ਫ਼ਰਕ ਬਹੁਤ ਹੈ - ਜਸਵੀਰ ਸ਼ਰਮਾ ਦੱਦਾਹੂਰ
ਆਪਣੇ ਅਤੇ ਪਰਾਇਆਂ ਦੇ ਵਿੱਚ ਫ਼ਰਕ ਬਹੁਤ ਹੈ।
ਵਕਤ ਦੇ ਹੱਥੋਂ ਸਤਾਇਆਂ ਨਾ ਸਤਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਖਾਣੀ ਪੈਂਦੀ ਸਮੇਂ ਦੇ ਹੱਥੋਂ ਮਾਰ ਕਦੇ ਤਾਂ।
ਰਵਾਇਆਂ ਅਤੇ ਹਸਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਪਰਛਾਵੇਂ ਕੋਲੋਂ ਕਦੇ ਕਦੇ ਤਾਂ ਬੰਦਾ ਡਰ ਜਾਏ।
ਅਸਲੀ ਅਤੇ ਸਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਦੁਖੀ ਨਾ ਕਰਨਾ ਕਦੇ ਕਿਸੇ ਨੂੰ ਐ ਇਨਸਾਨਾਂ।
ਝਿੜਕਿਆਂ ਅਤੇ ਵਰਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਕਿਸੇ ਗਰੀਬ ਦੀ ਮਦਦ ਕਰਨਾ ਫਰਜ ਹੈ ਬਣਦਾ।
ਡੇਗਿਆਂ ਅਤੇ ਉਠਾਇਆਂ ਦੇ ਵਿੱਚ ਫ਼ਰਕ ਬਹੁਤ ਹੈ।
ਕੋਈ ਗਲਤ ਰਾਹੇ ਪੈਂਦੈ ਤਾਂ ਬਚਾ ਲੋ ਉਸਨੂੰ।
ਕੁਰਾਹੋਂ ਰਾਹੇ ਪਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਯਾਰ ਮਾਰ ਨਾ ਕਰੀਏ ਕਦੇ ਵੀ ਨਾਲ ਕਿਸੇ ਦੇ।
ਡਬੋਇਆਂ ਤੇ ਬੰਨ੍ਹੇ ਲਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਜਿੱਤਿਆਂ ਤੋਂ ਤਾਂ ਹਰ ਕੋਈ ਨਾਲ ਜਸ਼ਨ ਮਨਾਉਂਦਾ।
ਸੱਚੇ ਮਨੋਂ ਹਰਾਇਆਂ ਤੇ ਜਤਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
'ਦੱਦਾਹੂਰੀਆਂ ਲਿਖ਼ਣ ਦਾ ਆਪਣਾ ਫ਼ਰਜ਼ ਨਿਭਾਈ ਜਾ ਤੂੰ।
ਸਮਝਾਇਆਂ ਤੇ ਨਾ ਸਮਝਾਇਆਂ ਦੇ ਵਿੱਚ ਫ਼ਰਕ ਬਹੁਤ ਹੈ॥
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046
06 April 2018