ਜਦੋਂ ਇਕ ਪਾਰਟੀ ਦਾ ਦਾਬਾ ਕਾਇਮ ਹੁੰਦਾ ਹੈ - ਰਾਮਚੰਦਰ ਗੁਹਾ
ਜਿਵੇਂ ਅੱਜਕੱਲ੍ਹ ਭਾਰਤੀ ਸਿਆਸਤ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਦਾਬਾ ਬਣਿਆ ਹੋਇਆ ਹੈ, ਉਵੇਂ ਹੀ ਉੱਨੀ ਸੌ ਸਤਵੰਜਾ ਵਿਚ ਕਾਂਗਰਸ ਪਾਰਟੀ ਦਾ ਦਬਦਬਾ ਬਣਿਆ ਹੋਇਆ ਸੀ ਤਾਂ ਚੱਕਰਵਰਤੀ ਰਾਜਾਗੋਪਾਲਾਚਾਰੀ ਨੇ ਇਕ ਪਾਰਟੀ ਦੇ ਦਬਦਬੇ ਕਰਕੇ ਲੋਕਤੰਤਰ ਲਈ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਇਕ ਉਮਦਾ ਲੇਖ ਲਿਖਿਆ ਸੀ। ਰਾਜਾਜੀ ਉੱਘੇ ਆਜ਼ਾਦੀ ਘੁਲਾਟੀਏ ਸਨ। ਕਿਸੇ ਵੇਲੇ ਗਾਂਧੀ ਤੇ ਨਹਿਰੂ ਦੇ ਕਰੀਬੀ ਰਹੇ ਸਨ ਅਤੇ ਕੇਂਦਰ ਤੇ ਸੂਬੇ ਵਿਚ ਉੱਚੇ ਰਾਜਸੀ ਅਹੁਦੇ ਸੰਭਾਲ ਚੁੱਕੇ ਸਨ। ਉਨ੍ਹਾਂ ਦੀ ਆਪਣੀ ਪੁਰਾਣੀ ਪਾਰਟੀ ਤੇ ਸਾਥੀਆਂ ਦੀ ਅਗਵਾਈ ਹੇਠ ਦੇਸ਼ ਜਿਹੜੀ ਦਿਸ਼ਾ ਵੱਲ ਜਾ ਰਿਹਾ ਸੀ, ਉਸ ਨੂੰ ਦੇਖ ਕੇ ਉਨ੍ਹਾਂ ਦੀ ਬੇਚੈਨੀ ਵਧ ਰਹੀ ਸੀ। ਉਨ੍ਹਾਂ ਆਪਣੀ ਬੇਚੈਨੀ ਨੂੰ ਇਸ ਲੇਖ ਰਾਹੀਂ ਬਿਆਨ ਕੀਤਾ ਜੋ ਅਗਸਤ 1957 ਨੂੰ ਆਜ਼ਾਦੀ ਦਿਵਸ ’ਤੇ ਇਕ ਰਸਾਲੇ ਵਿਚ ਪ੍ਰਕਾਸ਼ਿਤ ਹੋਇਆ।
ਰਾਜਾਜੀ ਦਾ ਲੇਖ ਇੰਝ ਸ਼ੁਰੂ ਹੁੰਦਾ ਹੈ : ‘ਸੰਸਦੀ ਜਮਹੂਰੀਅਤ ਦਾ ਸਫ਼ਲ ਕੰਮਕਾਜ ਦੋ ਕਾਰਕਾਂ ’ਤੇ ਨਿਰਭਰ ਹੁੰਦਾ ਹੈ, ਪਹਿਲਾ ਸਰਕਾਰ ਦੇ ਉਦੇਸ਼ਾਂ ਮੁਤੱਲਕ ਨਾਗਰਿਕਾਂ ਦੇ ਸਾਰੇ ਵਰਗਾਂ ਦਰਮਿਆਨ ਵਡੇਰੀ ਸਹਿਮਤੀ ਅਤੇ ਦੂਜਾ, ਦੋ ਪਾਰਟੀ ਪ੍ਰਣਾਲੀ ਜਿਸ ਵਿਚ ਵੱਡੇ ਸਿਆਸੀ ਗਰੁੱਪਾਂ ’ਚੋਂ ਹਰੇਕ ਨੂੰ ਕਾਰਗਰ ਤੇ ਨਿਰੰਤਰ ਲੀਡਰਸ਼ਿਪ ਮਿਲਦੀ ਹੋਵੇ ਜੋ ਦੇਸ਼ ਦੇ ਵੋਟਰਾਂ ਦੀ ਬਹੁਗਿਣਤੀ ਦੀ ਚਾਹਤ ਮੁਤਾਬਿਕ ਸਰਕਾਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਸਮੱਰਥ ਹੋਵੇ।’ ਉਨ੍ਹਾਂ ਲਿਖਿਆ ਕਿ ਜੇ ਇਕ ਹੀ ਪਾਰਟੀ ਸੱਤਾ ਵਿਚ ਬਣੀ ਰਹੇ ਅਤੇ ਗ਼ੈਰਜਥੇਬੰਦ ਵਿਅਕਤੀਆਂ ਤੇ ਗੈਰਮਹੱਤਵਪੂਰਨ ਗਰੁੱਪਾਂ ਦੀ ਅਸਹਿਮਤੀ ਨੂੰ ਦਬਾ ਦਿੱਤਾ ਜਾਵੇ ਤਾਂ ਸਰਕਾਰ ਨਿਰੰਕੁਸ਼ ਹੋ ਜਾਂਦੀ ਹੈ।
ਉਦੋਂ ਕਾਂਗਰਸ ਨੂੰ ਸੱਤਾ ਵਿਚ ਆਇਆਂ ਇਕ ਦਹਾਕਾ ਹੋ ਚੱਲਿਆ ਸੀ ਤੇ ਲਗਭਗ ਸਾਰੇ ਸੂਬਿਆਂ ਦੀ ਸੱਤਾ ’ਤੇ ਵੀ ਇਹੀ ਪਾਰਟੀ ਕਾਬਜ਼ ਸੀ। ਕਾਂਗਰਸ ਦੀ ਧੌਂਸ ਅਤੇ ਘੁਮੰਡ ਨੂੰ ਵੇਖਦਿਆਂ ਰਾਜਾਜੀ ਨੇ ਲਿਖਿਆ : ‘ਇਕ ਪਾਰਟੀ ਲੋਕਤੰਤਰ ਜਲਦੀ ਹੀ ਚੀਜ਼ਾਂ ਦਾ ਖਾਸਾ ਪਰਖਣ ਦਾ ਸ਼ਊਰ ਗੁਆ ਬੈਠਦਾ ਹੈ। ਇਹ ਚੀਜ਼ਾਂ ਨੂੰ ਸਮੁੱਚੇ ਪ੍ਰਸੰਗ ਵਿਚ ਨਹੀਂ ਦੇਖ ਸਕਦਾ ਅਤੇ ਕਿਸੇ ਸਵਾਲ ਦੇ ਸਾਰੇ ਪਹਿਲੂ ਨਹੀਂ ਬੁੱਝ ਸਕਦਾ।’ ਅੱਜ ਭਾਰਤ ਵਿਚ ਇਹੀ ਹਾਲਤ ਹਨ।
ਉਹ ਅੱਗੋਂ ਲਿਖਦੇ ਹਨ ਕਿ ਇਕ ਪਾਰਟੀ ਦਾ ਐਨਾ ਜ਼ਿਆਦਾ ਦਬਦਬਾ ਹੋਣ ਨਾਲ ‘ਸਿੱਟਾ ਇਹ ਨਿਕਲਦਾ ਹੈ ਕਿ ਪਾਰਟੀ ਸੰਸਦ ਨਾਲੋਂ ਵੀ ਜ਼ਿਆਦਾ ਅਹਿਮ ਬਣ ਜਾਂਦੀ ਹੈ ... ਆਗੂ ਪਾਰਟੀ ਦੇ ਬਹੁਮਤ ਮੁਤਾਬਿਕ ਫ਼ੈਸਲੇ ਕਰਦਾ ਹੈ। ਇਹ ਇਕ ਕਿਸਮ ਦੀ ਨਿਰੰਕੁਸ਼ਸ਼ਾਹੀ ਬਣ ਜਾਂਦੀ ਹੈ ਤੇ ਜੇ ਇੰਝ ਨਾ ਵੀ ਵਾਪਰੇ ਤਾਂ ਵੀ ਉਹ ਆਪਣੇ ਹੱਥਾਂ ਵਿਚ ਅਥਾਹ ਤਾਕਤ ਇਕੱਠੀ ਕਰ ਲੈਂਦਾ ਹੈ। ਕੁਝ ਵੀ ਹੋਵੇ ਪਾਰਟੀ ਬੰਦ ਦਰਵਾਜ਼ਿਆਂ ਦੇ ਪਿੱਛੇ ਵੀ ਆਪਣੇ ਆਪ ਨੂੰ ਛੁਪਾ ਨਹੀਂ ਸਕਦੀ। ਫਿਰ ਨੰਗੀ ਚਿੱਟੀ ਤਾਨਾਸ਼ਾਹੀ ਦਾ ਚੱਕਰ ਬੇਰੋਕ ਚੱਲਣ ਲੱਗਦਾ ਹੈ।’
ਰਾਜਾਜੀ ਦੀਆਂ ਇਹ ਟਿੱਪਣੀਆਂ ਅਤੀਤ ਵਿਚ ਕਾਂਗਰਸ ਦੇ ਸ਼ਾਸਨ ਵਾਲੇ ਭਾਰਤ ਵੱਲ ਸੇਧਤ ਸਨ ਜੋ ਇਸ ਵੇਲੇ ਦੇ ਭਾਰਤ ’ਤੇ ਐਨ ਢੁਕਦੀਆਂ ਹਨ। ਹਾਲਾਂਕਿ ਕੇਂਦਰ ਵਿਚ ਭਾਜਪਾ ਦਾ ਪੂਰਾ ਕੰਟਰੋਲ ਹੈ ਪਰ ਅਜੇ ਕਈ ਮਹੱਤਵਪੂਰਨ ਸੂਬਿਆਂ ਦੀ ਸੱਤਾ ਇਸ ਦੀ ਪਹੁੰਚ ਤੋਂ ਦੂਰ ਹੈ ਜਿਸ ਸਦਕਾ ਇਸ ਦੀਆਂ ਨਿਰੰਕੁਸ਼ ਰੁਚੀਆਂ ’ਤੇ ਕੁੰਡਾ ਲੱਗ ਰਿਹਾ ਹੈ। ਉਂਝ, ਕੌਮੀ ਪੱਧਰ ’ਤੇ ਵਿਰੋਧੀ ਧਿਰ ਕਮਜ਼ੋਰ ਅਤੇ ਖਿੰਡੀ-ਪੁੰਡੀ ਹੈ। ਸ੍ਰੀ ਨਰਿੰਦਰ ਮੋਦੀ ਦਾ ਮਹਿਮਾ ਮੰਡਨ ਕਰਨ ਲਈ ਜਿਸ ਤਰ੍ਹਾਂ ਦੀ ਪ੍ਰਾਪੇਗੰਡਾ ਮਸ਼ੀਨਰੀ ਚਲਦੀ ਰਹਿੰਦੀ ਹੈ, ਉਸ ਦਾ 1950ਵਿਆਂ ਵਿਚ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਸੀ।
ਛੇ ਮਹੀਨੇ ਬਾਅਦ ਰਾਜਾਜੀ ਨੇ ਭਾਰਤੀ ਲੋਕਤੰਤਰ ਦੀ ਦਸ਼ਾ ਬਾਰੇ ਇਕ ਹੋਰ ਲੇਖ ਲਿਖਿਆ ਸੀ ਜਿਸ ਦਾ ਸਿਰਲੇਖ ਸੀ ‘ਵਾਂਟਿਡ : ਇੰਡੀਪੈਂਡੇਂਟ ਥਿੰਕਿੰਗ’ (ਆਜ਼ਾਦ ਸੋਚ ਦੀ ਲੋੜ)। ਇਸ ਲੇਖ ਵਿਚ ਉਨ੍ਹਾਂ ਤਰਕ ਦਿੱਤਾ ਕਿ ‘ਜਿੰਨੀ ਦੇਰ ਤੱਕ ਕਿਸੇ ਲੋਕਤੰਤਰ ਵਿਚ ਨਾਗਰਿਕ ਆਪਣੇ ਢੰਗ ਨਾਲ ਸੋਚਣ ਤੇ ਨਿਰਖ ਪਰਖ ਕਰਨ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਹੁੰਦੇ, ਉਦੋਂ ਤੱਕ ਨਾਗਰਿਕ ਜੀਵਨ ਦਾ ਕੋਈ ਵੀ ਸਿਧਾਂਤ ਤਸੱਲੀਬਖ਼ਸ਼ ਕੰਮ ਨਹੀਂ ਕਰ ਸਕੇਗਾ।’ ਉਂਝ, ਅੱਜ ਜੋ ਹਾਲਾਤ ਹਨ ਉਸ ਮੁਤਾਬਿਕ ਆਜ਼ਾਦ ਸੋਚ ਰੱਖਣ ਤੇ ਨਿਰਖ ਪਰਖ ਕਰਨ ਦੀ ਬਜਾਏ ਸਾਡੇ ਲੋਕ ਤੋਤੇ ਬਣਦੇ ਜਾ ਰਹੇ ਹਨ... ਉਹ ਸਰਪ੍ਰਸਤਾਂ ਵੱਲੋਂ ਉਚਾਰੀ ਜਾਂਦੀ ਮੁਹਾਰਨੀ ਰਟਦੇ ਤੇ ਦੁਹਰਾਉਂਦੇ ਰਹਿੰਦੇ ਹਨ ਤੇ ਇਸ ਦਾ ਮਤਲਬ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕਰਦੇ।’
ਇਹ ਟਿੱਪਣੀਆਂ ਕਾਫ਼ੀ ਹੱਦ ਤੀਕ ਅਜੋਕੇ ਭਾਰਤ ’ਤੇ ਲਾਗੂ ਹੁੰਦੀਆਂ ਹਨ ਅਤੇ ਸੰਚਾਰ ਤੇ ਪ੍ਰਚਾਰ ਦੇ ਜਿਹੜੇ ਸਾਧਨ ਨਹਿਰੂ ਅਤੇ 1950ਵਿਆਂ ਦੀ ਕਾਂਗਰਸ ਨੂੰ ਉਪਲਬਧ ਨਹੀਂ ਸਨ, ਅੱਜ ਉਪਲਬਧ ਹੋਣ ਕਰਕੇ ਹਾਲਾਤ ਬਦਤਰ ਹੋ ਗਏ ਹਨ। ਮੰਤਰੀਆਂ ਅਤੇ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਤਾਰੀਫ਼ ਵਿਚ ਕਿਸੇ ਵੇਲੇ ਮਾਣਮੱਤੇ ਸਮਝੇ ਜਾਂਦੇ ਅਖ਼ਬਾਰਾਂ ਦੇ ਨਜ਼ਰੀਆਤੀ ਪੰਨਿਆਂ ’ਤੇ ਹਰ ਰੋਜ਼ ਪ੍ਰਕਾਸ਼ਿਤ ਕੀਤੇ ਜਾਂਦੇ ਲੇਖਾਂ ਅਤੇ ਖ਼ਾਸਕਰ ਹਿੰਦੀ ਟੈਲੀਵਿਜ਼ਨ ਚੈਨਲਾਂ ’ਤੇ ਗ਼ੌਰ ਫਰਮਾਓ ਜਿਨ੍ਹਾਂ ਵਿਚ ਸ਼ਰ੍ਹੇਆਮ ਸਰਕਾਰੀ ਲੀਹਾਂ ’ਤੇ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਇੱਕੋ ਸਿਆਸਤਦਾਨ ਦਾ ਗੁੱਡਾ ਬੰਨ੍ਹਿਆ ਜਾਂਦਾ ਹੈ ਜਿਸ ਨਾਲ ਭਾਰਤੀ ਲੋਕਤੰਤਰ ਦਾ ਮਿਆਰ ਬਹੁਤ ਹੇਠਾਂ ਡਿੱਗ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਤੇ ਪਾਰਟੀ ਮਸ਼ੀਨਰੀ ਦੀ ਕੜੀ ਵਜੋਂ ਭਗਤਾਂ ਦੇ ਟੋਲਿਆਂ ਵੱਲੋਂ ਕੱਟ ਪੇਸਟ ਕੀਤੇ ਜਾਂਦੇ ਟਵੀਟਾਂ ’ਤੇ ਨਜ਼ਰ ਮਾਰੋ ਜੋ ਨਾਗਰਿਕਾਂ ਨੂੰ ਆਜ਼ਾਦਾਨਾ ਢੰਗ ਨਾਲ ਸੋਚਣ ਤੇ ਪਰਖਣ ਤੋਂ ਡੱਕਦੇ ਹਨ।
ਮਈ 1958 ਵਿਚ ਰਾਜਾਜੀ ਨੇ ਚਿਤਾਵਨੀ ਦਿੱਤੀ ਸੀ, ‘‘ਜੇ ਆਜ਼ਾਦ ਸੋਚ ਤੇ ਆਲੋਚਨਾ ਦੀ ਥਾਂ ਅਧੀਨਗੀ ਤੇ ਮੁਥਾਜੀ ਲੈ ਲੈਂਦੀ ਹੈ ਜਾਂ ਡਰ ਅਤੇ ਸਹਿਮ ਕਰਕੇ ਇਨ੍ਹਾਂ ਦਾ ਸਹਾਰਾ ਨਹੀਂ ਲਿਆ ਜਾਂਦਾ ਜਿਸ ਕਰਕੇ ਅਜਿਹਾ ਮਾਹੌਲ ਬਣ ਜਾਂਦਾ ਹੈ ਜਿਸ ਵਿਚ ਲੋਕਤੰਤਰ ਨਾਲ ਖ਼ਾਸ ਤੌਰ ’ਤੇ ਜੁੜੀਆਂ ਸਿਆਸੀ ਬਿਮਾਰੀਆਂ ਪਣਪਣ ਲੱਗਦੀਆਂ ਹਨ। ਉਨ੍ਹਾਂ ਲਿਖਿਆ ਸੀ ਕਿ ਭਾਰਤ ਅੰਦਰ ਕਰੀਅਰਪ੍ਰਸਤੀ, ਸਾਜ਼ਿਸ਼ਾਂ ਅਤੇ ਤਰ੍ਹਾਂ ਤਰ੍ਹਾਂ ਦੀਆਂ ਬੇਈਮਾਨੀਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ।’’ ਰਾਜਾਜੀ ਇਹ ਵੀ ਦਲੀਲ ਦਿੰਦੇ ਹਨ ਕਿ ‘ਵਿਰੋਧੀ ਧਿਰ ਇਸ ਕਿਸਮ ਦੇ ਵਿਸ਼ੈਲੇ ਨਦੀਨਾਂ ਨੂੰ ਵਧਣ ਫੁੱਲਣ ਤੋਂ ਰੋਕਣ ਦਾ ਕੁਦਰਤੀ ਜ਼ਰੀਆ ਹੁੰਦੀ ਹੈ। ਇਸ ਲਈ ਇਸ ਤਰ੍ਹਾਂ ਦੇ ਲੱਛਣਾਂ ਦੀ ਰੋਕਥਾਮ ਲਈ ਵਿਰੋਧੀ ਧਿਰ ਫ਼ੌਰੀ ਇਲਾਜ ਹੈ।’
ਆਪਣੇ ਇਸ ਦੂਜੇ ਲੇਖ ਵਿਚ ਰਾਜਾਜੀ ਨੇ ਵਿਰੋਧੀ ਦੀਆਂ ਲੋੜਾਂ ਦਾ ਸੰਖੇਪ ਸਾਰ ਦਿੱਤਾ ਹੈ ਜਿਸ ਨਾਲ ਭਾਰਤੀ ਲੋਕਤੰਤਰ ਨੂੰ ਸੰਤੁਲਤ ਕਰਨ ਵਿਚ ਮਦਦ ਮਿਲ ਸਕਦੀ ਹੈ। ਉਨ੍ਹਾਂ ਲਿਖਿਆ : ‘ਸਾਨੂੰ ਇਕ ਅਜਿਹੀ ਵਿਰੋਧੀ ਧਿਰ ਦੀ ਲੋੜ ਹੈ ਜੋ ਵੱਖਰੇ ਢੰਗ ਨਾਲ ਸੋਚਦੀ ਹੋਵੇ ਅਤੇ ਨਾ ਕਿ ਅਜਿਹੀ ਜੋ ਥੋੜ੍ਹਾ ਜ਼ਿਆਦਾ ਕਰਨਾ ਲੋਚਦੀ ਹੋਵੇ, ਸ਼ਿੱਦਤ ਨਾਲ ਸੋਚਣ ਵਾਲੇ ਨਾਗਰਿਕਾਂ ਦਾ ਅਜਿਹਾ ਸਮੂਹ ਜਿਸ ਦਾ ਉਦੇਸ਼ ਵਿਆਪਕ ਭਲਾਈ ’ਤੇ ਸੇਧਤ ਹੋਵੇ ਅਤੇ ਨਾ ਕਿ ਅਖੌਤੀ ਗ਼ਰੀਬਾਂ ਦੀਆਂ ਵੋਟਾਂ ਹਾਸਲ ਕਰਨ ਦੀ ਲਾਲਸਾ ਹੋਵੇ, ਸੱਤਾਧਾਰੀ ਪਾਰਟੀ ਨਾਲੋਂ ਉਨ੍ਹਾਂ ਨੂੰ ਹੋਰ ਜ਼ਿਆਦਾ ਦੇਣ ਦੀ ਪੇਸ਼ਕਸ਼ ਕਰਦੀ ਹੋਵੇ, ਇਕ ਅਜਿਹੀ ਵਿਰੋਧੀ ਧਿਰ ਜੋ ਤਰਕ ਨੂੰ ਪੋਂਹਦੀ ਹੋਵੇ ਅਤੇ ਇਸ ਦ੍ਰਿੜ੍ਹ ਵਿਸ਼ਵਾਸ ਨਾਲ ਕੰਮ ਕਰਦੀ ਹੋਵੇ ਕਿ ਭਾਰਤ ਨੂੰ ਲੋਕਰਾਜੀ ਗਣਰਾਜ ਦੇ ਤੌਰ ’ਤੇ ਸ਼ਾਸਿਤ ਕੀਤਾ ਜਾ ਸਕਦਾ ਹੈ ਅਤੇ ਗ਼ਰੀਬ ਲੋਕ ਇਸ ਠੋਸ ਤਰਕ ਨੂੰ ਰੱਦ ਨਹੀਂ ਕਰਨਗੇ।’
ਅਗਲੇ ਸਾਲ ਅੱਸੀ ਸਾਲ ਦੀ ਉਮਰ ਵਿਚ ਰਾਜਾਜੀ ਨੇ ਆਪਣੇ ਸੰਕਲਪ ਨੂੰ ਅਮਲੀਜਾਮਾ ਪਹਿਨਾਉਂਦਿਆਂ ਇਕ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਜਿਸ ਦਾ ਨਾਂ ਸਵਤੰਤਰ ਪਾਰਟੀ ਰੱਖਿਆ। ਇਸ ਦੇ ਚਾਰਟਰ ਵਿਚ ਅਰਥਚਾਰੇ ਨੂੰ ਲਾਇਸੈਂਸ ਪਰਮਿਟ ਰਾਜ ਤੋਂ ਮੁਕਤ ਕਰਨਾ, ਵਿਅਕਤੀਗਤ ਆਜ਼ਾਦੀਆਂ ਦੀ ਰਾਖੀ ਕਰਨਾ ਅਤੇ ਪੱਛਮ ਦੇ ਲੋਕਰਾਜੀ ਮੁਲ਼ਕਾਂ ਨਾਲ ਕਰੀਬੀ ਸੰਬੰਧ ਕਾਇਮ ਕਰਨਾ ਸੀ। ਗ਼ੌਰਤਲਬ ਹੈ ਕਿ ਕਾਂਗਰਸ ਸਰਕਾਰ ਦੀਆਂ ਆਰਥਿਕ ਅਤੇ ਵਿਦੇਸ਼ ਨੀਤੀਆਂ ਦਾ ਵਿਰੋਧ ਕਰਦੇ ਹੋਇਆਂ ਵੀ ਰਾਜਾਜੀ ਨੇ ਵੱਖ ਵੱਖ ਧਰਮਾਂ ਦਰਮਿਆਨ ਇਕਸੁਰਤਾ ਅਤੇ ਘੱਟਗਿਣਤੀਆਂ ਦੇ ਹੱਕਾਂ ਪ੍ਰਤੀ ਨਹਿਰੂ ਦੀ ਵਚਨਬੱਧਤਾ ਨਾਲ ਇਕਜੁੱਟਤਾ ਦਰਸਾਈ।
ਸਵਤੰਤਰ ਪਾਰਟੀ ਨੇ ਕਾਂਗਰਸ ਲਈ ਤਿੱਖੀ ਬੌਧਿਕ ਤੇ ਵਿਚਾਰਧਾਰਕ ਚੁਣੌਤੀ ਪੇਸ਼ ਕੀਤੀ ਪਰ ਇਹ ਅਤੇ ਹੋਰ ਵਿਰੋਧੀ ਪਾਰਟੀਆਂ ਕਾਂਗਰਸ ਦੀ ਚੜ੍ਹਤ ਵਿਚ ਚਿੱਬ ਪਾ ਸਕਣ ਵਿਚ ਕਾਮਯਾਬ ਨਹੀਂ ਹੋ ਸਕੀਆਂ। ਇਸ ਬਾਰੇ ਰਾਜਾਜੀ ਨੇ ਰੰਜ ਜ਼ਾਹਿਰ ਕੀਤਾ ਸੀ : ‘ਕਾਂਗਰਸ ਦੀ ਸਫ਼ਲਤਾ ਪਿੱਛੇ ਖਰਚੀਲੀਆਂ ਚੋਣ ਪ੍ਰਚਾਰ ਮੁਹਿੰਮਾਂ ਅਤੇ ਫੰਡਾਂ ’ਤੇ ਇਸ ਦਾ ਏਕਾਧਿਕਾਰ ਜ਼ਿੰਮੇਵਾਰ ਹੈ।’ ਇਕ ਵਾਰ ਫਿਰ ਇਹ ਗੱਲ ਵੀ ਰਾਜਕੀ ਮਸ਼ੀਨਰੀ ’ਤੇ ਭਾਜਪਾ ਦੇ ਕੰਟਰੋਲ ਅਤੇ ਚੁਣਾਵੀ ਬੌਂਡਾਂ ਦੀ ਸਕੀਮ (ਜਿਸ ਨੂੰ ਰੱਦ ਕਰਨ ਤੋਂ ਸੁਪਰੀਮ ਕੋਰਟ ਝਿਜਕਦੀ ਆ ਰਹੀ ਹੈ) ’ਤੇ ਢੁਕਦੀ ਹੈ ਜਿਸ ਸਦਕਾ ਸੱਤਾਧਾਰੀ ਪਾਰਟੀ ਨੂੰ ਆਪਣੇ ਵਿਰੋਧੀ ਪਾਰਟੀਆਂ ’ਤੇ ਖ਼ਾਸਕਰ ਆਮ ਚੋਣਾਂ ਮੌਕੇ ਭਾਰੂ ਪੈਣ ਦਾ ਬਲ ਮਿਲਦਾ ਹੈ।
ਦਾਨਿਸ਼ਵਰੀ ਦੇ ਕੁਝ ਕਾਰਜ ਲੰਬਾ ਅਰਸਾ ਪ੍ਰਸੰਗਕ ਬਣੇ ਰਹਿੰਦੇ ਹਨ ਅਤੇ ਪ੍ਰਕਾਸ਼ਿਤ ਹੋਣ ਤੋਂ ਕਈ ਦਹਾਕਿਆਂ ਬਾਅਦ ਵੀ ਪੜ੍ਹੇ ਜਾਂਦੇ ਹਨ ਪਰ ਅਖ਼ਬਾਰਾਂ ਜਾਂ ਰਸਾਲਿਆਂ ਵਿਚ ਛਪਦੇ ਲੇਖ ਅਕਸਰ ਛਪਣ ਤੋਂ ਕੁਝ ਦਿਨਾਂ ਬਾਅਦ ਭੁਲਾ ਦਿੱਤੇ ਜਾਂਦੇ ਹਨ। ਰਾਜਾਜੀ ਦੇ 1957 ਤੇ 1958 ਦੇ ਲੇਖ ਇਸ ਪੱਖੋਂ ਅਪਵਾਦ ਗਿਣੇ ਜਾਂਦੇ ਹਨ। ਇਕ ਪਾਰਟੀ ਦੇ ਦਬਦਬੇ ਕਰਕੇ ਛੇ ਦਹਾਕੇ ਪਹਿਲਾਂ ਭਾਰਤੀ ਲੋਕਰਾਜ ਤੇ ਖ਼ੁਦ ਭਾਰਤ ਲਈ ਜੋ ਖ਼ਤਰੇ ਮੌਜੂਦ ਸਨ, ਅੱਜ ਉਹ ਹੋਰ ਗਹਿਰੇ ਹੋ ਗਏ ਹਨ।
ਨਹਿਰੂ ਤੇ ਉਨ੍ਹਾਂ ਦੇ ਸਹਿਕਰਮੀਆਂ ਦੀਆਂ ਕਮੀਆਂ ਪੇਸ਼ੀਆਂ ਨੂੰ ਪ੍ਰਵਾਨ ਕਰਦਿਆਂ ਰਾਜਾਜੀ ਇਹ ਵੀ ਮੰਨਦੇ ਸਨ ਕਿ ਉਹ ‘ਚੰਗੇ ਬੰਦੇ’ ਸਨ ਪਰ ਅੱਜ ਦੇ ਸੱਤਾਧਾਰੀ ਬਹੁਗਿਣਤੀਪ੍ਰਸਤ ਹਨ। ਜਮਹੂਰੀ ਕਦਰਾਂ ਕੀਮਤਾਂ ਤੇ ਰਵਾਇਤਾਂ ਪ੍ਰਤੀ ਇਸ ਪਾਰਟੀ ਨੇ ਭੋਰਾ ਵੀ ਸਤਿਕਾਰ ਨਹੀਂ ਦਿਖਾਇਆ। ਸੱਤਾਧਾਰੀ ਪਾਰਟੀ ਦੇ ਘੁਮੰਡ ਅਤੇ ਪ੍ਰਧਾਨ ਮੰਤਰੀ ਦੇ ਮਹਿਮਾ ਮੰਡਨ ਕਾਰਨ ਹੀ ਲਗਾਤਾਰ ਦੋ ਵਾਰ ਬਹੁਮੱਤ ਹਾਸਲ ਕਰ ਕੇ ਵੀ ਸਭ ਮੋਰਚਿਆਂ ’ਤੇ ਪਾਰਟੀ ਦਾ ਰਿਕਾਰਡ ਇੰਨਾ ਖਰਾਬ ਹੈ ਕਿ ਅਰਥਚਾਰਾ ਨਿਵਾਣਾਂ ਵੱਲ ਜਾ ਰਿਹਾ ਹੈ, ਸਮਾਜਿਕ ਤਾਣਾ ਬਾਣਾ ਬਿਖਰ ਰਿਹਾ ਹੈ ਅਤੇ ਆਂਢ-ਗੁਆਂਢ ਤੇ ਦੁਨੀਆ ਦੀਆਂ ਨਜ਼ਰਾਂ ਵਿਚ ਸਾਡਾ ਰੁਤਬਾ ਨਿਰੰਤਰ ਨਿੱਘਰਦਾ ਜਾ ਰਿਹਾ ਹੈ।
1950ਵਿਆਂ ਦੇ ਅਖੀਰ ਵਿਚ ਸਾਡੇ ਦੇਸ਼ ਨੂੰ ਮਜ਼ਬੂਤ ਤੇ ਦਮਦਾਰ ਵਿਰੋਧੀ ਧਿਰ ਦੀ ਲੋੜ ਸੀ ਅਤੇ ਹੁਣ 2020ਵਿਆਂ ਦੇ ਸ਼ੁਰੂ ਵਿਚ ਇਸ ਦੀ ਹੋਰ ਵੀ ਜ਼ਿਆਦਾ ਲੋੜ ਹੈ। ਅਖੀਰ ’ਤੇ ਰਾਜਾਜੀ ਦਾ ਉਹੀ ਕਥਨ ਦੁਹਰਾ ਰਿਹਾ ਹਾਂ ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ‘ਅਜਿਹੀ ਵਿਰੋਧੀ ਧਿਰ ਹੋਣੀ ਜ਼ਰੂਰੀ ਹੈ ਜੋ ਵੱਖਰੇ ਢੰਗ ਨਾਲ ਸੋਚਦੀ ਹੋਵੇ ਅਤੇ ਉਸੇ ਕਿਸਮ ਦੀਆਂ ਗੱਲਾਂ ਵਿਚ ਵਾਧਾ ਨਾ ਕਰਦੀ ਹੋਵੇ, ਇਕ ਅਜਿਹੀ ਵਿਰੋਧੀ ਜੋ ਤਰਕ ਨੂੰ ਪੋਂਹਦੀ ਹੋਵੇ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ ਕੰਮ ਕਰਦੀ ਹੋਵੇ ਕਿ ਭਾਰਤ ਨੂੰ ਇਕ ਜਮਹੂਰੀ ਗਣਰਾਜ ਵਜੋਂ ਸ਼ਾਸਿਤ ਕੀਤਾ ਜਾ ਸਕਦਾ ਹੈ ਅਤੇ ਇਹ ਕਿ ਗ਼ਰੀਬ ਲੋਕ ਠੋਸ ਤਰਕ ਨੂੰ ਰੱਦ ਨਹੀਂ ਕਰਨਗੇ।’