ਕੈਨੇਡਾ ਡਾਇਰੀ-(1) - ਨਿੰਦਰ ਘੁਗਿਆਣਵੀ

ਸੰਨ 2001 ਦੀਆਂ ਗਰਮੀਆਂ ਵਿਚ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਸਾਂ।ਉਦੋਂ ਉਥੋਂ ਦਾ ਆਰਥਿਕ,ਸਮਾਜਿਕ  ਤੇ ਧਾਰਮਿਕ ਮਾਹੌਲ ਬਿਲਕੁਲ ਹੋਰ ਤਰਾਂ ਦਾ ਸੀ,ਹੁਣ ਹੋਰ ਤਰਾਂ ਦਾ ਹੈ। ਲੋਕ ਇੰਡੀਆ ਤੋਂ ਆਉਣ ਵਾਲੇ ਆਪਣੇ ਰਿਸ਼ਤੇਦਾਰਾਂ ਦੇ ਦਰਸ਼ਨਾਂ ਨੂੰ ਬੁਰੀ ਤਰਾਂ ਤਰਸੇ ਪਏ ਸਨ। ਬੜਾ ਉਦਰੇਵਾਂ ਸੀ ਲੋਕਾਂ ਵਿਚ ਆਪਣਿਆਂ ਨੂੰ ਮਿਲਣ ਦਾ।  ਮਿਲਾਪ ਦੀ ਤਾਂਘ  ਦਿਨ ਰਾਤ ਠਾਠਾਂ ਮਾਰਦੀ। ਉਦੋਂ ਉਥੇ ਭੀੜ ਬੜੀ ਘੱਟ ਸੀ ਤੇ ਲੋਕਾਂ ਕੋਲ ਕੰਮਕਾਰ ਬਹੁਤ ਵੱਧ ਸਨ। ਇਧਰੋਂ ਗਏ ਲੋਕਾਂ ਵਿਚ ਕਾਹਲ ਵੀ ਨਹੀਂ ਸੀ ਦਿਸਦੀ ਤੇ ਪੰਜਾਬੀ ਲੋਕ ਏਧਰ-ਓਧਰ ਤੁਰੇ ਫਿਰਦੇ ਖੁਸ਼-ਖੁਸ਼ ਦਿਖਾਈ ਦਿੰਦੇ ਸਨ। ਮੈਂ ਦੇਖਿਆ ਕਿ ਉਦੋਂ ਵਿਦਿਆਰਥੀ ਵੀਜੇ ਦਾ ਕਿਸੇ ਨੇ ਨਾਂ ਤੱਕ ਨਹੀਂ ਸੀ ਸੁਣਿਆ ਹੋਇਆ। ਉਸ ਵੇਲੇ ਲੋਕਾਂ ਨੂੰ ਪੀ-ਆਰਾਂ ਪਲੋ-ਪਲੀ ਮਿਲੀ ਜਾਂਦੀਆਂ ਸਨ ਤੇ ਵਰਕ ਪਰਮਿਟ ਜਾਂ ਪੁਆਇੰਟਾਂ ਉਤੇ ਵੀ ਬਹੁਤ ਸਾਰੇ ਪਰਿਵਾਰ ਇੰਡੀਆ ਤੋਂ ਕੈਨੇਡੇ ਵੱਲ ਨੂੰ ਦੌੜੇ ਜਾ ਰਹੇ ਸਨ। ਉਦੋਂ ਕੁ ਜਿਹੇ ਹੀ ਏਧਰੋਂ ਪਤੀ-ਪਤਨੀ, ਚੰਗੀਆਂ-ਚੰਗੀਆਂ ਨੌਕਰੀਆਂ ਛੱਡਕੇ, ਸਮੇਤ ਆਪਣੇ ਬੱਚਿਆਂ ਦੇ, ਕੈਨੇਡਾ ਜਾ ਅੱਪੜੇ ਤੇ  ਬੇਸਮੈਂਟਾਂ ਵਿਚ ਬੈਠੇ ਆਪਣੀ ਕਿਸਮਤ ਉਤੇ ਝੂਰਨ ਲੱਗੇ। ਬੇਸਮੈਟਾਂ ਬਹੁਤ  ਸਸਤੀਆਂ ਮਿਲ ਰਹੀਆਂ ਸਨ ਤੇ ਖਾਣ ਪੀਣ ਵੀ ਸਸਤਾ ਸੀ। ਇੰਡੀਆ ਤੋਂ  ਨਵੇਂ- ਨਵੇਂ ਆਏ ਉਨਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਇੰਡੀਆ ਵਿਚੋਂ ਅਸੀਂ ਏਡੀਆਂ ਸੋਹਣੀਆਂ ਤੇ ਵੱਡੀਆਂ-ਵੱਡੀਆਂ  ਨੌਕਰੀਆਂ ਗੁਵਾ ਕੇ ਤੇ ਆਬਦੇ  ਵੱਡੇ-ਵੱਡੇ ਸ਼ਾਨਦਾਰ  ਘਰ ਛੱਡ ਕੇ ਏਥੇ  ਇਨਾਂ ਘੁਰਨਿਆਂ (ਬੇਸਮੈਂਟਾਂ) ਵਿਚ ਆ ਬੈਠੇ ਆਂ ਤੇ ਹੁਣ ਏਧਰ-ਓਧਰ ਦਿਹਾੜੀਆਂ ਕਰਨ ਜਾਂਦੇ ਆਂ, ਕੀ ਹੈ ਕਿਸਮਤ ਸਾਡੀ?  ਕੀ ਹੈ ਏਹ ਕੈਨੇਡਾ ਕਨੂਡਾ ਜਿਹਾ? ਅਸੀਂ ਆਪਣੇ ਮੁਲਕ ਵਿਚ ਹੀ ਬਹੁਤ ਵਧੀਆ ਸਾਂ, ਹੁਣ ਧੋਬੀ ਦੇ ਕੁੱਤੇ ਆਂ ਅਸੀਂ,ਨਾ ਘਰ ਦੇ ਆਂ, ਨਾ ਘਾਟ ਦੇ ਆਂ, ਵਾਪਸ ਜਾਵਾਂਗੇ ਤਾਂ ਜੱਗ ਹਸਾਈ ਹੋਵੇਗੀ ਤੇ  ਸ਼ਰੀਕੇ ਕਬੀਲੇ ਦੇ ਤਾਹਣੇ-ਮੇਹਣੇ ਸੁਣਾਂਗੇ ਜਾਕੇ? ਅਸੀਂ  ਏਥੇ ਭੁੱਖੇ ਚਾਹੇ ਮਰ ਜਾਈਏ ਪਰ ਵਾਪਸ ਨਹੀਂ ਅਸਾਂ ਜਾਣਾ।
 ਮੈਂ ਅਜਿਹੇ ਲੋਕਾਂ ਨੂੰ ਮਿਲ-ਸੁਣ ਕੇ ਮਹਿਸੂਸ ਕੀਤਾ ਕਿ ਜਿਹੜੇ ਇਨਾਂ ਦੇ ਰਿਸ਼ਤੇਦਾਰਾਂ ਨੇ ਇਨਾਂ ਨੂੰ ਵਰਕ ਪਰਮਿਟ ਜਾਂ ਪੁਆਇੰਟਾਂ ਉਤੇ ਕੈਨੇਡਾ ਆਉਣ  ਦੀ ਦੱਸ ਪਾਈ ਸੀ, ਜਾਂ ਸਲਾਹ ਦੇਕੇ ਬਣਦੀ -ਸਰਦੀ ਮੱਦਦ ਕੀਤੀ ਸੀ, ਉਹਨਾਂ ਨਾਲ  ਹੁਣ ਇਹਨਾਂ ਦੀ ਸਖ਼ਤ ਨਰਾਜ਼ਗੀ ਬਣੀ ਹੋਈ ਹੈ, ਤੇ ਇਹ ਉਨਾਂ ਨੂੰ ਦੇਖ-ਮਿਲ ਕੇ  ਭੋਰਾ ਵੀ ਰਾਜੀ ਨਹੀ ਹਨ, ਹੋ ਸਕਦੈ ਕਿ ਉਹ ਵਿਚਾਰੇ ਇਨਾਂ ਦੀ ਇਛਾਵਾਂ ਉਤੇ ਪੂਰੀ ਤਰਾਂ ਖਰੇ ਨਾ ਉਤਰ ਸਕੇ ਹੋਣ! ਮੈਂ ਦੇਖਿਆ ਕਿ ਰਿਸ਼ਤਿਆਂ ਵਿਚ ਤਰੇੜਾਂ ਆ ਚੁੱਕੀਆਂ ਸਨ ਤੇ ਮੋਹ-ਮਾਣ ਇਹਨਾਂ ਵਿਚੋਂ ਉੱਡ-ਪੁੱਡ ਗਿਆ ਸੀ। ਉਸ ਸਮੇਂ ਮੈਂ ਇਹੋ ਜਿਹੇ ਕਾਫੀ ਸਾਰੇ ਲੋਕਾਂ ਨੂੰ ਮਿਲਿਆ-ਗਿਲਿਆ ਸਾਂ, ਜਾਂ ਉਹ ਲੋਕ ਮੈਨੂੰ ਆਪ ਹੀ  ਲੱਭ ਕੇ ਮਿਲੇ ਸਨ, ਤੇ ਇੰਡੀਆ ਤੋਂ ਹੀ  ਮੇਰੀਆਂ ਲਿਖਤਾਂ ਸਦਕਾ ਮੈਨੂੰ ਜਾਣਦੇ ਵੀ ਸਨ। ਚਲੋ, ਖੈਰ!
 ਉਦੋਂ ਜਿਹੜੇ ਲੋਕ ਉਥੇ ਬੜੇ ਔਖੇ ਸਨ, ਹੁਣ ਉਹੀ ਲੋਕ ਉਥੇ ਬੜੇ ਸੌਖੇ ਹਨ ਤੇ  ਹੁਣ ਉਹੀ ਲੋਕ ਮੈਨੂੰ ਇਹ ਆਖ ਰਹੇ ਹਨ ਕਿ ਅਸੀਂ ਬਹੁਤ ਚੰਗੇ ਤੇ ਬਿਲਕੁਲ ਠੀਕ ਰਹਿ ਗਏ ਆਂ, ਹੁਣ ਤਾਂ  ਸਾਨੂੰ ਸੁਖ ਨਾਲ ਵੀਹ ਬਾਈ ਸਾਲ ਬੀਤ ਚੱਲੇ ਨੇ ਕੈਨੇਡਾ ਆਇਆਂ ਨੂੰ, ਹੁਣ ਤਾਂ ਸਾਡੇ ਬੱਚੇ ਵੀ ਏਥੇ ਜੁਆਨ ਹੋਏ ਐ,ਖੂਬ ਪੜੇ-ਲਿਖੇ ਐ,ਵਧੀਆ ਜਾਬਾਂ ਕਰਦੇ ਐ ਤੇ ਵਿਆਹੇ ਵਰੇ ਵੀ ਗਏ ਐ। ਸਾਡੀਆਂ ਵੀ ਸੁਖ ਨਾਲ ਹੁਣ ਪੈਨਸ਼ਿਨਾਂ ਲੱਗ ਗਈਆਂ ਨੇ, ਤੇ ਸਾਡੇ ਘਰ-ਘਾਟ ਵੀ ਵਾਧੂੰ ਵਧੀਆ ਨੇ। ਬਿਜਨੈਸ ਵੀ ਸਾਡੇ ਵਧ ਫੁਲ ਗਏ ਨੇ। ਮੈਨੂੰ ਉਨਾਂ ਲੋਕਾਂ ਪਾਸੋਂ ਇਹ ਬੋਲ ਸੁਣਕੇ ਖੁਸ਼ੀ ਹੁੰਦੀ ਹੈ ਕਿ ਇਹ ਲੋਕ ਕਰੜੇ ਸੰਘਰਸ਼ ਵਿਚੋਂ ਨਿਕਲ ਕੇ ਹੀ  ਹੁਣ ਆਪਣੇ ਸੁਖੀ ਹੋਣ ਦਾ ਦਾਅਵਾ ਕਰ ਰਹੇ ਹਨ, ਇਹ ਚੰਗੀ ਗੱਲ ਹੈ, ਮਨੁੱਖ  ਸਦਾ ਸੁਖੀ ਹੀ ਹੋਣਾ ਚਾਹੀਦਾ ਹੈ, ਚਾਹੇ ਕਿਹੋ ਜਿਹੀ ਵੀ ਧਰਤੀ ਹੋਵੇ ਉਹਦੇ ਵੱਸਣ ਵਾਸਤੇ! ਸੋ,ਦੋਸਤੋ, ਇਹੋ ਜਿਹੇ ਕਾਫੀ ਪਰਿਵਾਰ ਮੇਰੇ ਨਾਲ ਉਦੋਂ ਦੇ ਜੁੜੇ ਹੋਏ ਹਨ, ਤੇ ਫੋਨ ਉਤੇ ਗੱਲਾਂ ਬਾਤਾਂ ਵੀ ਅਕਸਰ ਹੀ ਕਰਦੇ ਹੀ ਰਹਿੰਦੇ ਹਨ।
                  ****
ਉਦੋਂ, (ਇੱਕੀ ਸਾਲ ਪਹਿਲਾਂ) ਕੈਨੇਡਾ ਦੇ ਪ੍ਰਧਾਨ ਮੰਤਰੀ ਜੌਂ ਕਰੈਚੀਆਂ ਸਨ ਤੇ ਲਿਬਰਲ ਦੀ ਸਰਕਾਰ ਸੀ।  ਗੁਰਬਖਸ਼ ਸਿੰਘ ਮੱਲੀ ਟੋਰਾਂਟੋ ਦੇ ਬਰੈਮਲੀ ਗੌਰ ਮਾਲਟਨ ਹਲਕਾ ਵਿਚੋ,(ਪਹਿਲੇ ਪਗੜੀਧਾਰੀ ਸਿੱਖ) ਮੈਂਬਰ ਪਾਰਲੀਮੈਂਟ ਸਨ ਤੇ ਲੇਬਰ ਦੇ ਪਾਰਲੀਮਾਨੀ ਸੈਕਟਰੀ ਵੀ ਸਨ। ਉਹ ਤੀਜੀ ਵਾਰ ਚੋਣ ਜਿੱਤੇ ਸਨ। ਮੱਲੀ ਜੀ ਦਾ ਪਿੰਡ ਚੁੱਘਾ ਕਲਾਂ ਮੋਗਾ ਜਿਲੇ ਵਿਚ ਪੈਂਦਾ ਹੈ। ਅਖਬਾਰ ਅਜੀਤ ਵੀਕਲੀ  ਵਿਚੋਂ ਪੜ ਕੇ  ਤੇ ਰੇਡੀਓ ਟੀਵੀ ਉਤੋਂ ਸੁਣ ਕੇ ਮੱਲੀ ਜੀ ਨੇ ਆਪੇ ਮੇਰਾ ਫੋਨ ਨੰਬਰ ਲੱਭਿਆ ਸੀ ਤੇ ਆਖ ਰਹੇ ਸਨ ਕਿ ਮੇਰੇ ਵਾਸਤੇ ਏਹ ਬੜੀ ਖੁਸ਼ੀ ਦੀ ਗੱਲ ਹੋਵੇਗੀ ਕਿ ਜਿੰਨੀ ਉਮਰ ਐ  ਤੇ ਉਸ ਤੋਂ ਵੱਧ ਕਿਤਾਬਾਂ ਦੇ ਲੇਖਕ ਲੜਕੇ ਨੂੰ ਮੈਂ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਕੋਲ ਲੈਕੇ ਜਾਵਾਂਗਾ ਤੇ ਤੇਰਾ ਉਨਾਂ ਪਾਸੋਂ ਸਨਮਾਨ  ਕਰਵਾਵਾਂਗਾ। ਮੱਲੀ ਜੀ ਕੋਲੋਂ  ਇਹ ਸੁਣ ਮੈਂ ਵੀ ਪ੍ਰਸੰਨ ਹੋਇਆ ਨਿਆਣਾ, ਨਿਮਾਣਾ ਤੇ ਨਿਤਾਣਾ।
 ਬੜਾ ਕਮਾਲ ਦਾ ਸਬੱਬ ਬਣਿਆ ਸੀ। ਇਹ ਸਾਰਾ ਕੁਝ ਖੂਬ ਹੋਇਆ। ਹਰਭਜਨ ਮਾਨ  ਦੇ ਸਹੁਰਾ ਸਾਹਿਬ ਹਰਚਰਨ ਸਿੰਘ ਮਾਸਟਰ ਜੀ,(ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਵੱਡੇ ਬੇਟੇ) ਮੈਨੂੰ  ਟੋਰਾਂਟੋ ਤੋਂ ਕੈਨੇਡਾ ਦੀ ਪਾਰਲੀਮੈਂਟ  ਔਟਾਵਾ ਲੈ ਗਏ। ਮੈਂ ਹੈਰਾਨ  ਹੋ ਰਿਹਾ ਸਾਂ ਕੈਨੇਡਾ ਦੀ ਪਾਰਲੀਮੈਂਟ ਦੇਖ-ਦੇਖ ਕੇ, ਕਿਉਂਕ ਪੰਜਾਬ ਦੀ ਅਸੰਬਲੀ ਦੇ ਕਿਸੇ ਦਰਸ਼ਨ ਕਰਨ ਵਾਸਤੇ ਹੁਣ ਤਕ ਵੀ ਸੁਭਾਗ ਨਹੀਂ ਸੀ ਮਿਲਿਆ। (ਹੁਣ ਤਾਂ  ਭਾਵੇ ਕਿ ਮੇਰੇ ਇਲਾਕੇ ਦਾ ਸ੍ਰ  ਕੁਲਤਾਰ ਸਿੰਘ ਸੰਧਵਾਂ ਇਸ ਵੇਲੇ ਪੰਜਾਬ ਵਿਧਾਨ ਸਭਾ ਦਾ ਸਪੀਕਰ ਵੀ ਹੈ ਤੇ ਜਲਦੀ ਗੇੜਾ ਪੰਜਾਬ ਵਿਧਾਨ ਸਭਾ ਦਾ ਕੱਢਾਂਗੇ)।
(ਬਾਕੀ ਅਗਲੇ ਹਫਤੇ)