ਵਿਰਸੇ ਦੀਆਂ ਬਾਤਾਂ : ਪੰਜਾਬ ਵਿੱਚ ਚੜ੍ਹਤ ਰਹੀ ਹੈ ਫਿਰਕੀ ਵਾਲੇ ਛੱਤ ਪੱਖੇ ਦੀ - ਜਸਵੀਰ ਸ਼ਰਮਾ ਦੱਦਾਹੂਰ
ਜਿੱਥੇ ਪੰਜਾਬ ਸੂਬੇ ਨੂੰ ਖੇਤੀ ਪ੍ਰਧਾਨ ਸੂਬੇ ਨਾਲ ਜਾਣਿਆਂ ਜਾਂਦਾ ਹੈ ਉਥੇ ਜੇਕਰ ਪੁਰਾਤਨ ਸਮਿਆਂ ਵਾਲੇ ਪੰਜਾਬ ਨੂੰ ਸ਼ਾਂਤੀ ਤੇ ਭਾਈਚਾਰੇ ਵਾਲਾ ਸੂਬਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਪੰਜਾਬ ਵਾਸੀ ਹਰ ਦੁਖੀਏ ਦੀ ਮਦਦ ਕਰਨ ਵਿੱਚ ਭਰਾਤਰੀ ਭਾਈਚਾਰੇ ਦੇ ਪਿਆਰ ਵਿੱਚ ਰਲਮਿਲ ਕੇ ਬਿਨ੍ਹਾਂ ਕਿਸੇ ਜਾਤੀ ਧਰਮ ਫਿਰਕੇ ਦੇ ਸਾਂਝੀਵਾਰਤਾ ਤੇ ਪਿਆਰ ਨਾਲ ਰਹਿਣ ਵਿੱਚ ਵੀ ਪੂਰੇ ਸੰਸਾਰ ਵਿੱਚੋਂ ਪਹਿਲੇ ਨੰਬਰ ਤੇ ਰਹੇ ਹਨ। ਬੇਸ਼ੱਕ ਅਜੋਕੇ ਪੰਜਾਬ ਵਿੱਚ ਭਰਾਵੀਂ ਪਿਆਰ ਖਿੰਡ-ਪੁੰਡ ਗਏ ਹਨ, ਮਸ਼ੀਨੀ ਯੁੱਗ ਵਿੱਚ ਤੇ ਅਗਾਂਹਵਧੂ ਜ਼ਮਾਨੇ ਵਿੱਚ ਅਸੀ ਰੁਲ ਗਏ ਹਾਂ ਪਰ ਪੁਰਾਤਨ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਕੋਈ ਪੰਜ ਦਹਾਕੇ ਪਹਿਲਾਂ ਜਿਆਦਾਤਰ ਵਸੋਂ ਪਿੰਡਾਂ ਵਿੱਚ ਹੀ ਰਹੀ ਹੈ। ਤੇ ਸਭ ਇਕੱਠੇ ਰਲਮਿਲ ਕੇ ਰਹਿਣਾ ਕੋਈ ਜਾਤੀ ਧਰਮ ਤੇ ਮਜ੍ਹਬ ਕਦੇ ਵੀ ਪੰਜਾਬੀਆਂ ਤੇ ਭਾਰੂ ਨਹੀਂ ਸੀ ਪਿਆ। ਭਾਈਚਾਰਕ ਸਾਂਝਾ ਕਾਇਮ ਸਨ। ਪੰਜਾਬੀ ਖਿੱਤੇ ਦੇ ਲੋਕ ਜਿੱਥੇ ਸਾਰੇ ਦੇਸ਼ ਨੂੰ ਅਨਾਜ ਉਗਾ ਕੇ ਦੇਣ 'ਚ ਮੋਹਰੀ ਨੇ ਉਥੇ ਇਹ ਪਿੰਡਾਂ ਦੀਆਂ ਕੋਈ ਛੋਟੀਆਂ ਮੋਟੀਆਂ ਗੱਲਾਂ ਜਾਂ ਕੋਈ ਛੋਟਾ ਮੋਟਾ ਤਕਰਾਰ ਪਿੰਡਾਂ ਵਿੱਚ ਹੀ ਨਿਪਟਾਉਂਦੇ ਰਹੇ ਹਨ। ਮਜਾਲ ਹੈ ਕੋਈ ਅਜੋਕੇ ਸਮੇਂ ਵਾਂਗ ਗੱਲ-ਗੱਲ ਤੇ ਥਾਨੇ ਚਲੇ ਜਾਣ ਨੂੰ ਕਦੇ ਪਹਿਲ ਨਹੀਂ ਸੀ ਦਿੰਦੇ। ਪਰਿਵਾਰਕ ਤੌਰ ਤੇ ਗੱਲ ਨਿਪਟਾ ਲੈਣੀ ਤੇ ਜੇਕਰ ਨਾ ਨਿਪਟਣੀ ਤਾਂ ਵੱਧ ਤੋਂ ਵੱਧ ਪਿੰਡ ਦੇ ਮੋਹਤਬਰ ਬੰਦਿਆਂ ਕੋਲ ਜਾਂ ਫਿਰ ਪਿੰਡ ਦੇ ਸਰਪੰਚ ਦੇ ਹੁਕਮ ਤੇ ਸਭ ਹੀ ਫੁੱਲ ਚੜ੍ਹਾਉਂਦੇ ਸਨ ਪਰ ਉਹਨਾਂ ਸਮਿਆਂ ਵਿੱਚ ਸਰਪੰਚ ਰਸਾਲਦਾਰ ਜਾਂ ਪਿੰਡ ਦਾ ਕੋਈ ਮੋਹਤਬਰ ਬੰਦਾ, ਜੀਹਦੀ ਪਟੜੀ ਬੰਨੇ ਗੱਲ ਸੁਣੀ ਜਾਂਦੀ ਸੀ ਉਥੇ ਜਾ ਕੇ ਹਮੇਸ਼ਾਂ ਗੱਲ ਨਿੱਬੜ ਜਾਂਦੀ ਸੀ। ਇਹ ਉਹ ਸਮੇਂ ਸਨ ਜਦੋਂ ਪਿੰਡਾਂ ਵਿੱਚ ਹਾਲੇ ਬਿਜ਼ਲੀ ਆਈ ਹੀ ਨਹੀਂ ਸੀ। ਗਰਮੀ ਦੇ ਮਹੀਨਿਆਂ ਵਿੱਚ ਜਦੋਂ ਜੇਠ ਹਾੜ ਦੇ ਮਹੀਨੇ ਹੋਣੇ ਤਾਂ ਬਹੁਤ ਵੱਡਾ ਪੱਖਾ (ਤਸਵੀਰ ਵਰਗਾ) ਕਿਸੇ ਰੱਸੀ ਨਾਲ ਬੰਨ੍ਹ ਕੇ ਫਿਰਕੀ ਦੇ ਆਸਰੇ ਲੰਬੀ ਰੱਸੀ ਨਾਲ ਛੱਤ ਦੇ ਨਾਲ ਟੰਗ ਕੇ ਖਿੱਚ ਕੇ ਸਾਰਿਆਂ ਨੂੰ ਹਵਾ ਦਿੱਤੀ ਜਾਂਦੀ ਰਹੀ ਹੈ। ਪਿੰਡਾਂ ਦੇ ਸਾਰੇ ਫੈਂਸਲੇ ਹੀ ਸਰਪੰਚ ਜਾਂ ਮੋਹਤਬਰ ਬੰਦਿਆਂ ਦੀਆਂ ਵੱਡੀਆਂ-ਵੱਡੀਆਂ ਹਵੇਲੀਆਂ ਵਿੱਚ ਹੁੰਦੇ ਰਹੇ ਹਨ। ਬਿਨ੍ਹਾਂ ਕਿਸੇ ਭੇਦ-ਭਾਵ ਦੇ ਸਹੀ ਤੇ ਨਿਰਪੱਖ ਫੈਂਸਲੇ ਕੀਤੇ ਜਾਂਦੇ ਰਹੇ ਹਨ ਪਰ ਗਰਮੀ ਤੋਂ ਬਚਣ ਦਾ ਇਹੀ ਪੱਖਾ ਬਹੁਤ ਵੱਡਾ ਸਾਧਨ ਰਿਹਾ ਹੈ। ਘਰ ਦਾ ਸੀਰੀ ਜਾਂ ਸਪੈਸ਼ਲ ਏਸੇ ਕੰਮ ਲਈ ਰੱਖਿਆ ਸੇਵਾਦਾਰ ਰੱਸੀ ਖਿੱਚ ਕੇ ਸਭਨਾਂ ਨੂੰ ਹਵਾ ਝੱਲਦਾ ਰਿਹਾ ਹੈ। ਕਈ ਵਾਰ ਕਿਸੇ ਕੰਮ ਕਰਵਾਉਣ ਆਏ ਬੰਦਿਆਂ ਦੇ ਵਿੱਚੋਂ ਵੀ ਉਸਤੋਂ ਵਾਰੀ ਨਾਲ ਪੱਖੇ ਵਾਲੀ ਰੱਸੀ ਫੜ੍ਹ ਕੇ ਉਹਨੂੰ ਸਾਹ ਦਿਵਾ ਦਿੰਦੇ ਸਨ। ਹਰ ਆਏ ਗਏ ਨੂੰ ਚਾਹ ਨਹੀਂ ਦੁੱਧ ਨਾਲ ਸੇਵਾ ਹੁੰਦੀ ਰਹੀ ਹੈ ਉਹਨਾਂ ਸਮਿਆਂ ਵਿੱਚ ਸਰਪੰਚ, ਰਸਾਲਦਾਰ ਜਾਂ ਪਿੰਡ ਦੇ ਮੋਹਤਬਰ ਬੰਦਿਆਂ ਦੇ ਘਰਾਂ ਵਿੱਚੋਂ। ਕੱਚੇ ਘਰ ਵੱਡੀਆਂ ਸਵਾਤਾਂ ਹੁੰਦੀਆਂ ਸਨ ਜੋ ਕਿ ਸ਼ਤੀਰੀਆਂ ਬਾਲਿਆਂ, ਸਰ ਕਾਂਹੀ ਵਾਲੀਆਂ ਛੱਤਾਂ ਹੋਣੀਆਂ ਤੇ ਕੱਚੀਆਂ ਗਾਰੇ ਨਾਲ ਕੱਢੀਆਂ ਚੌੜੀਆਂ ਕੰਧਾਂ ਕਰਕੇ ਬਹੁਤ ਗਰਮੀ ਦੇ ਵਿੱਚ ਵੀ ਘਰ ਠੰਡੇ ਹੋਇਆ ਕਰਦੇ ਸਨ। ਇੱਕ ਬੰਦੇ ਦੇ ਹੀ ਰੱਸੀ ਖਿੱਚਣ ਨਾਲ ਕੋਈ ਬੈਠੇ ਵੀਹ-ਪੱਚੀ ਬੰਦਿਆਂ ਨੂੰ ਹਵਾ ਆਉਂਦੀ ਸੀ। ਬੈਠਣ ਲਈ ਅਜੋਕੇ ਸਮੇਂ ਵਾਂਗ ਕੁਰਸੀਆਂ ਘੱਟ ਪਰ ਮੂੜ੍ਹੇ ਜਾਂ ਦੇਸੀ ਬੁਣੇ ਹੋਏ ਮੰਜੇ ਹੁੰਦੇ ਸਨ। ਉਹਨਾਂ ਤੇ ਹੀ ਸਭਨੇ ਬੈਠਣਾ ਤੇ ਆਪੋ ਆਪਣੀ ਵਾਰੀ ਮੁਤਾਬਕ ਜਿੰਮੇਵਾਰ ਬੰਦਿਆਂ ਨੂੰ ਆਪਣੀ ਗੱਲ ਦੱਸਣੀ ਤੇ ਥੋੜ੍ਹੀ ਬਹੁਤੀ ਰਾਇ ਕਰਨ ਤੋਂ ਬਾਅਦ ਅਜੋਕੀਆਂ ਕਚਿਹਰੀਆਂ ਵਾਂਗ ਸਾਲਾਂ ਬੱਧੀ ਨਹੀਂ ਸਗੋਂ ਉਥੇ ਹੀ ਹੁਕਮ ਹੋ ਜਾਂਦੇ ਸਨ। ਤੇ ਲਾਲ ਵਹੀਆਂ ਤੇ ਸਾਰਾ ਲਿਖ-ਲਖਾ ਕਰਕੇ ਉਸਤੇ ਫੁੱਲ ਚੜ੍ਹਾ ਦਿੰਦੇ ਸਨ ਭਾਵ ਮੰਨ ਲੈਂਦੇ ਸਨ। ਪਰ ਬਦਲੇ ਸਮੇਂ ਵਿੱਚ ਤਾਂ ਘਰ ਦੇ ਚਾਰ ਜੀਆਂ ਦਾ ਮੂੰਹ ਵੀ ਅਲੱਗ ਅਲੱਗ ਹੈ ਤੇ ਇਸ ਦੇਸੀ ਪੱਖੇ ਦੀ ਹੋਂਦ ਵੀ ਖ਼ਤਮ ਹੋ ਚੁੱਕੀ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਅਸੀ ਏ.ਸੀਆਂ ਵਾਲੇ ਹੋ ਗਏ ਹਾਂ ਤੇ ਇਹਨਾਂ ਪੱਖਿਆਂ ਦਾ ਸਥਾਨ ਕਿਸੇ ਕਿਸੇ ਅਜਾਇਬ ਘਰ ਵਿੱਚ ਹੀ ਰਹਿ ਗਿਆ ਹੈ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046
06 April 2018