ਨਵੀਂ ਸਰਕਾਰ ਅਤੇ ਲੋਕਾਂ ਦੀਆਂ ਉਮੀਦਾਂ - ਡਾ. ਸੁਖਦੇਵ ਸਿੰਘ
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨੂੰ ਜਿਥੇ ਕੁਝ ਲੋਕ ਸਮਾਜ ਵਿਚ ਵੱਡੀ ਤਬਦੀਲੀ ਦੱਸ ਰਹੇ ਹਨ, ਉਥੇ ਇਕ ਵੱਡਾ ਭਾਗ ਇਸ ਨੂੰ ਪੰਜਾਬ ਦੇ ਹਰ ਪੱਖ ਵਿਚ ਨਵੀਂ ਸੋਚ ਤੇ ਵਿਕਾਸ ਵਾਸਤੇ ਆਸ ਦੀ ਕਿਰਨ ਵਜੋਂ ਦੇਖ ਰਿਹਾ ਹੈ। ਚੋਣ ਨਤੀਜਿਆਂ ਦਾ ਸਭ ਤੋਂ ਹੈਰਾਨੀ ਵਾਲਾ ਪੱਖ ਹੈ ਸੂਬੇ ਦੀ ਰਾਜਨੀਤੀ ਵਿਚ ਵੱਡੇ ਕੱਦ ਵਾਲੇ ਲੀਡਰਾਂ ਦੀ ਹਾਰ ਅਤੇ ਅਜੋਕੇ ਪੰਜਾਬ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਦਾ ਇਕਪਾਸੜ ਫਤਵਾ। ਬਹੁਤੇ ਪੁਰਾਣੇ ਲੀਡਰਾਂ ਦੇ ਲੱਡੂਆਂ ਦੇ ਆਰਡਰ ਧਰੇ ਧਰਾਏ ਰਹਿ ਗਏ। ਇਸ ਲਹਿਰ ਅੱਗੇ ਬਹੁਤਿਆਂ ਦੇ ਧਾਗੇ ਤਵੀਤ, ਧਾਰਮਿਕ ਸਥਾਨਾਂ ’ਤੇ ਰਗੜੇ ਮੱਥੇ, ਬਾਬਿਆਂ ਦੇ ਡੇਰਿਆਂ ਦਾ ਅਸ਼ੀਰਵਾਦ, ਪਸ਼ੂ ਦਾਨ ਵੀ ਜਿੱਤ ਦਿਵਾਉਣ ਵਿਚ ਕਾਮਯਾਬ ਨਹੀਂ ਹੋਏ। ਆਮ ਆਦਮੀ ਪਾਰਟੀ ਦੀ ਜਿੱਤ ਤੇ ਨਵੀਂ ਸਰਕਾਰ ਦੀ ਕਾਰਗੁਜ਼ਾਰੀ ਤਾਂ ਸਮਾਂ ਦੱਸੇਗਾ ਪਰ ਸੂਬੇ ਵਿਚਲੀਆਂ ਦੋ ਵੱਡੀਆਂ ਪਾਰਟੀਆਂ ਦੇ ਥੱਲੇ ਜਾਣ ਅਤੇ ਨਵੀਂ ਸਰਕਾਰ ਦੇ ਸਨਮੁਖ ਤਰਜੀਹੀ ਕੰਮਾਂ ਬਾਰੇ ਵਿਚਾਰ ਢੁਕਵਾਂ ਲਗਦਾ ਹੈ।
ਹਿੰਦੋਸਤਾਨ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਜੋ 1885 ਵਿਚ ਅੰਗਰੇਜ਼ੀ ਹਕੂਮਤ ਵੇਲੇ ਆਜ਼ਾਦੀ ਦੀ ਲਹਿਰ ਵੇਲੇ ਮੁੰਬਈ ਸਥਿਤ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿਚ 72 ਡੈਲੀਗੇਟਾਂ ਦੇ ਇੱਕਠ ਤੋਂ ਹੋਂਦ ਵਿਚ ਆਈ। ਸੇਵਾ ਮੁਕਤ ਬ੍ਰਿਟਿਸ਼ ਇੰਡੀਅਨ ਸਿਵਿਲ ਸਰਵਿਸ ਅਧਿਕਾਰੀ ਐਲਨ ਓਕਟੇਵਿਇੰਨ ਹਿਊਮ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਪੜ੍ਹੇ ਲਿਖੇ ਭਾਰਤੀਆਂ ਲਈ ਨਾਗਰਿਕ ਅਤੇ ਰਾਜਨੀਤਕ ਵਿਚਾਰ ਵਟਾਂਦਰੇ ਹਿੱਤ ਕੀਤੀ। ਹੌਲੀ ਹੌਲੀ ਇਸ ਦੀ ਬਣਤਰ ਦੀ ਦਰੁਸਤੀ ਅਤੇ ਹੋਰ ਮੁੱਦਿਆਂ ਨੂੰ ਪਾਰਟੀ ਦਾ ਹਿੱਸਾ ਬਣਾਉਣ ਲਈ ਮਤੇ ਪਾਸ ਕੀਤੇ, ਪਾਰਟੀ ਢਾਂਚਾ ਬਣਾ ਦਿੱਤਾ ਅਤੇ ਭਾਰਤੀ ਰਾਜਨੀਤਕ ਪਾਰਟੀ ਚਲਾਉਣ ਲਗੇ। ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਪਟੇਲ, ਭੀਮ ਰਾਉ ਅੰਬੇਡਕਰ, ਸੁਭਾਸ਼ ਚੰਦਰ ਬੋਸ, ਮੁਹੰਮਦ ਅਲੀ ਜਿਨਾਹ ਆਦਿ ਦੇ ਸਮੇਂ ਤੋਂ ਇਹ ਪਾਰਟੀ ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਲਈ ਕੇਂਦਰ ਬਿੰਦੂ ਬਣ ਗਈ। ਆਜ਼ਾਦੀ ਪ੍ਰਾਪਤੀ ਪਿੱਛੋਂ ਲਗਭਗ ਦੋ ਦਹਾਕਿਆਂ ਤੱਕ ਰਾਜਨੀਤਕ ਪੱਖ ਤੋਂ ਕੁਝ ਕੁ ਰਾਜਾਂ ਤੋਂ ਛੁਟ, ਸਾਰੇ ਦੇਸ਼ ਵਿਚ ਇਸ ਦੀ ਸਰਦਾਰੀ ਰਹੀ ਅਤੇ ਵੱਖ ਵੱਖ ਕਾਰਨਾਂ ਕਰਕੇ ਅੱਜ ਦੋ ਰਾਜਾਂ ਤੋਂ ਬਿਨਾਂ ਇਸ ਕੋਲ ਕੋਈ ਹੋਰ ਰਾਜਨੀਤਕ ਕੰਟਰੋਲ ਨਹੀਂ। ਅੱਜ ਹਾਲਤ ਇਹ ਹੈ ਕਿ ਕੌਮੀ ਪੱਧਰ ਤੇ ਵਿਰੋਧੀ ਧਿਰ ਬਣਨ ਜੋਗੇ ਲੋਕ ਸਭਾ ਮੈਂਬਰ ਵੀ ਇਸ ਕੋਲ ਨਹੀਂ। ਪਾਰਟੀ ਦੀ ਫੁੱਟ ਇਸ ਨੂੰ ਕਿਥੇ ਲੈ ਜਾਵੇਗੀ, ਪਤਾ ਨਹੀਂ। ਬਹੁਤ ਸਾਰੇ ਵਿਦਵਾਨ ਇਸ ਨੂੰ ਕਾਂਗਰਸ ਲਈ ਹੀ ਨਹੀਂ ਬਲਕਿ ਲੋਕਤੰਤਰ ਲਈ ਮਾੜਾ ਦੱਸ ਰਹੇ ਹਨ ਕਿਉਂਕਿ ਮਜ਼ਬੂਤ ਵਿਰੋਧੀ ਧਿਰ ਤੋਂ ਬਿਨਾਂ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਕਾਨੂੰਨ ਤੋਂ ਬਾਹਰ ਮਨਮਰਜ਼ੀ ਉਪਰ ਕੋਈ ਨਿਗਰਾਨੀ ਨਹੀਂ ਰਹਿੰਦੀ।
ਹਿੰਦੋਸਤਾਨ ਦੀ ਦੂਸਰੀ ਪੁਰਾਣੀ ਰਾਜਨੀਤਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੋ 19ਵੀਂ ਸਦੀ ਦੇ ਅਖ਼ੀਰਲੇ ਤੇ 20ਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਪ੍ਰਚਲਤ ਸਮਾਜਿਕ ਧਾਰਮਿਕ ਲਹਿਰਾਂ ਦੇ ਸੰਘਰਸ਼ਾਂ ਵਿਚੋਂ ਨਿਕਲੀ। ਈਸਾਈ ਮਿਸ਼ਨਰੀਆਂ ਦਾ ਰੋਲ ਕਾਫੀ ਵਧ ਚੁੱਕਾ ਸੀ। ਉਸ ਸਮੇਂ ਧਰਮ ਪਰਿਵਤਨ ਜਾਂ ਇਸ ਨੂੰ ਰੋਕਣ ਤੇ ਕੁਝ ਹੋਰ ਸੁਧਾਰਾਂ ਹਿੱਤ ਆਰੀਆ ਸਮਾਜ, ਬ੍ਰਹਮੋ ਸਮਾਜ, ਸ਼ੁੱਧੀ ਲਹਿਰ, ਤਬਲੀਗੀ ਜਮਾਤ, ਸਿੰਘ ਸਭਾ ਲਹਿਰ ਚਲਾਈਆਂ ਗਈਆਂ। ਅੰਗਰੇਜ਼ਾਂ ਦੀ ਚਲਾਕੀ ਤੇ ਕੁਝ ਹੋਰ ਕਾਰਨਾਂ ਕਰਕੇ ਸਿੱਖ ਇਤਿਹਾਸਕ ਤੇ ਹੋਰ ਗੁਰਦੁਆਰਿਆਂ ਦਾ ਕੰਟਰੋਲ ਮਹੰਤਾਂ ਕੋਲ ਜਾਣ ਤੇ ਉਨ੍ਹਾਂ ਵਲੋਂ ਗੁਰਦੁਆਰਿਆਂ ਦੀ ਦੁਰਵਰਤੋਂ ਕਰਨ ਅਤੇ ਸਿੱਖੀ ਰਹਿਤ ਮਰਯਾਦਾ ਨੂੰ ਢਾਹ ਲਾਉਣ ਕਰਕੇ ਸਿੱਖਾਂ ਦੇ ਰੋਸ ਵਿਚੋਂ 1870 ਦੇ ਕਰੀਬ ਸਿੰਘ ਸਭਾ ਲਹਿਰ ਹੋਂਦ ਵਿਚ ਆਈ। ਇਨ੍ਹਾਂ ਕੋਸ਼ਿਸ਼ਾਂ ਤੇ ਕੁਬਾਨੀਆਂ ਸਦਕਾ ਗੁਰਦੁਆਰਿਆਂ ਦੀ ਸੰਭਾਲ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 28 ਜੁਲਾਈ 1925 ਵਿਚ ਹੋਂਦ ਵਿਚ ਆਈ। ਸਿੰਘ ਸਭਾ ਲਹਿਰ ਦੀ ਰਾਜਨੀਤਕ ਇਕਾਈ ਵਜੋਂ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਹੋਈ ਜਿਸ ਦੇ ਪਹਿਲੇ ਪ੍ਰਧਾਨ ਸੁਰਮੁਖ ਸਿੰਘ ਝਬਾਲ ਸਨ। ਆਜ਼ਾਦੀ ਤੋਂ ਪਹਿਲਾਂ ਅਣਵੰਡੇ ਪੰਜਾਬ ਵਿਚ ਕਾਫੀ ਸੀਟਾਂ ਇਸ ਦਲ ਦੇ ਹਿੱਸੇ ਹੁੰਦੀਆਂ। 1969 ਤੋਂ ਅਜੋਕੇ ਪੰਜਾਬ ਵਿਚ ਅਕਾਲੀ ਦਲ ਦੀ ਹੋਂਦ ਤਕੜੀ ਰਹੀ ਅਤੇ ਇਹ ਲੰਮਾ ਅਰਸਾ ਰਾਜਸੱਤਾ ਤੇ ਕਾਬਜ਼ ਰਹੀ। 2017 ਵਿਚ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਵਿਰੋਧੀ ਧਿਰ ਵੀ ਨਾ ਬਣ ਸਕਿਆ ਅਤੇ 2022 ਵਿਚ ਸਿਰਫ 3 ਸੀਟਾਂ ਹੀ ਅਕਾਲੀ ਦਲ ਦੇ ਹੱਥ ਆਈਆਂ। ਇਸ ਦੇ ਬਹੁਤ ਸਾਰੇ ਕਾਰਨ ਹਨ। ਪੰਜਾਬ ਵਿਚ ਖੱਬੇ ਪੱਖੀ ਰਾਜਨੀਤਕ ਪਾਰਟੀਆਂ ਦਾ ਵੀ ਕਾਫੀ ਰੋਲ ਰਿਹਾ ਪਰ ਕਈ ਕਾਰਨਾਂ ਕਰਕੇ ਇਹ ਹੁਣ ਪਿਛਾਂਹ ਰਹਿ ਗਈਆਂ ਹਨ। ਮੁੱਖ ਅਕਾਲੀ ਦਲ ਨਾਲੋਂ ਟੁੱਟ ਅਲਗ ਬਣੇ ਅਕਾਲੀ ਦਲ ਆਪਣੀ ਸਾਰਥਕ ਰਾਜਨੀਤਕ ਥਾਂ ਨਹੀਂ ਬਣਾ ਸਕੇ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸ਼ੁਰੂਆਤ 2014 ਦੀਆਂ ਲੋਕ ਸਭਾ ਚੋਣਾਂ ਤੋਂ ਹੋਈ ਜਿਸ ਵੇਲੇ ਲੋਕਾਂ ਦੇ ਕਿਆਸ ਤੋਂ ਉਲਟ 4 ਲੋਕ ਸਭਾ ਸੀਟਾਂ ਇਸ ਦੀ ਝੋਲੀ ਪਈਆਂ ਜਦਕਿ ਮੁਲਕ ਦੇ ਹੋਰ ਹਿੱਸਿਆਂ ਵਿਚ ਖੜ੍ਹੇ ਕੀਤੇ ਸੈਂਕੜੇ ਉਮੀਦਵਾਰ ਬੁਰੀ ਤਰ੍ਹਾਂ ਹਾਰ ਗਏ। 2017 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਹ 20 ਸੀਟਾਂ ਤੇ ਜਿੱਤੀ ਅਤੇ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ। 2022 ਵਿਚ ਇਸ ਪਾਰਟੀ ਨੇ ਅਚੰਭਾ ਕਰ ਦਿਖਾਇਆ। ਹੁਣੇ ਹੋਈਆਂ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਵਿਚੋਂ ਯੂਪੀ ਅਤੇ ਪੰਜਾਬ ਬਾਰੇ ਵੱਖ ਵੱਖ ਵਿਸ਼ਲੇਸ਼ਕ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਪੁਰਾਣੇ ਸਮੇਂ ਤੋਂ ਉਲਟ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ ਜਿਨ੍ਹਾਂ ਨੇ ਜ਼ਮੀਨ ਤੇ ਕੰਮ ਕੀਤਾ ਹੈ। ਯੋਗੀ ਆਦਿੱਤਿਆਨਾਥ ਅਤੇ ਅਰਵਿੰਦ ਕੇਜਰੀਵਾਲ, ਦੋਵਾਂ ਨੇ ਹੀ ਆਪਣੇ ਬਲਬੂਤੇ ਰਾਜਨੀਤਕ ਸਫਾਂ ਵਿਚ ਆਪਣੀ ਥਾਂ ਬਣਾਈ ਅਤੇ ਲੋਕ ਮੁੱਦਿਆਂ ਨੂੰ ਰੋਜ਼ਾਨਾ ਜੀਵਨ ਦੇ ਕੰਮਾਂ ਨੂੰ ਆਧਾਰ ਬਣਾਇਆ ਹੈ। ਇਹੀ ਹਾਲ ਪੱਛਮੀ ਬੰਗਾਲ ਵਿਚ ਹੋਇਆ ਜਿਥੇ ਮਮਤਾ ਬੈਨਰਜੀ ਨੇ ਕ੍ਰਿਸ਼ਮਾ ਕਰ ਦਿਖਾਇਆ। ਕਿਸੇ ਵੇਲੇ ਮੁਲਾਇਮ ਸਿੰਘ ਯਾਦਵ ਅਤੇ ਬਾਅਦ ਵਿਚ ਉਸ ਦੇ ਲੜਕੇ ਅਖਿਲੇਸ਼ ਯਾਦਵ ਦੀ ਤੂਤੀ ਬੋਲਦੀ ਸੀ ਪਰ ਹੁਣ ਪਰਿਵਾਰਵਾਦ ਦੀ ਰਾਜਨੀਤੀ ਫਿੱਕੀ ਲੱਗਣ ਲੱਗ ਪਈ ਹੈ। ਪੰਜਾਬ ਵਿਚ ਵੀ ਅਕਾਲੀ ਦਲ ਅਤੇ ਕਾਂਗਰਸ ਦੇ ਭੋਗ ਬਾਰੇ ਇਹੀ ਵਿਚਾਰ ਬਣਦੇ ਹਨ ਕਿ ਲੋਕਾਈ ਦੇ ਮੌਜੂਦਾ ਮੁੱਦਿਆਂ ਨੂੰ ਛੱਡ ਧਾਰਮਿਕ ਸਮਾਜਿਕ ਮੁੱਦਿਆਂ ਵਿਚ ਉਲਝਾਈ ਰੱਖਣਾ ਤੇ ਆਪਣੇ ਪਰਿਵਾਰਾਂ ਤੱਕ ਸਭ ਕੁਝ ਸੀਮਤ ਕਰ ਦੇਣ ਦਾ ਸਮਾਂ ਗੁਜ਼ਰ ਗਿਆ ਹੈ।
ਕਿਸੇ ਵੀ ਸਰਕਾਰ ਦੁਆਰਾ ਲੋਕਤੰਤਰੀ ਢਾਂਚੇ ਨੂੰ ਨਿੱਜੀਤੰਤਰ ਬਣਾ ਦੇਣਾ, ਪਾਰਟੀਆਂ ਦੇ ਆਪਣੇ ਢਾਂਚਿਆਂ ਵਿਚ ਲੋਕਤੰਤਰ ਨਾ ਹੋਣ, ਚੋਣਾਂ ਵੇਲੇ ਮੁਫਤਖੋਰੀ ਦੇ ਲਾਰਿਆਂ ਦਾ ਜ਼ਮਾਨਾ ਵੀ ਲੱਦ ਗਿਆ ਹੈ ਕਿਉਕਿ ਮਨੁੱਖੀ ਜੀਵਨ ਵਿਚ ਆਈ ਤਕਨਾਲੋਜੀ ਤੇ ਮਾਸ ਮੀਡੀਆ ਨੇ ਲੋਕਾਂ ਨੂੰ ਕਾਫੀ ਹੱਦ ਤਕ ਜਾਗਰੂਕ ਕਰ ਦਿੱਤਾ ਹੈ।
ਅਜੋਕੀ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਜਾਗੀਆਂ ਹਨ। ਪੰਜਾਬ ਇਸ ਵੇਲੇ ਵੱਖ ਵੱਖ ਕਾਰਨਾਂ ਕਰਕੇ ਕਈ ਸੰਕਟਾਂ ਵਿਚ ਘਿਰਿਆ ਹੋਇਆ ਹੈ। ਇਸ ਬਾਰੇ ਨਵੀਂ ਸਰਕਾਰ ਨੂੰ ਛੇਤੀ ਛੇਤੀ ਕਮਰ ਕੱਸਣੀ ਪਵੇਗੀ। ਸਭ ਤੋਂ ਅਹਿਮ ਹੈ ਸਰਕਾਰੀ ਤੰਤਰ ਵਿਚ ਲੋਕਾਂ ਦਾ ਭਰੋਸਾ ਬਹਾਲ ਕਰਨਾ ਜਿਸ ਤੋਂ ਆਮ ਪੰਜਾਬੀ ਟੁੱਟੇ ਹੋਏ ਹਨ। ਇਸ ਪੱਖੋਂ ਮੁੱਖ ਮੰਤਰੀ ਦੀ ਹਦਾਇਤ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਤਿੰਨ ਲੱਖ ਕਰੋੜ ਦਾ ਕਰਜ਼ਾ ਭੂਤ ਬਣਿਆ ਖੜ੍ਹਾ ਹੈ ਜਿਸ ਦੀ ਵਿਆਜ਼ ਅਦਾਇਗੀ 'ਤੇ ਹੀ ਅੱਧੇ ਤੋਂ ਵੱਧ ਸਰਕਾਰੀ ਆਮਦਨ ਖਰਚ ਹੋ ਜਾਂਦੀ ਹੈ। ਜ਼ਰੂਰੀ ਸਰਕਾਰੀ ਖਰਚਿਆਂ ਅਤੇ ਹੋਰ ਦੇਣਦਾਰੀਆਂ ਸਦਕਾ ਵਿਕਾਸ ਕੰਮਾਂ ਲਈ ਆਮਦਨ ਨਾਮਾਤਰ ਬਚਦੀ ਹੈ। ਵਿੱਤੀ ਸਾਧਨਾਂ ਦੀ ਮਜ਼ਬੂਤੀ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਰਿਸ਼ਵਤਖੋਰੀ ’ਤੇ ਕਾਬੂ, ਟੈਕਸ ਚੋਰੀਆਂ ਨੂੰ ਰੋਕਣਾ ਅਤੇ ਕੁਦਰਤੀ ਸਾਧਨਾਂ ਦੀ ਲੁੱਟ ’ਤੇ ਕਾਬੂ ਪਾ ਕੇ ਅਤੇ ਵਿੱਤੀ ਮਾਹਿਰਾਂ ਦੀ ਰਾਇ ਨਾਲ ਹੋਰ ਸ੍ਰੋਤਾਂ ਤੋਂ ਆਮਦਨ ਵਧਾਉਣ ਨਾਲ ਸਹਿਜੇ ਹੀ ਸਰਕਾਰੀ ਖਜ਼ਾਨਾ ਭਰਨਾ ਸ਼ੁਰੂ ਹੋ ਸਕਦਾ ਹੈ। ਸਰਕਾਰੀ ਨੌਕਰੀਆਂ ਬਾਰੇ ਕੀਤਾ ਐਲਾਨ ਸਲਾਹੁਣਯੋਗ ਹੈ।
ਇਸ ਦੇ ਨਾਲ ਹੀ ਸਰਕਾਰੀ ਭਰਤੀ ਵਾਲੀ ਸੰਸਥਾਵਾਂ ਵਿਚ ਵਿਸ਼ਵਾਸ ਬਹਾਲੀ ਵੀ ਓਨੀ ਹੀ ਜ਼ਰੂਰੀ ਹੈ ਕਿਉਂਕਿ ਪਹਿਲਾਂ ਕਈ ਸਰਕਾਰਾਂ ਨੇ ਕਾਰਪੋਰੇਸ਼ਨਾਂ ਤੇ ਬੋਰਡਾਂ ਨੂੰ ਆਪਣੇ ਚਹੇਤਿਆਂ ਦੀ ਭਰਤੀ ਲਈ ਹੀ ਰੱਖਿਆ ਹੋਇਆ ਸੀ। ਬਹੁਤ ਸਾਰੇ ਉਦਯੋਗ ਪੰਜਾਬ ਵਿਚੋਂ ਬਾਹਰ ਚਲੇ ਗਏ ਹਨ ਅਤੇ ਹੋਰ ਵੀ ਜਾ ਰਹੇ ਹਨ। ਇਹ ਪ੍ਰਕਿਰਿਆ ਗੰਭੀਰ ਵਿਚਾਰ ਮੰਗਦੀ ਹੈ। ਉਦਯੋਗਾਂ, ਖਾਸਕਰ ਖੇਤੀ ਆਧਾਰਿਤ ਉਦਯੋਗਾਂ ਦੀ ਸਥਾਪਨਾ ਬੇਰੁਜ਼ਗਾਰੀ ’ਤੇ ਕਾਬੂ ਪਾਉਣ ਲਈ ਜ਼ਰੂਰੀ ਹੈ। ਖੇਤੀ ਸੈਕਟਰ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ। ਇਸ ਦੀਆਂ ਸਾਰੀਆਂ ਸਮੱਸਿਆਵਾਂ, ਖੇਤੀ ਲਾਗਤਾਂ, ਮੁੱਲ, ਕਰਜ਼ਾ, ਆਤਮ-ਹਤਿਆਵਾਂ ਆਦਿ ਬਾਰੇ ਮਾਹਿਰਾਂ ਦੀ ਕਮੇਟੀ ਬਣਾ ਕੇ ਦਰੁਸਤੀ ਬਹੁਤ ਜ਼ਰੂਰੀ ਹੈ। ਪ੍ਰਾਈਵੇਟ ਸਿੱਖਿਆ ਤੇ ਸਿਹਤ ਸਹੂਲਤਾਂ ਬਾਰੇ ਸਰਵੇਖਣ ਇਸ਼ਾਰਾ ਕਰਦੇ ਹਨ ਕਿ ਆਮ ਕਿਸਾਨ ਅਤੇ ਹੋਰ ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਇਸ ਉਪਰ ਖਰਚ ਹੋ ਜਾਂਦਾ ਹੈ। ਅਜੋਕਾ ਸਮਾਂ ਤਕਨਾਲੋਜੀ ਦਾ ਹੈ, ਇਸ ਲਈ ਆਈਟੀ ਅਤੇ ਕੰਪਿਊਟਰ ਇੰਡਸਟਰੀਅਲ ਸੈਂਟਰ ਦੀ ਸਥਾਪਨਾ ਨਵਾਂ ਗਿਆਨ ਹਾਸਲ ਨੌਜੁਆਨਾਂ ਦੇ ਰੁਜ਼ਗਾਰ ਲਈ ਸਹਾਈ ਹੋ ਸਕਦੇ ਹਨ।
ਇਕ ਹੋਰ ਉਭਰ ਰਹੀ ਸਮੱਸਿਆ ਹੈ ਸੜਕਾਂ ਉਪਰ ਵਧ ਰਹੀ ਟਰੈਫਿਕ ਦੀ ਜਿਸ ਕਾਰਨ ਹੋ ਰਹੇ ਹਾਦਸਿਆਂ ਵਿਚ ਕਮਾਊ ਹੱਥ ਵਾਲਿਆਂ ਦੀ ਮੌਤ ਹੋ ਰਹੀ ਹੈ। ਪੰਜਾਬ ਹਰ ਰੋਜ਼ ਔਸਤਨ 12 ਲੋਕ ਹਾਦਸਿਆਂ ਕਰਕੇ ਫ਼ੌਤ ਹੋ ਜਾਂਦੇ ਹਨ। ਨੌਜੁਆਨ ਪੀੜ੍ਹੀ ਦਾ ਪੰਜਾਬ ਵਿਚੋਂ ਪਰਵਾਸ ਆਉਣ ਵਾਲੇ ਸਮੇਂ ਵਿਚ ਪੰਜਾਬੀ ਸਮਾਜ ਲਈ ਨਵੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਹ ਗੰਭੀਰਤਾ ਨਾਲ ਸੋਚਣ ਵਾਲਾ ਮਸਲਾ ਹੈ। ਧਰਤੀ ਹੇਠਲਾ ਪਾਣੀ, ਨਸ਼ਾ ਮੁਕਤੀ, ਵਾਤਾਵਰਨ ਦੀ ਸੰਭਾਲ ਆਦਿ ਹੋਰ ਮਸਲੇ ਹਨ ਜਿਨ੍ਹਾਂ ਬਾਰੇ ਵਿਚਾਰ-ਵਟਾਂਦਰੇ ਦੀ ਜ਼ਰੂਰਤ ਹੈ। ਪੰਜਾਬ ਲਈ ਸਮਾਂ ਔਖਾ ਜ਼ਰੂਰ ਹੈ ਪਰ ਇਸ ਨੂੰ ਰਾਹ ’ਤੇ ਲਿਆਉਣਾ ਨਾਮੁਮਕਿਨ ਨਹੀਂ। ਉਸਤਾਦ ਦਾਮਨ ਦਾ ਕਥਨ ਹੈ :
ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ,
ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ।
ਰਾਂਝਾ ਤਖਤ ਹਜ਼ਾਰਿਉਂ ਟੁਰੇ ਤੇ ਸਹੀ,
ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
* ਸਾਬਕਾ ਪ੍ਰੋਫੈਸਰ, ਸਮਾਜ ਵਿਗਿਆਨ, ਪੀਏਯੂ ਲੁਧਿਆਣਾ।
ਸੰਪਰਕ : 94177-15730