ਸੱਸ ਕਰੇ ਪਿਆਰ ਅਤੇ ਨੂੰਹ ਕਰੇ ਸਤਿਕਾਰ - ਗੁਰਸ਼ਰਨ ਸਿੰਘ ਕੁਮਾਰ

ਆਮ ਤੋਰ ਤੇ ਸੱਸ ਸ਼ਬਦ ਇਕ ਜਾਲਮ ਅਤੇ ਤਾਨਾਸ਼ਾਹ ਔਰਤ ਵਜੋਂ ਕਿਆਸਿਆ ਜਾਂਦਾ ਹੈ ਜੋ ਖਾਸ ਕਰ ਕੇ ਆਪਣੀਆਂ ਨੂੰਹਾਂ ਤੇ ਬਹੁਤ ਪਾਬੰਦੀਆਂ ਲਾਉਂਦੀਆਂ ਹਨ ਅਤੇ ਬਹੁਤ ਜ਼ੁਲਮ ਕਰਦੀਆਂ ਹਨ। ਇਸੇ ਲਈ ਕਹਿੰਦੇਹਨ ਕਿ-'ਸੱਸ ਤਾਂ ਮਿੱਟੀ ਦੀ ਵੀ ਮਾਣ ਨਹੀਂ ਹੁੰਦੀ'। ਪਰ ਇਹ ਪੂਰਨ ਸੱਚ ਨਹੀਂ। ਨੂੰਹ ਸੱਸ ਦਾ ਰਿਸ਼ਤਾ ਮਾਂ ਧੀ ਦੇ ਰਿਸ਼ਤੇ ਦੀ ਤਰ੍ਹਾਂ ਪਿਆਰ ਭਰਿਆ ਨਿੱਘਾ ਵੀ ਹੋ ਸਕਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਔਰਤ ਮਮਤਾ ਦੀ ਮੂਰਤ ਹੈ। ਉਹ ਪਹਿਲਾਂ ਇਕ ਮਾਂ ਹੈ ਜੋ ਸਾਰੇ ਪਰਿਵਾਰ ਦਾ ਧੁਰਾ ਹੁੰਦੀ ਹੈ। ਪਰਿਵਾਰ ਦੇ ਸਾਰੇ ਜੀਆਂ ਦਾ ਧਿਆਨ ਰੱਖਣਾ ਅਤੇ ਪਰਿਵਾਰ ਦੇ ਅਕਸ ਨੂੰ ਕਾਮਯਾਬੀ ਨਾਲ ਸਮਾਜ ਵਿਚ ਅੱਗੇ ਵਧਾਉਣਾ ਉਸ ਦਾ ਮੁਢਲਾ ਫ਼ਰਜ਼ ਹੈ। ਇਸ ਲਈ ਪਰਿਵਾਰ ਵਿਚ ਕੁਝ ਮਰਿਆਦਾ ਤਾਂ ਕਾਇਮ ਰੱਖਣੀ ਹੀ ਪੈਂਦੀ ਹੈ।
ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਤੋਂ ਹੀ ਅੱਗੋਂ ਸਮਾਜ ਰੂਪੀ ਫ਼ਸਲ ਤਿਆਰ ਹੁੰਦੀ ਹੈ ਅਤੇ ਦੇਸ਼ ਅਤੇ ਦੁਨੀਆਂ ਦੇ ਰੂਪ ਵਿਚ ਫੈਲਦੀ ਹੈ ਅਤੇ ਧਰਤੀ ਉੇੱਤੇ ਮਨੁੱਖੀ ਨਸਲ ਦਾ ਪਸਾਰਾ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਸਮਾਜ ਅਤੇ ਦੁਨੀਆਂ ਰੂਪੀ ਨਸਲ ਦੀ ਪਨੀਰੀ ਪਰਿਵਾਰ ਹੀ ਹੈ। ਇਹ ਪਰਿਵਾਰ ਰੂਪੀ ਪਨੀਰੀ ਨੂੰ ਬਹੁਤ ਹੀ ਸੁਚੱਜੀ ਸੰਭਾਲ ਅਤੇ ਪਰਵਰਿਸ਼ ਦੀ ਲੋੜ ਹੈ ਤਾਂ ਕਿ ਸਾਡੇ ਵਾਰਸ ਵਧੀਆ ਹੋਣ ਅਤੇ ਸਭ ਪਾਸੇ ਸੁੱਖ, ਸੁੰਦਰਤਾ ਅਤੇ ਸੁਗੰਧੀ ਫੈੈੈੈੈਲੇੇ।
ਅਗੋਂ ਪਰਿਵਾਰ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਹਨ। ਇਕ ਹੁੰਦਾ ਹੈ ਇਕਿਹਰਾ ਪਰਿਵਾਰ, ਜਿਸ ਵਿਚ ਕੇਵਲ ਪਤੀ ਪਤਨੀ ਅਤੇ ਉਨ੍ਹਾਂ ਦੇ ਆਪਣੇ ਬੱਚੇ ਹੀ ਹੁੰਦੇ ਹਨ। ਦੂਜਾ ਹੁੰਦਾ ਹੈ ਸੰਯੁਕਤ ਪਰਿਵਾਰ ਜਿਸ ਵਿਚ ਪਤੀ ਪਤਨੀ, ਉਨ੍ਹਾਂ ਦੇ ਬੱਚੇ, ਬੱਚਿਆਂ ਦੇ ਦਾਦਾ ਦਾਦੀ ਅਤੇ ਕਈ ਵਾਰੀ ਭੂਆ, ਚਾਚਾ ਚਾਚੀ, ਤਾਇਆ ਤਾਈ ਅਤੇ ਉਨ੍ਹਾਂ ਦੇ ਬੱਚੇ ਆਦਿ ਵੀ ਹੋ ਸਕਦੇ ਹਨ। ਸਾਰੇ ਰਲ ਮਿਲ ਕੇ ਰਹਿੰਦੇ ਹਨ ਅਤੇ ਸਭ ਦੀ ਰੋਟੀ ਇਕੋ ਹੀ ਚੁਲ੍ਹੇ ਤੇ ਬਣਦੀ ਹੈ। ਇਸ ਤਰ੍ਹਾਂ ਕੁਦਰਤੀ ਤੋਰ ਤੇ ਪਰਿਵਾਰ ਦੇ ਸਾਰੇ ਜੀਆਂ ਦੇ ਆਪਸੀ ਰਿਸ਼ਤੇ ਬਣਦੇ ਹਨ ਜਿਨ੍ਹਾਂ ਨੂੰ ਬੜੇ ਪਿਆਰ, ਵਿਸ਼ਵਾਸ ਅਤੇ ਸੁਹਿਰਦਤਾ ਨਾਲ ਨਿਭਾਉਣਾ ਹੁੰਦਾ ਹੈ। ਜੇ ਅਸੀਂ ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣ ਵਿਚ ਜਰਾ ਵੀ ਚੂਕ ਕਰ ਜਾਈਏ ਤਾਂ ਆਪਸ ਵਿਚ ਕੁੜਤਣ ਪੈਦਾ ਹੋ ਜਾਂਦੀ ਹੈ। ਅਜਿਹੇ ਪਰਿਵਾਰ ਵਿਚ ਸਭ ਤੋਂ ਬਜ਼ੁਰਗ ਬੰਦੇ ਦਾ ਬਹੁਤ ਸਤਿਕਾਰ ਹੁੰਦਾ ਹੈ ਅਤੇ ਉਸ ਦਾ ਹੀ ਹੁਕਮ ਚੱਲਦਾ ਹੈ। ਅਜਿਹੇ ਪਰਿਵਾਰ ਦੀਆਂ ਨੀਹਾਂ ਬਹੁਤ ਮਜ਼ਬੂਤ ਹੁੰਦੀਆਂ ਹਨ ਅਤੇ ਉਹ ਛਾਲਾਂ ਮਾਰਦਾ ਹੋਇਆ ਦਿਨ ਦੂਣੀ ਅਤੇ ਰਾਤ ਚੋਗੁਣੀ ਤਰੱਕੀ ਕਰਦਾ ਹੈ ਅਤੇ ਨਿੱਤ ਨਵੀਆਂ ਬੁਲੰਦੀਆਂ ਨੂੰ ਛੁਹੰਦਾ ਹੈ। ਸਮਾਜ ਵਿਚ ਵੀ ਅਜਿਹੇ ਪਰਿਵਾਰ ਦੀ ਬਹੁਤ ਮਜ਼ਬੂਤ ਪਕੜ ਹੁੰਦੀ ਹੈ। ਇਸ ਪਰਿਵਾਰ ਵਿਚ ਇਕ ਰਿਸ਼ਤਾ ਨੂੰਹ ਸੱਸ ਦਾ ਵੀ ਹੁੰਦਾ ਹੈ ਜਿਸ ਦੇ ਸੁਖਾਵੇਂ ਰਹਿਣ ਨਾਲ ਪਰਿਵਾਰ ਵਿਚ ਅਨੁਸ਼ਾਸਨ ਆਉਂਦਾ ਹੈ ਅਤੇ ਪਰਿਵਾਰ ਨੂੰ ਹੋਰ ਵੀ ਮਜ਼ਬੂਤੀ ਮਿਲਦੀ ਹੈ। ਜੇ ਇਸ ਰਿਸ਼ਤੇ ਵਿਚ ਜਰਾ ਵੀ ਤਰੇੜ ਆ ਜਾਏ ਤਾਂ ਸਾਰਾ ਪਰਿਵਾਰ ਬਿਖਰ ਜਾਂਦਾ ਹੈ। ਨੂੰਹ ਸੱਸ ਦੀ ਅਣਬਣ ਕਰ ਕੇ ਪਰਿਵਾਰ ਤਮਾਸ਼ਾ ਬਣ ਕੇ ਰਹਿ ਜਾਂਦਾ ਹੈ।
ਜ਼ਮਾਨਾ ਤੇਜੀ ਨਾਲ ਬਦਲ ਰਿਹਾ ਹੈ ਜਿਹੜੇ ਕੱਲ੍ਹ ਤੱਕ ਸੁੱਚੇ ਸਿੱਕੇ ਸਨ, ਉਹ ਅੱਜ ਕੱਲ੍ਹ ਖੋਟੇ ਹੋ ਚੁੱਕੇ ਹਨ। ਪਹਿਲੀਆਂ ਚੰਗੀਆਂ ਗੱਲਾਂ ਦੀ ਹੁਣ ਕਦਰ ਨਹੀਂ ਰਹੀ। ਭਲੀਆਂ ਮਾਨਸ ਬਜ਼ੁਰਗ ਅੋਰਤਾਂ ਹੈਰਾਨ ਹੋ ਰਹੀਆਂ ਹਨ ਜਿਵੇਂ ਉਨ੍ਹਾਂ ਨਾਲ ਕੋਈ ਠੱਗੀ ਵੱਜ ਗਈ ਹੋਵੇ।ਜਿਸ ਹੱਸਦੇ ਖੇਡਦੇ ਪਰਿਵਾਰ ਦੀ ਕਲਪਨਾ ਉਨ੍ਹਾਂ ਕੀਤੀ ਸੀ, ਉਹ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਿਹਾ। ਜਿਸ ਪਰਿਵਾਰ ਦੀ ਉਨ੍ਹਾਂ ਪਟਰਾਣੀ ਬਣ ਕੇ ਰਹਿਣਾ ਸੀ ਤੇ ਰਾਜ ਕਰਨਾ ਸੀ ਉਹ ਸਲਤਨਤ ਤਾਂ ਬਿੱਖਰ ਗਈ। ਉਨ੍ਹਾਂ ਦੀ ਸਰਦਾਰੀ ਖਤਮ ਹੋ ਜਾਂਦੀ ਹੈ ਅਤੇ ਕਦਮ ਕਦਮ ਤੇ ਉਨ੍ਹਾਂ ਨੂੰ ਬੇਕਦਰੀ ਮਿਲਦੀ ਹੈ।ਉਨ੍ਹਾਂ ਨੂੰ ਝੁਕ ਕੇ ਕਈ ਤਰ੍ਹਾਂ ਦੇ ਸਮਝੋਤੇ ਕਰ ਕੇ ਆਪਣਾ ਬੁਢਾਪਾ ਕੱਟਣਾ ਪੈਂਦਾ ਹੈ। ਜਿਸ ਪਰਿਵਾਰ ਵਿਚ ਉਨ੍ਹਾਂ ਦਾ ਹੁਕਮ ਚੱਲਣਾ ਸੀ ਉਸ ਪਰਿਵਾਰ ਵਿਚ ਉਨ੍ਹਾਂ ਦੇ ਬੱਚੇ ਹੁਕਮ ਚਲਾਉਂਦੇ ਹਨ।
ਪਹਿਲਾਂ ਲੜਕੀਆਂ ਨੂੰ ਵਿਆਹ ਸਮੇਂ ਸੋਹਰੇ ਘਰ ਜਾਣ ਲੱਗਿਆਂ ਸਿੱਖਿਆ ਦਿੱਤੀ ਜਾਂਦੀ ਸੀ ਕਿ ਉੱਥੇ ਜਾ ਕੇ ਸਭ ਨਾਲ ਪਿਆਰ ਨਾਲ ਕਿਵੇਂ ਰਹਿਣਾ ਹੈ ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਹੁਣ ਤਾਂ ਸੱਸਾਂ ਨੂੰ ਸਿੱਖਿਆਂ ਦਿੱਤੀ ਜਾਂਦੀ ਹੈ ਕਿ ਨੂੰਹਾਂ ਨਾਲ ਕਿਵੇਂ ਬਣਾ ਕਿ ਰੱਖਣੀ ਹੈ।
ਕਹਿੰਦੇ ਹਨ ਕਿ ਨੋਟ ਭਨਾਇਆ ਅਤੇ ਗੁਵਾਇਆ, ਮੁੰਡਾ ਵਿਆਹਿਆ ਅਤੇ ਗੁਵਾਇਆ। ਬਜ਼ੁਰਗ ਥੋਰਤਾਂ ਬੜੇ ਚਾਅ ਨਾਲ ਆਪਣੇ ਪੁੱਤਰ ਦਾ ਵਿਆਹ ਕਰਦੀਆਂ ਹਨ ਅਤੇ ਸ਼ਗਨਾ ਨਾਲ ਨੂੰਹ ਨੂੰ ਘਰ ਲੈ ਕਿ ਆਉਂਦੀਆਂ ਹਨ ਅਤੇ ਨੂੰ ਪੁੱਤਰ ਤੋਂ ਗੜਵੀ ਨਾਲ ਪਾਣੀ ਵਾਰ ਕਿ ਪੀਂਦੀਆਂ ਹਨ ਪਰ ਕੁਝ ਸਮੇਂ ਬਾਅਦ ਹੀ ਘਰ ਵਿਚ ਕਲਾ ਕਲੇਸ਼ ਕਾਰਨ ਉਹ ਹੀ ਗੜਵੀਆਂ ਸਿਰਾਂ ਵਿਚ ਵੱਜਦੀਆਂ ਹਨ ਅਤੇ ਸਾਰਾ ਮੁਹੱਲਾ ਤਮਾਸ਼ਾ ਦੇਖਦਾ ਹੈ। ਗੱਲ ਕੋਰਟ ਕਚਿਹਰੀ/ਵੂਮੈਨ ਸੈਲ ਤੱਕ ਪਹੁੰਚਦੀ ਹੈ। ਇਕ ਦੂਜੇ ਤੇ ਝੂਠੇ ਇਲਜ਼ਾਮ ਲਾਏ ਜਾਂਦੇ ਹਨ। ਚਰਿਤ੍ਰ ਹਰਨ ਹੁੰਦਾ ਹੈ। ਮੁੰਡੇ ਵਾਲੇ ਲਾਲਚੀ ਅਤੇ ਰਾਖਸ਼ਸ ਸਾਬਤ ਕੀਤੇ ਜਾਂਦੇ ਹਨ ਅਤੇ ਲੜਕੀ ਦੇ ਚਾਲ ਚੱਲਣ ਦੇ ਦੋਸ਼ ਲਾਏ ਜਾਂਦੇ ਹਨ। ਪਰਿਵਾਰ ਦੀ ਇਜ਼ੱਤ ਮਿੱਟੀ ਵਿਚ ਰੁਲ ਜਾਂਦੀ ਹੈ।
ਕਈ ਮਾਵਾਂ ਧੀਆਂ ਦੇ ਘਰਾਂ ਵਿਚ ਜ਼ਿਆਦਾ ਹੀ ਦਖਲ ਅੰਦਾਜ਼ੀ ਕਰਦੀਆਂ ਹਨ ਜੋ ਉੱਥੇ ਕਲੇਸ਼ ਦਾ ਕਾਰਨ ਬਣਦਾ ਹੈ।ਜਿਹੜੀ ਚੰਗਿਆੜੀ ਨੂੰਹ ਸੱਸ ਦੇ ਝਗੜੇ ਤੋਂ ਸ਼ੁਰੂ ਹੁੰਦੀ ਹੈ ਉਹ ਇਕ ਦਮ ਭਾਂਬੜ ਬਣ ਕੇ ਫੈੈੈੈੈੈੈੈਲਦੀ ਹੈ ਅਤੇ ਦੋਹਾਂ ਪਰਿਵਾਰਾਂ ਦੀਆਂ ਖ਼ੁਸ਼ੀਆਂ ਨੂੰ ਸਾੜ ਕਿ ਸੁਆਹ ਕਰ ਦਿੰਦੀ ਹੈ। ਨੂੰਹ ਸੱਸ ਦੇ ਝਗੜੇ ਵਿਚ ਲੜਕਾ ਵਿਚਾਰਾ ਦੋ ਪੁੜਾਂ ਵਿਚ ਇਕੱਲ੍ਹਾ ਪਿਸਦਾ ਰਹਿੰਦਾ ਹੈ। ਨਾ ਉਹ ਮਾਂ ਨੂੰ ਘਰੋਂ ਕੱਢ ਸਕਦਾ ਹੈ ਅਤੇ ਨਾ ਹੀ ਪਤਨੀ ਨੂੰ ਛੱਡ ਸਕਦਾ ਹੈ ਗੱਲ ਵਧ ਜਾਏ ਤਾਂ ਪਵਿਤਰ ਰਿਸ਼ਤੇ ਟੁੱਟਦੇ ਹਨ। ਬੱਚੇ ਰੁਲਦੇ ਹਨ। ਸਭ ਸੰਤਾਪ ਭੋਗਦੇ ਹਨ। ਲੋਕ ਟਿਚਕਰਾਂ ਕਰਦੇ ਹਨ।
ਕਈ ਔਰਤਾਂ ਆਪਣੀਆਂ ਧੀਆਂ ਨੂੰ ਨੂੰਹਾਂ ਤੋਂ ਉੱਚਾ ਦਰਜਾ ਅਤੇ ਜ਼ਿਆਦਾ ਸਨਮਾਨ ਦਿੰਦੀਆਂ ਹਨ। ਉਹ ਨੂੰਹਾਂ ਨੂੰ ਘਟੀਆ ਸਮਝਦੀਆਂ ਹਨ ਅਤੇ ਨੌਕਰਾਂ ਦੀ ਤਰ੍ਹਾਂ ਛੋਟੇ ਛੋਟੇ ਕੰਮਾਂ ਤੇ ਲਾਈ ਰੱਖਦੀਆਂ ਹਨ। ਇਸ ਤਰ੍ਹਾਂ ਨੂੰਹਾਂ ਦਾ ਅਪਮਾਨ ਹੁੰਦਾ ਹੈ ਅਤੇ ਉਨ੍ਹਾਂ ਦਾ ਘਰ ਵਿਚ ਦਮ ਘੁੱਟਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਕਈ ਨੂੰਹਾਂ ਸੱਸਾਂ ਨੂੰ ਆਪਣੀ ਮਾਂ ਬਰਾਬਰ ਨਹੀਂ ਸਮਝਦੀਆਂ ਅਤੇ ਉਨ੍ਹਾਂ ਨਾਲ ਕੌੜਾ ਬੋਲਦੀਆਂ ਹਨ। ਉਨ੍ਹਾਂ ਤੋਂ ਨੌਕਰਾਣੀਆਂ ਦੀ ਤਰ੍ਹਾਂ ਕੰਮ ਲੈਂਦੀਆਂ ਹਨ। ਗੱਲ ਗੱਲ ਤੇ ਉਨ੍ਹਾਂ ਦਾ ਅਪਮਾਨ ਕਰਦੀਆਂ ਹਨ ਜਿਵੇਂ ਉਹ ਆਪ ਇਕੱਲੀਆਂ ਹੀ ਘਰ ਦੀਆਂ ਮਾਲਕਣਾ ਹੋਣ। ਇੱਥੇ ਨੂੰਹਾਂ ਅਤੇ ਸੱਸਾਂ ਦੋਹਾਂ ਦਾ ਹੀ ਵਿਉਹਾਰ ਗ਼ਲਤ ਹੈ। ਨੂੰਹ ਭਾਵੇਂ ਜਿੰਨੀ ਮਰਜ਼ੀ ਪੜ੍ਹੀ ਲਿਖੀ ਹੋਵੇ ਜਾਂ ਵੱਡੀ ਅਫ਼ਸਰ ਲੱਗੀ ਹੋਵੇ, ਜੇ ਉਸ ਨੂੰ ਬਜ਼ੁਰਗਾਂ ਨਾਲ ਬੋਲਣ ਦੀ ਤਮੀਜ਼ ਨਹੀਂ ਤਾਂ ਉਸ ਦੀਆਂ ਸਭ ਡਿਗਰੀਆਂ ਬੇਕਾਰ ਹਨ। ਰਿਸ਼ਤੇ ਵਿਸ਼ਵਾਸ 'ਤੇ ਹੀ ਕਾਇਮ ਰਹਿੰਦੇ ਹਨ। ਇਕ ਦੂਜੇ ਤੇ ਕਦੀ ਸ਼ੱਕ ਨਹੀਂ ਕਰਨਾ ਚਾਹੀਦਾ। ਸ਼ੱਕ ਨਾਲ ਰਿਸ਼ਤਿਆਂ ਵਿਚ ਤਰੇੜ ਪੈ ਜਾਂਦੀ ਹੈ। ਘਰ ਉੱਜੜ ਜਾਂਦੇ ਹਨ। ਇਸ ਲਈ ਚੁਗਲਖੋਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਸਾਂਝੇ ਪਰਿਵਾਰ ਦੇ ਬਹੁਤ ਲਾਭ ਹਨ। ਸਾਂਝੇ ਪਰਿਵਾਰ ਦੀ ਏਕਤਾ ਨੂੰ ਕੋਈ ਭੰਗ ਨਹੀਂ ਕਰ ਸਕਦਾ। ਪਰਿਵਾਰ ਤੇ ਕੋਈ ਬਿਪਤਾ ਆ ਪਏ ਤਾਂ ਸਾਰੇ ਰਲ ਕੇ ਉਸ ਨੂੰ ਅਸਾਨੀ ਨਾਲ ਨਿਪਟ ਲੈਂਦੇ ਹਨ। ਖ਼ੁਸ਼ੀ ਦੇ ਮੌਕੇ ਤੇ ਤਾਂ ਸਾਂਝੇ ਪਰਿਵਾਰ ਦੀ ਸ਼ਾਨ ਹੀ ਅਲੱਗ ਹੁੰਦੀ ਹੈ। ਸਾਂਝੇ ਪਰਿਵਾਰ ਵਿਚ ਬੱਚੇ ਰਿਸ਼ਤਿਆਂ ਦੀ ਕਦਰ ਕਰਨਾ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਚੰਗੇ ਸੰਸਕਾਰ ਮਿਲਦੇ ਹਨ। ਸੱਸ ਦਾ ਰਿਸ਼ਤਾ ਬਹੁਤ ਉੱਚਾ ਅਤੇ ਸਨਮਾਨ ਯੋਗ ਹੁੰਦਾ ਹੈ।ਸੱਸਾਂ ਕੋਲ ਗਿਆਨ ਦਾ ਵੱਡਮੁੱਲਾ ਭੰਡਾਰਾ ਹੁੰਦਾ ਹੈ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਨਾਲ ਕਿਵੇਂ ਵਰਤਣਾ ਹੈ ਅਤੇ ਪਰਿਵਾਰ ਨੂੰ ਕਿਵੇਂ ਇਕ ਮੁੱਠ ਰੱਖਣਾ ਹੈ। ਪੋਤੇ ਪੋਤੀਆਂ ਨੂੰ ਪਾਲਣ ਅਤੇ ਸੁਚੱਜੇ ਸੰਸਕਾਰ ਦੇਣ ਵਿਚ ਉਨ੍ਹਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਉਹ ਪਰਿਵਾਰ ਦਾ ਥੰਮ ਹੁੰਦੀਆਂ ਹਨ। ਉਹ ਹਰ ਤੁਫ਼ਾਨ ਅੱਗੇ ਡਟ ਜਾਂਦੀਆਂ ਹਨ। ਉਹ ਆਪ ਦੁੱਖ ਸਹਿ ਲੈਂਦੀਆਂ ਹਨ ਪਰ ਆਪਣੇ ਪਰਿਵਾਰ ਦੇ ਕਿਸੇ ਜੀਅ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੀਆਂ। ਪਰਿਵਾਰ ਨੂੰ ਉਨ੍ਹਾਂ ਦਾ ਰੱਬ ਵਰਗਾ ਆਸਰਾ ਹੁੰਦਾ ਹੈ। ਉਸ ਕਾਰਨ ਹੀ ਨੂੰਹਾਂ ਨੂੰ ਪਤੀ ਰੂਪ ਅਨਮੋਲ ਦਾਤ ਮਿਲਦੀ ਹੈ, ਜਿਸ ਨੇ ਦੁੱਖ ਸੁੱਖ ਵਿਚ ਉਸਦਾ ਸਾਰੀ ਉਮਰ ਦਾ ਹਮਸਫਰ ਬਣਨਾ ਹੁੰਦਾ ਹੈ ਅਤੇ ਬੱਚਿਆਂ ਦੇ ਰੂਪ ਵਿਚ ਅਨਮੋਲ ਦਾਤ ਮਿਲਨੀ ਹੁੰਦੀ ਹੈ। ਇਸ ਲਈ ਸੱਸ ਨੂੰ ਆਪਣੀ ਮਾਂ ਦੀ ਤਰ੍ਹਾਂ ਹੀ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ। ਇਸ ਰਿਸ਼ਤੇ ਨੂੰ ਕਿਸੇ ਵੀ ਹਾਲਾਤ ਵਿਚ ਨਹੀਂ ਗਵਾਉਣਾ ਚਾਹੀਦਾ। ਉਹ ਨਾ ਹੋਵੇ ਉਸ ਨੂੰ ਬਾਅਦ ਵਿਚ ਪਤਾ ਲੱਗੇ ਕਿ ਉਸ ਨੇ ਅਨਮੋਲ ਹੀਰਾ ਗਵਾ ਲਿਆ ਜਦ ਉਹ ਪੱਥਰ ਇਕੱਠੇ ਕਰਨ ਵਿਚ ਲੱਗੀ ਹੋਈ ਸੀ। ਚੰਗੀ ਨੂੰਹ ਹੀ ਕੱਲ੍ਹ ਨੂੰ ਇਕ ਚੰਗੀ ਸੱਸ ਬਣ ਸਕਦੀ ਹੈ। ਜੇ ਲੜਕੀਆਂ ਆਪਣੇ ਸੱਸ ਸਹੁਰੇ ਨੂੰ ਆਪਣੇ ਮਾਂ ਪਿਓ ਦੀ ਤਰ੍ਹਾਂ ਸਮਝਣ ਤਾਂ ਸਾਂਝੇ ਪਰਿਵਾਰ ਸਵਰਗ ਦਾ ਨਮੁਨਾ ਬਣ ਸਕਦੇ ਹਨ।
ਨਂੂੰਹ ਸੱਸ  ਦੀ ਖਿਚੋ-ਤਾਣੀ ਨਾ ਕੇਵਲ ਇਕੱਲੀਆਂ ਸੱਸਾਂ ਦਾ ਕਸੂਰ ਹੁੰਦਾ ਹੈ ਅਤੇ ਨਾ ਹੀ ਨੂੰਹਾਂ ਦਾ। ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਸਾਰੀ ਸਮੱਸਿਆ ਤੇ ਗੰਭੀਰਤਾ ਨਾਲ ਪੜਚੌਲ ਕਰ ਕੇ ਬਦਲੇ ਹੋਏ ਹਾਲਾਤ ਅਨੁਸਾਰ ਨੂੰਹ ਸੱਸ ਦੇ ਰਿਸ਼ਤੇ ਨੂੰ ਇਕ ਸੁਖਾਵਾਂ ਮੋੜ ਦੇਣ ਦੀ ਲੋੜ ਹੈ। ਸਭ ਨੂੰ ਬਦਲੇ ਹੋਏ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਕਿ ਸਮਾਜ ਅਤੇ ਪਰਿਵਾਰ ਵਿਚ ਔਰਤ ਦਾ ਦਰਜਾ ਪਹਿਲੇ ਵਾਲਾ ਨਹੀਂ ਰਿਹਾ। ਆਪਣੀ ਇਸ ਹੋਂਦ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ। ਉਸ ਨੂੰ ਦਫ਼ਤਰ ਅਤੇ ਘਰ ਦਾ ਦੂਹਰਾ ਕੰਮ ਕਰਨਾ ਪੈ ਰਿਹਾ ਹੈ। ਉਹ ਸਰੀਰਕ ਅਤੇ ਮਾਨਸਿਕ ਤੋਰ ਤੇ ਬਹੁਤ ਥੱਕ ਜਾਂਦੀ ਹੈ। ਜਿਸ ਕਾਰਨ ਉਸ ਨੂੰ ਘਰੇਲੂ ਕੰਮ ਕਾਰ ਵਿਚ ਪਤੀ ਜਾਂ ਸੱਸ ਦੇ ਸਹਿਯੋਗ ਦੀ ਲੋੜ ਹੈ। ਇਸ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਨੂੰਹਾਂ ਤੋਂ ਆਪਣਾ ਦਬਦਬਾ ਘਟਾਉਣਾ ਚਾਹੀਦਾ ਹੈ। ਘਰ ਦੇ ਸਾਰੇ ਜੀਆਂ ਨੂੰ ਹਮੇਸ਼ਾਂ ਦੂਜੇ ਪ੍ਰਤੀ ਚੰਗੀ ਭਾਵਨਾ ਅਤੇ ਜੁਬਾਨ ਵਿਚ ਮਿਠਾਸ ਰੱਖਣੀ ਚਾਹੀਦੀ ਹੈ। ਸਾਂਝੇ ਪਰਿਵਾਰ ਸਮਾਜ ਦੇ ਮਜਬੂਤ ਥੰਮ ਹਨ। ਜੇ ਨੂੰਹਾਂ ਅਤੇ ਸੱਸਾਂ ਪਿਆਰ ਨਾਲ ਰਲ ਬੈਠਣ ਤਾਂ ਸਾਂਝੇ ਪਰਿਵਾਰਾਂ ਨੂੰ ਟੁੱਟਣ ਤੋਂ ਕਾਫੀ ਹੱਦ ਤੱਕ ਬਚਾ ਸਕਦੀਆਂ ਹਨ। ਅੱਜ ਕੱਲ੍ਹ ਦੀਆਂ ਨੌਜੁਆਨ ਲੜਕੀਆਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਇਕ ਦਿਨ ਉਨ੍ਹਾਂ ਨੇ ਵੀ ਸੱਸ ਬਣਨਾ ਹੈ ਅਤੇ ਉਨ੍ਹਾਂ ਨੂੰ ਵੀ ਆਪਣੇ ਪਰਿਵਾਰ ਵਿਚ ਸੁਚੱਜੀ ਮਰਿਆਦਾ ਕਾਇਮ ਰੱਖਣੀ ਪੈਣੀ ਹੈ। ਨੂੰਹ ਸੱਸ ਦੇ ਰਿਸ਼ਤੇ ਨੂੰ ਪਿਆਰ ਅਤੇ ਵਿਸ਼ਵਾਸ ਨਾਲ ਬੜੀ ਸੋਹਣੀ ਤਰ੍ਹਾਂ ਨਿਭਾਇਆ ਜਾ ਸਕਦਾ ਹੈ। ਇਹ ਰਿਸ਼ਤਾ ਕਦੀ ਕੁਦਰਤੀ ਮੌਤ ਨਹੀਂ ਮਰਦਾ। ਇਸ ਦਾ ਹਮੇਸ਼ਾਂ ਕਤਲ ਹੁੰਦਾ ਹੈ, ਕਦੀ ਗ਼ਲਤ ਸੋਚ ਨਾਲ, ਕਦੀ ਰੁੱਖੇ ਸੁਭਾਅ ਨਾਲ ਅਤੇ ਕਦੀ ਹੰਕਾਰ ਨਾਲ ਅਤੇ ਕਦੀ ਮਤਲਬ-ਪ੍ਰਸਤੀ ਤੇ ਹੰਕਾਰ ਨਾਲ।
ਨੂੰਹ ਸੱਸ ਦੇ ਰਿਸ਼ਤੇ ਦਾ ਸਤਿਕਾਰ ਕਰੋ। ਫਿਰ ਦੇਖੋ ਤੁਹਾਡੀ ਜ਼ਿੰਦਗੀ ਕਿੰਨੀ ਸ਼ਾਤਮਈ ਹੁੰਦੀ ਹੈ। ਆਪਣੇ ਸੁੱਖ ਦੀ ਸਿਰਜਨਾ ਆਪ ਹੀ ਕਰਨੀ ਹੁੰਦੀ ਹੈ।ਜੋ ਖ਼ੁਦ ਨੂੰ ਬਦਲਣ ਲਈ ਤਿਆਰ ਰਹਿੰਦੇ ਹਨ ਉਨ੍ਹਾਂ ਦੀ ਜ਼ਿੰਦਗੀ ਸਦਾ ਸੁਖੀ ਅਤੇ ਕਾਮਯਾਬ ਹੁੰਦੀ ਹੈ। ਪਰਿਵਾਰ ਦੀ ਬਜ਼ੁਰਗ ਔਰਤ (ਸੱਸ) ਇਕ ਧਾਗੇ ਦੀ ਤਰ੍ਹਾਂ ਹੁੰਦੀ ਹੈ ਜੋ ਸਾਰੇ ਮਣਕਿਆਂ (ਜੀਆਂ) ਨੂੰ ਇਕ ਮਾਲਾ ਦੀ ਤਰ੍ਹਾਂ ਪਰੋ ਕੇ ਰੱਖਦੀ ਹੈ। ਜੇ ਉਹ ਧਾਗਾ ਟੁੱਟ ਜਾਏ ਤਾਂ ਸਾਰੇ ਮਣਕੇ ਬਿਖਰ ਜਾਂਦੇ ਹਨ। ਯਾਦ ਰੱਖੋ ਅਮੀਰ ਉਹ ਨਹੀਂ ਹੁੰਦੇ ਜਿੱਥੇ ਸੋਨੇ ਚਾਂਦੀ ਦੇ ਢੇਰ ਲੱਗੇ ਹੋਣ। ਅਮੀਰ ਉਹ ਹੁੰਦੇ ਹਨ ਜਿੱਥੇ ਨੂੰਹਾਂ, ਧੀਆਂ ਅਤੇ ਸੱਸਾਂ ਖ਼ੁਸ਼ ਹੋਣ।ਕਾਮਯਾਬ ਸੰਯੁਕਤ ਪਰਿਵਾਰ ਲਈ ਦੋਹਾਂ ਨੂੰ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ ਤਾਂ ਕਿ ਘਰ ਵਿਚ ਸ਼ਾਂਤੀ ਬਣੀ ਰਹੇ ਅਤੇ ਬੱਚਿਆਂ ਨੂੰ ਚੰਗੇ ਸੰਸਕਾਰ ਮਿਲਦੇ ਰਹਿਣ ਅਤੇ ਗੁਲਜ਼ਾਰ ਖਿੜ੍ਹਿਆ ਰਹੇ।
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861
email: gursharan1183@yahoo.in
*****