ਔਰਤ ਤੋਂ ਬਿਨਾ ਸਮਾਜ ਹੀ ਨਹੀਂ ਸਗੋਂ ਸ੍ਰਿਸ਼ਟੀ ਵੀ ਅਧੂਰੀ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
(ਔਰਤ ਮਨੁੱਖ ਦੇ ਸਮਾਜਿਕ ਜੀਵਨ ਦੀ ਧਰੋਹਰ ਹੈ।)
ਔਰਤ ਮਨੁੱਖ ਦੇ ਸਮਾਜਿਕ ਜੀਵਨ ਦੀ ਧਰੋਹਰ ਹੈ। ਸਾਡੇ ਗ੍ਰਹਿ 'ਤੇ ਲੱਗਭਗ ਅੱਧੀ ਅਬਾਦੀ ਔਰਤਾਂ ਦੀ ਹੈ। ਔਰਤ ਮਨੁੱਖੀ ਜੀਵਨ ਦਾ ਇਕ ਧੁਰਾ ਹੈ।ਧਰਤੀ ਉੱਤੇ ਜੀਵਨ ਕਦੇ ਵੀ ਏਨਾ ਖੁਸ਼ਗਵਾਰ ਨਾ ਹੁੰਦਾ ਜੇਕਰ ਔਰਤ ਇਸ ਕਾਇਨਾਤ ਦਾ ਹਿੱਸਾ ਨਾ ਹੁੰਦੀ। ਔਰਤ ਤੋਂ ਬਿਨਾ ਸਮਾਜ ਹੀ ਨਹੀਂ ਸਗੋਂ ਸ੍ਰਿਸ਼ਟੀ ਹੀ ਅਧੂਰੀ ਹੈ। ਕਿਸੇ ਵੀ ਸਮਾਜ ਦੇ ਵਿਕਸਤ ਅਤੇ ਸੱਭਿਅਕ ਹੋਣ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਥੇ ਦੇ ਲੋਕਾਂ ਦਾ ਔਰਤ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ।
ਇਹ ਇਕ ਕੌੜੀ ਸੱਚਾਈ ਹੈ ਕਿ ਔਰਤਾਂ ਨਾਲ ਸਦੀਆਂ ਤੋਂ ਹੀ ਧੱਕੇਸਾਹੀ ਹੁੰਦੀ ਆਈ ਹੈ।ਪ੍ਰਾਚੀਨ ਸਮੇਂ 'ਚ ਸਤੀ-ਪ੍ਰਥਾ ਦੇ ਦੌਰ ਦੌਰਾਨ ਤਾਂ ਔਰਤ ਦੀ ਹਾਲਤ ਸੂਦਰ ਤੋਂ ਵੀ ਮਾੜੀ ਅਤੇ ਤਰਸ਼ਯੋਗ ਸੀ। ਉਹ ਮਰਦ ਦੀ ਗੁਲਾਮ ਸੀ। ਅੱਜ ਵੀ ਸਮਾਜ ਵਿੱਚ ਵਿਚਰਦੇ ਸਮੇਂ ਉਸ ਨੂੰ ਅਨੇਕਾਂ ਵਧੀਕੀਆਂ ਤੇ ਜਬਰ-ਜ਼ੁਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਲਾਤਕਾਰ ਕਰਕੇ ਲੜਕੀ ਨੂੰ ਮਾਰ ਦੇਣਾ ਤੇ ਫਿਰ ਸਬੂਤ ਮਿਟਾਉਣ ਲਈ ਅੱਗ ਲਾ ਦੇਣ ਵਰਗੀਆਂ ਘਟਨਾਵਾਂ ਸੱਭਿਅਕ ਸਮਾਜ 'ਤੇ ਕਲੰਕ ਹਨ। ਲੋਕਾਂ ਦੀ ਹਾਜ਼ਰੀ 'ਚ ਔਰਤਾਂ ਦੀ ਕੁੱਟ-ਮਾਰ ਦੇ ਵੀਡੀਓ ਕਲਿਪ ਵੀ ਸੋਸ਼ਲ-ਮੀਡੀਆ 'ਤੇ ਆਮ ਹੀ ਦੇਖੇ ਜਾ ਸਕਦੇ ਹਨ।ਇਹ ਵਰਤਾਰਾ ਨਿੰਦਣਯੋਗ ਹੀ ਨਹੀਂ ਸਗੋਂ ਸ਼ਰਮਨਾਕ ਵੀ ਹੈ। ਸਾਡੇ ਦੇਸ਼ ਵਿੱਚ ਅੱਵਲ ਤਾਂ ਬਲਾਤਕਾਰਾਂ ਦੇ ਕੇਸ ਸਾਹਮਣੇ ਹੀ ਨਹੀਂ ਆਉਂਦੇ। ਘਰ, ਪਰਿਵਾਰ ਤੇ ਸਮਾਜਿਕ ਮਾਣ-ਮੁਰਿਆਦਾ ਕਰਕੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਕੇਸ ਦਰਜ ਹੋ ਵੀ ਜਾਵੇ ਤਾਂ ਔਰਤ ਦੀ ਪੁੱਛ-ਗਿੱਛ, ਮੈਡਿਕਲ ਜਾਂਚ ਪੜਤਾਲ ਤੋਂ ਲੈ ਕੇ ਅਦਾਲਤਾਂ ਵਿੱਚ ਚੱਲਦੇ ਕੇਸਾਂ ਤੱਕ ਅਜਿਹੇ ਢਕਵੰਜ ਖੜੇ ਕਰ ਦਿੱਤੇ ਜਾਂਦੇ ਹਨ ਕਿ ਬਲਾਤਕਾਰੀ ਬਚ ਨਿਕਲਦੇ ਹਨ। ਔਰਤ 'ਤੇ ਜ਼ੁਲਮ ਕਰਨਾ ਬੁਜ਼ਦਿਲੀ ਤੇ ਕਾਇਰਤਾ ਦੀ ਨਿਸ਼ਾਨੀ ਹੈ। ਬਲਾਤਕਾਰੀਆਂ ਦਾ ਤੇ ਕੁੜ੍ਹੀਮਾਰਾਂ ਦਾ ਸਮਾਜਿਕ ਬਾਈਕਾਟ ਹੀ ਨਹੀਂ ਸਗੋਂ ਸਰਕਾਰੀ ਤੇ ਸਵਿਧਾਨਿਕ ਬਾਈਕਾਟ ਵੀ ਕਰਨਾ ਚਾਹੀਦਾ ਹੈ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਏਥੇ ਬਹੁਤ ਸਾਰੇ ਦੇਵੀ-ਦੇਵਤੇ ਆਏ, ਰਾਜੇ-ਮਹਾਰਾਜੇ ਆਏ, ਕਿਸੇ ਨੇ ਵੀ ਔਰਤ ਦੀ ਦਸ਼ਾ ਸੁਧਾਰਨ ਦੀ ਗੱਲ ਨਹੀ ਕੀਤੀ। ਜੀਨ ਜੈਕਸ ਵਰਗੇ ਕ੍ਰਾਂਤੀਕਾਰੀ ਦਾਰਸ਼ਨਿਕ ਨੇ ਤਾਂ ਇਕ ਸਭਿਅਕ ਇਸਤਰੀ ਨੂੰ ਉਸਦੇ ਪਤੀ ਅਤੇ ਪਰਿਵਾਰ ਲਈ ਪਲੇਗ ਬਰਾਬਰ ਦੱਸਿਆ, ਮਹਾਭਾਰਤ ਵਿਚ ਔਰਤ ਨੂੰ ਇਨਸਾਨ ਨਹੀ ਸਗੋਂ ਬੇਜਾਨ ਵਸਤੂ ਦਾ ਦਰਜ਼ਾ ਦਿੱਤਾ ਗਿਆ ਹੈ। ਕਾਦਰ ਯਾਰ ਨੇ ਢਾਡੀ ਜਾਤ ਕਿਹਾ, ਤੁਲਸੀ ਦਾਸ ਨੇ ਔਰਤ ਨੂੰ ਤਾੜ੍ਹ ਕੇ ਰੱਖਣ ਲਈ ਕਿਹਾ ਤੇ ਪੀਲੂ ਨੇ ਔਰਤ ਨੂੰ 'ਖੁਰੀ ਮੱਤ' ਕਿਹਾ। ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਔਰਤ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆ ਕਿਹਾ:
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਔਰਤ ਮਨੁੱਖ ਨੂੰ ਜਨਮ ਦਿੰਦੀ ਹੈ ਅਤੇ ਔਰਤ ਨਾਲ ਹੀ ਵਿਆਹ ਕਰਵਾਉਂਦਾ ਹੈ। ਦੂਜੇ ਸ਼ਬਦਾ ਵਿਚ ਔਰਤ ਮਾਂ ਵੀ ਹੈ ਅਤੇ ਪਤਨੀ ਵੀ ਹੈ ਅਤੇ ਦੋਸਤ ਵੀ ਹੈ, ਸਾਥਣ ਵੀ ਹੈ, ਮਹਿਬੂਬ ਵੀ ਹੈ ਤੇ ਖਿੱਚ ਸ਼ਕਤੀ ਵੀ ਹੈ। ਇਹ ਔਰਤ ਹੀ ਮਨੁੱਖਤਾ ਦੇ ਲਗਾਤਾਰ ਵਿਕਾਸ ਦਾ ਸਾਧਨ ਹੈ। ਮਨੁੱਖਤਾ ਤੁਰਦੀ ਹੀ ਔਰਤ ਦੇ ਸਿਰ 'ਤੇ ਹੈ। ਫਿਰ ਵੀ ਇਹ ਗੱਲ ਸਮਝ ਨਹੀ ਆਉਂਦੀ ਕਿ ਔਰਤ ਦੀ ਇਹ ਦਸ਼ਾ ਕਿਉਂ ਰਹੀ ਹੈ? ਅਸਲ ਵਿਚ ਸਾਰੇ ਰਿਸ਼ਤੇ ਔਰਤ ਰਾਹੀ ਹੀ ਬਣਦੇ ਹਨ।ਤਕਰੀਬਨ ਹਰ ਰਿਸ਼ਤਾ ਬਣਾਈ ਰੱਖਣ ਵਾਸਤੇ, ਔਰਤ ਨੂੰ ਵਧੇਰੇ ਯਤਨ ਹੀ ਨਹੀਂ ਸਗੋਂ ਵਧੇਰੇ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਹਨ।ਇਹ ਵੀ ਸੱਚ ਹੈ ਕਿ ਔਰਤਾਂ ਬਿਨਾਂ ਮਕਾਨ, ਘਰ ਨਹੀਂ ਸਗੋਂ ਛੜਿਆਂ ਦੇ ਡੇਰੇ ਹੁੰਦੇ ਹਨ। ਔਰਤ ਦੀ ਹਾਲਤ ਸੁਧਾਰਨ ਲਈ ਰਾਜਾ ਰਾਮ ਮੋਹਨ ਰਾਇ ਨੇ ਕਾਫ਼ੀ ਸੰਘਰਸ਼ ਕੀਤਾ। ਇਸ ਤੋਂ ਬਾਅਦ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾਕਟਰ ਅੰਬੇਦਕਰ ਜੀ ਨੇ ਹਿੰਦੂ ਕੋਡ ਬਿੱਲ ਪੇਸ਼ ਕੀਤਾ ਜਿਸਨੂੰ ਬਾਅਦ ਵਿਚ ਸਦਨ ਨੇ ਪਾਸ ਕੀਤਾ, ਜਿਸਦੀ ਬਦੋਲਤ ਔਰਤ ਕਾਫੀ ਹੱਦ ਤੱਕ ਆਜ਼ਾਦ ਹੋ ਗਈ, ਕਿਉਂਕਿ ਉਸ ਨੂੰ ਆਪਣਾ ਸਾਥੀ ਚੁਣਨ ਅਤੇ ਬੱਚਾ ਗੋਦ ਲੈਣ ਦਾ ਅਧਿਕਾਰ ਮਿਲ ਗਿਆ। ਇਸ ਤੋਂ ਇਲਾਵਾ ਜੇਕਰ ਉਸਦਾ ਪਤੀ ਮਰ ਜਾਂਦਾ ਹੈ ਤਾਂ ਉਹ ਹੋਰ ਵਿਆਹ ਕਰ ਸਕਦੀ ਹੈ। ਹੁਣ ਉਸਨੂੰ ਕੋਈ ਸਤੀ ਹੋਣ ਲਈ ਮਜ਼ਬੂਰ ਨਹੀ ਕਰ ਸਕਦਾ।
ਸੁਤੰਤਰਤਾ ਦੇ ਬਾਅਦ ਸਾਡੇ ਦੇਸ਼ ਵਿੱਚ ਜਾਗ੍ਰਿਤੀ ਦਾ ਨਵਾਂ ਸਵੇਰਾ ਆਇਆ। ਸੰਵਿਧਾਨ ਲਾਗੂ ਹੋਣ 'ਤੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਮਿਲ ਗਏ। ਔਰਤ ਚਾਰ-ਦਿਵਾਰੀ ਤੋਂ ਬਾਹਰ ਨਿਕਲ ਕੇ ਸਕੂਲਾਂ 'ਚ ਜਾਣ ਲੱਗੀ।ਵਿਦਿਆ ਦੇ ਗਿਆਨ ਨੇ ਉਸ ਦਾ ਤੀਜਾ ਨੇਤਰ ਖੋਲ੍ਹ ਦਿੱਤਾ ਤੇ ਗ਼ੁਲਾਮੀ ਦੀਆਂ ਜ਼ੰਜ਼ੀਰਾ ਤੋੜ ਦਿਤੀਆਂ। ਸਦੀਆਂ ਤੋਂ ਮੁਸ਼ਕਲ ਸਥਿਤੀਆਂ 'ਚੋਂ ਗੁਜ਼ਰਨ ਦੇ ਬਾਵਜੂਦ ਔਰਤ ਨੇ ਆਪਣੀ ਮਿਹਨਤ ਦੇ ਬਲਬੂਤੇ ਹਰ ਖ਼ੇਤਰ ਵਿੱਚ ਮੱਲਾਂ ਮਾਰੀਆਂ ਤੇ ਉੱਚੇ ਮੁਕਾਮ ਹਾਸਲ ਕੀਤੇ ਹਨ। ਜਿਸ ਔਰਤ ਨੂੰ ਪਹਿਲਾਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਿਆ ਜਾਂਦਾ ਸੀ, ਅੱਜ ਉਹ ਅਸਮਾਨ ਵਿੱਚ ਮਸ਼ੀਨ ਉਡਾ ਰਹੀ ਹੈ, ਜਿਸ ਨੂੰ ਪਹਿਲਾਂ ਘਰ ਦੀ ਚਾਰ-ਦਿਵਾਰੀ ਵਿਚ ਕੈਦ ਰੱਖਿਆਂ ਜਾਂਦਾ ਸੀ ਅੱਜ ਉਹ ਜੇਲ੍ਹ ਵਿਚ ਬੰਦ ਕੈਦੀਆਂ ਦੀ ਦੇਖ-ਭਾਲ ਕਰ ਰਹੀ ਹੈ, ਜਿਸਨੂੰ ਪਹਿਲਾਂ ਹਰ ਸਮੇਂ ਪਰਦੇ ਅੰਦਰ ਰਹਿਣ ਲਈ ਮਜ਼ਬੂਰ ਕੀਤਾਂ ਜਾਂਦਾ ਸੀ। ਅੱਜ ਉਹ ਫੈਸ਼ਨ ਸੋਅ ਵਿਚ ਭਾਗ ਲੈਂਦੀ ਹੈ।ਜਿਸਨੂੰ ਪਹਿਲਾਂ ਘਰ ਤੋਂ ਬਾਹਰ ਨਿਕਲਣ ਦਾ ਹੁਕਮ ਨਹੀਂ ਸੀ, ਅੱਜ ਉਹ ਬਜ਼ਾਰਾਂ ਵਿਚ ਕਾਰ ਚਲਾਉਂਦੀ ਹੈ। ਜਿਸ ਨੂੰ ਪਹਿਲਾਂ ਮਨਹੂਸ ਸਮਝਿਆਂ ਜਾਂਦਾ ਸੀ, ਅੱਜ ਉਹ ਮੰਤਰੀ ਹੈ, ਇਹ ਸਾਰੀ ਤਬਦੀਲੀ ਰਾਤੋਂ-ਰਾਤ ਨਹੀਂ ਹੋਈ, ਬਲਕਿ ਇਕ ਲੰਮੇ ਸੰਘਰਸ਼ ਤੋਂ ਬਾਅਦ ਔਰਤ ਜੋ ਪੈਰ ਦੀ ਜੁੱਤੀ ਸਮਝੀ ਜਾਂਦੀ ਸੀ, ਅੱਜ ਉਹ ਸਿਰ ਦੀ ਪੱਤ ਬਣ ਗਈ ਹੈ।ਹੁਣ ਉਹ ਘਰ ਦੀ ਚਾਰ-ਦੀਵਾਰੀ ਤੇ ਰਸੋਈ ਤੱਕ ਹੀ ਸੀਮਿਤ ਨਹੀਂ ਸਗੋਂ ਸਮਾਜ ਦੇ ਹਰ ਖੇਤਰ- ਖੇਡਾਂ, ਨੌਕਰੀਆਂ ਆਦਿ ਵਿਚ ਅੱਗੇ ਹੈ।
ਬਿਨਾ ਸ਼ੱਕ ਰੌਸਨ ਦਿਮਾਗ਼ ਔਰਤਾਂ ਆਧੁਨਿਕ ਸਭਿਅਤਾ ਦਾ ਗਹਿਣਾ ਹਨ! ਪੜ੍ਹੀ ਲਿਖੀ ਤੇ ਸਿਹਤਮੰਦ ਔਰਤ ਪਰਿਵਾਰ ਅਤੇ ਸਮਾਜ ਦਾ ਕਲਿਆਣ ਕਰ ਸਕਦੀ ਹੈ।ਜਿਵੇਂ ਪੰਛੀ ਇਕ ਖੰਭ ਨਾਲ ਉਡਾਨ ਨਹੀਂ ਭਰ ਸਕਦਾ ਉਸੇ ਤਰ੍ਹਾਂ ਔਰਤ ਦੀ ਜਾਗ੍ਰਿਤੀ ਬਿਨਾ ਸਮਾਜ ਦਾ ਉਥਾਨ ਸੰਭਵ ਨਹੀਂ ਹੋ ਸਕਦਾ।ਔਰਤ ਨੂੰ ਬੇਇੱਜ਼ਤ ਕਰਕੇ ਕੋਈ ਵੀ ਸਮਾਜ ਖੁਸ਼ਹਾਲ ਤੇ ਸੱਭਿਅਕ ਨਹੀ ਕਹਿਲਾ ਸਕਦਾ। ਅੱਜ ਅਜਿਹਾ ਮਹੌਲ ਸਿਰਜਣ ਦੀ ਜ਼ਰੂਰਤ ਹੈ ਜਿੱਥੇ ਔਰਤ ਨਿਰਭੈਅ ਹੋ ਕੇ ਪੂਰਨ ਰੂਪ ਵਿਚ ਆਜ਼ਾਦੀ ਦਾ ਆਨੰਦ ਲੈ ਸਕੇ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ ਤੇ ਮੁੱਖ ਬੁਲਾਰਾ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) 9814096108