ਇੱਕ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਦੇ ਨਾਮ  - ਬਘੇਲ ਸਿੰਘ ਧਾਲੀਵਾਲ

 ਭਗਵੰਤ ਸਿਆਂ ਜਿਹੜਾ ਰਾਹ ਤੂੰ ਚੁਣਿਆ,ਉਹ ਕੰਡਿਆਂ ਦੀ ਸੇਜ ਹੈ

ਸੰਭਲਕੇ ਭਰਾਵਾ ! ਰਾਜ-ਸੱਤਾ ਕੰਡਿਆਂ ਦੀ ਸੇਜ ਹੈ। ਖਾਸ ਕਰਕੇ ਪੰਜਾਬ ਦੀ ਸੱਤਾ ਕਦੇ ਵੀ ਪੰਜਾਬ ਪੱਖੀ ਜਾਂ ਲੋਕਪੱਖੀ  ਨਹੀ ਰਹੀ।ਇੱਥੇ ਰਾਜ ਕਰਨ ਵਾਲੇ ਲੋਕ ਭਵਨਾਵਾਂ ਦੇ ਕਾਤਲ ਹੀ ਸਿੱਧ ਹੁੰਦੇ ਰਹੇ ਨੇ। ਪੰਜਾਬ ਦੇ ਲੋਕਾਂ ਤੋ ਤਾਕਤ ਲੈ ਕੇ ਭੁਗਤਦੇ ਦਿੱਲੀ ਦੇ ਪੱਖ ਚ ਰਹੇ ਹਨ। ਲੋਕਾਂ ਨੇ ਇਸ ਵਾਰ ਬੜੀ ਸ਼ਿੱਦਤ ਨਾਲ ਤੁਹਾਡੀ ਪਾਰਟੀ ਨੂੰ ਇਸ ਕਰਕੇ ਚੁਣਿਆ,ਕਿਉਂਕਿ ਹੁਣ ਤੱਕ ਰਾਜ ਕਰਦੀਆਂ ਧਿਰਾਂ ਲੋਕਾਂ ਨਾਲ ਧੋਖਾ ਕਰਦੀਆਂ ਰਹੀਆਂ ਹਨ।ਉਹਨਾਂ ਦੀ ਕਹਿਣੀ ਤੇ ਕਰਨੀ ਚ ਜਮੀਨ ਅਸਮਾਂਨ ਜਿੰਨਾਂ ਅੰਤਰ ਰਿਹਾ ਹੈ। ਪੰਥ ਦੇ ਨਾਮ ਤੇ ਸਾਰੀ ਉਮਰ ਸਿਆਸਤ ਕਰਨ ਵਾਲੇ ਅਤੇ ਰਾਜ ਭਾਗ ਮਾਨਣ ਵਾਲੇ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘੋਰ ਬੇਅਦਬੀਆਂ ਦੇ ਦੋਸ਼ੀ ਅਤੇ ਸਿੱਖ ਨੌਜਵਾਨ ਦੇ ਕਾਤਲ ਬਣ ਗਏ।ਪੰਜਾਬ ਦੇ ਲੋਕਾਂ ਨਾਲ ਇਸ ਤੋ ਵੱਡਾ ਧੋਖਾ ਹੋਰ ਕਿਹੜਾ ਹੋ ਸਕਦਾ ਹੈ ਕਿ ਗੁਟਕਾ ਸਾਹਿਬ ਦੀ ਕਸਮ ਖਾਣ ਵਾਲੇ ਦਿੱਲੀ ਨਾਲ ਜਾ ਰਲੇ।ਪੰਜਾਬ ਦੀ ਜੁਆਨੀ ਕਿਸੇ ਗਹਿਰੀ ਸਾਜਿਸ਼ ਤਹਿਤ ਨਸ਼ਿਆਂ ਵੱਲ ਧੱਕ ਦਿੱਤੀ ਗਈ।ਪੰਜਾਬ ਚ ਬਲ਼ਦੇ ਸਿਵਿਆਂ ਦੀ ਅੱਗ ਨੇ ਲੋਕਾਂ ਚ ਅਜਿਹਾ ਸਹਿਮ ਪੈਦਾ ਕਰ ਦਿੱਤਾ ਕਿ ਡਰੇ ਹੋਏ ਮਾਪਿਆਂ ਨੇ ਅਪਣੀ ਔਲਾਦ ਨੂੰ ਬਾਹਰਲੇ ਮੁਲਕਾਂ ਚ ਭੇਜਣ ਲਈ ਜਮੀਨਾਂ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ।ਲਿਹਾਜ਼ਾ ਬੁੱਢੇ ਮਾਪੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਇਕਲਾਪਾ ਕੱਟਣ ਵਿੱਚ ਖੁਸ਼ੀ ਅਨੁਭਵ ਕਰਨ ਦੇ ਆਦੀ ਬਣ ਗਏ।ਪੰਜਾਬ ਸੁੰਨ ਮ ਸੁੰਨਾ ਹੁੰਦਾ ਜਾ ਰਿਹਾ ਹੈ। ਲਗਾਤਾਰ 15 ਸਾਲਾਂ ਦੀ ਲੁੱਟ,ਕੁੱਟ ਅਤੇ ਧੋਖੇਵਾਜੀਆਂ ਦੇ ਸਤਾਏ ਪੰਜਾਬੀਆਂ ਨੇ ਆਖਿਰ ਤੁਹਾਡਾ ਝਾੜੂ ਫੜ ਲਿਆ ਅਤੇ ਬਾਕੀ ਰਵਾਇਤੀ ਪਾਰਟੀਆਂ ਹੱਥ ਮਲਦੀਆਂ ਰਹਿ ਗਈਆਂ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਹ ਸਭ ਈ ਵੀ ਐਮ ਦੀ ਮਿਹਰਬਾਨੀ ਹੈ,ਪਰ ਇਸ ਦੇ ਬਾਵਜੂਦ ਵੀ ਆਂਪਾ ਤੁਹਾਨੂੰ ਮਿਲੇ ਅਣ ਕਿਆਸੇ ਬਹੁਮਤ ਦਾ ਮੁੱਖ ਕਾਰਨ ਲੋਕਾਂ ਚ ਚਿਰੋਕਣੀ ਨਿਰਾਸਤਾ ਅਤੇ ਤੇਰੀ ਹਰਮਨ ਪਿਆਰਤਾ ਹੀ ਸਮਝਦੇ ਹਾਂ। ਆਂਮ ਆਦਮੀ ਪਾਰਟੀ ਕਿਉਂਕਿ ਤੇਰੀ ਹਰਮਨ ਪਿਆਰਤਾ ਕਾਰਨ ਐਨੀ ਵੱਡੀ ਜਿੱਤ ਦੀ ਦਾਅਵੇਦਾਰ ਬਣੀ ਹੈ,ਇਸ ਲਈ ਦਿੱਲ਼ੀ ਵਾਲਿਆਂ ਨੇ ਨਾ ਚਾਹੁੰਦਿਆਂ ਵੀ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ, ਪੰਜਾਬ ਦੀ ਇਹ ਤਰਾਸਦੀ ਹੈ ਕਿ ਦਿੱਲੀ ਨੇ ਪੰਜਾਬ ਨੂੰ ਆਪਣਾ ਕਦੇ ਵੀ ਨਹੀ ਸਮਝਿਆ।ਪਰ ਤੁਹਾਨੂੰ ਪੰਜਾਬ ਦੀ ਸੱਤਾ ਸੌਂਪਣ ਸਮੇ ਇੰਜ ਜਾਪਦਾ ਹੈ,ਜਿਵੇਂ ਤੁਹਾਡੇ ਕੋਲੋਂ ਪੰਜਾਬੀ ਕਹਾਬਤ ਮੁਤਾਬਿਕ ਪਹਿਲਾਂ ਆਨੋ ਆਨਾ ਮਨਾ ਕੇ ਹੀ ਸੱਤਾ ਦੀ ਵਾਂਗਡੋਰ ਸੌਂਪੀ ਹੋਵੇ। ਕਿਉਂਕਿ ਸੱਤਾ ਸੰਭਾਲਦਿਆਂ ਹੀ ਜਿਸਤਰਾਂ ਰਾਜ ਸਭਾ ਦੇ ਮੈਬਰਾਂ ਦੀ ਨਾਮਜਦਗੀ ਸਮੇ ਦਿੱਲੀ ਵਾਲਿਆਂ ਨੇ ਮਨ ਮਰਜੀ ਕੀਤੀ ਹੈ,ਉਹਦੇ ਤੋ ਅਜਿਹੇ ਕਿਆਫੇ ਲਾਏ ਜਾਣੇ ਸੁਭਾਵਿਕ ਹਨ। ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਆਪਣੇ ਚੰਡੀਗੜ ਦੌਰੇ ਸਮੇ ਜੋ ਚੰਡੀਗੜ ਤੋ ਵੀ ਪੰਜਾਬ ਦੇ ਹੱਕ ਖਤਮ ਕਰਨ ਵਾਲਾੳ ਕਾਰਨਾਮਾ ਕੀਤਾ ਹੈ,ਉਹਦੇ ਵਿੱਚ ਵੀ ਤੁਹਾਡੇ ਦਿੱਲੀ ਵਾਲੇ ਆਕਾ ਦੀ ਕੇਂਦਰ ਵਾਲੇ ਪਾਸੇ ਹੀ ਖੜਨ ਦੀ ਸੰਭਾਵਨਾ ਹੈ,ਅਜਿਹੇ ਵਿੱਚ ਵੀ ਪੰਜਾਬ ਦੇ ਲੋਕ ਤੁਹਾਡੇ ਵੱਲੋਂ ਕਿਸੇ ਵੱਡੇ ਫੈਸਲੇ ਦੀ ਆਸ ਲਾਈ ਬੈਠੇ ਹਨ।ਪੰਜਾਬੀ ਚਾਹੁੰਦੇ ਹਨ ਕਿ ਤੁਹਾਡੀ 92 ਵਿਧਾਇਕਾਂ ਵਾਲੀ ਸੱਤਾਧਾਰੀ ਪਾਰਟੀ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਮਤਾ ਪਾਸ ਕਰੇ।ਲੋਕ ਇਹ ਵੀ ਚਾਹੁੰਦੇ ਹਨ ਕਿ ਤੁਹਾਨੂੰ ਇਸ ਮਾਮਲੇ ਵਿੱਚ ਦਿੱਲੀ ਦੇ ਮੂੰਹ ਵੱਲ ਦੇਖਣਾ ਨਹੀ ਚਾਹੀਂਦਾ,ਬਲਕਿ ਪੰਜਾਬ ਪੱਖੀ ਫੈਸਲਾ ਲੈਂਦੇ ਹੋਏ ਮਤਾ ਪਾਸ ਕਰ ਦੇਣਾ ਚਾਹੀਦਾ ਹੈ,ਪਰ ਸਾਇਦ ਤੁਸੀ ਅਜਿਹਾ ਨਹੀ ਕਰ ਸਕੋਗੇ,ਕਿਉਂਕਿ ਜਿਸਤਰਾਂ ਦਾ ਤੁਹਾਡਾ ਪਾਰਟੀ ਪ੍ਰਧਾਨ ਦੇ ਗਲਤ ਫੈਸਲਿਆਂ  ਪ੍ਰਤੀ ਪਹਿਲਾਂ ਖਾਸਾ ਰਿਹਾ ਹੈ,ਉਹਦੇ ਮੁਤਾਬਿਕ ਤਾਂ ਤੁਹਾਡੇ ਤੋ ਅਜਿਹੀ ਕੋਈ ਉਮੀਦ ਦਿਖਾਈ ਨਹੀ ਦਿੰਦੀ,ਪਰ ਜੇਕਰ ਤੁਹਾਨੂੰ ਇਕ ਗੈਰਤਮੰਦ ਪੰਜਾਬੀ ਵਜੋਂ ਦੇਖਿਆ ਜਾਵੇ,ਅਤੇ ਤੁਹਾਡੇ ਕਰਕੇ ਮਿਲੇ ਤੁਹਾਡੀ ਪਾਰਟੀ ਨੂੰ ਲੋਕ ਫਤਬੇ ਦੇ ਸੰਦਰਭ ਚ ਦੇਖਿਆ ਜਾਵੇ,ਤਾਂ ਕਈ ਵਾਰ ਅਜਿਹਾ ਵੀ ਜਾਪਦਾ ਹੈ ਕਿ ਲੋਕ ਸੇਵਾ ਲਈ ਸਫਲ ਕਮੇਡੀਅਨ ਤੋ ਸਿਆਸਤ ਵਿੱਚ ਆਏ ਭਗਵੰਤ ਮਾਨ ਕੋਈ ਵੱਡਾ ਲੋਕ ਪੱਖੀ ਫੈਸਲਾ ਵੀ ਲੈ ਸਕਦੇ ਹਨ।ਜਦੋ ਇਹ ਕੰਡਿਆਂ ਦੀ ਸੇਜ ਤੇ ਬੈਠਣ ਦਾ ਰਾਸਤਾ ਚੁਣ ਹੀ ਲਿਆ ਹੈ,ਫਿਰ ਹਿੰਮਤ ਵੀ ਦਿਖਾਉਣੀ ਪਵੇਗੀ।ਸਿਆਣਿਆਂ ਦੀ ਕਹਾਬਤ ਹੈ ਕਿ ਚੰਗੇ ਗੁਣ ਤੋ ਦੁਸ਼ਮਣ ਤੋ ਵੀ ਲੈ ਲੈਣੇ ਚਾਹੀਦੇ ਹਨ,ਇਸ ਲਈ ਆਪਣੇ ਲੋਕਾਂ ਨਾਲ ਖੜ੍ਹਨ ਦਾ ਗੁਣ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸੇਖਰ ਰਾਓ ਤੋ ਸਿੱਖਣਾ ਚਾਹੀਦਾ ਹੈ,ਜਿਸ ਨੇ ਕੇਂਦਰ ਵੱਲੋਂ ਤੇਲੰਗਾਨਾ ਦੇ ਕਿਸਾਨਾਂ ਦਾ ਝੋਨਾ ਖਰੀਦਣ ਤੋ ਕੀਤੇ ਇਨਕਾਰ ਤੋ ਬਾਅਦ ਕਿਸਾਨਾਂ ਨੂੰ ਅੰਦੋਲਨ ਕਰਨ ਅਤੇ ਅੰਦੋਲਨ ਵਿੱਚ ਆਪਣੀ ਪਾਰਟੀ ਤੇਲੰਗਾਨਾ ਰਾਸ਼ਟਰੀ ਸੰਮਤੀ ਨੂੰ ਸ਼ਾਮਲ ਕਰਨਾ ਅਤੇ ਟੀ ਆਰ ਐਸ ਸਰਕਾਰ ਤੱਕ ਸਾਮਲ ਹੋਣ ਦਾ ਫੈਸਲ ਕੇ ਸੀ ਆਰ ਨੂੰ ਲੋਕ ਨਾਇਕ ਬਣਾਉੰਦਾ ਹੈ। ਏਥੇ ਹੀ ਬੱਸ ਨਹੀ ਕੇ ਸੀ ਆਰ (ਕੇ ਚੰਦਰਸੇਖਰ ਰਾਓ) ਨੇ ਗਰਾਮ ਪੰਚਾਇਤਾਂ,ਜਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਕੌਸਲਾਂ ਨੂੰ ਕੇਂਦਰ ਦੀ ਧੱਕੇਸ਼ਾਹੀ ਦੇ ਖਿਲਾਫ ਮਤੇ ਪਾਉਣ ਦੀ ਅਪੀਲ ਵੀ ਕੀਤੀ ਹੈ, ਅਜਿਹੀ ਭਾਵਨਾ ਤੇਰੇ ਵਿੱਚ ਵੀ ਹੋਣੀ ਚਾਹੀਦੀ ਹੈ। ਤੁਸੀਂ ਭਾਂਵੇਂ ਇਹ ਕੌੜਾ ਸੱਚ ਮੰਨੌ ਭਾਂਵੇਂ ਨਾ ਮੰਨੋ,ਪਰ ਇਹ ਸਚਾਈ ਹੈ ਕਿ ਪੰਜਾਬ ਦੇ ਲੋਕ ਇਹ ਭਲੀ-ਭਾਂਤ ਜਾਣਦੇ ਹਨ ਕਿ ਦਿਲੀ ਵਾਲੇ ਮਾਲਕਾਂ ਨੇ ਤੁਹਾਡਾ ਮੰਤਰੀ ਮੰਡਲ ਬੇਹੱਦ ਕਮਜੋਰ ਬਣਾਇਆ ਹੈ ਅਤੇ ਤੁਹਾਨੂੰ ਮੋਹਰਾ ਬਣਾ ਕੇ ਅੱਗੇ ਲਾਇਆ ਗਿਆ ਹੈ,ਜਦੋਕਿ ਪੰਜਾਬ ਸਰਕਾਰ ਦੇ ਤਾਂਗੇ ਵਾਲੇ ਘੋੜੇ ਨੂੰ ਹੱਕਣ ਅਤੇ ਕਾਬੂ ਚ ਰੱਖਣ ਲਈ ਲਗਾਮ ਅਤੇ ਚਾਬਕ ਤਾਂ ਦਿੱਲੀ ਵਾਲੇ ਰਾਘਵ ਚੱਢੇ ਹੋਰਾਂ ਦੇ ਹੱਥ ਫੜਾਈ ਹੋਈ ਹੈ,ਇਸ ਲਈ ਚਣੌਤੀਆਂ ਬੇਸੁਮਾਰ ਹਨ। ਚੰਡੀਗੜ੍ਹ ਅਤੇ ਭਾਖੜਾ ਡੈਮ ਤੋਂ ਪੰਜਾਬ ਦੀ ਦਾਅਵੇਦਾਰੀ ਖਤਮ ਕਰਨੀ,ਹਿਮਾਚਲ ਵੱਲੋਂ ਰਾਇਪੇਰੀਅਨ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਪੰਜਾਬ ਤੋਂ ਪਾਣੀ ਦਾ ਮੁੱਲ ਮੰਗਣਾ, ਐਸ ਵਾਈ ਐਲ ਦੇ ਮੁੱਦੇ ਤੇ ਖੱਟਰ ਦਾ ਬਿਆਨ,ਹਿਮਾਚਲੀ ਅਤੇ ਗੁੱਜਰਾਂ ਦੀ ਸ਼ਰੇਆਮ ਗੁੰਡਾਗਰਦੀ,ਰਾਜ ਸਭਾ ਚ ਪੰਜਾਬ-ਪੱਖੀ ਮੈਂਬਰ ਭੇਜਣ ਦੀ ਬਜਾਏ ਕੇਂਦਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਭੇਜਣਾ,ਇਸ ਤੋ ਇਲਾਵਾ ਸਿੱਖਾਂ ਖਿਲਾਫ ਸਿਰਜੇ ਜਾ ਰਹੇ ਵਿਰਤਾਂਤ ਸਮੇਤ ਸਾਰੇ ਹੀ ਬੇਹੱਦ ਜਰੂਰੀ ਤੇ ਫੌਰੀ ਧਿਆਨ ਮੰਗਦੇ ਮੁੱਦਿਆਂ ਤੇ ਤੁਹਾਡੀ ਧਾਰੀ ਚੁੱਪ ਪੰਜਾਬੀ ਗੈਰਤ ਤੇ ਸਵਾਲੀਆ ਚਿੰਨ ਹੈ ਭਗਵੰਤ ਸਿੰਆਂ ! ਉਪਰੋਕਤ ਤੋ ਇਲਾਵਾ ਵੀ ਬਹੁਤ ਸਾਰੇ ਮੁੱਦੇ ਹਨ,ਜਿੰਨਾਂ ਦੀ ਬਜਾਹ ਕਰਕੇ ਅਕਾਲੀਆਂ ਅਤੇ ਕਾਂਗਰਸੀਆਂ ਦਾ ਪੰਜਾਬ ਚੋ ਸਿਆਸੀ ਪਤਨ ਹੋਇਆ ਹੈ,ਉਹ ਹਨ,ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆ ਨੂੰ ਸਜ਼ਾ ਨਾ ਮਿਲਣੀ,ਗੋਲੀਆਂ ਚਲਾਉਣ ਵਾਲੇ ਪੁਲਿਸ ਅਫਸਰਾਂ ਤੇ ਬਣਦੀ ਕਾਰਵਾਈ ਨਾ ਹੋਣਾ,ਪੰਜਾਬ ਚ ਗੈਰ ਪੰਜਾਬੀਆਂ ਨੂੰ ਵਸਾਇਆ ਜਾਣਾ,ਬੇਅਦਬੀ ਕਰਨ ਵਾਲਿਆਂ ਦੇ ਹੌਸਲੇ ਇਸ ਕਦਰ ਵਧ ਜਾਣੇ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚ ਜਾਣ,ਸੋ ਕੱਲੀ ਜਿੰਦ ਤੇ ਮੁਲਾਹਜੇਦਾਰ ਵਾਹਲੇ ਨੇ ਜੇਕਰ ਦਿੱਲੀ ਦਾ ਮਾਣ ਰੱਖਣ ਦੀ ਸੋਚੇਂਗਾ ਤਾਂ ਪੰਜਾਬ ਚੋ ਗਿਆ ਜੇ ਪੰਜਾਬ ਨਾਲ ਖੜੇਂਗਾ ਤਾਂ ਦਿੱਲੀ ਨੂੰ ਮਨਜੂਰ ਨਹੀ ਹੋਣਾ,ਪਰ ਇਹ ਹੁਣ ਤੇਰੇ ਤੇ ਨਿਰਭਰ ਹੈ ਕਿ ਤੂੰ ਮਾਂ ਦੇ ਦੁੱਧ ਦੀ ਲਾਜ ਰੱਖਣੀ ਹੈ,ਜਾਂ ਕਲੰਕ ਖੱਟਣਾ ਹੈ।ਮਜੀਠਾ ਲਾਗੇ ਪਿੰਡ ਅਨਾਇਤਪੁਰੇ ਦੇ ਹਾਲਾਤ ਪੰਜਾਬ ਦੀ ਸਾਂਤ ਫਿਜ਼ਾ ਚ ਜਹਿਰ ਘੋਲਣ ਦੇ ਸਪੱਸਟ ਸੰਕੇਤ ਨੇ,ਇਹਨਾਂ ਗੁੱਜਰਾਂ ਨੂੰ ਸ੍ਰ ਬਾਦਲ ਨੇ ਇੱਕ ਸਾਜਿਸ਼ੀ ਸਮਝੌਤੇ ਤਹਿਤ ਇਜਹਾਰ ਆਲਮ ਰਾਹੀ ਪੰਜਾਬ ਚ ਵਸਾਇਆ ਸੀ,ਤਾਂ ਕਿ ਨਿਰਧਾਰਤ ਸਮੇ ਮੁਸਲਮਾਨਾਂ ਅਤੇ ਸਿੱਖਾਂ ਚ ਖੂਨ ਖਰਾਬਾ ਕਰਵਾ ਕੇ 1947 ਨੂੰ ਮੁੜ ਦੁਹਰਾਇਆ ਜਾ ਸਕੇ,ਕਿਉਂਕਿ ਸਿੱਖਾਂ ਅਤੇ ਮੁਸਲਮਾਨਾਂ ਚ ਕਰਵਾਏ ਦੰਗੇ ਕੇਂਦਰੀ ਹਿੰਦੂ ਏਜੰਡੇ ਦੇ ਫਿੱਟ ਬੈਠਦੇ ਹਨ।ਪੰਜਾਬ ਵਿਰੋਧੀ ਤਾਕਤਾਂ ਤੈਨੂੰ ਬੇਅੰਤ ਜਾਂ ਬਾਦਲ ਬਨਾਉਣ ਦੀ ਤਾਕ ਚ ਨੇ,ਇਹ ਹੁਣ ਤੂੰ ਦੇਖਣੈ ਕਿ ਲੋਕਾਂ  ਨਾਲ ਖੜ੍ਹਨਾ ਹੈ ਜਾਂ ਦਿੱਲੀ ਨਾਲ, ਪਰ ਇਹ ਯਾਦ ਰੱਖੀਂ ਕਿ ਦਿੱਲੀ ਕਦੇ ਪੰਜਾਬ ਦੀ ਸਕੀ ਨਹੀ ਹੋਈ,ਇਸ ਲਈ ਜਿਗਰਾ ਰੱਖੀਂ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਦਾ। ਇਹ ਵੀ ਚੇਤਿਆਂ ਚ ਵਸਾ ਕੇ ਰੱਖੀਂ ਭਰਾਵਾ,ਜੇਕਰ ਪੰਜਾਬ ਦੇ ਖਿਲਾਫ਼ ਭੁਗਤਿਆ ਤੈਨੂੰ ਤਰੀਖ ਨੇ ਮੁਆਫ਼ ਨਹੀ ਕਰਨਾ ਮਿੱਤਰਾ ! ਰਾਜ-ਸੱਤਾ ਦੀ ਕੰਡਿਆਲੀ ਸੇਜ ਨੂੰ ਮਖਮਲੀ ਬਨਾਉਣਾ ਹੁਣ ਤੇਰੀ ਲਿਆਕਤ ਅਤੇ ਸੂਝ ਬੂਝ ‘ਤੇ ਨਿਰਭਰ ਕਰੇਗਾ। ਵਾਹਿਗੁਰੂ ਕਿਰਪਾ ਕਰੇ ਭਗਵੰਤ ਸਿੰਆਂ ਤੂੰ ਪੰਜਾਬ ਦੇ ਹੱਕਾਂ ਦੀ ਲੜਾਈ ਚ ਜੇਤੂ ਹੋ ਕੇ ਨਿਕਲੇਂ,ਪੰਜਾਬ ਦੇ ਲੋਕਾਂ ਨੂੰ ਤੇਰੇ ਤੇ ਵੀ ਅਤੇ ਆਪਣੇ ਫੈਸਲੇ ਤੇ ਵੀ ਮਾਣ ਮਹਿਸੂਸ ਹੋਵੇ,ਮੇਰੇ ਸਮੇਤ ਹੋਰ ਬਹੁਤ ਸਾਰੇ ਪੰਜਾਬ ਦਰਦੀਆਂ ਵੱਲੋਂ ਪਰਗਟ ਕੀਤੇ ਜਾ ਰਹੇ ਤਮਾਮ ਖਦਸ਼ੇ ਝੂਠੇ ਸਾਬਤ ਹੋਣ,ਇਹ ਮੈ ਸੱਚੇ ਮਨ ਨਾਲ ਕਾਮਨਾ ਕਰਦਾ ਹਾਂ ਭਗਵੰਤ ਸਿੰਆਂ!
 ਬਘੇਲ ਸਿੰਘ ਧਾਲੀਵਾਲ
 99142-58142