ਵਿਰਸੇ ਦੀਆਂ ਬਾਤਾਂ : ਅਲੋਪ ਹੋਈਆਂ ਪਿੰਡਾਂ ਵਾਲੀਆਂ ਭੱਠੀਆਂ - ਜਸਵੀਰ ਸ਼ਰਮਾ ਦੱਦਾਹੂਰ
''ਭੱਠੀ ਉੱਤੇ ਖੜ ਕੇ ਦਾਣੇ ਮੈਂ ਭੰਨਾਉਣੀਂ ਆਂ,
ਤੇਰੀਆਂ ਖਿੱਲਾਂ ਤੇ ਮੇਰੇ ਰੋੜ ਮੁੰਡਿਆ ਪੇਕੀਂ ਛੱਡ ਜਾ ਮਹੀਨਾ ਇੱਕ ਹੋਰ ਮੁੰਡਿਆ।
ਇਸ ਗੀਤ ਦੇ ਬੋਲ ਸਾਨੂੰ ਸੱਚੀਂ-ਮੁੱਚੀਂ ਪੁਰਤਾਨ ਪੰਜਾਬ ਦੀ ਝਲਕ ਹੂ-ਬ-ਹੂ ਵਿਖਾ ਦਿੰਦੇ ਹਨ। ਜਦੋਂ ਸ਼ਾਮਾਂ ਨੂੰ ਤਾਈ ਭਾਨੀ ਦੀ ਭੱਠੀ ਤੋਂ ਲਾਈਨਾਂ ਵਿੱਚ ਲੱਗ ਕੇ ਦਾਣੇ ਭੰਨਾਉਂਦੇ ਹੁੰਦੇ ਸਾਂ। ਚਾਰ ਕੁ ਵਜਦੇ ਸ਼ਾਮ ਨੂੰ ਤਾਈ ਨੇ ਭੱਠੀ ਤਪਾ ਲੈਣੀ ਤੇ ਫਿਰ ਵਾਰੀ-ਵਾਰੀ ਛੋਲਿਆਂ ਦੇ, ਮੱਕੀ ਦੇ, ਜਵਾਰ ਜਾਂ ਫਿਰ ਘਾਟ ਭੁਨਾ ਕੇ ਚੱਬਣੀ ਤੇ ਫਿਰ ਘਰੇ ਵੀ ਲੈ ਕੇ ਆਉਣਾ। ਤਾਈ ਕੋਈ ਨਗਦ ਪੈਸਾ ਤਾਂ ਭਾਂਵੇ ਦਾਣੇ ਭੁੰਨਾਈ ਦਾ ਨਹੀਂ ਸੀ ਲੈਂਦੀ ਪਰ ਕੜਾਹੀ ਵਿੱਚ ਦਾਣੇ ਪਾਉਣ ਵੇਲੇ ਉਹ ਲੱਪ ਨਾਲ ਪਹਾੜਾ ਜਰੂਰ ਲੈਂਦੀ ਸੀ ਦਾਣੇ ਭੁੰਨਣ ਦਾ। ਇਹਨਾਂ ਭੁੰਨੇ ਹੋਏ ਦਾਣਿਆਂ ਵਿੱਚ ਅਸੀ ਲੋੜ ਮੁਤਾਬਕ ਗੁੜ ਜਾਂ ਸ਼ੱਕਰ ਮਿਲਾ ਕੇ ਖਾਣਾ, ਬੜੇ ਸਵਾਦੀ ਲੱਗਦੇ ਸਨ ਉਹ ਭੱਠੀ ਤੇ ਭੁੰਨੇ ਦਾਣੇ। ਇਹ ਵਤੀਰਾ ਹਰ ਰੋਜ਼ ਦਾ ਸੀ। ਜੇਕਰ ਕਿਤੇ ਤਾਈ ਨੇ ਬਾਹਰ ਜਾਣਾ ਜਾਂ ਕਬੀਲਦਾਰੀ ਦੇ ਕਿਸੇ ਜ਼ਰੂਰੀ ਕਰਕੇ ਭੱਠੀ ਤਪਾਉਣ ਦਾ ਨਾਂਗਾ ਪਾ ਦੇਣਾ ਤਾਂ ਸਾਡਾ ਦਿਲ ਪੁੱਛਿਆ ਹੀ ਜਾਣਦਾ ਸੀ। ਜਦੋਂ ਇੱਕ ਦੋ ਦਿਨ ਬਾਅਦ ਤਾਈ ਨੇ ਭੱਠੀ ਫਿਰ ਤਪਾਉਣੀ ਤਾਂ ਉਸ ਨਾਲ ਅਸੀ ਬੜਾ ਗੁੱਸੇ ਹੋਣਾ 'ਤੇ ਤਾਈ ਨੇ ਸਾਡੀਆਂ ਗੱਲਾਂ ਦਾ ਕਦੇ ਗੁੱਸਾ ਨਾ ਕਰਨਾ ਸਗੋਂ ਹੱਸ ਕੇ ਟਾਲ ਦੇਣਾ।
ਉਹ ਪਿਆਰੇ ਤੇ ਨਿਆਰੇ ਸਮੇਂ ਕਦੇ ਵਾਪਸ ਨਹੀਂ ਆਉਣੇ। ਉਹ ਸਮੇਂ ਹੀ ਬਹੁਤ ਪਿਆਰੇ ਸਨ। ਛੱਪੜਾਂ, ਖ਼ੂਹਾਂ, ਟੋਭਿਆਂ ਤੇ ਭੱਠੀਆਂ ਤੇ ਸ਼ਾਮ ਵੇਲੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਛੱਪੜਾਂ ਤੇ ਸਾਡੇ ਬਜ਼ੁਰਗ ਮੱਝਾਂ ਗਾਵਾਂ ਨੂੰ ਪਾਣੀ ਪਿਲਾਉਂਦੇ, ਨਹਾਉਂਦੇ ਤੇ ਕਾਫ਼ੀ ਚਿਰ ਛੱਪੜਾਂ ਵਿੱਚ ਮੱਝਾਂ ਬੈਠੀਆਂ ਰਹਿਣੀਆਂ। ਬਜ਼ੁਰਗਾਂ ਕੋਲ ਹਰ ਸਮੇਂ ਤਾਸ਼ ਜੇਬ ਵਿੱਚ ਪਾਈ ਹੁੰਦੀ ਸੀ, ਉਥੇ ਹੀ ਬੈਠ ਕੇ ਤਾਸ਼ ਦੀਆਂ ਬਾਜੀਆਂ ਲਾਈ ਜਾਣੀਆਂ। ਨਾਲੇ ਬਜ਼ੁਰਗ ਖੁਸ਼, ਨਾਲੇ ਘਰ ਦੇ ਖੁਸ਼ ਕਿ ਸਾਡੇ ਬਾਪੂ ਜੀ ਛੱਪੜ ਤੋਂ ਡੰਗਰ ਪਿਆਉਣ ਗਏ ਹਨ। ਜਦੋਂ ਆਪਣੀ ਮਰਜ਼ੀ ਨਾਲ ਮੱਝਾਂ ਨੇ ਬਾਹਰ ਆਉਣਾ ਤਾਂ ਕਿਤੇ ਜਾ ਕੇ ਉਹਨਾਂ ਦੀ ਤਾਸ਼ ਵਾਲੇ ਪਾਸਿਓਂ ਨਿਗ੍ਹਾ ਹਟਣੀ 'ਤੇ ਸਭ ਕੁਝ ਸਮੇਟ ਕੇ ਮੱਝਾਂ ਮਗਰ ਘਰੋਂ ਘਰੀਂ ਆਉਣ ਸਾਰੇ ਬਜ਼ੁਰਗਾਂ ਦੀ ਸੇਵਾ ਲਈ ਦੁੱਧ ਦਾ ਗਿਲਾਸ ਤੇ ਨਾਲ ਹੀ ਭੱਠੀ ਤੋਂ ਭੁਨਾਏ ਦਾਣੇ ਲੈ ਆਉਣੇ। ਵਧੀਆ ਸਿਹਤਾਂ ਹੁੰਦੀਆਂ ਸਨ ਕਿਉਂਕਿ ਉਹਨਾਂ ਸਮਿਆਂ ਵਿੱਚ ਪੰਜਾਬ ਵਿੱਚ ਨਸ਼ੇ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ ਹੁੰਦੀ, ਚਾਹ ਵੀ ਕੋਈ ਟਾਂਵਾ-ਟਾਂਵਾ ਘਰ ਹੀ ਬਣਾਉਂਦਾ ਸੀ। ਦੁੱਧ ਪੀਣ ਦਾ ਰਿਵਾਜ਼ ਸਿਖ਼ਰਾਂ ਤੇ ਸੀ। ਜਦੋਂ ਵੀ ਰੋਟੀ ਖਾਣੀ ਤਾਂ ਰੋਟੀ ਦੇ ਨਾਲ ਦੁੱਧ ਤੇ ਲੱਸੀ ਹੀ ਪ੍ਰਧਾਨ ਸਨ। ਇਹੀ ਸੀ ਵਧੀਆ ਸਿਹਤਾਂ ਦਾ ਰਾਜ਼।
ਅਜੋਕੇ ਸਮੇਂ ਵਿੱਚ ਜਿੱਥੇ ਪਿੰਡਾਂ ਵਿੱਚੋਂ ਭੱਠੀਆਂ ਅਲੋਪ ਹਨ, ਉਥੇ ਸਰਕਾਰਾਂ ਨੇ ਛੱਪੜਾਂ ਦੀ ਥਾਂ ਵੀ ਪੁਰ ਕਰ ਦਿੱਤੀ ਹੈ ਜਿੱਥੇ ਕਿ ਸਾਂਝੀਆਂ ਥਾਵਾਂ ਵਿੱਚ ਡਿਸਪੈਂਸਰੀਆਂ, ਪਸ਼ੂ ਹਸਪਤਾਲ, ਆਰ.ਓ ਸਿਸਟਮ, ਪੰਚਾਇਤ ਘਰ, ਪਟਵਾਰਖ਼ਾਨੇ ਆਦਿ ਬਣਾ ਦਿੱਤੇ ਹਨ। ਅਜੋਕੇ ਬਦਲੇ ਜ਼ਮਾਨੇ ਵਿੱਚ ਸਾਡੀ ਨਵੀਂ ਪੀੜ੍ਹੀ ਪੌਪ ਕੌਰਨ ਜਾਂ ਹੋਰ ਭਾਂਤ-ਭਾਂਤ ਤੇ ਵਿਅੰਜਨ ਖਾ ਖਾ ਕੇ ਜਿੱਥੇ ਅਨੇਕਾਂ ਬਿਮਾਰੀਆਂ ਦੀ ਸ਼ਿਕਾਰ ਹੋ ਰਹੀ ਹੈ ਉਥੇ ਸਿਹਤ ਪੱਖੋਂ ਵੀ ਗਿਰਾਵਟ ਵੱਲ ਜਾ ਰਹੀ ਹੈ। ਸਾਡੀ ਅਜੋਕੀ ਪੀੜ੍ਹੀ ਭੱਠੀਆਂ ਦੀ ਬਾਬਤ ਬਿਲਕੁਲ ਨਹੀਂ ਜਾਣਦੀ। ਸਾਡੇ ਆਧੁਨਿਕ ਅਜਾਇਬ ਘਰਾਂ ਵਿੱਚ ਭੱਠੀਆਂ ਦੇ ਮਾਡਲ ਬਣਾ ਕੇ ਰੱਖੇ ਹੋਏ ਹਨ ਜੋ ਸਾਡੇ ਵਿੱਛੜ ਚੁੱਕੇ ਵਿਰਸੇ ਦੀ ਯਾਦ ਤਾਜਾ ਕਰਵਾਉਂਦੇ ਰਹਿੰਦੇ ਹਨ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046
06 April 2018