‘ਆਪ’ ਦੀ ਵੱਖਰੀ ਨੁਹਾਰ - ਸਵਰਾਜਬੀਰ
ਅਠ੍ਹਾਰਵੀਂ, ਉੱਨੀਵੀਂ ਤੇ ਵੀਹਵੀਂ ਸਦੀ ਵਿਚ ਬਸਤੀਵਾਦ ਨੇ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਸਿਆਸੀ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਨਕਸ਼ ਬਦਲ ਦਿੱਤੇ। ਅਠ੍ਹਾਰਵੀਂ ਸਦੀ ਦੇ ਅੱਧ ਵਿਚ ਇਸ ਭੂਗੋਲਿਕ ਖ਼ਿੱਤੇ ’ਤੇ ਨਜ਼ਰ ਮਾਰਦਿਆਂ ਉੱਤਰ ਭਾਰਤ ਵਿਚ ਟੁੱਟ ਰਹੀ ਮੁਗ਼ਲ ਬਾਦਸ਼ਾਹਤ, ਪੱਛਮ ਵਿਚ ਮਰਾਠਾ ਤਾਕਤ, ਦੱਖਣ ਵਿਚ ਨਿਜ਼ਾਮ ਹੈਦਰਾਬਾਦ ਤੇ ਉੱਭਰ ਰਿਹਾ ਹੈਦਰ ਅਲੀ, ਪੱਛਮੀ ਭਾਰਤ ਵਿਚ ਤਾਕਤਵਰ ਹੋ ਰਹੇ ਸਿੱਖ ਅਤੇ ਹੋਰ ਸੈਂਕੜੇ ਰਾਜੇ-ਰਜਵਾੜੇ ਨਜ਼ਰ ਆਉਂਦੇ ਹਨ। ਅੰਗਰੇਜ਼ਾਂ ਨੇ ਸਿਰਫ਼ ਇਨ੍ਹਾਂ ਤਾਕਤਾਂ ਨੂੰ ਹਰਾ ਕੇ ਬਸਤੀਵਾਦੀ ਨਿਜ਼ਾਮ ਕਾਇਮ ਕੀਤਾ ਜਿਸ ਦਾ ਮੁੱਖ ਕਾਰਜ ਇੰਗਲੈਂਡ ਦੀਆਂ ਸਰਮਾਏਦਾਰ ਅਤੇ ਕੁਲੀਨ ਜਮਾਤਾਂ ਨੂੰ ਹੋਰ ਅਮੀਰ ਕਰਨ ਦੇ ਨਾਲ ਨਾਲ ਇੰਗਲੈਂਡ ਦੇ ਅਰਥਚਾਰੇ ਨੂੰ ਮਜ਼ਬੂਤ ਕਰਨਾ ਸੀ।
ਬਸਤੀਵਾਦੀ ਨਿਜ਼ਾਮ ਨੂੰ ਕਾਇਮ ਕਰਨ ਲਈ ਅੰਗਰੇਜ਼ਾਂ ਨੇ ਇਕ ਮਜ਼ਬੂਤ ਕੇਂਦਰੀ ਸਰਕਾਰ, ਪ੍ਰਭਾਵਸ਼ਾਲੀ ਅਫ਼ਸਰਸ਼ਾਹੀ, ਰੇਲ ਤੇ ਸੰਚਾਰ (ਡਾਕਖਾਨੇ, ਟੈਲੀਗ੍ਰਾਮ, ਟੈਲੀਫੋਨ) ਪ੍ਰਬੰਧ, ਮੰਡੀਆਂ, ਅਦਾਲਤਾਂ, ਪੱਛਮੀ ਤੌਰ-ਤਰੀਕੇ ’ਤੇ ਬਣੀ ਥਲ ਸੈਨਾ, ਸੁਮੰਦਰੀ ਸੈਨਾ ਤੇ ਹਵਾਈ ਸੈਨਾ, ਪੁਲੀਸ ਪ੍ਰਬੰਧ, ਵਿੱਦਿਅਕ ਅਦਾਰਿਆਂ ਤੇ ਹੋਰ ਪ੍ਰਬੰਧਾਂ ਦਾ ਨਿਰਮਾਣ ਕੀਤਾ। ਭਾਰਤ ਦਾ ਇਕ ਵੱਡੀ ਸਿਆਸੀ ਇਕਾਈ ਦੇ ਰੂਪ ਵਿਚ ਗਠਨ ਕੀਤਾ ਗਿਆ ਜਿਸ ਵਿਚ ਬਹੁਤੇ ਸਿਆਸੀ, ਕਾਨੂੰਨੀ, ਤਕਨੀਕੀ, ਵਿੱਦਿਅਕ, ਆਰਥਿਕ ਕਾਰਜ ਮੁੱਖ ਤੌਰ ’ਤੇ ਪੱਛਮੀ ਆਧੁਨਿਕਤਾ ਦੇ ਆਧਾਰ ’ਤੇ ਹੁੰਦੇ ਸਨ। ਇਸ ਨਿਜ਼ਾਮ ਨੇ ਜਿੱਥੇ ਅੰਗਰੇਜ਼ ਸਾਮਰਾਜਵਾਦ ਦੇ ਹਿੱਤਾਂ ਦਾ ਪੱਖ ਪੂਰਿਆ, ਉੱਥੇ ਇਸ ਭੂਗੋਲਿਕ ਖ਼ਿੱਤੇ ਵਿਚ ਰਹਿੰਦੇ ਲੋਕਾਂ ਦੇ ਸੋਚਣ-ਸਮਝਣ ਦੇ ਤਰੀਕਿਆਂ, ਰਾਜ-ਪ੍ਰਬੰਧ, ਆਰਥਿਕਤਾ, ਕਾਨੂੰਨੀ ਢਾਂਚੇ, ਵਿੱਦਿਆ ਪ੍ਰਾਪਤੀ ਦੇ ਤਰੀਕਿਆਂ ਅਤੇ ਹੋਰ ਖੇਤਰਾਂ ਵਿਚ ਵੱਡੀਆਂ ਤਬਦੀਲੀਆਂ ਲਿਆਂਦੀਆਂ। ਇਹ ਨਹੀਂ ਕਿ ਪੁਰਾਣੀ ਜੀਵਨ-ਜਾਚ ਅਤੇ ਸੋਚ-ਸਮਝ ਦੇ ਸੰਸਾਰ ਖ਼ਤਮ ਹੋ ਗਏ ਪਰ ਇਨ੍ਹਾਂ ਤਬਦੀਲੀਆਂ ਦੇ ਪਸਾਰ ਏਨੇ ਵੱਡੇ ਸਨ ਕਿ ਆਜ਼ਾਦੀ ਮਿਲਣ ਤੋਂ ਬਾਅਦ ਸਾਨੂੰ ਲਗਭਗ ਉਨ੍ਹਾਂ ਹੀ ਜੀਵਨ-ਲੀਹਾਂ ’ਤੇ ਚੱਲਣਾ ਪਿਆ ਜਿਹੜੀਆਂ ਬਸਤੀਵਾਦ ਨੇ ਤੈਅ ਕੀਤੀਆਂ ਸਨ। ਬਸਤੀਵਾਦੀ ਨੀਤੀਆਂ ਤੇ ਸਾਡੀ ਧਾਰਮਿਕ ਕੱਟੜਤਾ ਨੇ ਇਹ ਫ਼ੈਸਲਾ ਵੀ ਕੀਤਾ ਕਿ ਆਜ਼ਾਦੀ ਤਾਂ ਮਿਲੇਗੀ ਪਰ ਦੇਸ਼ ਧਰਮ ਦੇ ਆਧਾਰ ’ਤੇ ਵੰਡਿਆ ਜਾਵੇਗਾ। ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਤਾਂ ਹੋਵਾਂਗੇ ਪਰ ਧਾਰਮਿਕ ਕੱਟੜਤਾ ਦੇ ਗ਼ੁਲਾਮ ਹੋ ਜਾਵਾਂਗੇ।
ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਪ੍ਰਾਪਤੀ ਤੇਜ਼ੀ ਨਾਲ ਸੰਵਿਧਾਨ ਤਿਆਰ ਕਰਨਾ ਅਤੇ ਜਮਹੂਰੀ ਪ੍ਰਕਿਰਿਆ ਨੂੰ ਅਪਣਾਉਣਾ ਸੀ। ਇਸ ਦੇ ਨਾਲ ਨਾਲ ਜਨਤਕ ਖੇਤਰ ਵਿਚ ਸਨਅਤਾਂ, ਸਿੱਖਿਆ, ਸਿਹਤ, ਟਰਾਂਸਪੋਰਟ (ਰੇਲ, ਸੜਕਾਂ, ਬੱਸਾਂ ਆਦਿ), ਸੰਚਾਰ (ਪੋਸਟ ਆਫਿਸ, ਟੈਲੀਫੋਨ) ਆਦਿ ਨੂੰ ਹੋਰ ਪਹਿਲ ਦੇਣ ਨਾਲ ਦੇਸ਼ ਵਿਚ ਜਮਹੂਰੀਅਤ ਮਜ਼ਬੂਤ ਹੋਈ ਅਤੇ ਰਾਜ-ਪ੍ਰਬੰਧ ਦੇ ਨਵੇਂ ਮਿਆਰ ਕਾਇਮ ਹੋਣ ਲੱਗੇ। ਉਸ ਵੇਲੇ ਕਾਂਗਰਸ, ਸੋਸ਼ਲਿਸਟ, ਕਮਿਊਨਿਸਟ ਤੇ ਖੇਤਰੀ ਪਾਰਟੀਆਂ ਅਤੇ ਜਨਸੰਘ ਲੋਕ ਸਭਾ ਤੇ ਵਿਧਾਨ ਸਭਾਵਾਂ ਵਿਚ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਸਨ ਪਰ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਕਾਂਗਰਸ ਸੀ। ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ 1957 ਵਿਚ ਕੇਰਲ ਵਿਚ ਦੁਨੀਆ ਦੀ ਪਹਿਲੀ ਚੁਣੀ ਹੋਈ ਕਮਿਊਨਿਸਟ ਸਰਕਾਰ ਬਣਾਈ ਅਤੇ ਬਾਅਦ ਵਿਚ ਸੀਪੀਐੱਮ ਨੇ 1970ਵਿਆਂ ਵਿਚ ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਿਚ ਸੱਤਾ ਹਾਸਲ ਕੀਤੀ।
1967 ਵਿਚ ਕਾਂਗਰਸ ਦਾ ਸ਼ੀਰਾਜ਼ਾ ਬਿਖਰਨਾ ਸ਼ੁਰੂ ਹੋਇਆ ਅਤੇ ਕਈ ਸੂਬਿਆਂ ਵਿਚ ਗ਼ੈਰ-ਕਾਂਗਰਸੀ ਸਰਕਾਰਾਂ ਬਣੀਆਂ। 1977 ਵਿਚ ਪਹਿਲੀ ਵਾਰ ਕੇਂਦਰ ਵਿਚ ਗ਼ੈਰ-ਕਾਂਗਰਸੀ ਸਰਕਾਰ ਬਣੀ ਜਿਸ ਵਿਚ ਪੁਰਾਣੀ ਜਨਸੰਘ ਦੇ ਪ੍ਰਤੀਨਿਧ ਅਟੱਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਮੰਤਰੀ ਬਣੇ। ਜਨਸੰਘ 1980 ਵਿਚ ਭਾਰਤੀ ਜਨਤਾ ਪਾਰਟੀ ਬਣੀ ਅਤੇ ਇਸ ਨੇ 2014 ਵਿਚ ਕੇਂਦਰ ਵਿਚ ਸੱਤਾ ਹਾਸਲ ਕੀਤੀ। ਉਸ ਤੋਂ ਪਹਿਲਾਂ ਭਾਜਪਾ ਕਈ ਸੂਬਿਆਂ (ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਰਾਜਸਥਾਨ ਆਦਿ) ਵਿਚ ਕਈ ਵਾਰ ਜੇਤੂ ਹੋ ਚੁੱਕੀ ਸੀ। ਇਸ ਵੇਲੇ ਭਾਜਪਾ ਹੀ ਦੇਸ਼ ਦੀ ਸਭ ਤੋਂ ਤਾਕਤਵਰ ਸੰਗਠਿਤ ਤਾਕਤ ਹੈ। 1970ਵਿਆਂ ਅਤੇ ਬਾਅਦ ਦੇ ਦਹਾਕਿਆਂ ਵਿਚ ਸਿਆਸੀ ਜਮਾਤ ਦਾ ਵੱਡੇ ਪੱਧਰ ’ਤੇ ਪਤਨ ਹੋਇਆ ਅਤੇ ਸਿਆਸੀ ਆਗੂ ਪਰਿਵਾਰਵਾਦ, ਰਿਸ਼ਵਤਖੋਰੀ, ਦਲ ਬਦਲੀ ਅਤੇ ਧਨ ਤੇ ਸੱਤਾ ਦੇ ਲੋਭ ਵਿਚ ਗ੍ਰਸੇ ਗਏ।
ਇਨ੍ਹਾਂ ਸਮਿਆਂ ਵਿਚ ਦੇਸ਼ ਦੇ ਰਾਜ-ਪ੍ਰਬੰਧ ਦੇ ਸਭ ਖੇਤਰਾਂ ਪਾਣੀ, ਬਿਜਲੀ, ਵਿੱਦਿਆ, ਸਿਹਤ, ਪੁਲੀਸ, ਸੰਚਾਰ, ਟਰਾਂਸਪੋਰਟ, ਭੋਇੰ-ਪ੍ਰਬੰਧ ਤੇ ਹੋਰ ਖੇਤਰਾਂ ਵਿਚ ਤਾਕਤਵਰ ਅਫ਼ਸਰਸ਼ਾਹੀ ਹੋਂਦ ਵਿਚ ਆਈ। ਸਿਆਸੀ ਆਗੂਆਂ ਦੇ ਨਾਲ ਨਾਲ ਦੇਸ਼ ਦੇ ਰਾਜ-ਪ੍ਰਬੰਧ ਦੀ ਵਾਗਡੋਰ ਆਈਏਐੱਸ, ਆਈਪੀਐੱਸ ਅਫ਼ਸਰਾਂ ਦੇ ਹੱਥ ਵਿਚ ਸੀ ਜੋ ਹਰ ਸਿਆਸੀ ਪਾਰਟੀ ਨਾਲ ਸਮਝੌਤਾ ਕਰਨ ਵਿਚ ਮਾਹਿਰ ਸਨ/ਹਨ। ਵੱਡੀਆਂ ਅਤੇ ਛੋਟੀਆਂ ਅਫ਼ਸਰਸ਼ਾਹੀਆਂ ਵਿਚ ਜਿੱਥੇ ਸਮਰੱਥ ਅਫ਼ਸਰ, ਪ੍ਰਬੰਧਕ ਤੇ ਮਾਹਿਰ ਮੌਜੂਦ ਸਨ/ਹਨ, ਉੱਥੇ ਉਨ੍ਹਾਂ ਦੀ ਵੱਡੀ ਗਿਣਤੀ ਰਿਸ਼ਵਤਖੋਰੀ, ਆਲਸ ਤੇ ਕੰਮਚੋਰੀ ਦਾ ਸ਼ਿਕਾਰ ਹੋਈ। ਇਸ ਜਮਾਤ ਨੇ ਆਮ ਲੋਕਾਂ ਦਾ ਤ੍ਰਿਸਕਾਰ ਕਰਦਿਆਂ ਸਿਆਸੀ ਜਮਾਤ ਨਾਲ ਮਿਲ ਕੇ ਆਪਣੇ ਆਪ ਨੂੰ ਮਾਲੋ-ਮਾਲ ਵੀ ਕੀਤਾ। ਇਸੇ ਜਮਾਤ ਨੇ ਪੱਛਮੀ ਬੰਗਾਲ ਤੇ ਤ੍ਰਿਪੁਰਾ ਵਿਚ ਸੀਪੀਐੱਮ ਦੀਆਂ ਸਰਕਾਰਾਂ ਨੂੰ ਲੋਕ-ਵਿਰੋਧੀ ਬਣਾ ਕੇ ਪਾਰਟੀ ਨੂੰ ਖੋਖਲੀ ਤੇ ਕਮਜ਼ੋਰ ਕਰ ਦਿੱਤਾ।
ਇਨ੍ਹਾਂ ਹੀ ਸਮਿਆਂ ਵਿਚ ਦੇਸ਼ ਦੇ ਉਚੇਰੀ ਤਕਨੀਕੀ ਵਿੱਦਿਆ ਦੇ ਅਦਾਰਿਆਂ (ਖ਼ਾਸ ਕਰਕੇ ਆਈਆਈਟੀਜ਼, ਆਈਆਈਐੱਮਜ਼, ਮੈਡੀਕਲ ਕਾਲਜਾਂ ਤੇ ਹੋਰ ਤਕਨੀਕੀ ਅਦਾਰਿਆਂ) ਵਿਚ ਇਕ ਅਜਿਹੀ ਤਕਨੀਕੀ-ਮੈਨੇਜੀਰੀਅਲ ਜਮਾਤ ਜਨਮੀ ਤੇ ਪਣਪੀ ਜਿਸ ਦੀ ਤਕਨੀਕੀ ਸਮਝ ਉੱਚ-ਪੱਧਰ ਦੀ ਸੀ। ਭਾਵੇਂ ਇਸ ਜਮਾਤ ਵਿਚ ਸਮਾਜ ਦੇ ਕੁਲੀਨ ਤੇ ਵੱਡੇ ਸਾਧਨਾਂ ਵਾਲੇ ਲੋਕਾਂ ਦੀ ਨੁਮਾਇੰਦਗੀ ਵੀ ਸੀ ਪਰ ਇਹ ਜਮਾਤ ਆਪਣੇ ਬਿਹਤਰ ਗਿਆਨ ਤੇ ਸੂਝ-ਸਮਝ ਕਾਰਨ ਇਕ ਵੱਖਰੀ ਤੇ ਮੈਰਿਟ-ਆਧਾਰਿਤ ਜਮਾਤ ਹੋਣ ਦਾ ਦਾਅਵਾ ਕਰਦੀ ਹੈ। ਇਹ ਨਹੀਂ ਕਿ ਇਹ ਜਮਾਤ ਕੋਈ ਇਕਸੁਰ ਹੋਈ ਇਕਸਾਰ ਜਮਾਤ ਹੈ, ਇਸ ਦੇ ਕਈ ਹਿੱਸੇ ਅਤੇ ਉਨ੍ਹਾਂ ਵਿਚ ਕਈ ਵਖਰੇਵੇਂ ਹਨ : ਇਸ ਜਮਾਤ ਦਾ ਇਕ ਹਿੱਸਾ ਵੱਡੀ ਸਰਮਾਏਦਾਰੀ ਦਾ ਭਾਈਵਾਲ ਬਣਦਾ ਤੇ ਬਹੁਤ ਵੱਡੀਆਂ ਤਨਖ਼ਾਹਾਂ ਅਤੇ ਕਾਰੋਬਾਰਾਂ ਵਿਚ ਹਿੱਸੇਦਾਰੀ ਹਾਸਲ ਕਰਦਾ ਹੈ, ਇਕ ਹਿੱਸਾ ਮੈਰਿਟ ’ਤੇ ਆਧਾਰਿਤ ਤਰੱਕੀ ਨੂੰ ਨਿੱਜੀ ਜੀਵਨ ਦੀ ਪ੍ਰਾਪਤੀ ਸਮਝਦਾ ਬਾਕੀ ਦੇ ਸਮਾਜ ਤੋਂ ਦੂਰੀ ਰੱਖਦਿਆਂ ਉੱਚ ਮੱਧ-ਵਰਗ ਦੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ; ਇਕ ਹਿੱਸਾ ਸਮਾਜ ਅਤੇ ਰਾਜ-ਪ੍ਰਬੰਧ ਵਿਚ ਫੈਲੀ ਰਿਸ਼ਵਤਖੋਰੀ, ਬਦਇੰਤਜ਼ਾਮੀ ਅਤੇ ਹੋਰ ਅਨੈਤਿਕ ਵਰਤਾਰਿਆਂ ਨੂੰ ਆਲੋਚਨਾਤਮਕ ਨਜ਼ਰ ਨਾਲ ਵੇਖਦਿਆਂ ਇਹ ਮਹਿਸੂਸ ਕਰਦਾ ਹੈ ਕਿ ਉਹ (ਤਕਨੀਕੀ-ਮੈਨੇਜੀਰੀਅਲ ਜਮਾਤ ਦਾ ਇਹ ਹਿੱਸਾ) ਆਪਣੀ ਬਿਹਤਰ ਵਿੱਦਿਆ ਅਤੇ ਤਕਨੀਕੀ ਤੇ ਪ੍ਰਬੰਧਕ ਸਮਝ ਕਾਰਨ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ। ਆਮ ਆਦਮੀ ਪਾਰਟੀ ਨਵੀਂ ਤਕਨੀਕੀ-ਮੈਨੇਜੀਰੀਅਲ ਜਮਾਤ ਦੇ ਇਸੇ ਹਿੱਸੇ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਹਿੱਸਾ ‘ਆਪ’ ਦਾ ਕੇਂਦਰੀ ਧੁਰਾ ਹੈ। ਪੰਜਾਬ ਦੀ ਸਿਆਸੀ ਜਮਾਤ ਵਿਚ ਆਈ ਤਬਦੀਲੀ ਪ੍ਰਤੱਖ ਦਿਖਾਈ ਦਿੰਦੀ ਹੈ ਕਿਉਂਕਿ ‘ਆਪ’ ਵਿਚ ਕਈ ਦਹਾਕਿਆਂ ਤੋਂ ਕਾਬਜ਼ ਰਹੀ ਧਨਾਢ ਕਿਸਾਨੀ ਜਾਤ-ਜਮਾਤ ਉਸ ਰੂਪ ਵਿਚ ਮੌਜੂਦ ਨਹੀਂ ਜਿਵੇਂ ਕਾਂਗਰਸ ਤੇ ਅਕਾਲੀ ਦਲ ਵਿਚ ਹੈ। ‘ਆਪ’ ਨੇ ਦਿੱਲੀ ਵਿਚ ਕਾਂਗਰਸ ਦੇ ਸਿਆਸੀ ਆਧਾਰ ਅਤੇ ਪੰਜਾਬ ਵਿਚ ਕਾਂਗਰਸ ਤੇ ਅਕਾਲੀ ਦਲ ਦੇ ਸਿਆਸੀ ਆਧਾਰ ’ਤੇ ਕਬਜ਼ਾ ਕੀਤਾ ਹੈ।
ਹਰ ਸਿਆਸੀ ਪਾਰਟੀ ਆਪਣੇ ਸਾਹਮਣੇ ਕੁਝ ਟੀਚੇ ਰੱਖਦੀ ਅਤੇ ਉਨ੍ਹਾਂ ਨੂੰ ਪੂਰੇ ਕਰਨਾ ਲੋਚਦੀ ਹੈ। ਕਾਂਗਰਸ ਆਜ਼ਾਦੀ ਸੰਘਰਸ਼ ਦੀ ਮੂਹਰਲੀ ਸਿਆਸੀ ਪਾਰਟੀ ਹੋਣ ਅਤੇ ਨਹਿਰੂਵਾਦੀ ਵਿਚਾਰਧਾਰਕ ਪਿਛੋਕੜ ਕਾਰਨ ਧਰਮ ਨਿਰਪੱਖਤਾ ਅਤੇ ਜਨਤਕ ਅਦਾਰਿਆਂ ਨੂੰ ਪਹਿਲ ਦੇਣ ਦੀਆਂ ਨੀਤੀਆਂ ’ਤੇ ਕੰਮ ਕਰਦੀ ਰਹੀ ਹੈ। ਪਰਿਵਾਰਵਾਦ, ਕਾਂਗਰਸੀ ਸਰਕਾਰਾਂ ਵਿਚਲੀ ਰਿਸ਼ਵਤਖੋਰੀ ਅਤੇ ਬਦਇੰਤਜ਼ਾਮੀ ਨੇ ਪਾਰਟੀ ਦੇ ਸਿਆਸੀ ਆਧਾਰ ਨੂੰ ਖ਼ੋਰਾ ਲਗਾਇਆ ਹੈ ਅਤੇ ਉਹ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ। ਭਾਜਪਾ ਹਿੰਦੂ ਧਰਮ ਦੀ ਸਰਬ-ਸ੍ਰੇਸ਼ਠਤਾ, ਪੁਰਾਤਨ ਭਾਰਤ ਦੀ ਸਰਬਉੱਚਤਾ, ਵਿਕਾਸ ਅਤੇ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨੇ ’ਤੇ ਰੱਖਣ ਦੀਆਂ ਨੀਤੀਆਂ ’ਤੇ ਕੰਮ ਕਰਦੀ ਹੋਈ ਇਕ ਦ੍ਰਿੜ੍ਹ, ਸਥਿਰ ਤੇ ਬਲਵਾਨ ਬਿਰਤਾਂਤ ਬਣਾਉਣ ਵਿਚ ਕਾਮਯਾਬ ਹੋਈ ਹੈ, ਸਮਾਜ ਨੂੰ ਜਾਤੀ ਤੇ ਧਾਰਮਿਕ ਆਧਾਰ ’ਤੇ ਵੰਡ ਕੇ ਵੋਟਾਂ ਪ੍ਰਾਪਤ ਕਰਨੀਆਂ ਉਸ ਦੀ ਸਿਆਸਤ ਦੀ ਧੁਰੀ ਹੈ, ਉਹ ਕਾਰਪੋਰੇਟ ਸੰਸਾਰ ਨੂੰ ਵੱਡੇ ਫ਼ਾਇਦੇ ਪਹੁੰਚਾਉਣ ਅਤੇ ਆਪਣੇ ਸਿਆਸੀ ਟੀਚਿਆਂ ਵੱਲ ਵਧਣ ਵਿਚ ਸਫ਼ਲ ਹੋਈ ਹੈ।
‘ਆਪ’ ਆਪਣੇ ਸਾਹਮਣੇ ਰਿਸ਼ਵਤਖੋਰੀ ਨੂੰ ਖ਼ਤਮ ਕਰਨ, ਸਿਹਤ, ਵਿੱਦਿਆ, ਪਾਣੀ, ਬਿਜਲੀ ਤੇ ਹੋਰ ਖੇਤਰਾਂ ਵਿਚ ਪ੍ਰਸ਼ਾਸਨਿਕ ਤੇ ਬਣਤਰੀ ਪੱਧਰ ਦੇ ਸੁਧਾਰ ਕਰਨ ਨੂੰ ਆਪਣੇ ਟੀਚੇ ਮਿੱਥਦੀ ਹੈ। ਭਾਰਤ ਵਿਚ ਪ੍ਰਸ਼ਾਸਨ ਤੇ ਰਾਜ-ਪ੍ਰਬੰਧ ਦਾ ਪਤਨ ਏਨੀ ਵੱਡੀ ਪੱਧਰ ਦਾ ਹੈ ਕਿ ਲੋਕਾਂ ਵਾਸਤੇ ਇਨ੍ਹਾਂ ਟੀਚਿਆਂ ਦਾ ਮਹੱਤਵ ਬਹੁਤ ਜ਼ਿਆਦਾ ਹੈ। ਸੱਭਿਆਚਾਰ, ਭਾਸ਼ਾਈ ਅਤੇ ਖੇਤਰੀ ਆਸਾਂ-ਉਮੀਦਾਂ ਦੇ ਸੰਸਾਰ ਗੌਣ ਹੋ ਚੁੱਕੇ ਹਨ, ‘ਆਪ’ ਦੀ ਇਨ੍ਹਾਂ ਖੇਤਰਾਂ ਪ੍ਰਤੀ ਕੋਈ ਪ੍ਰਤੀਬੱਧਤਾ ਵੀ ਦਿਖਾਈ ਨਹੀਂ ਦਿੰਦੀ। ਇਸ ਨਵੀਂ ਪਾਰਟੀ ਦੀ ਨੁਹਾਰ ਰਵਾਇਤੀ ਪਾਰਟੀਆਂ ਦੇ ਵਿਚਾਰਧਾਰਾ ਆਧਾਰਿਤ ਹੋਣ ਦੇ ਢਾਂਚੇ ਨਾਲੋਂ ਵੱਖਰੀ ਹੈ। ‘ਆਪ’ ਦੀ ਵਿਚਾਰਧਾਰਾ ‘ਵਿਚਾਰਧਾਰਾ ਤੋਂ ਕਿਨਾਰਾ ਕਰਨਾ’ ਹੈ।
ਪੰਜਾਬ ਵਿਚ ਵਿੱਦਿਆ, ਸਿਹਤ, ਬਿਜਲੀ, ਪਾਣੀ, ਭੋਇੰ-ਪ੍ਰਬੰਧ ਅਤੇ ਹੋਰ ਖੇਤਰਾਂ ਵਿਚ ਆਈ ਅਧੋਗਤੀ ਨੇ ਲੋਕਾਂ ਦੇ ਵੱਡੇ ਹਿੱਸੇ ਨੂੰ ਨਿਰਾਸ਼ਤਾ ਦੀ ਖੱਡ ਵਿਚ ਧੱਕ ਦਿੱਤਾ ਹੈ, ਮਾਫ਼ੀਆ-ਰਾਜ, ਦਫ਼ਤਰਾਂ, ਥਾਣਿਆਂ, ਹਸਪਤਾਲਾਂ ਵਿਚ ਲੋਕਾਂ ਨਾਲ ਹੁੰਦੀ ਬਦਸਲੂਕੀ ਤੇ ਨਸ਼ਿਆਂ ਦੇ ਫੈਲਾਉ ਅਤੇ ਸੱਤਾਸ਼ੀਲ ਪਰਿਵਾਰਾਂ ਦੀ ਧੌਂਸ ਨੇ ਇਸ ਨਿਰਾਸ਼ਾ ਨੂੰ ਹੋਰ ਵਧਾਇਆ ਅਤੇ ਪੰਜਾਬੀਆਂ ਦੇ ਸ੍ਵੈ-ਮਾਣ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੜ੍ਹਿਆਂ-ਲਿਖਿਆਂ ਦੀ ਇਸ ਪਾਰਟੀ ਤੋਂ ਪੰਜਾਬੀਆਂ ਦੀਆਂ ਆਸਾਂ ਸਪੱਸ਼ਟ ਹਨ। ‘ਆਪ’ ਨੇ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਅਤੇ ਰਾਜ-ਪ੍ਰਬੰਧ ਦੇ ਹਰ ਖੇਤਰ ਵਿਚ ਵਧੀਆ ਸ਼ਾਸਨ ਦੇਣ ਦੇ ਵਾਅਦੇ ਕੀਤੇ ਹਨ। ਜੇ ਹਾਲ ਦੀ ਘੜੀ ਪੰਜਾਬ ਦੇ ਸੱਭਿਆਚਾਰਕ, ਭਾਸ਼ਾਈ, ਖੇਤਰੀ ਅਤੇ ਸਮਾਜਿਕ ਏਜੰਡਿਆਂ ਨੂੰ ਇਕ ਪਾਸੇ ਵੀ ਰੱਖ ਦਿੱਤਾ ਜਾਏ ਤਾਂ ਵਿੱਦਿਆ, ਸਿਹਤ, ਭੋਇੰ-ਪ੍ਰਬੰਧ, ਖਣਨ ਤੇ ਹੋਰ ਖੇਤਰਾਂ ’ਤੇ ਕਾਬਜ਼ ਹੋ ਚੁੱਕੀਆਂ ਛੋਟੀਆਂ ਅਤੇ ਵੱਡੀਆਂ ਅਫ਼ਸਰਸ਼ਾਹੀਆਂ ਤੇ ਮਾਫ਼ੀਏ ਦੀ ਜਕੜ ਨੂੰ ਤੋੜਨਾ ਆਪਣੇ ਆਪ ਵਿਚ ਇਕ ਵੱਡਾ ਕਾਰਜ ਹੈ। ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਏਨੀ ਵੱਡੀ ਜਿੱਤ ਇਸੇ ਲਈ ਦਿਵਾਈ ਹੈ ਕਿ ਉਹ ਇਨ੍ਹਾਂ ਸਭ ਖੇਤਰਾਂ ਵਿਚ ਸੁਧਾਰ ਹੁੰਦਾ ਦੇਖਣਾ ਚਾਹੁੰਦੇ ਹਨ। ‘ਆਪ’ ਦੇ ਸਾਹਮਣੇ ਟੀਚੇ ਤੇ ਕਾਰਜ ਸਪੱਸ਼ਟ ਹਨ ਪਰ ਉਨ੍ਹਾਂ ਤਕ ਪਹੁੰਚਣ ਦਾ ਰਾਹ-ਰਸਤਾ ਬਹੁਤ ਬਿਖਮ ਤੇ ਗੁੰਝਲਦਾਰ ਹੈ।