‘ਕਵਿਤਾ ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ - ਉਜਾਗਰ ਸਿੰਘ
Êਪਵਨ ਨਾਦ ਵੱਲੋਂ ਚੋਣਵੀਂ ਸਮਕਾਲੀ ਹਿੰਦੀ ਕਵਿਤਾ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਪ੍ਰਕਾਸ਼ਤ ਕੀਤੀ ‘ਕਵਿਤਾ ਦੇ ਵਿਹੜੇ’ ਪੁਸਤਕ ਪੰਜਾਬੀ ਦੇ ਪਾਠਕਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ। ਕਿਉਂਕਿ ਕਿਸੇ ਵੀ ਭਾਸ਼ਾ ਦਾ ਸਾਹਿਤ ਦੂਜੀਆਂ ਭਾਸ਼ਾਵਾਂ ਦੇ ਪਾਠਕਾਂ ਦੀ ਜਾਣਕਾਰੀ ਅਤੇ ਪ੍ਰਤਿਭਾ ਵਿੱਚ ਵਾਧਾ ਕਰਨ ਵਿੱਚ ਯੋਗਦਾਨ ਪਾਉਂਦਾ ਹੈ। ਖਾਸ ਤੌਰ ਤੇ ਕਵੀਆਂ ਦੀ ਸੋਚ ਵਿੱਚ ਤਬਦੀਲੀ ਵੀ ਲਿਆ ਸਕਦਾ ਹੈ। ਕਿਉਂਕਿ ਜਿਤਨੀਆਂ ਭਾਸ਼ਾਵਾਂ, ਸਭਿਆਚਾਰ, ਪਹਿਰਾਵਾ, ਰਹਿਣ ਸਹਿਣ, ਵਿਵਹਾਰ ਅਤੇ ਪ੍ਰਣਾਲੀ ਦਾ ਸਾਹਿਤਕਾਰਾਂ ਨੂੰ ਗਿਆਨ ਹੋਵੇਗਾ ਉਤਨੀਆਂ ਹੀ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਪਰਪੱਕਤਾ ਅਤੇ ਵਿਭਿੰਨਤਾ ਆਵੇਗੀ। ਉਨ੍ਹਾਂ ਦਾ ਸਾਹਿਤਕ ਗਿਆਨ ਵਿਸ਼ਾਲ ਹੋ ਜਾਵੇਗਾ। ਇਸ ਪੁਸਤਕ ਵਿੱਚ ਪਵਨ ਨਾਦ ਨੇ ਹਿੰਦੀ ਦੇ 11 ਸਰਵੋਤਮ ਅਤੇ ਸਮਰੱਥ ਸਾਹਿਤਕਾਰਾਂ ਜਿਨ੍ਹਾਂ ਵਿੱਚ ਦੋ ਇਸਤਰੀਆਂ ਵੀ ਸ਼ਾਮਲ ਹਨ, ਦੀਆਂ ਕੋਤਰ ਸੌ ਕਵਿਤਾਵਾਂ ਨੂੰ ਪੰਜਾਬੀ ਰੂਪ ਦਿੱਤਾ ਹੈ। ਇਹ ਸਾਹਿਤਕਾਰ ਕੋਈ ਆਮ ਕਵੀ ਨਹੀਂ ਸਗੋਂ ਆਪੋ ਆਪਣੇ ਖੇਤਰਾਂ ਦੇ ਜਾਣੇ ਪਛਾਣੇ ਸਰਵਪ੍ਰਮਾਣਤ ਵਿਦਵਾਨ ਹਨ, ਜਿਨ੍ਹਾਂ ਨੂੰ ਗਿਆਨ ਪੀਠ, ਸਾਹਿਤ ਅਕਾਦਮੀ ਵਰਗੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਣ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿੱਚੋਂ ਬਹੁਤੇ ਸਾਹਿਤਕ ਰਸਾਲਿਆਂ ਦੇ ਸੰਪਾਦਕ ਹਨ, ਜਿਨ੍ਹਾ ਦੀ ਦਰਜਨਾ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਨ੍ਹਾਂ ਦੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਉਭਰਦੇ ਕਵੀਆਂ ਨੂੰ ਸੰਵਾਦ ਕਰਨ ਵਿੱਚ ਮੁਹਾਰਤ ਹੋਵੇਗੀ ਕਿਉਂਕਿ ਸੰਵਾਦ ਹੀ ਹਰ ਸਮੱਸਿਆ ਦਾ ਹਲ ਹੁੰਦਾ ਹੈ। ਪੰਜਾਬੀ ਦੇ ਪਾਠਕਾਂ ਲਈ ਦੂਜੀਆਂ ਭਾਸ਼ਵਾਂ ਦੀਆਂ ਬਿਹਤਰੀਨ ਕਵਿਤਾਵਾਂ ਆਪਣੀ ਮਾਤ ਭਾਸ਼ਾ ਵਿੱਚ ਪੜ੍ਹਨ ਨੂੰ ਮਿਲਣਾ ਸ਼ੁਭ ਸੰਕੇਤ ਹਨ।
ਅਨੁਵਾਦ ਦਾ ਕੰਮ ਬਹੁਤ ਹੀ ਪੇਚੀਦਾ ਅਤੇ ਕਲਾਤਮਿਕ ਤਕਨੀਕ ਦਾ ਹੁੰਦਾ ਹੈ। ਖਾਸ ਤੌਰ ‘ਤੇ ਸਾਹਿਤ ਦੇ ਬਾਕੀ ਰੂਪਾਂ ਵਿੱਚੋਂ ਕਵਿਤਾ ਦਾ ਕਿਉਂਕਿ ਕਿਸੇ ਕਵੀ ਦੀ ਭਾਵਨਾ ਨੂੰ ਦੂਜੀ ਭਾਸ਼ਾ ਵਿੱਚ ਉਸ ਕਵਿਤਾ ਦੀ ਆਤਮਾ ਅਨੁਸਾਰ ਪ੍ਰਗਟ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਪ੍ਰੰਤੂ ਪਵਨ ਨਾਦ ਨੇ ਇਸ ਪੱਖ ਤੋਂ ਵੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਪੁਸਤਕ ਵਿੱਚ ਅਨੁਵਾਦ ਹੀ ਗੱਲ ਨਹੀਂ ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਉਹ ਕਿਹੜੀਆਂ ਕਵਿਤਾਵਾਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਹਨ, ਉਨ੍ਹਾਂ ਵਿੱਚ ਕੀ ਖਾਸੀਅਤ ਹੈ। ਸਾਰੇ 11 ਲੇਖਕਾਂ ਦੀਆਂ ਕਵਿਤਾਵਾਂ ਸੰਕੇਤਕ ਪ੍ਰੰਤੂ ਮਨਾਂ ਨੂੰ ਕੁਰੇਦਣ ਵਾਲੀਆਂ ਹਨ। ਹਿੰਦੀ ਦੇ ਕਵੀਆਂ ਵਿੱਚੋਂ ਸਰਵੇਸ਼ਵਰ ਦਿਆਲ ਸਕਸੇਨਾ ਸਾਹਿਤ ਅਕਾਦਮੀ ਇਨਾਮ ਪ੍ਰਾਪਤ, ਕੰਵਰ ਨਾਰਾਇਣ ਗਿਆਨ ਪੀਠ ਅਤੇ ਪਦਮ ਭੂਸ਼ਣ, ਚੰਦਰ ਕਾਂਤ ਦੇਵਤਾਲੇ, ਵਿਸ਼ਨੂੰ ਨਾਗਰ ਅਤੇ ਮੰਗਲੇਸਵਰ ਡਬਰਾਲ ਸੰਪਾਦਕ, ਅਸ਼ੋਕ ਵਾਜਪੇਈ ਉਪ ਕੁਲਪਤੀ ਅਤੇ ਪ੍ਰਧਾਨ ਲਲਿਤ ਅਕਾਦਮੀ, ਉਦਯ ਪ੍ਰਕਾਸ਼, ਭਗਵਤ ਰਾਵਤ, ਕੁਮਾਰ ਅੰਬੁਜ, ਗਗਨ ਗਿੱਲ ਅਤੇ ਬਬੁਸ਼ਾ ਕੋਹਲੀ ਅਨੇਕਾਂ ਰਾਸ਼ਟਰੀ ਅਤੇ ਅੰਤਰਾਸ਼ਟਰੀ ਮਾਨ ਸਨਮਾਨ ਪ੍ਰਾਪਤ ਕਰਨ ਵਾਲੇ ਕਵੀ ਹਨ। ਇਨ੍ਹਾਂ ਕਵੀਆਂ ਦੀ ਕਵਿਤਾਵਾਂ ਸਾਰੀਆਂ ਹੀ ਵਡਮੁੱਲੀਆਂ ਪ੍ਰੰਤੂ ਕੁਝ ਕੁ ਬਾਰੇ ਵਿਸਤਾਰ ਨਾਲ ਲਿਖਣ ਦੀ ਕੋਸ਼ਿਸ਼ ਕਰਾਂਗਾ।
ਸਰਵੇਸ਼ਵਰ ਦਿਆਲ ਸਕਸੇਨਾ: ਉਨ੍ਹਾਂ ਦੀਆਂ 6 ਕਵਿਤਾਵਾਂ ਅਹਿਸਾਸਾਂ, ਭਾਵਨਾਵਾਂ, ਇਨਸਾਨੀ ਰਿਸ਼ਤਿਆਂ ਅਤੇ ਮਿਹਨਤ ਦੇ ਵਿਸ਼ਿਆਂ ਵਾਲੀਆਂ ਹਨ। ‘ਸੁਰਖ ਹਥੇਲੀਆਂ ’ਮਿਹਨਤ ਕਰਨ ਵਾਲਿਆਂ ਦਾ ਪ੍ਰਤੀਕ, ‘ਨਦੀ’ ਭਾਵਨਾਵਾਂ ਦੇ ਅਹਿਸਾਸ, ‘ਰਿਸ਼ਤਾ’ ਇਨਸਾਨੀ ਰਿਸ਼ਤਿਆਂ ਦੀ ਮਜ਼ਬੂਤੀ ਇਕ ਦੂਜੇ ‘ਤੇ ਨਿਰਭਰ ਰਹਿਣ ਨਾਲ ਹੁੰਦੀ ਹੈ। ਰਿਸ਼ਤੇ ਟੁੱਟਣ ਨਾਲ ਸਮਾਜ ਬਿਖਰ ਜਾਂਦਾ ਹੈ। ‘ਤੇਰੇ ਨਾਲ ਰਹਿਕੇ’ ਇਨਸਾਨੀ ਇਕਮੁੱਠਤਾ ਅਤੇ ਅਪਣਤ ਦਾ ਅਹਿਸਾਸ ਕਰਵਾਉਂਦੀ ਅਤੇ ਸ਼ਕਤੀ ਬਣਾਉਂਦੀ ਹੈ। ਜੇਕਰ ਇਕ ਮੁਠਤਾ ਨਾ ਰਹੇ ਤਾਂ ਇਨਸਾਨ ਸ਼ਕਤੀਹੀਣ ਹੋ ਜਾਂਦਾ ਹੈ। ‘ਕਿੰਨਾ ਚੰਗਾ ਹੁੰਦਾ’ ਸਾਧਾਰਣਤਾ ਦਾ ਜੀਵਨ ਜਿਓਣ ਦੀ ਪ੍ਰੇਰਨਾ ਕਰਦੀ ਹੈ ਅਤੇ ਪਛੜਿਆ ਆਦਮੀ ਸਬਰ ਸਤੋਖ ਦਾ ਪ੍ਰਤੀਕ ਹੈ।
ਕੁੰਵਰ ਨਰਾਇਣ: ਉਨ੍ਹਾਂ ਦੀਆਂ 7 ਕਵਿਤਾਵਾਂ ਬਹੁਤ ਹੀ ਦਿਲ ਨੂੰ ਝੰਜੋੜਨ ਵਾਲੀਆਂ ਹਨ। ‘ਟਿਊਨੇਸ਼ੀਆ’ ਇਨਸਾਨ ਦੀ ਉਸਾਰੂ ਸੋਚ, ‘ਇਕ ਅਜੀਬ ਦਿਨ’ ਅਤੇ ‘ਬਜ਼ਾਰਾਂ ਵੱਲ ਵੀ’ ਅੰਤਰ ਝਾਤ ਮਾਰਨ ਦੀ ਪ੍ਰੇਰਨਾ ਦਿੰਦੀਆਂ ਹਨ। ‘ਸਵੇਰੇ ਸਵੇਰੇ’ ਮਾਂ ਦੇ ਆਪਣੇ ਬੱਚਿਆਂ ਪ੍ਰਤੀ ਪਵਿਤਰ ਅਹਿਸਾਸਾਂ ਦਾ ਪੁਲੰਦਾ ਹਨ। ‘ਇਕ ਅਜੀਬ ਬਾਜ਼ਾਰੀ ਮੁਸ਼ਕਲ’ ਵਿੱਚ ਕਵੀ ਇਨਸਾਨ ਦੇ ਔਗੁਣਾ ਨੂੰ ਅਣਗੌਲੇ ਕਰਕੇ ਉਸਦੇ ਗੁਣਾ ਦੀ ਕਦਰ ਕਰਨ ਦੀ ਨਸੀਹਤ ਦਿੰਦਾ ਹੈ। ‘ਆਵੀਂ ਪਰ ਇਵੇਂ’ ਅਤੇ ‘ਜ਼ਖ਼ਮ’ ਕਵਿਤਾਵਾਂ ਨਫ਼ਰਤਾਂ ਦੀ ਥਾਂ ਪਿਆਰ ਕਰਨ ਨੂੰ ਪਹਿਲ ਕਰਨ ਲਈ ਕਹਿੰਦੀਆਂ ਹਨ।
ਚੰਦਰਕਾਂਤ ਦੇਤਵਾਲੇ: ਉਨ੍ਹਾਂ ਦੀਆਂ ਇਸ ਪੁਸਤਕ ਵਿੱਚ 11 ਕਵਿਤਾਵਾਂ ਹਨ। ‘ਏਨੀ ਪੱਥਰ ਰੌਸ਼ਨੀ’ ਵਿੱਚ ਇਛਾਵਾਂ ਤੇ ਕਾਬੂ ਪਾਉਣ ਅਤੇ ‘ਰੁੱਖ’ ਕਵਿਤਾ ਵਿੱਚ ਇਨਸਾਨ ਦੀ ਤੁਲਨਾ ਕੀਤੀ ਹੈ ਕਿ ਉਹ ਇਕ ਦੂਜੇ ਨੂੰ ਆਪਣੇ ਨਾਲ ਨਹੀਂ ਲਾਉਂਦਾ ਸਗੋਂ ਦੂਰ ਕਰਦਾ ਹੈ। ਪੰਛੀਆਂ ਲਈ ਰੁੱਖਾਂ ਦੀ ਸੰਭਾਲ ਨਹੀਂ ਕਰਦਾ, ਸਗੋਂ ਉਨ੍ਹਾਂ ਲਈ ਬਨਾਵਟੀ ਆਲ੍ਹਣੇ ਬਣਾਉਂਦਾ ਹੈ। ‘ਮੈਂ ਤੈਨੂੰ ਪੀਂਦਾ ਹਾਂ’ ਵਿੱਚ ਇਨਸਾਨ ਨੂੰ ਸੁਖੀ ਜੀਵਨ ਜਿਓਣ ਲਈ ਮਨ ਦੇ ਹਨੇਰੇ ਨੂੰ ਦੂਰ ਕਰਨ ਦੀ ਤਾਕੀਦ ਕਰਦਾ ਹੈ।‘ ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ’ ਕਮਾਲ ਦੀ ਕਵਿਤਾ ਹੈ, ਜਿਸ ਵਿੱਚ ਅਨੇਕਾ ਸੁਨੇਹੇ ਸੰਕੇਤਾਂ ਰਾਹੀਂ ਪਿਆਰ ਦੇ ਬੀਜ ਬੀਜਣ ਦੀ ਸਲਾਹ ਦਿੱਤੀ ਗਈ ਹੈ। ‘ਤੂੰ ਉਥੇ ਹੀ ਹੋਣਾ’ ਕਵਿਤਾ ਇਨਸਾਨ ਜੇਕਰ ਕਿਸੇ ਦੀ ਬੁਰਾਈ ਕਰਦਾ ਹੈ ਤਾਂ ਆਪਣੀ ਹੀ ਬੁਰਾਈ ਕਰ ਰਿਹਾ ਹੁੰਦਾ ਹੈ। ‘ਉਹ ਗਾਉਣ ਲੱਗੀ’ ‘ਮੇਰੇ ਅੰਦਰ’, ‘ਸੁਲਘਦਾ ਰਹਿੰਦਾ ਬਿਰਖ‘, ‘ਫੱਗਣ’ ਅਤੇ ‘ਡੁੱਬਦੇ ਜਹਾਜ਼ ਦਾ ਵਾਹ’ ਇਸਤਰੀ ਦੇ ਸਤਿਕਾਰ ਦੀਆਂ ਪ੍ਰਤੀਕ ਹਨ। ਮਰਦ ਹਰ ਔਰਤ ਬਾਰੇ ਸੁਪਨੇ ਲੈਂਦਾ ਰਹਿੰਦਾ ਹੈ ਜੋ ਔਰਤ ਦੀਆਂ ਭਾਵਨਾਵਾਂ ਦੀ ਦੁਰਵਰਤੋਂ ਹੈ।
ਭਗਵਤ ਰਾਵਤ: ਉਨ੍ਹਾਂ ਦੀਆਂ 11 ਕਵਿਤਾਵਾਂ ਇਸ ਪੁਸਤਕ ਵਿੱਚ ਸ਼ਾਮਲ ਹਨ। ਸਾਰੀਆਂ ਕਵਿਤਾਵਾਂ ਭਾਵਪੂਰਨ ਹਨ। ‘ਉਹ ਇਸੇ ਧਰਤੀ ਤੇ ਨੇ’ ਕਵਿਤਾ ਅਨੁਸਾਰ ਸਮਾਜ ਕੁਝ ਕੁ ਬਿਹਤਰੀਨ ਸਾਧਾਰਨ ਇਨਾਸਾਨਾ ਦੇ ਗੁਣਾ ਕਰਕੇ ਆਨੰਦ ਮਾਣ ਰਿਹਾ ਹੈ ਪ੍ਰੰਤੂ ਉਹ ਲੋਕ ਕਿਸੇ ਕੋਲ ਅਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਨਹੀਂ ਕਰਦੇ। ਇਸੇ ਤਰ੍ਹਾਂ ‘ਚਿੜੀਆਂ ਨੂੰ ਪਤਾ ਨਹੀਂ’ ਕਵਿਤਾ ਵਿੱਚ ਕਵੀ ਦਸਦਾ ਹੈ ਔਰਤਾਂ ਸਮਾਜ ਵਿੱਚ ਡਰ ਦੇ ਸਾਏ ਹੇਠ ਵੀ ਆਪਣੇ ਫਰਜ ਨਿਭਾਈ ਜਾ ਰਹੀਆਂ ਹਨ। ‘ਖ਼ੁਸ਼ਫਹਿਮੀਆਂ’ ਕਵਿਤਾ ਵਿੱਚ ਕਿਹਾ ਗਿਆ ਹੈ ਕਿ ਸਮਾਜ ਦਾ ਨੁਕਸਾਨ ਕਰ ਰਹੇ ਲੋਕ, ਇਕ ਦਿਨ ਜ਼ਰੂਰ ਆਪਣੀ ਗਲਤੀ ਦਾ ਅਹਿਸਾਸ ਕਰਨਗੇ। ‘ਆਦਮੀ ਵੱਲ’ ਕਵਿਤਾ ਵਿਚ ਕਵੀ ਲੋਕਾਂ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੂੰ ਆਪਣੀ ਅੰਤਹਕਰਨ ਦੀ ਅਵਾਜ ਸੁਣਨੀ ਚਾਹੀਦੀ ਹੈ। ‘ਕੋਈ ਹੋਰ ਖੇਡ ਖੇਡੀਏ’ ਕਵਿਤਾ ਦੁਸ਼ਮਣੀ ਖ਼ਤਮ ਕਰਕੇ ਮਿਲਕੇ ਰਹਿਣ ਦੀ ਪ੍ਰੇਰਨਾ ਕਰਦੀ ਹੈ। ‘ਇਕ ਦਿਨ ਅਜਿਹਾ ਆਵੇਗਾ’ ਅਤੇ ‘ਬਸ’, ‘ਓਸੇ ਨੂੰ ਸਮਝਾ ਨਾ ਸਕਿਆ’, ‘ਤੁਸੀਂ ਕਰਿਓ ਯਕੀਨ’ ਅਤੇ ‘ਪਤਾ ਨਹੀਂ ਕਦ ਤੋਂ ’ਕਵਿਤਾਵਾਂ ਵਿੱਚ ਕਵੀ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਪ੍ਰੇਰ ਰਿਹਾ ਹੈ ਕਿਉਂਕਿ ਵਕਤ ਲੰਘੇ ਤੇ ਪਛਤਾਉਣ ਦਾ ਕੋਈ ਲਾਭ ਨਹੀਂ ਹੋਣਾ। ‘ਇਨ੍ਹੀਂ ਦਿਨੀ’ ਕਵਿਤਾ ਵਿੱਚ ਧਾਰਮਿਕ ਕਟੜਤਾ ਤੇ ਵਿਅੰਗ ਕਰਦੇ ਹਨ। ‘ਡਿੱਗਣਾ’ ਵਿੱਚ ਇਨਸਾਨ ਦੇ ਕਿਰਦਾਰ ਵਿੱਚ ਆਈ ਗਿਰਾਵਟ ਦੇ ਸੰਕੇਤ ਹਨ। ‘ਜੋ ਵੀ ਖੁਲ੍ਹੀ ਜਗ੍ਹਾ ਦਿਖਾਈ ਦਿੰਦੀ ਹੈ’ ਅਤੇ ‘ਉਹੀ ਤਾਂ ਕਵਿਤਾ ਹੁੰਦੀ ਹੈ’ ਕਵਿਤਾਵਾਂ ਵਿੱਚ ਇਨਸਾਨ ਦੇ ਵਿਓਪਾਰੀ ਕਿਰਦਾਰ ਅਤੇ ਚਕਾਚੌਂਦ ਦੇ ਸੁਪਨਿਆਂ ਵਿੱਚ ਗ੍ਰਸੇ ਹੋਣ ਦਾ ਪ੍ਰਭਾਵ ਵਿਖਾਈ ਦਿੰਦਾ ਹੈ।
ਅਸ਼ੋਕ ਵਾਜਪੇਈ: ਉਨ੍ਹਾਂ ਦੀਆਂ 15 ਕਵਿਤਾਵਾਂ ਹਨ। ‘ਸੂਰਜ’ ਕਵਿਤਾ ਵਿੱਚ ਲਿਖਦੇ ਹਨ ਕਿ ਸੁਜਾਖੇ ਅਸਲੀਅਤ ਨੂੰ ਵੇਖਦੇ ਨਹੀਂ ਜਿਨ੍ਹਾਂ ਨੂੰ ਨਹੀਂ ਦਿਖਦਾ ਉਹ ਸੁਚੇਤ ਹਨ। ‘ਕਹਿੰਦਾ ਹਾਂ’, ਮਾਂ ਲਈ’, ‘ਜਨਮ ਕਥਾ’, ‘ਮੈਂ ਫੜਦਾਂ ਸ਼ਬਦ’, ‘ਪਿਆਰ’,‘ ਆਪਣੀ ਖਿੜਕੀ ਚੋਂ’, ‘ਜਦ ਉਸਨੂੰ ਛੋਹਿਆ’ ਅਤੇ ‘ਉਡੀਕ ਕਰੋ-1’ ਅਤੇ -2’ ਕਵਿਤਾਵਾਂ ਸੰਕੇਤਾਂ ਰਾਹੀਂ ਮਾਂ ਦੀ ਭੂਮਿਕਾ, ਕੁਦਰਤ ਨਾਲ ਪਿਆਰ, ਤੇ ‘ਉਹ’, ‘ਇਕ ਇਕ ਰੋਮ ਨੂੰ’, ਇਨਸਾਨ ਦੀ ਖ਼ਾਹਸ਼ ਅਤੇ ਅਹਿਸਾਸਾਂ ਬਾਰੇ ਦਰਸਾਉਂਦੀਆਂ ਹਨ। ‘ਦੇਵਤਿਓ’, ‘ਰਚਨਾ’ ਅਤੇ ‘ਮੁਅੱਤਲ’ ਸਮੇਂ ਦੀ ਨਜ਼ਾਕਤ ਨੂੰ ਸਮਝਣ ਦੀ ਗੱਲ ਕਰਦੀਆਂ ਹਨ।
ਮੰਗਲੇਸ਼ ਡਬਰਾਲ: ਉਨ੍ਹਾਂ ਦੀਆਂ ‘ਤੇਰਾ ਪਿਆਰ’, ‘ਡਿੱਗਣਾ’, ‘ਬੱਚਿਆਂ ਦੇ ਨਾਮ ਚਿੱਠੀ’, ‘ਪਿਆਰ ਸਫਲਤਾ ਦੀ ਕੁੰਜੀ’ ਅਤੇ ‘ਮੈਂ ਚਾਹੁੰਦਾ ਹਾਂ’ 5 ਕਵਿਤਾਵਾਂ ਪਿਆਰ ਦਾ ਅਹਿਸਾਸ, ਜਿਸਨੇ ਪੁੰਗਰਨਾ ਬਰਫ ਹੇਠੋਂ ਵੀ ਪੁੰਗਰਦਾ, ਜੀਵਨ ਉਤਸਵ, ਇਨਸਾਨ ਬਣਨਾ ਅਤੇ ਪਿਆਰ ਨੂੰ ਕਬਜ਼ਾ ਸਮਝਣਾ ਆਦਿ ਬਾਰੇ ਮਹਿਸੂਸ ਕਰਵਾਉਂਦੀਆਂ ਹਨ।
ਵਿਸ਼ਨੂੰ ਨਾਗਰ: ਉਨ੍ਹਾਂ ਦੀਆਂ ‘ਆਤਮ ਸੁਧਾਰ’, ‘ਪ੍ਰਕਿਰਿਆ’, ‘ਗੱਲ ਕੋਈ ਹੈ ਈ ਨਹੀਂ ਸੀ’, ‘ਬੰਬ ਅਤੇ ਫੁੱਲ’, ‘ਗਧਾ’ ਅਤੇ ‘ਬੌਣਿਆਂ ਦਾ ਸੰਸਾਰ’ 6 ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਸਮਾਜ ਸੁਧਾਰ, ਆਲਸ, ਪਿਆਰ, ਇਨਸਾਨੀ ਸੋਚ, ਬਿਨਾ ਸੋਚੇ ਸਮਝੇ ਰਾਏ ਬਣਾਉਣਾ ਅਤੇ ਬਰਦਾਸ਼ਤ ਕਰਨਾ ਹਨ। ਇਹ ਵਿਸ਼ੇ ਸਮਾਜਿਕ ਤਬਦੀਲੀ ਦਾ ਆਧਾਰ ਬਣ ਸਕਦੇ ਹਨ।
ਉਦਯ ਪ੍ਰਕਾਸ਼: ਕਵੀ ਦੀਆਂ ‘ਛਿੱਕ’, ਇੱਕ ਕਾਹਲੀ ਮਾੜੀ’, ‘ਕੁਝ ਬਣ ਜਾਨੇ ਆਂ’, ‘ਕਾਇਦਾ’, ‘ਇਮਾਰਤ’ ਅਤੇ ‘ਦੁਆ’ 6 ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿੱਚ ਇਨਸਾਨ ਦੀ ਫਿਤਰਤ, ਭੁੱਖ, ਰੋਗ, ਇਸ਼ਕ ਦੇ ਅਹਿਸਾਸ, ਆਦਤ ਤੋਂ ਮਜ਼ਬੂਰ ਇਨਸਾਨ, ਮਿਹਨਤ ਦਾ ਮੁੱਲ ਨਹੀਂ ਅਤੇ ਖ਼ੁਆਬਾਂ ਵਿੱਚ ਵਸਦੀ ਦੁਨੀਆਂ ਵਰਗੇ ਸੰਜੀਦਾ ਵਿਸ਼ੇ ਚੁਣੇ ਹਨ।
ਕੁਮਾਰ ਅੰਬੁਜ: ਕਵੀ ਦੀਆਂ ਵੀ ‘ਪ੍ਰਧਾਨ ਮੰਤਰੀ ਅਤੇ ਸ਼ਿਲਪਕਾਰ’, ‘ਮਾਂ ਮਹਿਮਾਨ ਹੈ’, ‘ਇੱਧਰ ਦਾ ਜੀਵਨ’, ‘ਦੌੜ’, ‘ਮੂਰਖ਼ਤਾਵਾਂ’ ਅਤੇ ‘ਅਣਚਾਹੇ ਲੋਕ’ ਸ਼ਾਮਲ ਕੀਤੀਆਂ ਹਨ, ਜਿਨ੍ਹਾਂ ਵਿੱਚ ਕੁਮਾਰ ਅੰਬੁਜ ਨੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਮਿਹਨਤ ਦਾ ਮੁੱਲ ਨਾ ਮਿਲਣਾ, ਮਾਂ ਦੀ ਜ਼ਿੰਮੇਵਾਰੀ, ਧੋਖ਼ਾ, ਫ਼ਰੇਬ, ਜ਼ਾਤਾਂ ਪਾਤਾਂ ਵਿੱਚ ਵੰਡੀ ਖਲਕਤ, ਇਨਸਾਨ ਇਨਸਾਨਾ ਵਿੱਚ ਨਹੀਂ ਸਗੋਂ ਭੀੜ ਦਾ ਹਿੱਸਾ, ਮੂਰਖ਼ਤਾ ਅਤੇ ਸੰਵਦਨਸ਼ੀਲਤਾ ਦਾ ਖ਼ਾਤਮਾ ਵਰਗੇ ਮਹੱਤਵਪੂਰਨ ਵਿਸ਼ੇ ਬਣਾਏ ਹਨ।
ਗਗਨ ਗਿੱਲ: ਇਸ ਪੁਸਤਕ ਵਿੱਚ ਉਨ੍ਹਾਂ ਦੀਆਂ 11 ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਉਨ੍ਹਾਂ ਦੀਆਂ 8 ਕਵਿਤਾਵਾਂ, ‘ਪਿਤਾ ਨੇ ਆਖਿਆ-1, 2’, ‘ਕੀ ਉਹ ਜਾਣਦੀ ਹੈ?’, ‘ਜੰਗਲ ਅਗਵਾਈ ਲਈ ਹਾਜ਼ਰ ਹੈ’, ‘ਉਹ ਉਸਨੂੰ ਮਿਲਣ ਜਾ ਰਹੀ ਹੈ’, ‘ਨਜ਼ਰ ਦੇ ਅੱਗੇ ਇਕ ਕੰਧ ਹੈ’, ‘ਵਿਦਾ ਕੀਤਾ’ ਅਤੇ ‘ਬੱਚੇ ਤੂੰ ਆਪਣੇ ਘਰ ਜਾਹ’ ਇਸਤਰੀ ਦੀ ਤ੍ਰਾਸਦੀ ਅਤੇ ਜ਼ਿੰਦਗੀ ਦੀ ਜਦੋਜਹਿਦ ਦਾ ਪ੍ਰਗਟਾਵਾ ਕਰਦੀਆਂ ਹਨ। ‘ਸੁੱਖ ‘ਚ ਜੋ ਦੁੱਖ ਹੈ’, ‘ਚੋਰੀ ਦਾ ਫੁੱ’ ਅਤੇ ’ਖ਼ੁਸ਼ਆਮਦੀਦ’ ਤਿੰਨੋ ਕਵਿਤਾਵਾਂ ਇਸਤਰੀ ਦੀਆਂ ਭਾਵਨਾਵਾਂ ਦੀ ਖ਼ਹਿਸ਼ ਦੇ ਸਪਨੇ ਸਿਰਜਦੀਆਂ ਹਨ।
ਬਬੁਸ਼ਾ ਕੋਹਲੀ: ਕਵਿਤਰੀ ਦੀਆਂ 14 ਕਵਿਤਾਵਾਂ ਪੁਸਤਕ ਵਿੱਚ ਸ਼ਾਮਲ ਹਨ। ਇਹ ਸਾਰੀਆਂ ਕਵਿਤਾਵਾਂ ਸੰਕੇਤਕ ਇਸਤਰੀ ਦੇ ਹਾਵ ਭਾਵ ਅਤੇ ਸੁਪਨਿਆਂ ਦੀ ਦਹਿਲੀਜ਼ ‘ਤੇ ਪਹੁੰਚਣ ਦੀ ਗੱਲ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਨੂੰ ਸਮਝਣ ਲਈ ਇਸਤਰੀ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ।
ਮੋਬਾਈਲ-94178 13072
ujagarsingh48@yahoo.com