕੰਮ ਵੀ ਗ਼ੈਰ-ਪੰਜਾਬੀ ਪੇਂਟਰ ਹੀ ਹੁਣ ਕਰਦੇ ਹਨ ਕਿਉਂਕਿ ਪੰਜਾਬੀ ਵਿਚ ਲਿਖੇ ਸ਼ਬਦਾਂ ਵਿਚ ਬੇਅੰਤ ਗ਼ਲਤੀਆਂ ਹੁੰਦੀਆਂ ਹਨ। ਇਹ ਤੁਸੀਂ ਪੰਜਾਬ ਵਿਚ ਥਾਂ ਥਾਂ ‘ਤੇ ਲੱਗੇ ਬੋਰਡਾਂ ਤੋਂ ਦੇਖ ਸਕਦੇ ਹੋ। ਜੇ ਹੋਰ ਗਵਾਹੀ ਚਾਹੀਦੀ ਹੋਵੇ ਤਾਂ ਪਿੰਡਾਂ ਦੀਆਂ ਸੜਕਾਂ ‘ਤੇ ਲਿਖੇ ਹੋਏ ਪਿੰਡਾਂ ਦੇ ਨਾਮ ਦੇਖੇ ਜਾ ਸਕਦੇ ਹਨ।
ਇਹ ਮੈਂ ਇਸ ਕਰ ਕੇ ਲਿਖ ਰਿਹਾ ਹਾਂ ਕਿ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਅਜੇ ਪੁਰਾਣਾ ਜੋੜਾ-ਘਰ ਹੁੰਦਾ ਸੀ ਤਾਂ ਉੱਥੇ ਹਿੰਦੀ ਵਿਚ ਕੁਝ ਸੂਚਨਾਵਾਂ ਲਿਖੀਆਂ ਹੁੰਦੀਆਂ ਸਨ। ਇਕ ਵਿਚ ਲਿਖਿਆ ਹੋਇਆ ਸੀ, “ ਮੰਦਰ ਮੇਂ ਜਾਨੇ ਕੇ ਲੀਏ” ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ‘ਮੰਦਰ’ ਸ਼ਬਦ ਕਿਸ ਨੇ ਲਿਖਵਾਇਆ ਜਾਂ ਲਿਖਿਆ ਪਰ ਇਸ ਦਾ ਸੁਨੇਹਾ ਜ਼ਰੂਰ ਗ਼ਲਤ ਜਾਂਦਾ ਸੀ, ਪਰ ਜ਼ਿੰਮੇਵਾਰੀ ਤਾਂ ਫੇਰ ਵੀ ਪ੍ਰਬੰਧਕ ਕਮੇਟੀ ਦੀ ਹੀ ਬਣਦੀ ਹੈ। ਦਾਸ ਨੇ ਉਸ ਦੀ ਫੋਟੋ ਵੀ ਖਿੱਚੀ ਸੀ,(ਸ਼ਾਇਦ ਮੇਰੇ ਰਿਕਾਰਡ ਵਿਚ ਅਜੇ ਵੀ ਹੋਵੇ) ਤੇ ਜਦੋਂ ਇਕ ਸੇਵਾਦਾਰ ਨਾਲ ਇਸ ਦਾ ਜ਼ਿਕਰ ਕੀਤਾ ਤਾਂ ਉਸ ਨੇ ਇਹ ਕਹਿਕੇ ਪੱਲਾ ਝਾੜ ਲਿਆ ਕਿ “ ਭਾਈ444444ੲ44ੲ3ੲੲਡ ਸਾਹਿਬ ਰਾਈ ਦਾ ਪਹਾੜ ਨਾ ਬਣਾਇਆ ਕਰੋ,” ਤੇ ਉਹ ਮੈਨੂੰ ਘੂਰਦਾ ਹੋਇਆ ਇਕ ਪਾਸੇ ਨੂੰ ਚਲਿਆ ਗਿਆ।
======