ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ... - ਡਾ. ਸੁਖਦੇਵ ਸਿੰਘ ਸਿਰਸਾ
ਸਦੀ ਪਹਿਲਾਂ ਵਾਪਰੇ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਅਤੇ ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਦੀ ਯਾਦ ਨੂੰ ਸਲਾਮਤ ਰੱਖਣ ਤੇ ਅਕੀਦਤ ਭੇਟ ਕਰਨ ਲਈ ਅੰਮ੍ਰਿਤਸਰ ’ਚ ਲੇਖਕਾਂ ਤੇ ਚਿੰਤਕਾਂ ਦਾ ਇਕੱਠ ਹੋ ਰਿਹਾ ਹੈ। ਇਸ ਸਮੇਂ ਰਾਮਨੌਮੀ ਦੇ ਤਿਉਹਾਰ ਵਾਲੇ ਦਿਨ ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ ਅਤੇ ਦਿੱਲੀ ਵਿਚ ਹੋਏ ਧਾਰਮਿਕ ਵਿਵਾਦਾਂ ਨੇ ਹਰ ਸੰਵੇਦਨਸ਼ੀਲ ਭਾਰਤੀ ਨੂੰ ਚਿੰਤਾਗ੍ਰਸਤ ਅਤੇ ਸੋਚਣ ਲਈ ਮਜਬੂਰ ਕੀਤਾ ਹੈ। ਬਿਨਾਂ ਸ਼ੱਕ, ਭਗਵਾਨ ਰਾਮ ਭਾਰਤੀ ਅਵਾਮ ਦੀ ਆਸਥਾ ਦੇ ਪੁੰਜ ਹਨ। ਇਸਲਾਮ ਵਿਚ ਅਕੀਦਤ ਰੱਖਣ ਵਾਲਾ ਭਾਰਤੀ ਮੁਸਲਿਮ ਭਾਈਚਾਰਾ ਰਾਮ ਅਤੇ ਕ੍ਰਿਸ਼ਨ ਨੂੰ ਸਾਂਝੇ ਆਦਰਸ਼ ਨਾਇਕਾਂ ਵਜੋਂ ਸਤਿਕਾਰ ਦਿੰਦਾ ਹੈ। ਭਾਰਤੀ ਉਪ-ਮਹਾਂਦੀਪ ਦੇ ਸੂਫ਼ੀਆਂ, ਭਗਤਾਂ ਅਤੇ ਅਨੇਕਾਂ ਮੁਸਲਮਾਨ ਸ਼ਾਇਰਾਂ ਨੇ ਭਗਵਾਨ ਰਾਮ ਦੀ ਉਸਤਤੀ ਦੇ ਗੀਤ ਗਾਏ ਹਨ। ਡਾ. ਮੁਹੰਮਦ ਇਕਬਾਲ ਤਾਂ ਰਾਮ ਨੂੰ ਭਾਰਤ ਦਾ ਰੂਹਾਨੀ ਪੈਗ਼ੰਬਰ ‘ਹਿੰਦ ਦਾ ਇਮਾਮ’ ਕਹਿੰਦਾ ਹੈ:
ਹੈ ਰਾਮ ਕੇ ਵਜੂਦ ਸੇ ਹਿੰਦੋਸਤਾਂ ਕੋ ਨਾਜ਼
ਅਹਲੇ ਨਜ਼ਰ ਸਮਝਤੇ ਹੈ ਉਸ ਕੋ ਇਮਾਮ-ਇ-ਹਿੰਦ।
ਪਿਛਲੇ ਕੁਝ ਸਾਲਾਂ ਤੋਂ ਸਾਡੇ ਸਾਂਝੇ, ਬਹੁ-ਰੰਗੇ, ਸਦਭਾਵਨਾ ਮੂਲਕ, ਸਹਿਹੋਂਦਵਾਦੀ ਅਤੇ ਸੈਕੂਲਰ ਸੱਭਿਆਚਾਰ ਨੂੰ ਲਗਾਤਾਰ ਚੁਣੌਤੀ ਦਿੱਤੀ ਜਾ ਰਹੀ ਹੈ। ਹਿੰਦੂ-ਮੁਸਲਿਮ ਭਾਈਚਾਰਿਆਂ ਦਾ ਫ਼ਿਰਕੂ ਆਧਾਰਾਂ ਉੱਤੇ ਧਰੁਵੀਕਰਨ ਕਰਨ ਲਈ ਵੱਖ ਵੱਖ ਤਿਉਹਾਰਾਂ ਸਮੇਂ ਸੰਪ੍ਰਦਾਇਕ ਤਣਾਉ ਪੈਦਾ ਕੀਤਾ ਜਾਂਦਾ ਹੈ। ਹਿੰਦੂਤਵ ਦੇ ਏਜੰਡੇ ਤਹਿਤ ਇਕ ਦੇਸ਼, ਇੱਕ ਧਰਮ, ਇਕ ਭਾਸ਼ਾ ਅਤੇ ਇਕ ਸੰਵਿਧਾਨ ਦੀ ਆੜ ਵਿਚ ਸਾਡੇ ਸਾਂਝੇ ਬਹੁਲਤਾਵਾਦੀ ਅਤੇ ਸਾਂਝੀਵਾਲਤਾ ਵਾਲੇ ਸੱਭਿਆਚਾਰ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ। ਤਾਜ਼ਾ ਆਲਮੀ ਸਰਵੇਖਣਾਂ ਅਨੁਸਾਰ ਭਾਰਤ ਸਿੱਖਿਆ, ਸਿਹਤ, ਰੁਜ਼ਗਾਰ, ਵਿਕਾਸ ਦਰ ਅਤੇ ਸਮਾਜਿਕ ਨਿਆਂ ਪੱਖੋਂ ਆਪਣੇ ਗਵਾਂਢੀ ਬੰਗਲਾਦੇਸ਼ ਵਰਗੇ ਆਪਣੇ ਛੋਟੇ ਛੋਟੇ ਮੁਲਕਾਂ ਨਾਲੋਂ ਬਹੁਤ ਨੀਵੇਂ ਦਰਜੇ ਉੱਤੇ ਹੈ। ਵਿਸ਼ਵ ਸਰਮਾਏਦਾਰੀ ਅਤੇ ਕਾਰਪੋਰੇਟ ਸੰਸਾਰ ਦੀ ਅੱਖ ਭਾਰਤ ਦੇ ਕੁਦਰਤੀ ਵਸੀਲਿਆਂ ਅਤੇ ਮਨੁੱਖੀ-ਕਿਰਤ ਸਰੋਤਾਂ ਉੱਤੇ ਹੈ। ਵਿਸ਼ਵ ਬਾਜ਼ਾਰ ਲਈ ਭਾਰਤ ਵੱਡੀ ਮੰਡੀ ਹੈ। ਭਾਰਤ ਦੀ ਰਾਜ-ਸੱਤਾ ਉੱਪਰ ਕਾਬਜ਼ ਸਥਾਨਕ ਸਰਮਾਏਦਾਰੀ ਵਿਸ਼ਵ ਬਾਜ਼ਾਰ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਆਰਥਿਕ ਨੀਤੀਆਂ ਲਾਗੂ ਕਰਨ ਲਈ ਮਜਬੂਰ ਹੈ। ਤਕਨਾਲੋਜੀ ਦੇ ਅਣ-ਕਿਆਸੇ ਪਾਸਾਰ ਅਤੇ ਨਿੱਜੀਕਰਨ ਕਰਕੇ ਸੇਵਾਵਾਂ ਅਤੇ ਰੁਜ਼ਗਾਰ ਦੇ ਖੇਤਰ ਸੁੰਗੜ ਗਏ ਹਨ। ਅਤਿ ਦੀ ਬੇਰੁਜ਼ਗਾਰੀ ਕਰਕੇ ਉੱਚ-ਸਿੱਖਿਆ ਪ੍ਰਾਪਤ ਤਕਨੀਕੀ ਮਾਹਿਰ ਅਤੇ ਹੁਨਰੀ ਕਾਮੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਭਾਰਤ ਦਾ ਬੌਧਿਕ ਸਰਮਾਇਆ ਅਤੇ ਨਿਵੇਸ਼ ਯੋਗ ਪੂੰਜੀ ਬਾਹਰ ਜਾ ਰਹੀ ਹੈ। ਖੇਤੀ, ਉਦਯੋਗ ਅਤੇ ਹਰ ਤਰ੍ਹਾਂ ਦਾ ਕਾਰੋਬਾਰ ਗਹਿਰੇ ਸੰਕਟ ਦੇ ਸ਼ਿਕਾਰ ਹਨ। ਅਸਾਵੇਂ ਵਿਕਾਸ ਦੀ ਨੀਤੀ ਨੇ ਭਾਰਤੀ ਵਸੋਂ ਵਿਚਲੀ ਪਾੜੇ ਦੀ ਖਾਈ ਹੋਰ ਗਹਿਰੀ ਕੀਤੀ ਹੈ। ਭਾਰਤੀ ਅਵਾਮ ਦਾ ਵੱਡਾ ਹਿੱਸਾ ਤਿੱਖੇ ਵਿਰੋਧਾਂ ਲਈ ਸੜਕਾਂ ਉੱਤੇ ਉਤਰਿਆ ਹੋਇਆ ਹੈ। ਸੱਤਾ ਵਿਚ ਬਣੇ ਰਹਿਣ ਲਈ ਸਰਕਾਰ ਕੋਲ ਦੋ ਹੀ ਰਾਹ ਹਨ : ਦਮਨਕਾਰੀ ਰਾਜ-ਤੰਤਰ ਦੀ ਬੇਮੁਹਾਰ ਹਿੰਸਾ ਅਤੇ ਦੂਜਾ ਧਰਮ, ਫ਼ਿਰਕੇ, ਜਾਤੀ, ਖ਼ਿੱਤੇ, ਭਾਸ਼ਾ ਆਦਿ ਦੇ ਝਗੜੇ ਖੜ੍ਹੇ ਕਰਕੇ ਵੋਟਰਾਂ ਦਾ ਧਰੁਵੀਕਰਨ ਕਰਨਾ।
ਸਵੈ-ਨਿਰਭਰ ਰਾਸ਼ਟਰ ਲਈ ਜ਼ਰੂਰੀ ਹੈ ਕਿ ਅਸੀਂ ਸਮਕਾਲੀ ਕੌਮਾਂਤਰੀ ਰਾਜਸੀ ਮੰਚ ਅਤੇ ਵਿਸ਼ਵ ਬਾਜ਼ਾਰ ’ਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈਏ। ਟਿਕਾਊ ਤੇ ਵਿਕਾਸਸ਼ੀਲ ਆਰਥਿਕਤਾ ਲਈ ਜਿੱਥੇ ਅਮਨ, ਸ਼ਾਂਤੀ ਅਤੇ ਵਿਸ਼ਾਲ ਜਨਤਕ ਭਾਗੀਦਾਰੀ ਦੀ ਜ਼ਰੂਰਤ ਹੈ, ਉੱਥੇ ਵਿਗਿਆਨ ਤੇ ਤਕਨਾਲੋਜੀ ਦਾ ਪਾਸਾਰ ਅਤੇ ਤਕਨੀਕੀ ਮੁਹਾਰਤ ਵਾਲੀ ਕਿਰਤ-ਸ਼ਕਤੀ ਦਾ ਵਿਕਾਸ ਲੋੜੀਂਦਾ ਹੈ। ਸਿਹਤ, ਸਿੱਖਿਆ, ਅੰਦਰੂਨੀ ਤੇ ਬਾਹਰੀ ਸੁਰੱਖਿਆ ਅਤੇ ਜ਼ਰੂਰੀ ਸੇਵਾਵਾਂ ਦੇ ਖੇਤਰ ਵਿਚ ਨਿੱਜੀਕਰਨ ਦੇ ਅਮਲ ਨੂੰ ਬੰਦ ਕੀਤਾ ਜਾਵੇ। ਖੇਤੀ ਅਤੇ ਉਦਯੋਗਾਂ ਦੇ ਵਿਕਾਸ ਲਈ ਕਾਰਪੋਰੇਟ ਮਾਡਲ (ਨਿੱਜੀਕਰਨ) ਦੀ ਥਾਂ ਪਬਲਿਕ ਸੈਕਟਰ ਜਾਂ ਸਹਿਕਾਰੀ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਜਾਵੇ। ਸਮੇਂ ਦੀ ਮੰਗ ਹੈ ਕਿ ਸੰਪ੍ਰਦਾਇਕ ਧਰੁਵੀਕਰਨ ਅਤੇ ਰਾਸ਼ਟਰਵਾਦ ਅਤੇ ਫ਼ਿਰਕੂ ਹਿੰਸਾ ਤੇ ਟਿਕਾਊ ਵਿਕਾਸ ਇਕੱਠੇ ਨਹੀਂ ਚੱਲ ਸਕਦੇ। ਕੌਮੀ ਸੁਤੰਤਰਤਾ ਸੰਗਰਾਮ ਨੇ ਸੰਮਿਲਤ ਰਾਸ਼ਟਰਵਾਦ (ਸਭ ਦੀ ਸ਼ਮੂਲੀਅਤ ਤੇ ਭਾਗੀਦਾਰੀ ਵਾਲਾ) ਜਿਹੜਾ ਮਾਡਲ ਸਿਰਜਿਆ ਸੀ, ਅਜੋਕੇ ਬਹੁ-ਨਸਲੀ, ਬਹੁ-ਭਾਸ਼ੀ, ਬਹੁ-ਧਰਮੀ ਅਤੇ ਬਹੁ-ਸੱਭਿਆਚਾਰਕ ਸੰਸਾਰ ਵਿਚ ਉਹ ਹੀ ਇਕੋ ਇਕ ਰਾਹਤ ਦੇਣ ਵਾਲਾ ਮਾਡਲ ਹੈ। ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਅਦੁੱਤੀ ਘਟਨਾ ਘਟੀ ਸੀ, ਉਹ ਸੀ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਤੋਂ ਪਹਿਲਾਂ 9 ਅਪਰੈਲ 1919 ਨੂੰ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ ਜਿਸ ਵਿਚ ਹਿੰਦੂ-ਮੁਸਲਿਮ ਫ਼ਿਰਕਿਆਂ ਨੇ ਕਮਾਲ ਦੀ ਧਾਰਮਿਕ ਸਦਭਾਵਨਾ ਦਾ ਮੁਜ਼ਾਹਰਾ ਕੀਤਾ ਸੀ।
ਪਹਿਲੇ ਵਿਸ਼ਵ ਯੁੱਧ ਸਮੇਂ ਬਰਤਾਨਵੀ ਸਰਕਾਰ ਵੱਲੋਂ ਪੰਜਾਬ ਵਿਚੋਂ ਜਬਰੀ ਫ਼ੌਜੀ ਭਰਤੀ, ਯੁੱਧ ਲਈ ਚੰਦਾ ਅਤੇ ਕਰਜ਼ਾ ਉਗਰਾਹਿਆ ਗਿਆ। ਜ਼ਮੀਨੀ ਸੁਧਾਰਾਂ ਦੇ ਨਾਂ ਉੱਤੇ ਕਿਸਾਨਾਂ ’ਤੇ ਭਾਰੀ ਟੈਕਸ ਲਾਏ ਗਏ। ਅਕਾਲ ਪੈਣ ਕਾਰਨ ਖਾਧ ਪਦਾਰਥਾਂ ਦੀ ਕਮੀ ਤੇ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਬੇਤਹਾਸ਼ਾ ਵਧੀਆਂ। ਲੋਕਾਂ ਵੱਲੋਂ ਆਜ਼ਾਦੀ, ਵੱਧ ਅਧਿਕਾਰ ਤੇ ਹੋਮ ਰੂਲ ਮੰਗਣ ਅਤੇ ਰੋਸ ਪ੍ਰਗਟਾਉਣ ਉੱਤੇ ਪਾਬੰਦੀਆਂ ਲਾਉਣ ਲਈ ਪ੍ਰੈੱਸ ਐਕਟ ਆਫ਼ਇੰਡੀਆ (1910), ਡਿਫੈਂਸ ਆਫ ਇੰਡੀਆ ਐਕਟ (1915), ਇਨਗ੍ਰੈਸ ਇੰਟੂ ਇੰਡੀਆ ਐਕਟ ਆਦਿ ਕਾਲੇ ਕਾਨੂੰਨ ਲਾਗੂ ਕੀਤੇ ਗਏ। ਯੁੱਧ ਸਮਾਪਤੀ ਉੱਤੇ ਹੋਮ ਰੂਲ ਦੀ ਮੰਗ ਨੂੰ ਦਬਾਉਣ ਲਈ ਸੈਡੀਸ਼ਨ ਕਮੇਟੀ ਬਣਾਈ ਗਈ। ਉਸ ਦੀ ਸਿਫ਼ਾਰਸ਼ ਉੱਤੇ ਰੌਲਟ ਐਕਟ ਬਣਾਇਆ ਗਿਆ। ਭਾਰਤੀ ਅਵਾਮ, ਪ੍ਰੈੱਸ ਅਤੇ ਨੇਤਾਵਾਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਇਹ ਐਕਟ 18 ਮਾਰਚ, 1919 ਨੂੰ ਪਾਸ ਕਰ ਦਿੱਤਾ ਗਿਆ। ਇਸ ਐਕਟ ਵਿਰੁੱਧ ਲਾਹੌਰ ਤੋਂ ਸ਼ੁਰੂ ਹੋਇਆ ਅੰਦੋਲਨ ਸਾਰੇ ਪੰਜਾਬ ਵਿਚ ਫੈਲ ਗਿਆ।
ਪਹਿਲੇ ਵਿਸ਼ਵ ਯੁੱਧ ਤੱਕ ਅੰਗਰੇਜ਼ਾਂ ਪ੍ਰਤੀ ਨਰਮ-ਗੋਸ਼ਾ ਰੱਖਣ ਵਾਲੇ ਮਹਾਤਮਾ ਗਾਂਧੀ ਨੇ ਇਸ ਰੌਲਟ ਐਕਟ ਵਿਰੁੱਧ 30 ਮਾਰਚ 1919 ਨੂੰ ਦੇਸ਼-ਵਿਆਪੀ ਹੜਤਾਲ ਦਾ ਸੱਦਾ ਦਿੱਤਾ ਜੋ ਬਾਅਦ ਵਿਚ ਤਾਰੀਖ਼ ਬਦਲ ਕੇ 6 ਅਪਰੈਲ ਕਰ ਦਿੱਤੀ। 30 ਮਾਰਚ ਨੂੰ ਪੰਜਾਬ ਅਤੇ ਉੱਤਰੀ ਭਾਰਤ ਵਿਚ ਜ਼ਬਰਦਸਤ ਹੜਤਾਲ ਹੋਈ। ਦਿੱਲੀ ਤੇ ਕੁਝ ਸ਼ਹਿਰਾਂ ਵਿਚ ਪੁਲੀਸ ਨਾਲ ਟਕਰਾਉ ਹੋਇਆ। 6 ਅਪਰੈਲ ਦੀ ਦੇਸ਼ ਵਿਆਪੀ ਹੜਤਾਲ ਸਮੇਂ ‘ਹਿੰਦੂ ਮੁਸਲਿਮ ਕੀ ਜੈ’, ‘ਮਹਾਤਮਾ ਗਾਂਧੀ ਕੀ ਜੈ’ ਦੇ ਨਾਅਰੇ ਲੱਗੇ। ਪੰਜਾਬ ਦੇ ਸ਼ਹਿਰਾਂ- ਲਾਹੌਰ, ਬਟਾਲੇ, ਕਸੂਰ ਤੇ ਅੰਮ੍ਰਿਤਸਰ ਵਿਚ ਰਾਮਨੌਮੀ ਦਾ ਤਿਉਹਾਰ ਹਿੰਦੂਆਂ ਤੇ ਮੁਸਲਮਾਨਾਂ ਵੱਲੋਂ ਸਾਂਝੇ ਕੌਮੀ ਦਿਹਾੜੇ ਵਜੋਂ ਮਨਾਇਆ ਗਿਆ। ਹਿੰਦੂ-ਮੁਸਲਮਾਨਾਂ ਨੇ ਇਕੋ ਭਾਂਡੇ ਵਿਚੋਂ ਪਾਣੀ ਪੀਤਾ, ਆਪਸ ਵਿਚ ਪੱਗਾਂ ਵਟਾਈਆਂ, ਸਾਂਝੇ ਪਿਆਉ ਲਗਾਏ। ਡਾ. ਸਤਯਪਾਲ ਅਤੇ ਡਾ. ਕਿਚਲੂ ਉੱਪਰ ਬੋਲਣ ਅਤੇ ਮੁਜ਼ਾਹਰਿਆਂ ਆਦਿ ਵਿਚ ਜਾਣ ’ਤੇ ਪਾਬੰਦੀ ਕਾਰਨ ਡਾ. ਹਾਫ਼ਿਜ਼ ਮਹਿਮੂਦ ਬਸ਼ੀਰ ਨੇ ਅੰਮ੍ਰਿਤਸਰ ਵਿਚ ਰਾਮਨੌਮੀ ਦੇ ਜਲੂਸ ਦੀ ਅਗਵਾਈ ਕੀਤੀ। ਜਲੂਸ ਵਿਚ ਤੁਰਕੀ ਫ਼ੌਜ ਦੀ ਵਰਦੀ ਵਿਚ ਸਜੇ 15 ਮੁਸਲਮਾਨ ਮੁੰਡਿਆਂ ਦੀ ਟੋਲੀ ਵੀ ਸ਼ਾਮਿਲ ਸੀ ਜਿਸ ਨੂੰ ਮੌਲਵੀ ਗ਼ੁਲਾਮ ਜੀਲਾਨੀ ਨੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਸੀ। ਹਿੰਦੂ-ਮੁਸਲਿਮ ਏਕੇ ਦੀ ਇਸ ਅਦੁੱਤੀ ਘਟਨਾ ਨੇ ਬਰਤਾਨਵੀ ਸ਼ਾਸਨ ਦੀ ਨੀਂਦ ਉਡਾ ਦਿੱਤੀ। ਰੌਲਟ ਐਕਟ ਵਿਰੋਧ ਨੂੰ ਸਖ਼ਤੀ ਨਾਲ ਕੁਚਲਣ ਲਈ ਉੱਚ-ਅਧਿਕਾਰੀਆਂ ਦੀ ਨੀਤੀ ਤਹਿਤ ਜਨਰਲ ਰੈਜ਼ੀਨਾਲਡ ਹੈਨਰੀ ਡਾਇਰ ਨੇ 13 ਮਾਰਚ, 1919 ਨੂੰ ਜੱਲ੍ਹਿਆਂ ਵਾਲਾ ਬਾਗ਼ ਵਿਚ ਸ਼ਾਂਤਮਈ ਜਲਸਾ ਕਰਦੇ ਲੋਕਾਂ ਉੱਪਰ ਅੰਨ੍ਹੇਵਾਹ ਗੋਲੀਆਂ ਵਰਸਾ ਕੇ 379 ਲੋਕਾਂ ਨੂੰ ਸ਼ਹੀਦ ਕਰ ਦਿੱਤਾ। 1200 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ।
ਬਾਅਦ ਵਿਚ ਪੰਜਾਬ ਵਿਚ ਮਾਰਸ਼ਲ ਲਾਅ ਲਗਾ ਕੇ ਲੋਕਾਂ ਉੱਪਰ ਅੰਨ੍ਹਾ ਜਬਰ ਢਾਹਿਆ ਗਿਆ। ਕੌੜਿਆਂ ਵਾਲੀ ਗਲੀ (ਅੰਮ੍ਰਿਤਸਰ) ਜਿੱਥੇ ਬਰਤਾਨਵੀ ਨਾਗਰਿਕ ਮਾਰਸ਼ੈਲਾ ਸ਼ੇਰਵੁੱਡ ਨਾਲ ਲੋਕਾਂ ਨੇ ਕੁੱਟ-ਮਾਰ ਕੀਤੀ ਸੀ, ਦੇ ਵਸਨੀਕਾਂ ਨੂੰ ਆਪਣੇ ਘਰਾਂ ਤੱਕ ਗਲੀ ਵਿਚੋਂ ਰੀਂਗ ਕੇ ਚੱਲਣ ਦੀ ਸਜ਼ਾ ਦਿੱਤੀ ਗਈ ਅਤੇ ਕਈਆਂ ਦੇ ਕੋੜੇ ਮਾਰੇ ਗਏ। ਕਸੂਰ ਅਤੇ ਲਾਹੌਰ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਯੂਨੀਅਨ ਜੈਕ ਨੂੰ ਦਿਨ ਵਿਚ ਚਾਰ ਵਾਰ ਸਲੂਟ ਮਾਰਨ ਦਾ ਹੁਕਮ ਸੁਣਾਇਆ ਗਿਆ। ਗੁੱਜਰਾਂਵਾਲਾ ਸ਼ਹਿਰ ਵਿਚ ਹਵਾਈ ਜਹਾਜ਼ ਰਾਹੀਂ ਬੰਬ ਸੁੱਟੇ ਗਏ ਅਤੇ ਕਈ ਵਾਰ ਲੋਕਾਂ ਦੀ ਭੀੜ ਉੱਪਰ ਮਸ਼ੀਨਗੰਨ ਨਾਲ ਗੋਲੀਆਂ ਚਲਾਈਆਂ ਗਈਆਂ। ਇਹ ਸਾਰਾ ਦਮਨ ਚੱਕਰ ਪੰਜਾਬੀਆਂ/ਭਾਰਤੀਆਂ ਦੇ ਆਤਮ ਸਨਮਾਨ ਨੂੰ ਕੁਚਲਣ ਅਤੇ ਉਨ੍ਹਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਕੀਤਾ ਗਿਆ। ਜੱਲ੍ਹਿਆਂ ਵਾਲੇ ਬਾਗ਼ ਦਾ ਖ਼ੂਨੀ ਸਾਕਾ ਅਚਾਨਕ ਵਾਪਰੀ ਘਟਨਾ ਨਹੀਂ ਸੀ, ਨਾ ਹੀ ਇਹ ਮਾਈਕਲ ਓ’ਡਵਾਇਰ ਜਾਂ ਜਨਰਲ ਡਾਇਰ ਵਰਗੇ ਅਧਿਕਾਰੀਆਂ ਦੀ ਪ੍ਰਸ਼ਾਸਨਿਕ ਕੋਤਾਹੀ ਦਾ ਸਿੱਟਾ ਸੀ, ਇਹ ਬਰਤਾਨਵੀ ਸਰਕਾਰ ਦੀ ਬਸਤੀਆਂ ਦੇ ਲੋਕਾਂ ਪ੍ਰਤੀ ਦਮਨਕਾਰੀ ਤੇ ਹਿੰਸਕ ਰਣਨੀਤੀ ਦਾ ਇਤਿਹਾਸਕ ਸਿੱਟਾ ਸੀ। ਖ਼ੁਦ ਅੰਗਰੇਜ਼ ਉੱਚ-ਅਧਿਕਾਰੀਆਂ, ਇਤਿਹਾਸਕਾਰਾਂ, ਲੇਖਕਾਂ ਅਤੇ ਪੱਤਰਕਾਰਾਂ ਨੇ ਇਸ ਵਹਿਸ਼ੀ ਕਤਲੇਆਮ ਨੂੰ ‘ਮੁਗ਼ਲਈ ਤਸ਼ੱਦਦ ਤੋਂ ਵੀ ਭੈੜਾ’ ਤੇ ਅੰਗਰੇਜ਼ੀ ਰਾਜ ਉੱਪਰ ਕਾਲਾ ਧੱਬਾ ਕਿਹਾ ਜੋ ਭਾਰਤ ਵਿਚ ਅੰਗਰੇਜ਼ੀ ਰਾਜ ਦੇ ਪਤਨ ਦਾ ਕਾਰਨ ਬਣਿਆ। ਇਸ ਸਾਕੇ ਨੇ ਅੰਗਰੇਜ਼ੀ ਰਾਜ ਦੇ ਵਿਕਾਸ ਮੁਖੀ, ਨਿਆਂਸ਼ੀਲ ਅਤੇ ਲੋਕਤੰਤਰਕ ਹੋਣ ਦਾ ਮੁਖੌਟਾ ਲਾਹ ਦਿੱਤਾ। ਇਸ ਖ਼ੌਫ਼ਨਾਕ ਸਾਕੇ ਨੇ ਭਾਰਤੀ ਆਵਾਮ ਅੰਦਰ ਆਜ਼ਾਦੀ ਦੀ ਤਾਂਘ ਤਿੱਖੀ ਕੀਤੀ ਅਤੇ ਹਿੰਦੂ-ਮੁਸਲਿਮ ਭਾਈਚਾਰਿਆਂ ਦੀ ਫ਼ਿਰਕੂ ਸਾਂਝ ਤੇ ਸਦਭਾਵਨਾ ਨੂੰ ਬਲ ਬਖ਼ਸ਼ਿਆ। ਪੰਜਾਬੀ ਕਵੀ ਫ਼ਿਰੋਜ਼ਦੀਨ ਸ਼ਰਫ਼ ਨੇ ‘ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ’ ਕਹਿ ਕੇ ਜੱਲ੍ਹਿਆਂ ਵਾਲਾ ਬਾਗ਼ ਨੂੰ ਗੰਗਾ-ਜਮਨੀ ਤਹਿਜ਼ੀਬ ਦਾ ਮੁਕੱਦਸ ਤੀਰਥ ਬਣਾ ਦਿੱਤਾ।
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ 23-34 ਅਪਰੈਲ ਨੂੰ ਅੰਮ੍ਰਿਤਸਰ ਵਿਚ ‘ਜੱਲ੍ਹਿਆਂ ਵਾਲਾ ਬਾਗ਼ : ਅਤੀਤ ਅਤੇ ਵਰਤਮਾਨ’ ਵਿਸ਼ੇ ਉੱਪਰ ਹੋ ਰਿਹਾ ਰਾਸ਼ਟਰੀ ਸੈਮੀਨਾਰ ਮਹਿਜ਼ ਰਸਮ ਨਹੀਂ। ਇਹ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦਾ ਭਾਵੁਕ ਕਿਸਮ ਦਾ ਜਸ-ਗਾਣ ਵੀ ਨਹੀਂ। ਇਹ ਸੈਮੀਨਾਰ ਭਾਰਤ ਦੇ ਕੌਮੀ ਮੁਕਤੀ ਸੰਗਰਾਮ ਤੋਂ ਮਿਲੇ ਸਬਕ ਅਤੇ ਵਿਚਾਰਧਾਰਕ ਪ੍ਰੇਰਨਾਵਾਂ ਦਾ ਪੁਨਰ-ਮੰਥਨ ਹੈ। ਕਾਰਪੋਰੇਟਸ ਦੇ ਆਰਥਿਕ ਤੇ ਸੱਭਿਆਚਾਰਕ ਹਮਲੇ ਅਤੇ ਹਿੰਦੂਤਵ ਦੇ ਫ਼ਾਸ਼ੀ ਏਜੰਡੇ ਨੂੰ ਦਰਪੇਸ਼ ਸਥਿਤੀਆਂ ਵਿਚ ਕਿਵੇਂ ਸਮਝਿਆ ਜਾਵੇ? ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦੀ ਸਿਮਰਤੀ ਦੇ ਬਹਾਨੇ ਨਾਲ ਇਨ੍ਹਾਂ ਸਵਾਲਾਂ ਦੇ ਰੂ-ਬ-ਰੂ ਹੋਣਾ ਹੀ ਇਸ ਰਾਸ਼ਟਰੀ ਸੈਮੀਨਾਰ ਦਾ ਮਨੋਰਥ ਹੈ। ਭਾਰਤੀ ਉਪ-ਮਹਾਂਦੀਪ ਦੇ ਸਾਂਝੇ ਗੰਗਾ-ਜਮਨੀ ਸੱਭਿਆਚਾਰ ਦੀ ਵਕਾਲਤ ਕਰਨ ਵਾਲੀ ਬੁਲੰਦ ਆਵਾਜ਼ ਸਾਈਂ ਬੁੱਲ੍ਹੇ ਸ਼ਾਹ ਦੀ ਕਾਫ਼ੀ ਦੇ ਇਨ੍ਹਾਂ ਬੋਲਾਂ ਨਾਲ ਆਪਣੀ ਗੱਲ ਨੂੰ ਵਿਰਾਮ ਦਿੰਦਾ ਹਾਂ:
ਗੱਲ ਸਮਝ ਲਈ ਤੇ ਰੌਲਾ ਕੀ,
ਫਿਰ ਰਾਮ ਰਹੀਮ ਤੇ ਮੌਲਾ ਕੀ।
ਸੰਪਰਕ : 98156-36565