ਪੰਜਾਬ ਦਾ ਨਵਾਂ ਉੱਭਰਿਆ ਸਿਆਸੀ ਦ੍ਰਿਸ਼ - ਜਗਰੂਪ ਸਿੰਘ ਸੇਖੋਂ
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕਰਕੇ ਰਵਾਇਤੀ ਪਾਰਟੀਆਂ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਸ ਨੇ ਕ੍ਰਮਵਾਰ ਮਾਲਵੇ ਵਿਚ 69 ਸੀਟਾਂ ਵਿਚੋਂ 66, ਦੁਆਬੇ ਵਿਚ 23 ਸੀਟਾਂ ਵਿਚੋਂ 10 ਅਤੇ ਮਾਝੇ ਵਿਚ 25 ਸੀਟਾਂ ਵਿਚੋਂ 16 ਸੀਟਾਂ ਜਿੱਤੀਆਂ ਹਨ। ਅਜਿਹੀ ਜਿੱਤ ਦੀ ਮਿਸਾਲ ਪੰਜਾਬ ਦੇ ਚੋਣ ਇਤਿਹਾਸ ਵਿਚ ਘੱਟ ਹੀ ਮਿਲਦੀ ਹੈ। ਕਾਂਗਰਸ ਨੇ ਪਿਛਲੀਆਂ ਚੋਣਾਂ ਵਿਚ 77 ਸੀਟਾਂ ਲੈ ਕੇ ਇਤਿਹਾਸ ਰਚਿਆ ਸੀ, ਹੁਣ ਇਹ ਕੇਵਲ 18 ਸੀਟਾਂ ਤੇ ਸਿਮਟ ਗਈ ਹੈ। ਸਭ ਤੋਂ ਵੱਧ ਨੁਕਸਾਨ ਕਿਸੇ ਸਮੇਂ ਪੰਜਾਬੀਆਂ ਦੀ ਹਰਮਨ ਪਿਆਰੀ ਪਾਰਟੀ ਅਕਾਲੀ ਦਲ ਦਾ ਹੋਇਆ ਹੈ ਜੋ ਕੇਵਲ ਤਿੰਨ ਸੀਟਾਂ ਹੀ ਜਿੱਤ ਸਕੀ। ਇਕ ਸੀਟ ਇਸੇ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ ਨੂੰ ਮਿਲੀ ਹੈ। ਬੀਜੇਪੀ, ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦਾ ਗੱਠਜੋੜ ਕੇਵਲ ਦੋ ਸੀਟਾਂ ਹੀ ਜਿੱਤ ਸਕਿਆ। ਇਕ ਸੀਟ ਆਜ਼ਾਦ ਉਮੀਦਵਾਰ ਨੂੰ ਮਿਲੀ ਹੈ।
ਲੋਕਨੀਤੀ ਦੇ ਅਧਿਐਨ ਮੁਤਾਬਿਕ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀ ਪੰਜ ਸਾਲ ਦੀ ਕਾਰਗੁਜ਼ਾਰੀ ਤੋਂ ਖਫ਼ਾ ਸਨ। ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਦੇ ਪਿਛਲੇ ਤਿੰਨ ਸਾਲ ਦੇ ਸ਼ਾਸਨ ਤੋਂ ਵੀ ਬਹੁਤ ਨਰਾਜ਼ ਦਿਖਾਈ ਦਿੱਤੇ। 60 ਫ਼ੀਸਦ ਵੋਟਰ ਕਾਂਗਰਸ ਸਰਕਾਰ ਤੋਂ ਬੇਹੱਦ ਨਰਾਜ਼ ਸਨ, ਅੱਧੇ ਤੋਂ ਵੱਧ ਵੋਟਰ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਘੋਰ ਵਿਰੋਧੀ ਸਨ। ਖੇਤੀ ਕਾਨੂੰਨ ਰੱਦ ਕਰਨ ਦੇ ਬਾਵਜੂਦ ਵੋਟਰਾਂ ਅੰਦਰ ਕੇਂਦਰ ਸਰਕਾਰ ਖਿਲਾਫ਼ ਗੁੱਸਾ ਕਾਇਮ ਰਿਹਾ। ਕੇਵਲ 10 ਫ਼ੀਸਦ ਵੋਟਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਤੇ ਪੂਰੀ ਤਰ੍ਹਾਂ ਤਸੱਲੀ ਪ੍ਰਗਟ ਕੀਤੀ। ਵੋਟਰ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਨਾਲੋਂ ਚਰਨਜੀਤ ਸਿੰਘ ਚੰਨੀ ਦੇ ਕੁਝ ਮਹੀਨਿਆਂ ਦੇ ਕਾਰਜਕਾਲ ਨਾਲੋਂ ਜਿ਼ਆਦਾ ਨਾਰਾਜ਼ ਸਨ। ਇਸ ਨਾਲ ਭਾਜਪਾ ਨੂੰ ਅਮਰਿੰਦਰ ਸਿੰਘ ਨਾਲ ਗੱਠਜੋੜ ਤੋਂ ਦੋਹਰਾ ਨੁਕਸਾਨ ਉਠਾਉਣਾ ਪਿਆ ਤੇ ਇਸ ਦੀ ਹਾਲਤ ਬਹੁਤ ਪਤਲੀ ਹੋ ਗਈ। ਲੋਕਾਂ ਦੀਆਂ ਨਜ਼ਰਾਂ ਵਿਚ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਕੇਂਦਰ ਸਰਕਾਰ ਇੱਕੋ ਜਿਹੀ ਲੋਕ-ਦੋਖੀ ਸੀ। ਅਕਾਲੀ ਦਲ ਦਾ ਬੀਜੇਪੀ ਨਾਲੋਂ ਨਾਤਾ ਟੁੱਟਣ ਨਾਲ ਅਕਾਲੀ ਦਲ ਭਾਵੇਂ ਜਿ਼ਆਦਾ ਸੀਟਾਂ ਨਹੀਂ ਜਿੱਤ ਸਕਿਆ ਪਰ ਵੋਟ ਬੈਂਕ ਕੁਝ ਹੱਦ ਤੱਕ ਬਰਕਰਾਰ ਰੱਖ ਸਕਿਆ। ਜੇ ਇਹ ਬੀਜੇਪੀ ਨਾਲ ਰਲ ਕੇ ਚੋਣਾਂ ਲੜਦਾ ਤਾਂ ਇਸ ਨੂੰ ਹੋਰ ਨੁਕਸਾਨ ਝੱਲਣਾ ਪੈ ਸਕਦਾ ਸੀ।
ਇਹ ਵੀ ਦੇਖਣ ਨੂੰ ਮਿਲਿਆ ਕਿ ਵੋਟਰ ਰਾਜ ਅਤੇ ਕੇਂਦਰ ਸਰਕਾਰ ਤੋਂ ਇਲਾਵਾ ਚੁਣੇ ਹੋਏ ਵਿਧਾਨਕਾਰਾਂ ਖਾਸਕਰ ਕਾਂਗਰਸੀ ਵਿਧਾਨਕਾਰਾਂ ਤੋਂ ਨਿਰਾਸ਼ ਸਨ। ਅਧਿਐਨ ਵਿਚ ਕੇਵਲ 20 ਫ਼ੀਸਦ ਵੋਟਰਾਂ ਨੇ ਆਪਣੇ ਚੁਣੇ ਨੁਮਾਇੰਦਿਆ ਦੇ ਕੰਮਕਾਜ ਤੇ ਤਸੱਲੀ ਪ੍ਰਗਟ ਕੀਤੀ, ਇਕ ਤਿਹਾਈ ਨਾਰਾਜ਼ ਸਨ। ਵੋਟਰਾਂ ਦੀ ਨਾਰਾਜ਼ਗੀ ਇਨ੍ਹਾਂ ਵਿਧਾਨਕਾਰਾਂ ਨਾਲੋਂ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਲਈ ਜਿ਼ਆਦਾ ਸੀ। ਲਗਦਾ ਹੈ, ਜਿਹੜੇ 18 ਕਾਂਗਰਸੀ ਵਿਧਾਇਕ ਦੁਬਾਰਾ ਚੁਣੇ ਗਏ, ਉਹ ਆਪਣੀ ਕਾਰਗੁਜ਼ਾਰੀ ਤੇ ਬਲਬੂਤੇ ਚੋਣਾਂ ਜਿੱਤ ਸਕੇ ਹਨ। ਇਹ ਤੱਥ ਵੀ ਹਨ ਕਿ 1/3 ਵੋਟਰਾਂ ਨੇ ਉਮੀਦਵਾਰ ਨੂੰ ਸਾਹਮਣੇ ਰੱਖ ਕੇ ਵੋਟ ਪਾਈ, ਕਿਸੇ ਸਿਆਸੀ ਪਾਰਟੀ ਪਾਰਟੀ ਨੂੰ ਨਹੀਂ। ਇਸੇ ਲੀਹ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਵਾਲਿਆਂ ਦੀ ਗਿਣਤੀ 42 ਫ਼ੀਸਦ ਸੀ। ਰਵਾਇਤੀ ਪਾਰਟੀਆਂ ਦੀ ਥਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਵਿਚ ਇਨ੍ਹਾਂ ਪਾਰਟੀਆਂ ਦੇ ਸਥਾਨਕ ਲੀਡਰਾਂ ਤੇ ਉਨ੍ਹਾਂ ਦੇ ਵਿਹਾਰ ਦੀ ਵੀ ਕਾਫ਼ੀ ਭੂਮਿਕਾ ਰਹੀ ਹੈ। ਇਸ ਵਰਤਾਰੇ ਨਾਲ ਕਾਂਗਰਸ ਤੇ ਅਕਾਲੀ ਦਲ ਦਾ ਤਕਰੀਬਨ 1/3 ਪੱਕਾ ਵੋਟ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਚਲਾ ਗਿਆ।
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਕਾਰਗੁਜ਼ਾਰੀ ਤੋਂ ਪਤਾ ਲਗਦਾ ਹੈ ਕਿ ਅਕਾਲੀ ਦਲ ਨੂੰ ਭਾਰੀ ਸਿਆਸੀ ਨੁਕਸਾਨ ਹੋਇਆ ਹੈ। ਤਿੰਨ ਦਹਾਕਿਆ ਵਿਚ ਪਹਿਲੀ ਵਾਰ ਹੈ ਕਿ ਬਾਦਲ ਖਾਨਦਾਨ ਦਾ ਕੋਈ ਵੀ ਮੈਂਬਰ ਵਿਧਾਨ ਸਭਾ ਵਿਚ ਨਹੀਂ ਪਹੁੰਚ ਸਕਿਆ। ਬਜ਼ੁਰਗ ਸਿਆਸਤਦਾਨ ਤੇ ਪੰਜ ਵਾਰੀ ਮੁੱਖ ਮੰਤਰੀ, ਸਾਬਕਾ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁਡੀਆਂ ਤੋਂ 11396 ਵੋਟਾਂ ਨਾਲ ਹਾਰ ਗਏ। ਇਸੇ ਤਰ੍ਹਾਂ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦਾ ਪ੍ਰਧਾਨ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਵਾਰਿਸ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਉਮੀਦਵਾਰ ਜਗਦੀਪ ਕੰਬੋਜ ਤੋਂ ਵੱਡੇ ਫ਼ਰਕ, ਭਾਵ 30930 ਵੋਟਾਂ ਨਾਲ ਹਾਰ ਗਏ। ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਤੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਆਪਣੇ ਜੱਦੀ ਹਲਕੇ ਪੱਟੀ ਤੋਂ ਵੱਡੇ ਫ਼ਰਕ ਨਾਲ ਹਾਰ ਗਏ। ਇਹ ਚੋਣਾਂ ਵਿਚ ਅਕਾਲੀ ਦਲ ਨੇ 97 ਤੇ ਬੀਐੱਸਪੀ ਨੇ 20 ਹਲਕਿਆਂ ਵਿਚੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ।
ਧਰਮ ਦੇ ਪੱਖ ਤੋਂ ਸਭ ਤੋਂ ਵੱਡੀ ਗਿਣਤੀ, ਭਾਵ ਕੁਲ ਸਿੱਖ ਵੋਟਰਾਂ ਦੇ 41 ਫ਼ੀਸਦ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਫ਼ਤਵਾ ਦਿੱਤਾ। ਸਿੱਖਾਂ ਦੀ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਗਠਜੋੜ ਨੂੰ ਕੇਵਲ 22 ਫ਼ੀਸਦ ਵੋਟਾਂ ਮਿਲੀਆਂ। ਕਾਂਗਰਸ ਵੀ ਅਕਾਲੀ ਦਲ ਨਾਲੋਂ 2 ਫ਼ੀਸਦ ਜਿ਼ਆਦਾ, 24 ਫ਼ੀਸਦ ਵੋਟਾਂ ਹੀ ਪ੍ਰਾਪਤ ਕਰ ਸਕੀ। ਬੀਜੇਪੀ ਅਤੇ ਇਸਦੇ ਭਾਈਵਾਲ ਕੁੱਲ ਹਿੰਦੂ ਵੋਟਰਾਂ ਦਾ ਸਿਰਫ਼ 14 ਫ਼ੀਸਦ ਹੀ ਲੈ ਸਕੇ। ਆਮ ਆਦਮੀ ਪਾਰਟੀ ਤੇ ਕਾਂਗਰਸ, ਦੋਹਾਂ ਨੂੰ ਇਸ ਭਾਈਚਾਰੇ ਦੀਆਂ 31-31 ਫ਼ੀਸਦ ਵੋਟ ਮਿਲੀਆਂ।
2017 ਵਿਚ ਅਕਾਲੀ-ਬੀਜੇਪੀ ਗੱਠਜੋੜ ਨੂੰ ਸਿੱਖਾਂ ਦੀਆਂ ਸਭ ਤੋਂ ਵੱਧ, ਭਾਵ ਕੁੱਲ ਵੋਟਾਂ ਦਾ 35 ਫ਼ੀਸਦ ਪ੍ਰਾਪਤ ਹੋਈਆਂ ਸਨ। ਕਾਂਗਰਸ 34 ਫ਼ੀਸਦ ਵੋਟਾਂ ਲੈ ਕੇ ਦੂਸਰੇ ਅਤੇ ਆਪ 27 ਫ਼ੀਸਦ ਵੋਟਾਂ ਲੈ ਕੇ ਤੀਸਰੇ ਨੰਬਰ ਤੇ ਸੀ। ਕਾਂਗਰਸ ਨੂੰ ਹਿੰਦੂ ਵੋਟਰਾਂ ਦਾ ਸਭ ਤੋਂ ਵੱਧ ਸਮਰਥਨ, ਭਾਵ ਕੁੱਲ ਵੋਟਰਾਂ ਦਾ 46 ਫ਼ੀਸਦ ਮਿਲਿਆ ਸੀ ਜਿਸ ਕਾਰਨ ਉਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ। ਇਸ ਤੋਂ ਇਲਾਵਾ ਅਕਾਲੀ-ਬੀਜੇਪੀ ਨੂੰ 18 ਤੇ ਆਮ ਆਦਮੀ ਪਾਰਟੀ ਨੂੰ 24 ਫ਼ੀਸਦ ਵੋਟ ਹਾਸਿਲ ਹੋਈ ਸੀ। ਇਨ੍ਹਾਂ ਦੋਹਾਂ ਚੋਣਾਂ ਵਿਚ ਵੋਟਾਂ ਪੈਣ ਦਾ ਵਰਤਾਰਾ ਰਵਾਇਤੀ ਸਿਆਸੀ ਪਾਰਟੀਆਂ ਦੀ ਸੋਚ ਨਾਲੋਂ ਬਿਲਕੁਲ ਵੱਖਰਾ ਹੈ।
ਐਤਕੀਂ ਮਾਲਵੇ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਪਿੱਛੇ ਕੁੱਲ ਸਿੱਖਾਂ ਦੇ 45 ਫ਼ੀਸਦ ਵੋਟਰਾਂ ਦਾ ਵੱਡਾ ਹੱਥ ਹੈ। ਇਸ ਭਾਈਚਾਰੇ ਦੀਆਂ ਅਕਾਲੀ ਦਲ ਦੇ ਗੱਠਜੋੜ ਨੂੰ 23 ਫ਼ੀਸਦ ਤੇ ਕਾਂਗਰਸ ਨੂੰ ਕੇਵਲ 18 ਫ਼ੀਸਦ ਹੀ ਵੋਟਾਂ ਮਿਲੀਆਂ। ਦੁਆਬੇ ਵਿਚ ਸਥਿਤੀ ਵੱਖਰੀ ਲਗਦੀ ਹੈ ਜਿੱਥੇ ਕਾਂਗਰਸ ਨੂੰ ਕੁੱਲ ਸਿੱਖ ਵੋਟਰਾਂ ਦਾ 39 ਫ਼ੀਸਦ, ਅਕਾਲੀ ਗੱਠਜੋੜ ਨੂੰ 12 ਫ਼ੀਸਦ ਅਤੇ ਆਪ ਨੂੰ 31 ਫ਼ੀਸਦ ਵੋਟ ਮਿਲੇ। ਇਸ ਵਾਰ ਆਮ ਆਦਮੀ ਪਾਰਟੀ ਨੇ ਮਾਝਾ ਖੇਤਰ ਜਿਸ ਨੂੰ ਪੰਥਕ ਖੇਤਰ ਕਿਹਾ ਜਾਂਦਾ ਹੈ, ਵਿਚ ਕਮਾਲ ਦੀ ਸਫ਼ਲਤਾ ਪ੍ਰਾਪਤ ਕੀਤੀ। ਇਸ ਪਾਰਟੀ ਨੂੰ ਇਥੇ ਕੁੱਲ ਸਿੱਖ ਵੋਟਰਾਂ ਦਾ 36 ਫ਼ੀਸਦ ਹਿੱਸਾ ਮਿਲਿਆ, ਕਾਂਗਰਸ ਨੂੰ 33 ਫ਼ੀਸਦ ਅਤੇ ਅਕਾਲੀ ਗਠਜੋੜ ਨੂੰ ਕੇਵਲ 23 ਫ਼ੀਸਦ। ਬੀਜੇਪੀ ਦਾ ਅਮਰਿੰਦਰ ਸਿੰਘ ਤੇ ਸੰਯੁਕਤ ਅਕਾਲੀ ਦਲ (ਢੀਂਡਸਾ) ਨਾਲ ਗਠਜੋੜ ਸਿੱਖ ਵੋਟਾਂ ਪ੍ਰਾਪਤ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਇਸ ਗਠਜੋੜ ਨੂੰ ਮਾਲਵੇ ਵਿਚ ਕੁੱਲ ਸਿੱਖਾਂ ਦੀਆਂ 2%, ਦੁਆਬੇ ਵਿਚ 5% ਅਤੇ ਮਾਝੇ ਵਿਚ 3% ਵੋਟਾਂ ਮਿਲੀਆਂ।
ਦੁਆਬੇ ਵਿਚ ਕਾਂਗਰਸ ਨੂੰ ਹਿੰਦੂ ਭਾਈਚਾਰੇ ਦੀਆਂ ਸਭ ਤੋਂ ਵੱਧ 39% ਵੋਟਾਂ, ਮਾਝੇ ਵਿਚ 33% ਤੇ ਮਾਲਵੇ ਵਿਚ ਕੇਵਲ 18 ਫ਼ੀਸਦ ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਨੂੰ ਹਿੰਦੂ ਭਾਈਚਾਰੇ ਦੀਆਂ ਕੁੱਲ ਵੋਟਾਂ ਵਿਚੋਂ ਮਾਲਵੇ ਵਿਚ 33%, ਦੁਆਬੇ ਵਿਚ 26% ਤੇ ਮਾਝੇ ਵਿਚ 34% ਵੋਟਾਂ ਮਿਲੀਆਂ। ਅਕਾਲੀ ਦਲ ਗਠਜੋੜ ਦੇ ਹਿੱਸੇ ਮਾਲਵੇ ਵਿਚ 19%, ਦੁਆਬੇ ਵਿਚ 21% ਅਤੇ ਮਾਝੇ ਵਿਚ 11% ਵੋਟਾਂ ਪ੍ਰਾਪਤ ਹੋਈਆਂ। ਬੀਜੇਪੀ ਗਠਜੋੜ ਨੂੰ ਹਿੰਦੂ ਭਾਈਚਾਰੇ ਦੀਆਂ ਮਾਲਵੇ ਵਿਚ 16%, ਦੁਆਬੇ ਵਿਚ 12% ਵੋਟਾਂ ਹੀ ਮਿਲੀਆਂ। ਮਾਝੇ ਵਿਚ ਇਸ ਪਾਰਟੀ ਦੀਆਂ ਵੋਟਾਂ 14% ਸਨ ਜੋ ਅਕਾਲੀ ਦਲ ਗਠਜੋੜ ਨਾਲੋਂ 3% ਜਿ਼ਆਦਾ ਹਨ।
ਬੇਅਦਬੀ ਦਾ ਮੁੱਦਾ 2017 ਅਤੇ 2022 ਦੀਆਂ ਚੋਣਾਂ ਵਿਚ ਅਹਿਮ ਸੀ। ਅਕਾਲੀ ਦਲ (2017) ਤੇ ਕਾਂਗਰਸ (2022) ਦੀਆਂ ਸਰਕਾਰਾਂ ਵੱਲੋਂ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣ ਕਾਰਨ ਸਿੱਖ ਭਾਈਚਾਰੇ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ। 2022 ਦੀਆਂ ਚੋਣਾਂ ਵਿਚ ਕੁੱਲ ਸਿੱਖਾਂ ਦੇ 80 ਫ਼ੀਸਦ ਵੋਟਰਾਂ ਲਈ ਚੋਣ ਵਿਚ ਕਿਸੇ ਪਾਰਟੀ ਨੂੰ ਵੋਟ ਦੇਣ ਸਮੇਂ ਇਹ ਮੁੱਦਾ ਅਹਿਮ ਰਿਹਾ। ਹਿੰਦੂ ਵੋਟਰਾਂ ਦੇ 57% ਹਿੱਸੇ ਵਿਚ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਚਿੰਤਾ ਸੀ।
ਇਸ ਦੇ ਨਾਲ ਇੱਕ ਹੋਰ ਅਹਿਮ ਸਵਾਲ ਸੀ ਕਿ ‘ਕਿਹੜੀ ਪਾਰਟੀ ਤੁਹਾਡੇ ਧਰਮ ਦੇ ਹਿੱਤਾਂ ਦੀ ਰੱਖਿਆ ਕਰ ਸਕਦੀ ਹੈ?’ ਸਿੱਖਾਂ ਦੇ ਕੁੱਲ ਵੋਟਰਾਂ ਦੇ 36 ਫ਼ੀਸਦ ਹਿੱਸੇ ਦਾ ਜਵਾਬ ਆਮ ਆਦਮੀ ਪਾਰਟੀ ਸੀ। ਹਿੰਦੂ ਵੋਟਰਾਂ ਦੀ ਵੱਡੀ ਗਿਣਤੀ (29%) ਨੇ ਕਾਂਗਰਸ ਵਿਚ ਵਿਸ਼ਵਾਸ ਪ੍ਰਗਟ ਕੀਤਾ। ਦੱਸਣਾ ਬਣਦਾ ਹੈ ਕਿ ਸਿੱਖ ਧਰਮ ਦੇ ਸਨਮਾਨ ਦੀ ਰਾਖੀ ਕਰਨ ਵਿਚ ਨਾਕਾਮ ਰਹਿਣ ਤੇ ਕਾਂਗਰਸ ਪ੍ਰਤੀ ਸਿੱਖਾਂ ਦੀ ਭਾਵਨਾ ਅਕਾਲੀਆਂ (2017) ਜਿੰਨੀ ਸੀ। 2017 ਦੀ ਚੋਣਾਂ ਵਿਚ ਕੁੱਲ ਸਿੱਖਾਂ ਦੇ 53 ਫ਼ੀਸਦ ਵੋਟਰਾਂ ਨੇ ਉਸ ਸਮੇਂ ਦੀ ਅਕਾਲੀ ਦਲ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਸੀ ਅਤੇ 2022 ਵਿਚ ਅਜਿਹੇ ਵੋਟਰਾਂ ਦੀ ਗਿਣਤੀ 52 ਫ਼ੀਸਦ ਸੀ। ਸਿੱਖ ਵੋਟਰਾਂ ਦੇ 70 ਫ਼ੀਸਦ ਹਿੱਸੇ ਨੂੰ ਗੈਰ ਸਿੱਖ ਦੇ ਮੁੱਖ ਮੰਤਰੀ ਬਣਨ ਵਿਚ ਕੋਈ ਇਤਰਾਜ਼ ਨਹੀਂ ਸੀ। 2017 ਵਿਚ ਵੀ ਇਹੋ ਖਿਆਲ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਦਾ ਮੱਤ ਸੀ ਕਿ ਉਹ ਬੰਦਾ ਪੰਜਾਬ ਦਾ ਹੋਣਾ ਚਾਹੀਦਾ ਹੈ।
ਹੁਣ ਕਿਸਾਨ ਅੰਦਲੋਨ ਦੇ ਅਸਰ ਦੀ ਗੱਲ ਕਰਦੇ ਹਾਂ। ਆਮ ਆਦਮੀ ਪਾਰਟੀ ਦਾ ਮਾਲਵੇ ਵਿਚ ਸ਼ਾਨਦਾਰ ਪ੍ਰਦਰਸ਼ਨ ਤੇ ਦੂਸਰੇ ਖਿੱਤਿਆਂ ਵਿਚ ਵੱਡੀ ਜਿੱਤ ਵਿਚ ਇਸ ਪਾਰਟੀ ਨੂੰ ਕਿਸਾਨਾਂ ਦੇ ਵੱਡੇ ਹਿੱਸੇ ਦਾ ਸਮਰਥਨ ਪ੍ਰਾਪਤ ਹੋਣ ਦਾ ਅਸਰ ਦਿਸਦਾ ਹੈ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਹ ਪਾਰਟੀ ਭਾਵੇਂ ਸਿੱਧੇ ਤੌਰ ਤੇ ਕਿਸਾਨ ਸੰਘਰਸ਼ ਦਾ ਹਿੱਸਾ ਨਹੀਂ ਸੀ ਪਰ ਇਸ ਨੇ ਖ਼ਾਸਕਰ ਮਾਲਵੇ ਵਿਚ ਆਪਣੇ ਵਿਰੋਧੀਆਂ ਉੱਤੇ ਵੱਡੀ ਲੀਡ ਹਾਸਲ ਕਰ ਲਈ। ਅੰਕੜੇ ਦੱਸਦੇ ਹਨ ਕਿ ਪਾਰਟੀ ਨੂੰ ਕੁੱਲ ਕਿਸਾਨ ਵੋਟਰਾਂ ਦੀਆਂ 44 ਫ਼ੀਸਦ ਵੋਟਾਂ ਮਿਲੀਆਂ ਜੋ ਇਸ ਦੇ ਵੋਟ ਸ਼ੇਅਰ 42 ਫ਼ੀਸਦ ਤੋਂ 2 ਫ਼ੀਸਦ ਜਿ਼ਆਦਾ ਹੈ। ਇਸ ਨੂੰ ਗੈਰ ਖੇਤੀਬਾੜੀ ਵਾਲੇ ਵੋਟਰਾਂ ਦਾ ਵੀ ਵੱਡਾ ਸਮਰਥਨ ਮਿਲਿਆ। ਪਾਰਟੀ ਨੂੰ ਦੁਆਬੇ ਵਿਚ ਖੇਤੀਬਾੜੀ ਨਾਲ ਸਬੰਧਤ ਵੋਟਰਾਂ ਨਾਲੋਂ ਗੈਰ ਖੇਤੀਬਾੜੀ ਵਾਲੇ ਵੋਟਰਾਂ ਦੇ 6 ਫ਼ੀਸਦ ਵੱਧ ਵੋਟ ਮਿਲੇ ਹਨ। ਇਸ ਇਲਾਕੇ ਵਿਚ ਕਾਂਗਰਸ ਦਾ ਪ੍ਰਦਰਸ਼ਨ ਖੇਤੀਬਾੜੀ ਨਾਲ ਸਬੰਧਤ ਵੋਟਰਾਂ ਵਿਚ ਕਾਫ਼ੀ ਚੰਗਾ ਸੀ। ਇੱਥੇ ਅਕਾਲੀ ਗਠਜੋੜ ਨੇ ਵੀ ਕਿਸਾਨ ਭਾਈਚਾਰੇ ਦੀਆਂ ਵੋਟਾਂ ਦਾ ਵੱਡਾ ਹਿੱਸਾ ਲਿਆ। ਦੁਆਬੇ ਵਿਚ ਤਿੰਨਾਂ ਧਿਰਾਂ ਵਿਚ ਕਿਸਾਨੀ ਭਾਈਚਾਰੇ ਦੀ ਵੋਟਾਂ ਪ੍ਰਾਪਤ ਕਰਨ ਦਾ ਮੁਕਾਬਲਾ ਕਾਫ਼ੀ ਤਿੱਖਾ ਨਜ਼ਰ ਆਉਂਦਾ ਹੈ ਪਰ ਆਮ ਆਦਮੀ ਪਾਰਟੀ ਨੂੰ ਥੋੜ੍ਹੀ ਲੀਡ ਜ਼ਰੂਰ ਮਿਲੀ।
ਆਮ ਆਦਮੀ ਪਾਰਟੀ ਨੇ ਕਿਸਾਨ ਅੰਦਲੋਨ ਦਾ ਸਮਰਥਨ ਕਰਨ ਵਾਲੇ ਕਿਸਾਨ ਪਰਿਵਾਰਾਂ ਦੇ ਵੋਟਰਾਂ ਦੀਆਂ 84 ਫ਼ੀਸਦ ਵੋਟਾਂ ਪ੍ਰਾਪਤ ਕੀਤੀਆਂ। ਇਹ ਸਮਰਥਨ ਛੋਟੇ ਕਿਸਾਨਾਂ ਵਿਚ ਇਸ ਤੋਂ ਵੀ ਜਿ਼ਆਦਾ ਸੀ ਪਰ ਇਨ੍ਹਾਂ ਤਿੰਨਾਂ ਖੇਤਰਾਂ ਵਿਚ ਮਾਲਵਾ ਹੀ ਅਜਿਹਾ ਖੇਤਰ ਹੈ ਜਿੱਥੇ ਪਾਰਟੀ ਨੇ ਕਿਸਾਨ ਅੰਦਲੋਨ ਦਾ ਸਮਰਥਨ ਕਰਨ ਵਾਲੇ ਕਿਸਾਨ ਪਰਿਵਾਰਾਂ ਦੇ ਵੋਟਰਾਂ ਵਿਚ ਸਭ ਤੋਂ ਵੱਡੀ ਲੀਡ ਹਾਸਲ ਕੀਤੀ ਹੈ। ਦੁਆਬੇ ਵਿਚ ਇਸ ਨੂੰ ਦੂਸਰੇ ਖਿੱਤਿਆਂ ਵਾਂਗ ਜ਼ਿਆਦਾ ਸਮਰਥਨ ਨਹੀਂ ਮਿਲਿਆ। ਮਾਝੇ ਵਿਚ ਭਾਵੇਂ ਇਸ ਨੂੰ ਮਾਲਵੇ ਵਰਗੀ ਸਫ਼ਲਤਾ ਨਹੀਂ ਮਿਲੀ ਪਰ ਇਹ ਦੂਸਰੀ ਪਾਰਟੀਆਂ ਨਾਲੋਂ ਕਿਤੇ ਵੱਧ ਕਿਸਾਨ ਪਰਿਵਾਰਾਂ ਦਾ ਸਮਰਥਨ ਹਾਸਲ ਕਰਨ ਵਿਚ ਸਫਲ ਹੋਈ ਹੈ।
ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਹਰ ਵਰਗ ਅਤੇ ਖਿੱਤੇ ਦੇ ਲੋਕਾਂ ਦੀ ਪਸੰਦ ਬਣੀ ਹੈ। ਇਸ ਵਿਚ ਵੱਡਾ ਕਾਰਨ ਲੋਕਾਂ ਦੀ ਅਕਾਲੀ ਦਲ ਨਾਲ ਨਾਰਾਜ਼ਗੀ ਅਜੇ ਵੀ ਕਾਫ਼ੀ ਹੱਦ ਤੱਕ ਕਾਇਮ ਹੈ। ਬਹੁਤੇ ਵੋਟਰ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਅਤੇ ਸੂਬੇ ਅੰਦਰ ਫੈਲੀ ਅਫ਼ਰਾ-ਤਫ਼ਰੀ ਲਈ ਅਜੇ ਵੀ ਅਕਾਲੀ ਦਲ ਨੂੰ ਜ਼ਿੰਮੇਵਾਰ ਮੰਨਦੇ ਹਨ। ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦਾ ਕਾਰਨ ਵੋਟਰਾਂ ਦਾ ਇਨ੍ਹਾਂ ਰਵਾਇਤੀ ਪਾਰਟੀਆਂ ਖਿ਼ਲਾਫ਼ ਗੁੱਸਾ ਵੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਨੇ 2017 ਤੋਂ ਪਹਿਲਾਂ ਕੀਤੀਆਂ ਗਲਤੀਆਂ ਤੋਂ ਸਬਕ ਲੈ ਕੇ ਆਪਣੀਆਂ ਨੀਤੀਆਂ ਅਤੇ ਚੋਣ ਇੰਤਜ਼ਾਮ ਵਧੀਆ ਤਰੀਕੇ ਨਾਲ ਚਲਾਏ ਜਿਸ ਨਾਲ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ‘ਇਸ ਵਾਰੀ ਇਨ੍ਹਾਂ ਨੂੰ ਮੌਕਾ ਦੇ ਕੇ ਦੇਖ ਲੈਂਦੇ ਹਾਂ।’
*ਕੋਆਰਡੀਨੇਟਰ, ਸੈਂਟਰ ਫਾਰ ਆਲ ਇੰਡੀਆ ਕੰਪੀਟੀਟਿਵ ਐਗਜ਼ਾਮੀਨੇਸ਼ਨ, ਖ਼ਾਲਸਾ ਕਾਲਜ,ਅੰਮ੍ਰਿਤਸਰ ।
ਸੰਪਰਕ : 94170-75563