ਧੀ ਧੰਨ ਬੇਗਾਨਾ - ਸੁਖਪਾਲ ਸਿੰਘ ਗਿੱਲ
ਮਨੁੱਖੀ ਜਾਤ ਦੀਆਂ ਦੋ ਕਿਸਮਾਂ ਹਨ ਮਰਦ ਅਤੇ ਔਰਤ । ਔਰਤ ਜਦੋਂ ਮਾਪਿਆਂ ਕੋਲ ਹੁੰਦੀ ਹੈ ਤਾਂ ਉਹ ਲਾਡਲੀ ਧੀ ਹੁੰਦੀ ਹੈ । ਵਿਆਹ ਤੋਂ ਬਾਅਦ ਉਹ ਬੇਗਾਨੀ ਹੋ ਕੇ ਨਵੇਂ ਸਿਰਿਓ ਘਰ ਵਸਾਉਂਦੀ ਹੈ । ਧੀ ਧੰਨ ਬੇਗਾਨਾ ਦੋ ਤਰ੍ਹਾਂ ਦੇ ਸੁਨੇਹੇ ਦਿੰਦੀ ਹੈ ਇੱਕ ਧੰਨ ਬਹੁਤ ਵੱਡਾ ਹੌਂਸਲਾ ਅਤੇ ਮਹਾਨਤਾ ਹੁੰਦੀ ਹੈ ਕਿ ਜਨਮ ਹੀ ਦੂਜੇ ਘਰ ਜਾਣ ਨੂੰ ਹੋਇਆ ਇੱਕ ਧੰਨ ਧੀ ਦੋਲਤ ਹੁੰਦੀ ਹੈ । ਮੋਹ ਦੀਆਂ ਤੰਦਾਂ ਸਭ ਤੋਂ ਵੱਧ ਧੀ ਜੋੜਦੀ ਹੈ । ਜਿਅਦਾ ਮਹਾਨਤਾ ਲਿੰਗ ਪੱਖੋਂ ਹੁੰਦੀ ਹੈ ਕਿਉਂਕਿ ਜਗਤ ਜਨਨੀ ਹੈ । ਮਹਾਨ ਗੁਰਬਾਣੀ ਵਿੱਚ ਵੀ ਧੀ ਨੂੰ ਉੱਚਾ ਦਰਜਾ ਪ੍ਰਾਪਤ ਹੈ । ਧੀ ਬਿਨ੍ਹਾਂ ਸੱਭਿਆਚਾਰ ਬੇਜਾਨ ਹੁੰਦਾ ਹੈ ।
ਇੱਕ ਸਮਾਂ ਸੀ ਜਦੋਂ ਕੁੜੀ ਨੂੰ ਜੰਮਦੀ ਸਾਰ ਗਲ ਅੰਗੂਠਾ ਦੇ ਕੇ ਮਾਰ ਦਿੱਤਾ ਜਾਂਦਾ ਸੀ । ਹੁਣ ਇਸ ਤਰ੍ਹਾਂ ਦਾ ਬਦਲ ਛੁਰੀਆਂ — ਕਟਾਰੀਆਂ ਨੇ ਲੈ ਲਿਆ ਹੈ । ਅਜਿਹੇ ਮੋਕਿਆਂ ਤੇ ਧੀ ਲਾਹਨਤ ਪਾਉਂਦੀ ਹੈ ਕਿ " ਬਾਬਲਾ ਤੂੰ ਡੋਲੀ ਵਿੱਚ ਤਾਂ ਕੀ ਬਿਠਾਉਣਾ , ਅਰਥੀ ਦਾ ਵੀ ਸਰਫ਼ਾ ਕੀਤਾ " । ਮਾਂ ਦੀ ਗੋਦ ਦਾ ਆਨੰਦ ਮਾਣਦੀ ਧੀ ਤੋਤਲੀ ਆਵਾਜ਼ ਤੋਂ ਸ਼ੁਰੂ ਹੋ ਕੇ ਪੜ੍ਹਾਈ ਦੇ ਸ਼ਿਖਰ ਵੱਲ ਜਾਂਦੀ ਹੈ । ਮਾਂ ਦਾ ਧੀ ਦੇ ਸਮਾਜੀਕਰਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ । ਹਰੇਕ ਮਾਂ ਬਾਪ ਆਪਣੀ ਧੀ ਨੂੰ ਸਰਬਕਲਾ ਸੰਪੂਰਨ ਹੋਣਾ ਲੋਚਦਾ ਹੈ । ਦਾਗ , ਦਾਜ ਅਤੇ ਦਰਿੰਦਗੀ ਦੇ ਦੈਂਤ ਨੇ ਕੁੜੀਆਂ ਦੇ ਲਾਡਲੇ ਚਾਂਵਾ ਨੂੰ ਹਾਸ਼ੀਏ ਵੱਲ ਕੀਤਾ ਹੈ । ਅਵਿਕਸਿਤ ਸੋਚਾਂ ਦੇ ਮਾਲਕ ਅਜਿਹੇ ਕਾਰਨਾਮੇ ਕਰਨ ਦੇ ਨਾਲ — ਨਾਲ ਆਪਣੇ ਘਰ ਜੰਮੀ ਧੀ ਨਾਲ ਵੀ ਵਿਕਾਸ ਕਰਵਾਉਣ ਦੀ ਜਗ੍ਹਾ ਦਬਾਦਬ ਵਿਆਹ ਦਿੰਦੇ ਹਨ । ਮਨ ਵਿੱਚ ਸੋਚ ਪਾਲ ਲੈਂਦੇ ਹਨ " ਛੱਡੋ ਜੀ , ਇਹ ਤਾਂ ਬੇਗਾਨਾ ਧੰਨ ਹੈ " । ਕੁੜੀ ਦੇ ਜੰਮਣ ਸਾਰ ਕਈ ਪਰਿਵਾਰ ਜ਼ਹਿਰ ਦਾ ਘੁੱਟ ਪੀਤੇ ਵਰਗਾ ਆਪਣਾ ਮੂੰਹ ਬਣਾ ਲੈਂਦੇ ਹਨ । ਸੱਭਿਅਤ ਪਰਿਵਾਰਾਂ ਵਿੱਚ ਜਿਓਂ — ਜਿਓਂ ਧੀ ਵੱਡੀ ਹੁੰਦੀ ਹੈ ਆਪਣੇ ਮੋਹ — ਭਿੱਜੀ ਨਿਵੇਕਲੀ ਹੋਂਦ ਬਣਾ ਲੈਂਦੀ ਹੈ । ਅਜਿਹੇ ਲੋਕਾਂ ਦਾ ਘਰ ਧੀ ਬਿਨ੍ਹਾਂ ਸੁੰਨਾ ਅਤੇ ਬੇਰੋਣਕਾ ਲੱਗਦਾ ਹੈ । ਹਾਂ ਇੱਕ ਗੱਲ ਜ਼ਰੂਰ ਹੈ ਧੀ ਦਾ ਪਹਿਰਾਵਾ ਸਹੀ ਹੋਣਾ ਚਾਹੀਦਾ ਹੈ ।
18 ਸਾਲ ਦੀ ਹੁੰਦੀ ਸਾਰ ਮਾਂ — ਪਿਓ ਵਰ ਲੱਭਣ ਦੀ ਸੋਚ ਲੈਂਦੇ ਹਨ , ਅਜੇ ਧੀ ਖੁਦ ਵਰ ਲੱਭਣ ਲਈ ਅਜ਼ਾਦ ਨਹੀਂ ਹੋਈ । ਇਸ ਪਿੱਛੇ ਵੀ ਅਵਿਕਸਤ ਮਾਨਸਿਕਤਾ ਕੰਮ ਕਰਦੀ ਹੈ । ਮਾਂ — ਬਾਪ ਡੋਲੀ ਤੌਰਨ ਵੇਲੇ ਕੁੜੀ ਦਾ ਪੱਖ ਇਸ ਤਰ੍ਹਾਂ ਰੱਖਦੇ ਹਨ , " ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ ਮੁੰਡਾਂ ਤਾਂ ਲੱਗਦਾ ਕੋਈ ਘੁਮਿਆਰ ਏ " ਬਹੁਤੀ ਜਗ੍ਹਾ ਔਰਤ ਇਹ ਗੱਲ ਭੁੱਲ ਜਾਂਦੀ ਹੈ ਕਿ , " ਮੈਂ ਸੱਸ ਵੀ ਕਦੇ ਬਹੂ ਸੀ "। ਅਜਿਹੇ ਹਾਲਾਤਾਂ ਵਿੱਚ ਇਉਂ ਉਚਾਰਿਆ ਜਾਂਦਾ ਹੈ " ਅੱਗੋਂ ਸੱਸ ਬਘਿਆੜੀ ਟੱਕਰੀ ਮਾਪਿਆਂ ਨੇ ਰੱਖੀ ਲਾਡਲੀ " ਇੱਕ ਧੀ ਹੀ ਹੁੰਦੀ ਹੈ ਜਿਸਦੇ ਦੋ ਘਰ ਪੇਕੇ ਅਤੇ ਸਹੁਰੇ ਹੁੰਦੇ ਹਨ । ਜੇ ਦੋਵਾਂ ਘਰਾਂ ਵਿੱਚ ਸਤਿਕਾਰ ਮਿਲ ਜਾਵੇ ਫਿਰ ਸੋਨੇ ਤੇ ਸੁਹਾਗਾ ਜੇ ਨਾ ਮਿਲੇ ਤਾਂ ਆਖ ਦਿੱਤਾ ਜਾਂਦਾ ਹੈ , " ਧੀ ਤੋਂ ਨਹੀਂ ਧੀ ਦੇ ਕਰਮਾਂ ਤੋਂ ਡਰ ਲੱਗਦਾ ਹੈ " ਧੀ ਨੂੰ ਕੰਜਕਾਂ ਦੇ ਰੂਪ ਵਿੱਚ ਦੇਵੀ ਵਾਂਗ ਪੂਜਿਆ ਜਾਂਦਾ ਹੈ । ਸਮਾਜ ਵਿੱਚ ਆਮ ਮਿਹਣਾ — ਤਾਅਨਾ ਵੀ ਹੈ ਕਿ ਜਿਸਦੇ ਧੀ ਨਹੀਂ ਜੰਮੀ ਉਹਨੂੰ ਅਕਲ ਹੀ ਨਹੀਂ ਆਉਂਦੀ ।
" ਕਿੰਨਾਂ ਜੰਮੀਆਂ ਕਿੰਨਾਂ ਨੇ ਲੈ ਜਾਣੀਆਂ , ਹਾਏ ਉਏ ਮੇਰਿਆ ਡਾਢਿਆ ਰੱਬਾ " ਡੋਲੀ ਤੁਰਨ ਤੋਂ ਬਾਅਦ ਵੀ ਧੀ ਦਾ ਸੱਭਿਆਚਾਰਕ ਪੱਖ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ , " ਬਾਬਲ ਦੀਆਂ ਗਲੀਆਂ ਸੁੰਨੀਆਂ ਨੇ ਹੋਈਆਂ , ਵੀਰੇ ਵੀ ਰੋਏ ਭੈਣਾਂ ਵੀ ਰੋਈਆਂ , ਵੀਰਾਂ ਨੇ ਭੈਣਾਂ ਦੀ ਡੋਲੀ ਨੂੰ ਚੁੱਕ ਚੁੱਕ ਅੱਖੀਆਂ ਚੋਂ ਹੰਝੂ ਕੇਰੇ ਨੇ ਬੁੱਕ — ਬੁੱਕ , ਖੁਸ਼ੀ ਵਸੇ ਭੈਣ ਹੁਣ ਕਰਦੇ ਅਰਜ਼ੋਈਆਂ , ਵੀਰੇ ਵੀ ਰੋਏ ਭੈਣਾਂ ਵੀ ਰੋਈਆਂ " ਉਧਰ ਧੀ ਚਾਵਲਾਂ ਦਾ ਛੱਟਾ ਪਿੱਛੇ ਮਾਰਦੀ ਆਖਦੀ ਹੈ , " ਆ ਲੈ ਮਾਂਏ ਸਾਂਭ ਕੁੰਜੀਆਂ ਧੀਆਂ ਛੱਡ ਚੱਲੀਆਂ ਸਰਦਾਰੀ , ਸਾਡਾ ਚਿੜੀਆਂ ਦਾ ਚੰਬਾ ਸਾਡੀ ਲੰਬੀ ਉਡਾਰੀ " ਆਖਰ ਆਪਣੀ ਮੰਜਲ ਦੂਜੇ ਘਰ ਪਹੁੰਚ ਕੇ ਭਵਿੱਖੀ ਸੁਪਨੇ ਸਿਰਜਦੀ ਹੈ " ਧੀਆਂ ਕੀ ਬਣਾਈਆਂ ਬਣਾਉਣ ਵਾਲੇ , ਪਾਲ ਪਲੋਸ ਕੇ ਹੱਥੀਂ ਵਿਛੋੜ ਦੇਣਾ , ਹੱਥੀ ਕੱਟ ਟੁੱਕੜਾ ਜਿਗਰ ਨਾਲੋਂ , ਖੂਨ ਅੱਖੀਆਂ ਦੇ ਰਾਂਹੀ ਰੋੜ੍ਹ ਦੇਣਾ "
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445