ਇਹ ਲੋਕ ਕੌਣ ਹਨ ? - ਸਵਰਾਜਬੀਰ
ਬੁੱਧਵਾਰ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਿਰੁੱਧ ਕੀਤੇ ਮੁਜ਼ਾਹਰੇ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੇ ਬੂਮ ਬੈਰੀਅਰ ਤੋੜ ਦਿੱਤੇ ਅਤੇ ਹੋਰ ਭੰਨ-ਤੋੜ ਕੀਤੀ। ਇਸ ਭੀੜ ਨੂੰ ਸੋਸ਼ਲ ਮੀਡੀਆ ’ਤੇ ਤੱਕਦਿਆਂ ਇਕ ਸਮਾਜ ਸ਼ਾਸਤਰੀ ਨੇ ਸਵਾਲ ਉਠਾਇਆ, ‘‘ਇਹ ਲੋਕ ਕੌਣ ਹਨ?’’
ਇਸ ਸਵਾਲ ਦਾ ਜਵਾਬ ਹੈ ਕਿ ਇਹ ਲੋਕ ਸਾਡੇ ਵਿਚੋਂ ਹੀ ਹਨ। ਸਾਡੇ ਹੀ ਬੱਚੇ ਹਨ, ਅਸੀਂ ਹੀ ਇਨ੍ਹਾਂ ਨੂੰ ਪਾਲਿਆ-ਪੋਸਿਆ ਤੇ ਜਵਾਨ ਕੀਤਾ ਹੈ। ਉਨ੍ਹਾਂ ਵਿਚੋਂ ਬਹੁਤੇ ਬੇਰੁਜ਼ਗਾਰ ਹਨ। ਉਨ੍ਹਾਂ ਨੂੰ ਨਫ਼ਰਤ ਕਰਨੀ ਸਿਖਾਈ ਗਈ ਹੈ। ਉਨ੍ਹਾਂ ਦੀ ਪਿੱਠ ਥਾਪੜੀ ਜਾਂਦੀ ਹੈ ਕਿ ਉਹ ਇਹੋ ਜਿਹੀਆਂ ਕਾਰਵਾਈਆਂ ਕਰਨ।
ਚਿੰਤਕ ਦਾ ਅੱਭੜਵਾਹੇ ਸਵਾਲ ਪੁੱਛਣਾ ਬੇਮਾਅਨਾ ਹੈ। ਅਸੀਂ ਅਜਿਹੇ ਨੌਜਵਾਨਾਂ ਨੂੰ ਪਹਿਲਾਂ ਵੀ ਦੇਖ ਚੁੱਕੇ ਹਾਂ। ਇਨ੍ਹਾਂ ਦੇ ਸਾਥੀ ਉਨ੍ਹਾਂ ਭੀੜਾਂ ਦਾ ਹਿੱਸਾ ਬਣਦੇ ਰਹੇ ਹਨ ਜਿਨ੍ਹਾਂ ਨੇ ਵੱਡੀ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਹਜੂਮੀ ਹਿੰਸਾ ਦਾ ਨਿਸ਼ਾਨਾ ਬਣਾਇਆ, ਲਵ-ਜਹਾਦ ਦੇ ਨਾਂ ਹੇਠ ਉਸ ਭਾਈਚਾਰੇ ਦੇ ਨੌਜਵਾਨਾਂ ਦੀ ਕੁੱਟ-ਮਾਰ ਕੀਤੀ, ਉਨ੍ਹਾਂ ਨੂੰ ਜਨਤਕ ਥਾਵਾਂ ’ਤੇ ਨਮਾਜ਼ ਪੜ੍ਹਨ ਤੋਂ ਮਨ੍ਹਾਂ ਕੀਤਾ। ਇਨ੍ਹਾਂ ਦੇ ਸਾਥੀ ਹੀ 5 ਜਨਵਰੀ 2020 ਵਿਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ‘ਸਬਕ’ ਸਿਖਾਉਣ ਗਏ ਸਨ, ਇਨ੍ਹਾਂ ਦੇ ਸਾਥੀਆਂ ਵਿਚੋਂ ਹੀ ਇਕ ਨੇ 30 ਜਨਵਰੀ 2020 ਨੂੰ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ’ਤੇ ਗੋਲੀ ਚਲਾਈ ਸੀ, 28 ਜਨਵਰੀ ਅਤੇ 1 ਫਰਵਰੀ 2020 ਨੂੰ ਇਨ੍ਹਾਂ ਦੇ ਮਿੱਤਰਾਂ ਵਿਚੋਂ ਦੋ ਵਿਅਕਤੀ ਹਥਿਆਰ ਲੈ ਕੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਧਰਨਾ ਦੇ ਰਹੀਆਂ ਔਰਤਾਂ ਨੂੰ ਧਮਕਾਉਣ ਪਹੁੰਚੇ ਸਨ। ਇਨ੍ਹਾਂ ਦੇ ਸਾਥੀਆਂ ਨੇ ਹੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਇਕ ਕੇਂਦਰੀ ਮੰਤਰੀ ਦੇ ਨਾਅਰੇ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ... ਕੋ’ ਨੂੰ ਗਲੀ ਗਲੀ ਗੂੰਜਾਇਆ ਅਤੇ ਫਰਵਰੀ 2020 ਵਿਚ ਦਿੱਲੀ ਵਿਚ ਹੋਈ ਫ਼ਿਰਕੂ ਹਿੰਸਾ ਵਿਚ ਹਿੱਸਾ ਲਿਆ ਸੀ।
ਇਹ ਲੋਕ ਕਿੱਥੇ ਰਹਿੰਦੇ ਹਨ? ਇਹ ਲੋਕ ਸਾਰੇ ਸੂਬਿਆਂ ਵਿਚ ਮੌਜੂਦ ਹਨ, ਅਸਾਮ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਹਰ ਸੂਬੇ ਵਿਚ। ਇਨ੍ਹਾਂ ਨੇ ਸਮਾਜਿਕ ਕਾਰਕੁਨਾਂ, ਪੱਤਰਕਾਰਾਂ, ਚਿੰਤਕਾਂ ਤੇ ਕਲਾਕਾਰਾਂ ਨੂੰ ਦਬਾਇਆ ਅਤੇ ਚੁੱਪ ਕਰਾਇਆ ਹੈ, ਨਰੇਂਦਰ ਦਾਭੋਲਕਰ, ਗੋਵਿੰਦ ਪਾਂਸਾਰੇ ਅਤੇ ਗੌਰੀ ਲੰਕੇਸ਼ ਜਿਹੇ ਸਮਾਜਿਕ ਕਾਰਕੁਨਾਂ ਤੇ ਪੱਤਰਕਾਰਾਂ ਨੂੰ ਤਾਂ ਹਮੇਸ਼ਾਂ ਲਈ ਚੁੱਪ ਕਰਾ ਦਿੱਤਾ ਗਿਆ ਹੈ।
‘ਆਪ’ ਵੀ ਇਨ੍ਹਾਂ ਲੋਕਾਂ ਨੂੰ ਪਛਾਣਦੀ ਹੈ। 2021 ਤਕ ‘ਆਪ’ ਦਾ ਪ੍ਰਮੁੱਖ ਸਿਆਸੀ ਆਧਾਰ ਦਿੱਲੀ ਵਿਚ ਹੀ ਸੀ। ਜਦ ਇਨ੍ਹਾਂ ਲੋਕਾਂ ਨੇ ਦਿੱਲੀ ਵਿਚ ਜੇਐੱਨਯੂ, ਜਾਮੀਆ ਮਿਲੀਆ ਅਤੇ ਸ਼ਾਹੀਨ ਬਾਗ਼ ਵਿਚ ‘ਜੌਹਰ’ ਦਿਖਾਏ ਸਨ ਤਾਂ ‘ਆਪ’ ਚੁੱਪ ਰਹੀ ਸੀ। ਫਰਵਰੀ 2020 ਵਿਚ ਦਿੱਲੀ ਵਿਚ ਹੋਈ ਫ਼ਿਰਕੂ ਹਿੰਸਾ ਦੌਰਾਨ ‘ਆਪ’ ਦੀ ਚੁੱਪ ਹੋਰ ਗਹਿਰੀ ਹੋ ਗਈ ਸੀ।
ਦਿੱਲੀ ਪੁਲੀਸ ਦੀ ‘ਸਿਆਣਪ’ ਦਾ ਕੋਈ ਜਵਾਬ ਨਹੀਂ। ਉਸ ਨੇ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਜ਼ਾਹਰੇ ਦੀ ਅਗਵਾਈ ਭਾਜਪਾ ਦੇ ਯੂਥ ਵਿੰਗ (ਭਾਰਤੀ ਜਨਤਾ ਯੁਵਾ ਮੋਰਚਾ) ਦੇ ਪ੍ਰਧਾਨ ਤੇਜਸਵੀ ਸੂਰਯਾ ਨੇ ਕੀਤੀ। ਕਾਨੂੰਨੀ ਤੌਰ ’ਤੇ ਇਹ ਪ੍ਰਸ਼ਨ ਪੁੱਛਿਆ ਜਾਣਾ ਜ਼ਰੂਰੀ ਹੈ ਕਿ ਜਦ ਮੁਜ਼ਾਹਰਾ ਕਰਨ ਵਾਲਿਆਂ ਬਾਰੇ ਸਭ ਕੁਝ ਪਤਾ ਹੈ ਤਾਂ ਕੇਸ ਅਣਪਛਾਤੇ ਵਿਅਕਤੀਆਂ ਵਿਰੁੱਧ ਕਿਉਂ ਦਰਜ ਕੀਤਾ ਗਿਆ।
ਪ੍ਰਮੁੱਖ ਸਵਾਲ ਇਹ ਹੈ ਕਿ ਜਦ ‘ਆਪ’ ਨੇ ਇਨ੍ਹਾਂ ‘ਲੋਕਾਂ’ ਦੀਆਂ ਦਿੱਲੀ ਵਿਚ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਕਦੇ ਕੋਈ ਉਜਰ ਨਹੀਂ ਕੀਤਾ ਤਾਂ ਉਹ ਮੁੱਖ ਮੰਤਰੀ ਦੀਆਂ ਬਰੂਹਾਂ ’ਤੇ ਕਿਉਂ ਆ ਪਹੁੰਚੇ। ਝਗੜੇ ਦਾ ਕਾਰਨ ਕਸ਼ਮੀਰੀ ਪੰਡਿਤਾਂ ਦੇ 1990ਵਿਆਂ ਵਿਚ ਕਸ਼ਮੀਰ ਛੱਡਣ ਬਾਰੇ ਬਣਾਈ ਗਈ ਫਿਲਮ ‘ਕਸ਼ਮੀਰ ਫਾਈਲਜ਼’ ਹੈ। ਬਹੁਤ ਸਾਰੀਆਂ ਸੂਬਾ ਸਰਕਾਰਾਂ, ਜਿੱਥੇ ਭਾਜਪਾ ਦਾ ਸ਼ਾਸਨ ਹੈ, ਨੇ ਇਸ ’ਤੇ ਟੈਕਸ ਮੁਆਫ਼ ਕਰ ਦਿੱਤਾ ਹੈ। ਦਿੱਲੀ ਸਰਕਾਰ ਤੋਂ ਵੀ ਅਜਿਹੀ ਮੰਗ ਕੀਤੀ ਜਾ ਰਹੀ ਸੀ। ਕੇਜਰੀਵਾਲ ਨੇ ਵਿਧਾਨ ਸਭਾ ਵਿਚ ਕਿਹਾ ਕਿ ਟੈਕਸ ਮੁਆਫ਼ ਕਰਨ ਦੀ ਮੰਗ ਤੋਂ ਬਿਹਤਰ ਹੈ ਕਿ ਫਿਲਮ ਨਿਰਮਾਤਾ ਇਸ ਨੂੰ ਯੂ-ਟਿਊਬ ’ਤੇ ਪਾ ਦੇਣ ਤਾਂ ਕਿ ਹਰ ਕੋਈ ਫਿਲਮ ਮੁਫ਼ਤ ਦੇਖ ਸਕੇ। ਕੇਜਰੀਵਾਲ ਨੇ ਇਹ ਟਿੱਪਣੀ ਵੀ ਕੀਤੀ ਕਿ ਕਸ਼ਮੀਰੀ ਪੰਡਿਤ ਮੁੜ ਵਸੇਬਾ ਚਾਹੁੰਦੇ ਹਨ, ਫਿਲਮ ਨਹੀਂ। ਭਾਜਪਾ ਆਗੂਆਂ ਨੇ ਕੇਜਰੀਵਾਲ ਦੀਆਂ ਟਿੱਪਣੀਆਂ ਦਾ ਤਿੱਖਾ ਵਿਰੋਧ ਕੀਤਾ। ਭਾਜਪਾ ਦਾ ਕਹਿਣਾ ਹੈ ਕਿ ਇਹ ਫਿਲਮ ਕਸ਼ਮੀਰੀ ਪੰਡਿਤਾਂ ਨਾਲ ਵਾਪਰੇ ਦੁਖਾਂਤ ਨੂੰ ਸਹੀ ਰੂਪ ਵਿਚ ਦਿਖਾਉਂਦੀ ਹੈ। ਫਿਲਮ ਦੇ ਆਲੋਚਕਾਂ ਅਨੁਸਾਰ ਕੋਈ ਵੀ ਕਸ਼ਮੀਰੀ ਪੰਡਿਤਾਂ ’ਤੇ ਹੋਏ ਜ਼ੁਲਮ ਅਤੇ ਉਨ੍ਹਾਂ ਦੁਆਰਾ ਝੱਲੀਆਂ ਦੁਸ਼ਵਾਰੀਆਂ ਤੋਂ ਇਨਕਾਰ ਨਹੀਂ ਕਰ ਸਕਦਾ ਪਰ ਫਿਲਮ ਵਿਚ ਦੱਸੀ ਗਈ ਕਹਾਣੀ ਇਕਪਾਸੜ ਹੈ, ਜ਼ੁਲਮ ਹਿੰਦੂ ਤੇ ਮੁਸਲਮਾਨ ਦੋਹਾਂ ਭਾਈਚਾਰਿਆਂ ’ਤੇ ਹੋਇਆ ਪਰ ਫਿਲਮ ਵਿਚ ਸਿਰਫ਼ ਮੁਸਲਮਾਨ ਭਾਈਚਾਰੇ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਭਾਜਪਾ ‘ਕਸ਼ਮੀਰ ਫਾਈਲਜ਼’ ਰਾਹੀਂ ਉੱਠੇ ਵਾਦ-ਵਿਵਾਦ ਤੋਂ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਰਾਸ਼ਟਰੀ ਸਵੈਮਸੇਵਕ ਸੰਘ, ਪੁਰਾਣੀ ਜਨਸੰਘ ਅਤੇ ਹੁਣ ਦੀ ਭਾਜਪਾ ਨੇ ਬਹੁਤ ਮਿਹਨਤ ਨਾਲ ਇਸ ਦੇਸ਼ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ਬਾਰੇ ਆਪਣਾ ਬਿਰਤਾਂਤ ਬਣਾਇਆ ਹੈ। ‘ਕਸ਼ਮੀਰ ਫਾਈਲਜ਼’ ਉਸੇ ਬਿਰਤਾਂਤ ਨੂੰ ਅੱਗੇ ਵਧਾਉਂਦੀ ਹੈ। ਕੋਈ ਅਜਿਹੀ ਇਤਿਹਾਸਕ ਯਾਦ, ਵਰਤਮਾਨ ਦੀ ਘਟਨਾ, ਲਿਖਤ, ਟੀਵੀ ਸ਼ੋਅ ਜਾਂ ਫਿਲਮ, ਜਿਸ ਵਿਚ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ, ਇਸ ਬਿਰਤਾਂਤ ਦਾ ਹਿੱਸਾ ਬਣ ਜਾਂਦੀ ਹੈ। ਭਾਜਪਾ ਇਸ ਬਿਰਤਾਂਤ ਦੀ ਰੱਖਿਆ ਕਰਦੀ ਹੋਈ ਇਸ ’ਤੇ ਕਿੰਤੂ ਕਰਨ ਵਾਲੇ ਨੂੰ ‘ਸਬਕ’ ਸਿਖਾਉਣਾ ਜ਼ਰੂਰੀ ਸਮਝਦੀ ਹੈ। ਸਬਕ ਸਿਖਾਉਣ ਵਾਲਿਆਂ ਦੀਆਂ ਧਾੜਾਂ ਮੌਜੂਦ ਹਨ।
ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਜਦ ਯੂਰੋਪ ਵਿਚ ਨਾਜ਼ੀਵਾਦ ਤੇ ਫਾਸ਼ੀਵਾਦ ਸਿਖ਼ਰਾਂ ’ਤੇ ਸਨ ਤਾਂ ਅੰਗਰੇਜ਼ੀ ਕਵੀ ਡਬਲਿਊਐੱਚ ਔਡਨ ਨੇ ਆਪਣੀ ਮਸ਼ਹੂਰ ਕਵਿਤਾ ‘ਦਿ ਕਰਾਈਸਿਸ (The Crisis)’ ਵਿਚ ਨਾਜ਼ੀਆਂ ਅਤੇ ਫਾਸ਼ੀਆਂ ਬਾਰੇ ਪੁੱਛਿਆ ਸੀ, ‘‘ਉਹ ਕਿੱਥੋਂ ਆਉਂਦੇ ਹਨ? ਉਹ ਜਿਨ੍ਹਾਂ ਤੋਂ ਅਸੀਂ ਏਨਾ ਡਰਦੇ ਹਾਂ/ ਉਨ੍ਹਾਂ ਦੇ ਧੋਖੇ ਭਰੇ ਪਰਾਂ ਤੋਂ ਸਾਡੀ ਸਭ ਤੋਂ ਪਿਆਰੀ ਥਾਂ ’ਤੇ ਡਿੱਗਦੀ ਹੈ ਬਰਫ਼/ ਤੇ ਖ਼ਤਰੇ ਵਿਚ ਪੈ ਜਾਂਦੇ ਨੇ, ਤਿਲਕਦੇ ਹੋਏ ਮਿੱਤਰ, ਜਲਧਾਰਾ ਤੇ ਫੁੱਲ।’’ ਇਸ ਕਵਿਤਾ ਵਿਚ ਔਡਨ ਨਾਜ਼ੀਵਾਦ ਅਤੇ ਫਾਸ਼ੀਵਾਦ ਬਾਰੇ ਜਟਿਲ ਬਿੰਬ ਪੇਸ਼ ਕਰਦਾ ਹੈ। ਇਸ ਕਵਿਤਾ ਤੋਂ ਪ੍ਰਭਾਵਿਤ ਹੋ ਕੇ ਭਾਰਤ ਵਿਚ ਉੱਭਰ ਰਹੇ ਦ੍ਰਿਸ਼ ਅਤੇ ਇਨ੍ਹਾਂ ਲੋਕਾਂ ਬਾਰੇ ਇਕ ਸ਼ਾਇਰ ਨੇ ਲਿਖਿਆ ਹੈ, ‘‘ਉਹ ਸਾਡੀਆਂ ਭੈਣਾਂ ਤੇ ਭਰਾ ਨੇ/ ਸਾਡੇ ਮੁੱਖਾਂ ’ਚੋਂ ਨਿਕਲੀ ਦੁਆ ਨੇ/ ਕਿਸ ਤਰ੍ਹਾਂ ਉਹ ਬਦਲਾਏ ਗਏ ਨੇ/ ਵੱਖਰੀ ਤਰ੍ਹਾਂ ਸਮਝਾਏ ਗਏ ਨੇ/ ਉਹ ਸਾਡੀ ਹੀ ਚੁੱਪ ਤੇ ਪੁਕਾਰ ਨੇ/ ਉਹ ਸਾਡੀ ਜਿੱਤ, ਸਾਡੀ ਹਾਰ ਨੇ/ ਉਹ ਜਿਹੜੇ ਸਾਨੂੰ ਮਾਰਨ ਆਏ ਨੇ/ ਉਹ ਸਾਡੇ ਆਪਣੇ, ਸਾਡੇ ਹਮਸਾਏ ਨੇ।’’
ਇਹ ਨੌਜਵਾਨ ਸਮਾਜ ਨੂੰ ਸਹੀ ਦਿਸ਼ਾ ਦੇਣ ਦੀ ਸਾਡੀ ਅਸਫ਼ਲਤਾ ’ਚੋਂ ਜਨਮੇ ਹਨ। ਉਹ ਸਾਡੇ ਹੀ ਭੈਣ-ਭਰਾ ਹਨ, ਸਾਡੇ ਹਮਸਾਏ, ਸਾਡੇ ਆਪਣੇ ... ਪਰ ਨਫ਼ਰਤ ਨੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਅੰਨ੍ਹਿਆਂ ਕਰ ਦਿੱਤਾ ਹੈ, ਜਦੋਂ ਕਦੇ ਨਫ਼ਰਤ ਘਟਦੀ ਹੈ ਤਾਂ ਦੇਸ਼ ਵਿਚ ਕੁਝ ਅਜਿਹਾ ਕੀਤਾ ਜਾਂਦਾ ਹੈ ਕਿ ਨਫ਼ਰਤ ਫਿਰ ਵਧੇ, ਨੌਜਵਾਨਾਂ ਦੀਆਂ ਰਗਾਂ ਵਿਚ ਲਰਜ਼ਸ਼ ਕਰੇ, ਉਹ ਹਜੂਮ ਬਣਨ ਤੇ ਮਿੱਥੇ ਹੋਏ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਕਲ ਪੈਣ। ਹੁਣ ਇਹ ਕੁਝ ਕਰਨਾਟਕ ਵਿਚ ਵਾਪਰ ਰਿਹਾ ਹੈ। ਮੁਸਲਮਾਨ ਭਾਈਚਾਰੇ ਦੇ ਫੁੱਲਾਂ ਅਤੇ ਹੋਰ ਵਸਤਾਂ ਦੀਆਂ ਫੜ੍ਹੀਆਂ ਲਾਉਣ ਵਾਲਿਆਂ ਨੂੰ ਮੰਦਰਾਂ ਦੇ ਨਜ਼ਦੀਕ ਆਉਣ ਤੋਂ ਮਨ੍ਹਾਂ ਕੀਤਾ ਗਿਆ ਹੈ, ਹਲਾਲ ਮਾਸ ਵੇਚਣ ਵਾਲਿਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਪੀਪਲਜ਼ ਯੂਨੀਅਨ ਆਫ਼ ਸਿਵਲ ਲਿਬਰਟੀਜ਼ ਅਨੁਸਾਰ ਸਾਲ 2021 ਦੌਰਾਨ ਕਰਨਾਟਕ ਵਿਚ 39 ਗਿਰਜਿਆਂ ਵਿਚ ਕੁੱਟ-ਮਾਰ ਦੀਆਂ ਘਟਨਾਵਾਂ ਵਾਪਰੀਆਂ।
ਨਫ਼ਰਤ ਨੂੰ ਪ੍ਰਚੰਡ ਕਰਨ ਵਾਲੇ ਸਿਆਸੀ ਆਗੂ ਭੁੱਲ ਗਏ ਹਨ ਕਿ ਇਹ ਉਹੀ ਦੇਸ਼ ਹੈ ਜਿੱਥੇ ਸਈਅਦ ਇਬਰਾਹੀਮ ‘ਰਸਖਾਨ’ ਨੇ ਭਗਵਾਨ ਕ੍ਰਿਸ਼ਨ ਦਾ ਪ੍ਰੇਮ-ਗੀਤ ਗਾਉਂਦਿਆਂ ਕਿਹਾ ਸੀ, ‘‘ਪ੍ਰੇਮ ਹਰੀ ਕੋ ਰੂਪ ਹੈ, ਤਿਉ ਹਰੀ ਪ੍ਰੇਮ ਸਵਰੂਪ।’’ ਬੁੱਲ੍ਹੇ ਸ਼ਾਹ ਨੇ ਲਿਖਿਆ ਸੀ, ‘‘ਸਾਡੀ ਸੁਰਤੀ ਆਪ ਮਿਲਾਈ/ ਬੰਸੀ ਕਾਹਨ ਅਚਰਜ ਬਜਾਈ।’’ ਸ਼ਾਹ ਹੁਸੈਨ ਨੇ ਲਿਖਿਆ, ‘‘ਸਾਲੂ ਮੇਰਾ ਉਣੀਂਦਾ, ਕੋਈ ਸ਼ਾਮ ਬ੍ਰਿੰਦਾਬਨ ਸੁਣੀਂਦਾ/ ਜਾਣਾ ਬਿਖੜੇ ਰਾਹਿ।’’ ਵਜੀਦ ਨੇ ਕਿਹਾ, ‘‘ਬ੍ਰਿੰਦਾਬਨ ਵਿਚ ਪੇਂਝੂ (ਕੱਤਣ ਵਾਲਾ) ਜਿੱਥੇ ਆਪ ਹਰਿ/ ਵਜੀਦਾ ਕੌਣ ਸਾਈਂ ਨੂੰ ਆਖੈ ਐਊਂ ਤੇ ਅੰਝ ਕਰ।’’ ਮੌਲਾ ਸ਼ਾਹ ਨੇ ਕਿਹਾ, ‘‘ਬੰਸੀ ਵਾਲਿਆ ਕਿਉਂ ਚਿਰ ਲਾਇਆ/ ਕਿਸ ਤੈਨੂੰ ਭਰਮਾ ਲਿਆ।’’ ਗ਼ੁਲਾਮ ਹੁਸੈਨ ਨੇ ਲਿਖਿਆ, ‘‘ਸੁਫਨੇ ਮਿਲੇ ਸਿਆਮ ਜੀ, ਤਨ ਮਨ ਖੁਸ਼ੀ ਭਈ।’’ ਮੀਰਾਂ ਸ਼ਾਹ ਨੇ ਕਿਹਾ, ‘‘ਤੁਮ ਸੁਣਿਓ ਸਖੀ, ਘਰ ਸ਼ਾਮ ਨਾ ਆਏ/ ਕੈਸੇ ਫਾਗ (ਫੱਗਣ) ਮੈਂ ਹੋਰੀ (ਹੋਲੀ) ਖੇਲੂੰਗੀ?’’ ਤੇ ਬੁੱਲ੍ਹੇ ਸ਼ਾਹ ਨੇ ਲਿਖਿਆ, ‘‘ਹੋਰੀ ਖੇਲੂੰਗੀ ਕਹਿ ਬਿਸਮਿੱਲ੍ਹਾ।’’ ਇਹ ਫ਼ਹਿਰਿਸਤ ਬਹੁਤ ਲੰਮੀ ਹੈ, ਸਾਡੇ ਕੋਲ ਇਕ-ਦੂਸਰੇ ਨਾਲ ਮੁਹੱਬਤ ਕਰਨ ਵਾਲੀ ਜ਼ਮੀਨ ਹੈ ਪਰ ਅਸੀਂ ਨਫ਼ਰਤ ਦੇ ਸੌਦਾਗਰਾਂ ਨੂੰ ਉਸ ਵਿਚ ਨਫ਼ਰਤ ਦੀ ਫ਼ਸਲ ਬੀਜਣ ਦੀ ਇਜਾਜ਼ਤ ਦਿੱਤੀ ਹੋਈ ਹੈ।
ਸਾਡੇ ਸਾਹਮਣੇ ਚੁਣੌਤੀ ਇਹ ਹੈ ਕਿ ਨਫ਼ਰਤ ਦੀ ਫ਼ਸਲ ਬੀਜਣ ਤੇ ਇਸ ਦਾ ਵਣਜ-ਵਪਾਰ ਕਰਨ ਵਾਲੇ ਸੌਦਾਗਰਾਂ ਤੋਂ ਕਿਵੇਂ ਬਚਿਆ ਜਾਵੇ। ਇਨ੍ਹਾਂ ਤੋਂ ਬਚਣ ਦਾ ਇਕੋ-ਇਕ ਤਰੀਕਾ ਇਕ-ਦੂਸਰੇ ਦਾ ਹੱਥ ਫੜਨਾ ਤੇ ਜਥੇਬੰਦ ਹੋਣਾ ਹੈ, ਨਫ਼ਰਤ ਦੀ ਦਲਦਲ ਵਿਚ ਧਸ ਰਹੇ ਨੌਜਵਾਨਾਂ ਨੂੰ ਉਸ ਵਿਚੋਂ ਬਾਹਰ ਕੱਢਣਾ ਹੈ। ਜੇ ਅਸੀਂ ਨਫ਼ਰਤ ਦਾ ਵਣਜ ਕਰਨ ਵਾਲਿਆਂ ਵਿਰੁੱਧ ਸੰਗਠਿਤ ਨਾ ਹੋਏ ਤਾਂ ਇਕ ਦਿਨ ਸਾਡੇ ਘਰਾਂ ’ਤੇ ਵੀ ਹਮਲੇ ਹੋਣਗੇ ਤੇ ਅੱਭੜਵਾਹੇ ਸਾਡੇ ਮੂੰਹ ’ਚੋਂ ਵੀ ਇਹ ਬੋਲ ਨਿਕਲਣਗੇ, ‘‘ਇਹ ਲੋਕ ਕੌਣ ਹਨ?’’ ਇਹ ਫ਼ਰਜ਼ ਸਾਡੇ ਸਾਰਿਆਂ ’ਤੇ ਆਇਦ ਹੁੰਦਾ ਹੈ ਕਿ ਨਫ਼ਰਤ ਕਾਰਨ ਵਾਪਰੀ ਕਿਸੇ ਵੀ ਘਟਨਾ ਸਮੇਂ ਚੁੱਪ ਨਾ ਰਹੀਏ, ਉਸ ਵਿਰੁੱਧ ਬੋਲੀਏ; ਨਫ਼ਰਤ ਕਰਨ ਵਾਲਿਆਂ ਦੇ ਦਿਲਾਂ ’ਚੋਂ ਨਫ਼ਰਤ ਮਿਟਾਉਣ ਦਾ ਯਤਨ ਕਰੀਏ। ਸਾਡੀ ਚੁੱਪ ਭਵਿੱਖ ਵਿਚ ਸਾਡੇ ’ਤੇ ਹੋਣ ਵਾਲੇ ਹਮਲਿਆਂ ਦਾ ਕਾਰਨ ਬਣ ਸਕਦੀ ਹੈ।