ਖੁਸ਼ਹਾਲ ਜ਼ਿੰਦਗੀ ਦਾ ਹੁਨਰ - ਗੁਰਚਰਨ ਸਿੰਘ ਨੂਰਪੁਰ
ਮਨ ਦੀ ਆਦਤ ਹੈ ਇੱਕ ਸਥਿਤੀ ਤੋਂ ਦੂਜੀ ਸਥਿਤੀ ਵੱਲ ਚੱਲਦੇ ਰਹਿਣਾ। ਇੱਕ ਮੰਜ਼ਿਲ ਤੋਂ ਦੂਜੀ ਤੇ ਫਿਰ ਦੂਜੀ ਤੋਂ ਮਗਰੋਂ ਤੀਜੀ। ਮਨੋਵਿਗਿਆਨ ਅਨੁਸਾਰ ਕੁਝ ਪ੍ਰਾਪਤ ਕਰਨ ਤੋਂ ਬਾਅਦ ਮਨ ਦੀ ਭਟਕਣਾ ਤ੍ਰਿਪਤ ਨਹੀਂ ਹੁੰਦੀ ਬਲਕਿ ਪਹਿਲਾਂ ਨਾਲੋਂ ਵੀ ਤੀਬਰ ਹੋ ਜਾਂਦੀ ਹੈ।
ਮਹਾਨ ਮਨੋਵਿਗਿਆਨੀ ਡਾ. ਫਰਾਇਡ ਨੇ ਕਿਹਾ ਕਿ ਮਨ ਨੂੰ ਜਿੱਧਰੋਂ ਮੋੜਿਆ ਜਾਵੇ, ਮਨ ਦਾ ਆਕਰਸ਼ਣ ਉਸ ਪਾਸੇ ਵੱਲ ਵਧੇਰੇ ਹੁੰਦਾ ਹੈ। ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਇਨ੍ਹਾਂ ਪੰਜਾਂ ਪ੍ਰਵਿਰਤੀਆਂ ਤੋਂ ਮਨੁੱਖ ਨੂੰ ਮੁਕਤ ਕਰਨ ਲਈ ਸਾਲਾਂ ਤੋਂ ਰੱਬ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਦੂਜੇ ਪਾਸੇ ਮਨੋਵਿਗਿਆਨ ਕਹਿੰਦਾ ਹੈ ਕਿ ਮਨੁੱਖ ਵਿੱਚੋਂ ਜੇਕਰ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਬਾਕੀ ਜੋ ਬਚੇਗਾ ਉਹ ਮਨੁੱਖ ਨਹੀਂ ਹੋਵੇਗਾ। ਮਨੋਵਿਗਿਆਨ ਅਨੁਸਾਰ ਮਨ ਵਿੱਚੋਂ ਉਤਪਨ ਹੋਈਆਂ ਖਾਹਿਸ਼ਾਂ ਨੂੰ ਦਬਾਉਣ ਨਾਲ ਖਾਹਿਸ਼ਾਂ ਦੀ ਅਪੂਰਤੀ ਵੱਖਰਾ ਰੂਪ ਅਖ਼ਤਿਆਰ ਕਰ ਲੈਂਦੀ ਹੈ ਅਤੇ ਇਸ ਦਾ ਵੇਗ ਮਨੁੱਖੀ ਮਨ ਵਿੱਚ ਇੱਕ ਤਰ੍ਹਾਂ ਦਾ ਖਲਲ ਪਾ ਦਿੰਦਾ ਹੈ।
ਮਨ ਨੂੰ ਜਿੱਤ ਲੈਣਾ ਆਸਾਨ ਨਹੀਂ। ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ ਕਿ ਮਨ ਨੂੰ ਜਿੱਤ ਲੈਣਾ ਦੁਨੀਆ ਜਿੱਤ ਲੈਣ ਦੇ ਬਰਾਬਰ ਹੈ। ਮਨੁੱਖ ਦੀ ਸਾਰੀ ਉਮਰ ਬੀਤ ਜਾਂਦੀ ਹੈ, ਪਰ ਉਸ ਨੂੰ ਇਹ ਸਮਝ ਨਹੀਂ ਪੈਂਦੀ ਕਿ ਦਿਮਾਗ਼ ਕਿਵੇਂ ਕੰਮ ਕਰਦਾ ਹੈ? ਡਾਕਟਰ ਮਰੀਜ਼ ਨੂੰ ਕਹਿੰਦਾ ਹੈ ‘‘ਤੁਸੀਂ ਫਿਕਰ ਕਰਦੇ ਹੋ, ਚਿੰਤਾ ਕਰਦੇ ਹੋ, ਗ਼ਮ ਨਾ ਕਰਿਆ ਕਰੋ। ਜ਼ਿਆਦਾ ਨਾ ਸੋਚਿਆ ਕਰੋ। ਇਸੇ ਲਈ ਤੁਹਾਡੀ ਬਿਮਾਰੀ ਠੀਕ ਨਹੀਂ ਹੋ ਰਹੀ।’’ ਇੱਥੇ ਡਾਕਟਰ ਭੁੱਲ ਕਰਦੇ ਹਨ ਕਿ ਗ਼ਮ ਕਰਨਾ ਜਾਂ ਨਾ ਕਰਨਾ ਮਰੀਜ਼ ਦੇ ਵੱਸ ਵਿੱਚ ਨਹੀਂ ਹੁੰਦਾ। ਉਦਾਸ, ਪਰੇਸ਼ਾਨ ਅਤੇ ਦੁਖੀ ਕਰਨ ਵਾਲੇ ਵਿਚਾਰਾਂ ਦਾ ਪ੍ਰਵਾਹ ਤਾਂ ਦਿਮਾਗ਼ ਵਿੱਚ ਆਪਣੇ ਆਪ ਚੱਲ ਰਿਹਾ ਹੁੰਦਾ ਹੈ। ਚੰਗੇ ਮਾੜੇ ਵਿਚਾਰਾਂ ਦੇ ਇਸ ਪ੍ਰਵਾਹ ’ਤੇ ਸਾਡਾ ਕੰਟਰੋਲ ਨਹੀਂ। ਜੇਕਰ ਅਸੀਂ ਖਿਆਲ ਕਰੀਏ ਕਿ ਕੱਲ੍ਹ ਸਾਡੇ ਨਾਲ ਵਾਪਰੀ ਮਾੜੀ ਘਟਨਾ ਨੂੰ ਦਿਮਾਗ਼ ’ਚੋਂ ਕੱਢ ਦੇਣਾ ਹੈ ਜਾਂ ਕਿਸੇ ਘਟਨਾ ਬਾਰੇ ਹੁਣ ਬਿਲਕੁਲ ਨਹੀਂ ਸੋਚਣਾ ਤਾਂ ਇਹ ਸਾਡੇ ਵੱਸ ਵਿੱਚ ਨਹੀਂ ਹੈ। ਅਸੀਂ ਜਿੰਨਾ ਜ਼ੋਰ ਲਾ ਕੇ ਕਿਸੇ ਗੱਲ ਨੂੰ ਭੁਲਾਉਣ ਜਾਂ ਦਿਮਾਗ਼ ’ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਓਨਾ ਹੀ ਜ਼ਿਆਦਾ ਅਤੇ ਵਾਰ ਵਾਰ ਸਾਨੂੰ ਉਸ ਦਾ ਖਿਆਲ ਪਰੇਸ਼ਾਨ ਕਰਨ ਲੱਗ ਪੈਂਦਾ ਹੈ।
ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਵਿਕਾਸ ਨੇ ਵੀ ਮਨੁੱਖੀ ਮਨ ਦੀ ਭਟਕਣਾ ਹੋਰ ਵਧਾ ਦਿੱਤੀ ਹੈ। ਜਿੱਥੇ ਵਿਗਿਆਨ ਨੇ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਅਨੇਕਾਂ ਸਫਲਤਾ ਪੂਰਵਕ ਉਪਰਾਲੇ ਕੀਤੇ ਹਨ, ਉੱਥੇ ਤਕਨੀਕ ਅਤੇ ਵਸਤਾਂ ਦੀ ਬਹੁਤਾਤ ਵਿੱਚ ਮਨੁੱਖ ਕਿਧਰੇ ਭਟਕ ਗਿਆ ਹੈ। ਮਨੁੱਖ ਆਪਣੇ ਆਪ ਤੋਂ ਕੋਹਾਂ ਦੂਰ ਚਲਾ ਗਿਆ ਹੈ। ਮਨੁੱਖ ਵਸਤਾਂ ਦੇ ਜੰਗਲ ਵਿੱਚ ਇਸ ਕਦਰ ਗਵਾਚ ਗਿਆ ਹੈ ਕਿ ਨਿਰਣਾ ਕਰਨਾ ਔਖਾ ਹੋ ਰਿਹਾ ਹੈ ਕਿ ਵਸਤਾਂ ਸਾਡੇ ਵਰਤਣ ਲਈ ਹਨ ਜਾਂ ਵਸਤਾਂ ਉਲਟਾ ਸਾਨੂੰ ਵਰਤ ਰਹੀਆਂ ਹਨ। ਵਿਗਿਆਨ ਨੇ ਜੀਵਨ ਦੀਆਂ ਮੁਸ਼ਕਲਾਂ, ਦੁੱਖ ਤਕਲੀਫਾਂ ਅਤੇ ਬਿਮਾਰੀਆਂ ਨੂੰ ਕੁਝ ਹੱਦ ਤਕ ਘੱਟ ਕਰ ਦਿੱਤਾ ਹੈ, ਪਰ ਮਾਨਸਿਕ ਸੰਤੁਸ਼ਟੀ ਪੱਖੋਂ ਅਸੀਂ ਸੱਖਣੇ ਜਿਹੇ ਹੋ ਗਏ ਹਾਂ।
ਉਸ ਸਮੇਂ ਜਦੋਂ ਆਦਿ ਮਾਨਵ ਗੁਫ਼ਾਵਾਂ ਵਿੱਚ ਰਹਿੰਦਾ ਸੀ। ਉਸ ਨੂੰ ਕੁਦਰਤੀ ਕਰੋਪੀਆਂ ਅਤੇ ਜੰਗਲੀ ਜੀਵਾਂ ਦਾ ਹੀ ਡਰ ਸੀ। ਇਸ ਦੇ ਉਪਾਅ ਲਈ ਉਸ ਨੇ ਮਨੋਕਲਪਿਤ ਦੇਵੀ ਦੇਵਤੇ ਸਿਰਜ ਲਏ, ਇਸ ਨਾਲ ਉਹ ਅਗੇਤਰੇ ਡਰ ਤੋਂ ਲਗਭਗ ਸੁਰਖਰੂ ਹੋ ਗਿਆ। ਸਦੀਆਂ ਬਾਅਦ ਜਦ ਮਨੁੱਖ ਹੋਰ ਸਿਆਣਾ ਹੋਇਆ ਤਾਂ ਉਸ ਨੇ ਆਪਣੇ ਕੰਮਾਂ ਨੂੰ ਵੰਡ ਲਿਆ। ਖੇਤੀ, ਵਪਾਰ, ਜੰਗਾਂ ਅਤੇ ਧਰਮ ਕਰਮ ਦੇ ਖੇਤਰ ਲਈ ਵੀ ਵੱਖ ਵੱਖ ਵਰਗ ਬਣਾਏ ਗਏ। ਇਸ ਤੋਂ ਅਗਾਂਹ ਸੰਦ ਬਣਾਉਣੇ, ਕੱਪੜੇ, ਜੁੱਤੀਆਂ, ਅਤੇ ਭਾਂਡੇ ਆਦਿ ਬਣਾਉਣ ਲਈ ਵੀ ਵੱਖ ਵੱਖ ਕਬੀਲਿਆਂ ਵਿੱਚ ਕੁਝ ਹੁਨਰਮੰਦ ਲੋਕਾਂ ਨੇ ਜ਼ਿੰਮੇਵਾਰੀਆਂ ਸੰਭਾਲੀਆਂ। ਵਸਤਾਂ ਦੀ ਗਿਣਤੀ ਅਤੇ ਵਸਤਾਂ ਦੀ ਵਰਤੋਂ ਬੜੀ ਸੀਮਤ ਸੀ। ਇਸ ਲਈ ਕਿਸੇ ਨੂੰ ਕੋਈ ਜ਼ਿਆਦਾ ਮਾਨਸਿਕ ਬੋਝ ਨਹੀਂ ਸੀ। ਫਜ਼ੂਲ ਖ਼ਰਚ, ਲੋਕ ਦਿਖਾਵਾ ਅਤੇ ਫੋਕੀ ਸ਼ਾਨ ਓ ਸ਼ੌਕਤ ਤੋਂ ਮਨੁੱਖ ਬਚਿਆ ਹੋਇਆ ਸੀ। ਚੀਜ਼ਾਂ/ਵਸਤਾਂ ਨੂੰ ਪੈਦਾ ਕਰਨ ਘੜਨ/ਬਣਾਉਣ ਦੀ ਕਿਰਿਆ ਮਨੁੱਖ ਨੂੰ ਸਿਰਜਣਸ਼ੀਲ ਬਣਾਉਂਦੀ ਹੈ। ਅਜਿਹੀ ਵਿਵਸਥਾ ਵਿੱਚ ਜਿੱਥੇ ਮਨੁੱਖ ਕੁਦਰਤ ਦੇ ਕਰੀਬ ਜਿਉਂਦਾ ਸੀ, ਉੱਥੇ ਉਹ ਮਾਨਸਿਕ ਤੌਰ ’ਤੇ ਅੱਜ ਦੇ ਮਨੁੱਖ ਜਿੰਨਾ ਪਰੇਸ਼ਾਨ ਨਹੀਂ ਸੀ। ਇਹਦੇ ਉਲਟ ਬਾਜ਼ਾਰ ਦੇ ਪ੍ਰਭਾਵ ਨੇ ਚੀਜ਼ਾਂ/ ਵਸਤਾਂ ਦੀ ਸਿਰਜਣਸ਼ੀਲਤਾ ਨੂੰ ਮਨੁੱਖ ਤੋਂ ਖੋਹ ਕੇ ਆਪਣੇ ਵਿਸ਼ਾਲ ਮਸ਼ੀਨੀ ਹੱਥਾਂ ਵਿੱਚ ਲੈ ਲਿਆ ਹੈ। ਮਨੁੱਖ ਨੂੰ ਇੱਕ ਤਰ੍ਹਾਂ ਮੰਡੀ ਦੀ ਵਸਤ ਸਮਝ ਕੇ ਇਸ ਦੀ ਹਰ ਲੋੜ ਤੋਂ ਕਮਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਫਲਸਰੂਪ ਸਾਡੇ ਸਰੀਰਕ ਕੰਮ ਘੱਟ ਹੋ ਰਹੇ ਹਨ, ਪਰ ਮਾਨਸਿਕ ਪਰੇਸ਼ਾਨੀਆਂ ਵਧ ਰਹੀਆਂ ਹਨ।
ਅਖੌਤੀ ਵਿਕਾਸ ਅਤੇ ਸਿਆਣਪ ਦਾ ਦਾਅਵਾ ਕਰਨ ਵਾਲੇ ਮਨੁੱਖ ਨੇ ਇੰਨੇ ਵਿਨਾਸ਼ਕਾਰੀ ਜੰਗੀ ਪ੍ਰਬੰਧ ਕੀਤੇ ਹਨ ਕਿ ਆਪਣੀ ਧਰਤੀ ਜਿਹੀਆਂ ਵੀਹ ਹੋਰ ਧਰਤੀਆਂ ਨੂੰ ਬਰਬਾਦ ਕਰਕੇ ਸਮੁੱਚੇ ਜੀਵਨ ਦਾ ਖੁਰਾ ਖੋਜ ਮਿਟਾਇਆ ਜਾ ਸਕਦਾ ਹੈ। ਮਿੰਟਾਂ ਵਿੱਚ ਅਜਿਹੀ ਭਿਆਨਕ ਸਥਿਤੀ ਪੈਦਾ ਕੀਤੀ ਜਾ ਸਕਦੀ ਹੈ ਕਿ ਲੱਖਾਂ ਸਾਲਾਂ ਤੱਕ ਧਰਤੀ ’ਤੇ ਕਿਸੇ ਜੀਵ ਦੇ ਪੈਦਾ ਹੋਣ ਦੀ ਸੰਭਾਵਨਾ ਹੀ ਨਹੀਂ ਰਹੇਗੀ। ਪ੍ਰਦੂਸ਼ਣ ਇੰਨਾ ਹੈ ਕਿ ਹਵਾ ਪਾਣੀ ਪਲੀਤ ਹੋ ਰਹੇ ਹਨ। ਜੀਵਨ ਰੱਖਿਅਕ ਓਜ਼ੋਨ ਦੀ ਪਰਤ ਵਿੱਚ ਮਘੋਰੇ ਹੋ ਰਹੇ ਹਨ। ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਧਰਮਾਂ, ਕੌਮਾਂ, ਨਸਲਾਂ ਜਾਂ ਹੱਦਬੰਦੀਆਂ ਦੇ ਨਾਮ ’ਤੇ ਜੰਗ ਚੱਲ ਰਹੀ ਹੁੰਦੀ ਹੈ। ਇਹ ਕਿਸ ਤਰ੍ਹਾਂ ਦੀ ਤਰੱਕੀ ਹੈ ਜੋ ਮਨੁੱਖ ਕਰ ਰਿਹਾ ਹੈ? ਮਨੁੱਖ ਦੀਆਂ ਆਪਹੁਦਰੀਆਂ ਨਾਲ ਸਮੁੱਚੇ ਜੀਵਨ ਦੀ ਹੋਂਦ ਹੀ ਖ਼ਤਰੇ ਵਿੱਚ ਪੈ ਰਹੀ ਹੈ।
ਇੱਕ ਮੰਗਣ ਵਾਲੇ ਤੋਂ ਲੈ ਕੇ ਵੱਡੇ ਨੇਤਾ ਤੱਕ ਹਰ ਕੋਈ ਸੋਨੇ ਦੇ ਮਨੋਕਲਪਿਤ ਮਿਰਗ ਪਿੱਛੇ ਦੌੜ ਰਿਹਾ ਹੈ। ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਪਿੱਛੇ ਇੱਕ ਹੀ ਮਨੋਰਥ ਹੈ, ਉਹ ਹੈ ਮਾਨਸਿਕ ਸ਼ਾਂਤੀ। ਹਰ ਤਰ੍ਹਾਂ ਦੇ ਇੰਤਜ਼ਾਮ ਕਰਨ ਉਪਰੰਤ ਵੀ ਜਦੋਂ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ਤਾਂ ਮਨੁੱਖ ਇਸ ਵਾਸਤੇ ਹੋਰ ਸਾਧਨਾਂ ਦੀ ਖੋਜ ਕਰਦਾ ਹੈ। ਉਹ ਆਸ਼ਰਮਾਂ, ਡੇਰਿਆਂ ਅਤੇ ਧਾਰਮਿਕ ਅਸਥਾਨਾਂ ਦੇ ਵਾਰ ਵਾਰ ਚੱਕਰ ਲਗਾਉਂਦਾ ਹੈ। ਨਵੇਂ ਨਵੇਂ ਮਨੋਰੰਜਨ ਦੇ ਸਾਧਨਾਂ ਦੀ ਤਲਾਸ਼ ਕਰਦਾ ਹੈ। ਥੋੜ੍ਹੀ ਰਾਹਤ ਮਹਿਸੂਸ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦਾ ਪ੍ਰਯੋਗ ਕਰਦਾ ਹੈ। ਨਸ਼ਿਆਂ ਦਾ ਪ੍ਰਚਲਣ ਪੂਰੀ ਦੁਨੀਆ ਵਿੱਚ ਵਧ ਰਿਹਾ ਹੈ। ਨਸ਼ਾ ਇੱਕ ਤਰ੍ਹਾਂ ਨਾਲ ਮਾਨਸਿਕ ਅਤੇ ਸਰੀਰਕ ਲੋੜਾਂ, ਥੋੜ੍ਹਾਂ, ਡਰ, ਉਦਾਸੀ, ਬੇਚੈਨੀ ਅਤੇ ਟੁੱਟ ਭੱਜ ਦਾ ਆਪ ਡਾਕਟਰ ਬਣਕੇ ਗਲਤ ਢੰਗ ਨਾਲ ਇਲਾਜ ਕਰਕੇ ਠੀਕ ਕਰਨ ਦੀ ਵਿਅਰਥ ਕੋਸ਼ਿਸ਼ ਹੈ। ਅਜੋਕੇ ਸਮਿਆਂ ਵਿੱਚ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਉਤਸ਼ਾਹ ਨਹੀਂ ਹੈ। ਘਰ ਪਰਿਵਾਰ ਦੇ ਜੀਆਂ ਦਾ ਆਪਸੀ ਮੋਹ ਘਟ ਰਿਹਾ ਹੈ। ਬਰਦਾਸ਼ਤ ਕਰਨ ਦੀ ਸੀਮਾ ਘਟ ਰਹੀ ਹੈ, ਆਤਮ ਹੱਤਿਆਵਾਂ ਦੀ ਸੰਖਿਆ ਵਧ ਰਹੀ ਹੈ। ਸਤਿਕਾਰਯੋਗ ਬਜ਼ੁਰਗਾਂ ਨੂੰ ਆਧੁਨਿਕਤਾ ਦੀ ਤਹਿਜ਼ੀਬ ਫਾਲਤੂ ਸਮਝਣ ਲੱਗ ਪਈ ਹੈ। ਸ਼ਹਿਰੋਂ ਵੱਖਰੇ ਬਿਰਧ ਆਸ਼ਰਮਾਂ ਦਾ ਉਸਾਰੇ ਜਾਣਾ ਦੱਸਦਾ ਹੈ ਕਿ ਹੁਣ ਬਜ਼ੁਰਗਾਂ ਲਈ ਘਰਾਂ ਵਿੱਚ ਥਾਂ ਨਹੀਂ ਰਹੀ। ਦਾਦੀ ਅਤੇ ਪੋਤੇ ਦਰਮਿਆਨ ਪਾਈਆਂ ਜਾਣ ਵਾਲੀਆਂ ਬਾਤਾਂ ਦਾ ਸਮਾਂ ਸੋਸ਼ਲ ਮੀਡੀਆ, ਵੀਡੀਓ ਗੇਮਾਂ ਅਤੇ ਟੀਵੀ ਚੈਨਲਾਂ ਨੇ ਖੋਹ ਲਿਆ ਹੈ।
ਕਹਿੰਦੇ ਹਨ ਕਿ ਕਈ ਸਾਲ ਇੱਕ ਰੁੱਖ ਹੇਠ ਤਪ ਕਰਨ ਨਾਲ ਸਿਧਾਰਥ ਦਾ ਸਰੀਰ ਸੁੱਕ ਕੇ ਲੱਕੜ ਹੋ ਗਿਆ, ਪਰ ਕੁਝ ਹਾਸਲ ਨਾ ਹੋਇਆ। ਇੱਕ ਦਿਨ ਲੋਕ ਗਾਇਕਾਂ ਦੀ ਇੱਕ ਟੋਲੀ ਉਸ ਪਾਸਿਓਂ ਗਾਉਂਦੀ ਗੁਜ਼ਰੀ, ਉਸ ਗੀਤ ਦਾ ਭਾਵ ਸੀ- ਸੰਗੀਤ ਦੀਆਂ ਤਾਰਾਂ ਨੂੰ ਇੰਨਾ ਨਾ ਕੱਸ ਕਿ ਤਾਰਾਂ ਟੁੱਟ ਜਾਣ ਤੇ ਇੰਨੀਆਂ ਢਿੱਲੀ ਵੀ ਨਾ ਛੱਡ ਕੇ ਇਨ੍ਹਾਂ ’ਚੋਂ ਸੰਗੀਤ ਹੀ ਨਾ ਨਿਕਲੇ। ਇਨ੍ਹਾਂ ਸ਼ਬਦਾਂ ਤੋਂ ਭਗਵਾਨ ਬੁੱਧ ਨੇ ਜੀਵਨ ਲਈ ਬਹੁਤ ਮਹੱਤਵ ਪੂਰਨ ਮੱਧ ਮਾਰਗ ਦੀ ਖੋਜ ਕੀਤੀ। ਜ਼ਿੰਦਗੀ ਦੇ ਸਾਜ਼ ਨੂੰ ਸੁਰ ’ਚ ਰੱਖਣ ਲਈ ਜ਼ਰੂਰੀ ਹੈ ਇਹਦੀਆਂ ਤਾਰਾਂ ਨੂੰ ਜ਼ਿਆਦਾ ਕੱਸਿਆ ਜਾਂ ਢਿੱਲਾ ਨਾ ਛੱਡਿਆ ਜਾਵੇ। ਜ਼ਿੰਦਗੀ ਦੇ ਰੰਗਾਂ ਨੂੰ ਗੂੜ੍ਹਾ ਕਰਨ ਲਈ ਜ਼ਰੂਰੀ ਹੈ ਕਿ ਕਲਾ, ਕਿਤਾਬਾਂ ਅਤੇ ਸਿਰਜਣਾਤਮਕ ਕੰਮਾਂ ਨੂੰ ਜੀਵਨ ਦਾ ਹਿੱਸਾ ਬਣਾਇਆ ਜਾਵੇ। ਆਪਣੇ ਆਪ, ਘਰ ਪਰਿਵਾਰ ਅਤੇ ਸਮਾਜ ਲਈ ਵੀ ਸਮਰੱਥਾ ਅਨੁਸਾਰ ਸੁਹਿਰਦਤਾ ਨਾਲ ਜੀਵਿਆ ਜਾਵੇ। ਕਿਸੇ ਬਜ਼ੁਰਗ ਦੇ ਠੰਢੇ ਹੱਥਾਂ ਨੂੰ ਹੱਥਾਂ ਵਿੱਚ ਲੈ ਕੇ ਘੁੱਟਿਆ ਜਾਵੇ, ਨਿੱਕੇ ਹੱਥਾਂ ਨੂੰ ਸਹਾਰਾ ਦੇ ਕੇ ਕੋਈ ਚਿੱਤਰ ਬਣਾਇਆ ਜਾਵੇ, ਸਵੇਰੇ ਕੁਦਰਤ ਵਿੱਚ ਤੁਰਿਆ ਜਾਵੇ, ਕਿਸੇ ਦੁਖੀ ਦਾ ਹਾਲ ਚਾਲ ਪੁੱਛਿਆ ਜਾਵੇ, ਦੂਜਿਆਂ ਦਾ ਆਸਰਾ ਬਣਿਆ ਜਾਵੇ, ਦੂਰ ਦੁਰਾਡੇ ਪਹਾੜਾਂ ਤੇ ਰੇਗਿਸਤਾਨਾਂ ਵਿੱਚ ਘੁੰਮਿਆ ਜਾਵੇ, ਮੁਸਕਾਨ ਦੀ ਮਹਿਕ ਨੂੰ ਦੂਰ ਦੂਰ ਤੱਕ ਖਿਲਾਰਿਆ ਜਾਵੇ, ਰੁੱਖਾਂ ਬੂਟਿਆਂ ਦੇ ਨਾਲ ਨਾਲ ਜੀਵਿਆ ਜਾਵੇ, ਪੰਛੀਆਂ ਪਰਿੰਦਿਆਂ ਨਾਲ ਗੱਲਾਂ ਕੀਤੀਆਂ ਜਾਣ ਤੇ ਤਾਰਿਆਂ ਨਾਲ ਬਾਤਾਂ ਪਾਈਆਂ ਜਾਣ। ਧਰਤੀ ’ਤੇ ਸਾਡਾ ਹੋਣਾ ਸਥਾਈ ਨਹੀਂ। ਇੱਕ ਸਮਾਂ ਹੋਵੇਗਾ ਕਿ ਅਸੀਂ ਇੱਥੇ ਨਹੀਂ ਹੋਵਾਂਗੇ। ਜਿਉਣ ਦੇ ਅਰਥ ਸਿਰਫ਼ ਆਪਣੇ ਆਪ ਲਈ ਜਿਉਣ ਤੱਕ ਹੀ ਸੀਮਤ ਨਹੀਂ ਹਨ ਬਲਕਿ ਇਸ ਸਮਾਜ, ਧਰਤੀ ਅਤੇ ਆਲੇ-ਦੁਆਲੇ ਲਈ ਵੀ ਜੀਵਿਆ ਜਾਵੇ। ਇਸ ਦੀ ਅੱਜ ਦੇ ਸਮਾਜ ਵਿੱਚ ਸਭ ਤੋਂ ਵੱਡੀ ਲੋੜ ਹੈ।