ਧਰਮ ਦੇ ਨਾਂ ’ਤੇ ਨਫ਼ਰਤ ਦਾ ਵਪਾਰ - ਅਵਿਜੀਤ ਪਾਠਕ
ਪਿਛਲੇ ਦਿਨੀਂ ਮੈਂ ਖ਼ਾਸ ਤੌਰ ’ਤੇ ਮੁਸਲਿਮ ਬਹੁਗਿਣਤੀ ਵਾਲੇ ਮੰਨੇ ਜਾਂਦੇ ਇਲਾਕੇ ਜਿਸ ਨੂੰ ਪੁਰਾਣੀ ਦਿੱਲੀ ਆਖਿਆ ਜਾਂਦਾ ਹੈ, ਦੀਆਂ ਭੀੜੀਆਂ ਗਲੀਆਂ ਵਿਚੋਂ ਲੰਘ ਰਿਹਾ ਸਾਂ, ਉਹ ਵੀ ਰਮਜ਼ਾਨ ਦੇ ਮਹੀਨੇ, ਤੇ ਇਸ ਮੌਕੇ ਮੈਂ ਜ਼ੋਰਦਾਰ ਅੰਦਰੂਨੀ ਮੰਥਨ ਵਿਚੋਂ ਗੁਜ਼ਰਿਆ। ਮੇਰੇ ਸਾਹਮਣੇ ਆਪਣੇ ਲਈ ਹੀ ਪ੍ਰੇਸ਼ਾਨ ਕਰਨ ਵਾਲੇ ਸਵਾਲਾਂ ਦੀ ਪੂਰੀ ਲੜੀ ਖੜ੍ਹੀ ਹੋ ਗਈ। ਮੈਂ ਕੌਣ ਹਾਂ? ਕੀ ਮੈਂ ਮਹਿਜ਼ ‘ਹਿੰਦੂ’ ਹਾਂ ਜਿਹੜਾ ਮੁਸਲਿਮ ਭਾਈਚਾਰੇ ਨੂੰ ਅਲਹਿਦਾ ਕਰਨ ਅਤੇ ਉਨ੍ਹਾਂ ਨੂੰ ਕੁਝ ਖ਼ਾਸ ਰੂੜ੍ਹੀਵਾਦੀ ਰਿਵਾਜ਼ਾਂ ਜਿਵੇਂ ਕਬਾਬ ਤੇ ਬਰਿਆਨੀ, ਦਾੜ੍ਹੀ ਤੇ ਹਿਜਾਬ ਜਾਂ ਅੱਲ੍ਹਾ-ਹੂ-ਅਕਬਰ ਦੇ ਨਾਅਰਿਆਂ ਰਾਹੀਂ ਦੇਖਣ ਵਿਚ ਮਸ਼ਗੂਲ ਹਾਂ? ਜਾਂ ਫਿਰ ਕੀ ਮੈਂ ਇਕ ਸੱਭਿਆਚਾਰਕ ਮਾਨਵਵਿਗਿਆਨੀ ਵਰਗਾ ਹਾਂ ਜਿਹੜਾ ਕਿਸੇ ਦੂਰ-ਦੂਰਾਡੀ ਥਾਂ ਫੀਲਡ ਵਰਕ (ਜ਼ਮੀਨੀ ਪੱਧਰ ’ਤੇ ਕੰਮ) ਕਰ ਰਿਹਾ ਹੋਵਾਂ? ਇਸੇ ਤਰ੍ਹਾਂ, ਕੀ ਮੈਂ ਇਨ੍ਹਾਂ ਮੁਸਲਮਾਨ ਲੋਕਾਂ ਦੀ ਭੀੜ ਵਿਚ ਖ਼ੁਦ ਨੂੰ ਡਰੇ ਅਤੇ ਘਬਰਾਏ ਹੋਏ ਕਿਸੇ ਅਜਨਬੀ ਵਾਂਗ ਦੇਖ ਰਿਹਾ ਹਾਂ? ਜਾਂ ਮੈਂ ਆਪਣੇ ਆਪ ਨੂੰ ਲੋਕਾਂ ਨਾਲ ਮਿਲਾ ਰਿਹਾ ਹਾਂ ਜਿਥੇ ਅਮੀਰ ਤੇ ਗ਼ਰੀਬ, ਮੰਗਤੇ ਤੇ ਫ਼ਕੀਰ, ਸਾਡੇ ਸਾਂਝੇ ਇਤਿਹਾਸ ਤੇ ਇਨਸਾਨੀਅਤ ਦਾ ਅਹਿਸਾਸ ਕਰ ਰਹੇ ਹਨ ਅਤੇ ਨਾਲ ਹੀ ਹੋਰ ਬਹੁਤ ਸਾਰੀਆਂ ਘਟਨਾਵਾਂ ਦੀ ਅਹਿਮੀਅਤ ਨੂੰ ਤਸਲੀਮ ਕਰ ਰਹੇ ਹਨ, ਜਿਵੇਂ 1946 ਦੌਰਾਨ ਨੋਆਖਲੀ ਵਿਚ ਗਾਂਧੀ ਜਾਂ ਕੋਲਕਾਤਾ ਦੀਆਂ ਸੜਕਾਂ ਉਤੇ ਮਦਰ ਟੈਰੇਸਾ।
ਮੈਂ ਜਿਸ ਜਜ਼ਬਾਤੀ ਸਫ਼ਰ ’ਚੋਂ ਗੁਜ਼ਾਰਿਆ, ਉਸ ਨੂੰ ਮਹਿਜ਼ ਨਿਜੀ ਤਜਰਬੇ ਵਜੋਂ ਨਹੀਂ ਦੇਖਿਆ ਜਾ ਸਕਦਾ ਸਗੋਂ ਇਹ ਸਮਾਜ ਸ਼ਾਸਤਰ ਨਾਲ ਜੁੜਿਆ ਹੈ। ਇਸ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਓ ਅਸੀਂ ਇਸ ਵਕਤ ਬਾਰੇ ਸੋਚ-ਵਿਚਾਰ ਕਰੀਏ ਜਿਸ ਵਿਚ ਅਸੀਂ ਜੀਅ ਰਹੇ ਹਾਂ। ਜਿਉਂ ਜਿਉਂ ਕਿਸੇ ਦੇ ਧਾਰਮਿਕ ਰੀਤੀ-ਰਿਵਾਜ਼ ਹੋਰ ਜ਼ਿਆਦਾ ਸ਼ੋਰ ਭਰੇ ਤੇ ਦਿਖਾਵੇ ਵਾਲੇ ਹੋ ਰਹੇ ਹਨ, ਉਸੇ ਦੌਰਾਨ ਅਸੀਂ ਹਿੰਸਕ ਕਾਰਵਾਈਆਂ ਦੇ ਪ੍ਰਗਟਾਵੇ ਦੀ ਲੜੀ ਦੇਖ ਰਹੇ ਹਾਂ। ਜਿਵੇਂ ਸ਼ੋਰ-ਸ਼ਰਾਬੇ ਭਰੀ ਰਾਮ ਨੌਮੀ ਦੀ ਸੋਭਾ ਯਾਤਰਾ ਜਾਂ ‘ਹਨੂੰਮਾਨ ਚਾਲੀਸਾ’ ਦੇ ਪਾਠ ਨੂੰ ਮਹਿਜ਼ ਸਿਆਸੀ ਬਿਆਨ ਤੱਕ ਸੁੰਗੇੜ ਦੇਣਾ ਅਤੇ ਨਾਲ ਹੀ ਅਜਿਹੇ ਹਾਵਾਂ-ਭਾਵਾਂ ਤੇ ਪ੍ਰਤੀਕਾਂ ਦਾ ਮੁਜ਼ਾਹਰਾ ਜਿਹੜੇ ਸਾਡੇ ਅੰਦਰੂਨੀ ਸੰਸਾਰ ਨੂੰ, ਭਾਵ ਸਾਨੂੰ ਆਤਮਿਕ ਤੌਰ ’ਤੇ ਸਾਫ਼ ਤੇ ਨਿਰਮਲ ਕਰਨ ਦੀ ਥਾਂ ਉਲਟਾ ਵਿਆਪਕ ਪੱਧਰ ’ਤੇ ਪਾਗਲਪਣ ਵਰਗੇ ਜਨੂਨ, ਡਰ ਤੇ ਬੇਚੈਨੀ ਪੈਦਾ ਕਰਨ ਦਾ ਕਾਰਨ ਬਣ ਰਹੇ ਹਨ। ਹੈਰਾਨੀ ਦੀ ਗੱਲ ਨਹੀਂ ਹੈ ਕਿ ਅੱਜ ਦਿੱਲੀ ਤੋਂ ਲੈ ਕੇ ਗੁਜਰਾਤ ਤੱਕ ਅਜਿਹੇ ਇਕ ਤਰ੍ਹਾਂ ਦੇ ਦਿਖਾਵਾਕਾਰੀ ਧਾਰਮਿਕ ਕਰਮਾਂ-ਕਾਂਡਾਂ ਨੂੰ ਫਿ਼ਰਕੂ ਸਿਆਸਤ ਤੋਂ ਨਿਖੇੜਨਾ ਔਖਾ ਹੋ ਰਿਹਾ ਹੈ। ਇਨ੍ਹਾਂ ਜ਼ਖ਼ਮਾਂ ਉਤੇ ਅਗਾਂਹ ਲੂਣ ਛਿੜਕਣ ਵਾਲੀ ਗੱਲ ਹੁੰਦੀ ਹੈ, ਉਹ ਹਮਾਇਤ ਲੁਕਵੀਂ ਜਾਂ ਜ਼ਾਹਰਾ ਜਿਹੜੀ ਇਸ ਤਰ੍ਹਾਂ ਦੇ ਸ਼ੋਰੀਲੇ ਅਤੇ ਅਸੱਭਿਅਕ ਪ੍ਰਗਟਾਵਿਆਂ ਨੂੰ ਸਥਾਪਤੀ ਤੋਂ ਮਿਲਦੀ ਹੈ। ਧਾਰਮਿਕ ਇਕੱਤਰਤਾਵਾਂ ਵਿਚ ਨਫ਼ਰਤੀ ਭਾਸ਼ਣਾਂ ਤੇ ਪ੍ਰਗਟਾਵਿਆਂ ਦੇ ਮਕਬੂਲ ਹੁੰਦੇ ਜਾਣ ਅਤੇ ਨਾਲ ਹੀ ‘ਬੁਲਡੋਜ਼ਰ ਸਿਆਸਤ’ ਦੇ ਹੁਣ ਆਮ ਗੱਲ ਬਣ ਜਾਣ ਦੌਰਾਨ ਅਸੀਂ ਪਿਆਰ ਦੀ ਧਾਰਮਿਕਤਾ ਦੀ ਮੌਤ ਅਤੇ ਇਸ ਦੇ ਸਿੱਟੇ ਵਜੋਂ ਧਰਮ ਨੂੰ ਫੁੱਟ-ਪਾਊ ਵਲਗਣਾਂ ਖੜ੍ਹੀਆਂ ਕਰਨ ਵਾਲੀ ਸਖ਼ਤ ਪਛਾਣ ਦੇ ਦਾਅਵੇ ਵਜੋਂ ਦੇਖਣ ਲਈ ਮਜਬੂਰ ਹਾਂ।
ਸਿਆਸੀ ਤੌਰ ’ਤੇ ਅਸੀਂ ਇੰਤਹਾਪਸੰਦ ਰਾਸ਼ਟਰਵਾਦ ਦੇ ਵਿਖਿਆਨ ਦੇ ਆਦੀ ਹੋ ਰਹੇ ਹਾਂ। ਮਿਸਾਲ ਵਜੋਂ, ਹਿੰਦੂਤਵ ਦੇ ਵਿਚਾਰਵਾਨ ਸਾਰੇ ਹਿੰਦੂਆਂ ਨੂੰ ਉਨ੍ਹਾਂ ਦੇ ਜਾਤ ਜਾਂ ਜਮਾਤ ਆਧਾਰਿਤ ਵਖਰੇਵਿਆਂ ਦੇ ਬਾਵਜੂਦ ਇਕਮੁੱਠ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਉਹ ਹਿੰਦੂ ਪ੍ਰੰਪਰਾਵਾਂ ਤੇ ਪੁਰਾਣਿਕ ਮਿਥਿਹਾਸਕ ਕਥਾਵਾਂ ਦੇ ਅਖੰਡ ਪਾਠਾਂ ਰਾਹੀਂ ਅਤਿ ਮਰਦਾਵੇਂ/ਦਬਦਬੇ ਵਾਲੇ/ਫ਼ੌਜੀ ਦਾਬੇ ਵਾਲੀ ਸਟੇਟ/ਰਿਆਸਤ ਦੀਆਂ ਸੱਭਿਆਚਾਰਕ ਨੀਹਾਂ ਮਜ਼ਬੂਤ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਇੰਝ ਜਾਪਦਾ ਹੈ ਕਿ ਉਦਾਰਵਾਦੀ/ਖੱਬੇਪੱਖੀ ਵਿਖਿਆਨ ਦਾ ਧਰਮ ਨਿਰਪੱਖਤਾ ਵਾਲਾ ਤਰਕ ਹਿੰਦੂਤਵ ਦੀ ਮਾਨਸਿਕ ਤੇ ਜਜ਼ਬਾਤੀ ਖਿੱਚ ਦਾ ਟਾਕਰਾ ਕਰਨ ਵਿਚ ਨਾਕਾਮ ਸਾਬਤ ਹੋਇਆ ਹੈ ਅਤੇ ਹਿੰਦੂਤਵ ਦੇ ਜ਼ੋਰਦਾਰ ਹਾਵ-ਭਾਵ, ਇਸ ਦੇ ਸ਼ਾਨਦਾਰ ਪੂਜਾ-ਪਾਠ ਤੇ ਕਰਮ-ਕਾਂਡ, ਇਸ ਦੇ ‘ਮਸੀਹਾ’ ਦਾ ਨਾਟਕੀ ਪ੍ਰਦਰਸ਼ਨ ਅਤੇ ਇਸ ਸਭ ਕਾਸੇ ਤੋਂ ਵੱਧ ਜਿਵੇਂ ਇਹ ਧਰਮ ਦੇ ਵਿਰੋਧੀਆਂ ਮੁਸਲਮਾਨ, ਨਾਸਤਿਕ, ਔਰਤ ਪੱਖੀ, ਗਾਂਧੀਵਾਦੀ ਅਤੇ ਮਾਰਕਸਵਾਦੀ ਨੂੰ ਘੜਨ ਅਤੇ ਪਛਾਨਣ ਲਈ ਸਾਜ਼ਿਸ਼ ਦੇ ਸਿਧਾਂਤ ਦੀ ਸਿਰਜਣਾ ਕਰਦਾ ਹੈ, ਉਸ ਦਾ ਕੋਈ ਜਵਾਬ ਨਹੀਂ ਹੈ।
ਇੰਨਾ ਹੀ ਨਹੀਂ, ਹਿੰਦੂਆਂ ਨੂੰ ਉਨ੍ਹਾਂ ਦੇ ਬਹੁਗਿਣਤੀ ਰੁਤਬੇ ਦੇ ਬਾਵਜੂਦ ਮਨੋਵਿਗਿਆਨਕ ਤੌਰ ’ਤੇ ਅਸੁਰੱਖਿਅਤ ਮਹਿਸੂਸ ਕਰਨ ਲਾ ਦਿੱਤਾ ਗਿਆ ਹੈ। ਹਿਜਾਬ ਪਹਿਨਣ ਵਾਲੀ ਕੋਈ ਮੁਸਲਮਾਨ ਕੁੜੀ, ਕਿਸੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਾਉਣ ਵਾਲੀ ਹਿੰਦੂ ਕੁੜੀ, ਸ਼ਹਿਰ ਦੇ ਵਿਚਕਾਰ ਹੋ ਰਿਹਾ ਕੋਈ ਇਸਲਾਮੀ ਸਮਾਗਮ ਜਾਂ ਇਥੋਂ ਤੱਕ ਕਿ ਤੁਹਾਨੂੰ ਜੇ ਕ੍ਰਿਕਟ ਦਾ ਕੌਮਾਂਤਰੀ ਮੈਚ ਦੇਖਦਿਆਂ ਕਿਸੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਦੀ ਖੇਡ ਪਸੰਦ ਆ ਜਾਂਦੀ ਹੈ ਤੇ ਇਸ ਸੂਰਤ ਵਿਚ ਉਸ ਦੀ ਸ਼ਲਾਘਾ ਵਿਚ ਤੁਹਾਡੇ ਵੱਲੋਂ ਲਿਖੀ ਕੋਈ ਟਿੱਪਣੀ, ਭਾਵ ਅਜਿਹਾ ਕੁਝ ਵੀ ਸਾਨੂੰ ਪ੍ਰੇਸ਼ਾਨ ਕਰ ਸਕਦਾ ਹੈ ਤੇ ਸਾਨੂੰ ਅਸੁਰੱਖਿਅਤ ਮਹਿਸੂਸ ਕਰਨ ਲਾ ਦਿੰਦਾ ਹੈ। ਜਦੋਂ ਅਸੀਂ ਖ਼ਤਰੇ ਵਿਚ ਹਾਂ ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਧਰਮ ਦੀ ਰਾਖੀ ਲਈ ਧਰਮ ਦੇ ਜੰਗਜੂ ਯੋਧਿਆਂ ਵਾਂਗ ਵਿਹਾਰ ਕਰੀਏ। ਦੂਜੇ ਲਫ਼ਜ਼ਾਂ ਵਿਚ ਅਸੀਂ ਆਪਣੇ ਮਨ ਅਤੇ ਚੌਗਿਰਦੇ ਨੂੰ ਨਾਜ਼ੀ ਦੌਰ ਵਾਲੀਆਂ ਖ਼ਾਸ ਬਸਤੀਆਂ ਬਣਾਉਣ ਵਾਲੀ ਪਹੁੰਚ ਵਿਚ ਜਕੜ ਲਿਆ ਹੈ।
ਕਹਿਣ ਦਾ ਇਹ ਵੀ ਮਤਲਬ ਨਹੀਂ ਕਿ ਇਸ ਤਰ੍ਹਾਂ ਦੀ ਤਾਨਾਸ਼ਾਹ ਸੋਚ ਮਹਿਜ਼ ਹਿੰਦੂਤਵ ਤੱਕ ਮਹਿਦੂਦ ਹੈ। ਇਸਲਾਮੀ ਬੁਨਿਆਦਪ੍ਰਸਤੀ ਨੂੰ ਕੌਣ ਨਜ਼ਰਅੰਦਾਜ਼ ਕਰ ਸਕਦਾ ਹੈ ਜਿਥੇ ਸੋਚ ਦਾ ਇਕ ਤਰ੍ਹਾਂ ਤਾਲਿਬਾਨੀਕਰਨ ਹੋ ਜਾਂਦਾ ਹੈ? ਫਿਰ, ਹਿੰਦੂ-ਮੁਸਲਮਾਨ ਰਿਸ਼ਤਿਆਂ ਦੇ ਗੁੰਝਲਦਾਰ ਅਤੇ ਪਰਤਦਾਰ ਇਤਿਹਾਸ ਦੀਆਂ ਖ਼ੂਬੀਆਂ ਵਾਲੇ ਸਾਡੇ ਵਰਗੇ ਬਰ-ਏ-ਸਗ਼ੀਰ ਵਿਚ, ਇਲਜ਼ਾਮਤਰਾਸ਼ੀਆਂ ਵਿਚ ਉਲਝ ਜਾਣਾ ਜਾਂ ਫਿਰ ਦੂਜੇ ਭਾਈਚਾਰੇ ਨੂੰ ਬਹੁਤ ਹੀ ਭਿਆਨਕ ਬਣਾ ਕੇ ਪੇਸ਼ ਕੀਤੇ ਜਾਣ ਦੇ ਹਮੇਸ਼ਾ ਹੀ ਆਸਾਰ ਰਹਿੰਦੇ ਹਨ ਪਰ ਜਿਵੇਂ ਸਾਨੂੰ ਇਤਿਹਾਸ ਨੇ ਦਿਖਾਇਆ ਹੈ, ਇਸ ਤਰ੍ਹਾਂ ਖ਼ਾਸ ਬਸਤੀਆਂ ਵਾਲੀ ਪਹੁੰਚ ਨੇ ਕਿਸੇ ਦਾ ਵੀ ਕੋਈ ਭਲਾ ਨਹੀਂ ਕੀਤਾ, ਇਸ ਦੇ ਉਲਟ ਇਸ ਨੇ ਸਾਡੇ ਅੰਦਰਲੀ ਇਨਸਾਨੀਅਤ ਨੂੰ ਮਾਰਿਆ ਹੈ ਅਤੇ ਨਾਲ ਹੀ ਇਸ ਨੇ ਸਾਡੀ ਦਰਦ ਤੇ ਜ਼ਖਮ ਦੀ ਸਾਂਝੀ ਯਾਦ ਨੂੰ ਨਵੀਂ ਸ਼ੁਰੂਆਤ ਵਿਚ ਬਦਲ ਦੇਣ ਅਤੇ ਜ਼ਖ਼ਮਾਂ ਨੂੰ ਸੰਵਾਦ, ਪਿਆਰ, ਸਮਝ ਅਤੇ ਸੁਲ੍ਹਾ-ਸਫ਼ਾਈ ਰਾਹੀਂ ਠੀਕ ਕਰ ਦੇਣ ਦੇ ਇਲਾਜ ਵਾਲੇ ਢੰਗ-ਤਰੀਕਿਆਂ ਨੂੰ ਬਿਲਕੁਲ ਨਾਮੁਮਕਿਨ ਬਣਾ ਦਿੱਤਾ ਹੈ।
ਖ਼ੈਰ, ਅਸੀਂ ਵੰਡ ਦੇ ਸਦਮੇ ਦੇ ਬਾਵਜੂਦ ਸਿਆਸੀ-ਸੱਭਿਆਚਾਰਕ ਖੁੱਲ੍ਹ ਦਾ ਸੁਪਨਾ ਦੇਖਿਆ ਸੀ ਜਿਥੇ ਆਪਣੇ ਅਕੀਦੇ, ਨਸਲ ਆਦਿ ਦੇ ਬਾਵਜੂਦ ਹਰ ਕੋਈ ਨਵਾਂ ਮੁਲਕ ਬਣਾਉਣ ਲਈ ਆਪਣਾ ਬਰਾਬਰ ਯੋਗਦਾਨ ਪਾਉਣ ਦੇ ਯੋਗ ਹੋ ਸਕੇ ਪਰ ਤ੍ਰਾਸਦੀ ਇਹ ਹੈ ਕਿ ਸਾਡੇ ਸਿਆਸੀ-ਸੱਭਿਆਚਾਰਕ ਇਤਿਹਾਸ ਦੇ ਇਸ ਮੌਕੇ ਉਤੇ ਅਸੀਂ ਇਸ ਖ਼ਾਹਿਸ਼ ਦੀ ਅਹਿਮੀਅਤ ਨੂੰ ਨਕਾਰ ਰਹੇ ਹਾਂ ਅਤੇ ਇਸ ਦੀ ਥਾਂ ਪਿਛਲ-ਮੋੜਾ ਕੱਟ ਰਹੇ ਹਾਂ। ਇਸ ਫਿ਼ਰਕੂ ਜਨੂਨ ਅਤੇ ਧਾਰਮਿਕ ਕੱਟੜਤਾ ਦਾ ਕਿਤੇ ਕੋਈ ਅੰਤ ਹੁੰਦਾ ਨਹੀਂ ਜਾਪਦਾ। ਨਵ-ਉਦਾਰਵਾਦ ਅਤੇ ਤਕਨੀਕੀ-ਸੰਸਾਰੀਕਰਨ ਦੀ ਚਮਕ-ਦਮਕ ਅਤੇ ‘ਸਬ ਕਾ ਸਾਥ ਸਬ ਕਾ ਵਿਕਾਸ’ ਦੇ ਨਾਅਰਿਆਂ ਦੀ ਬਿਆਨਬਾਜ਼ੀ ਦੇ ਬਾਵਜੂਦ ਔਸਤ ਚੇਤਨਾ ਜ਼ਹਿਰੀ ਬਣੀ ਹੋਈ ਹੈ ਜਾਂ ਇਹ ਜਾਤ ਤੇ ਧਰਮ ਦੀਆਂ ਸੀਮਤ ਪਛਾਣਾਂ ਤੱਕ ਹੀ ਮਹਿਦੂਦ ਹੈ। ਦਰਅਸਲ, ਤਲਖ਼ ਹਕੀਕਤ ਇਹੋ ਹੈ ਕਿ ਅਸੀਂ ਹਿੰਸਾ ਨੂੰ ਪਿਆਰ ਕਰਨ ਲੱਗ ਪਏ ਹਾਂ, ਉਹ ਵੀ ਧਰਮ ਦੇ ਨਾਂ ’ਤੇ ਹੋ ਰਹੀ ਹਿੰਸਾ ਨੂੰ।
ਕੀ ਕਦੇ ਪਿਆਰ ਦੀ ਧਾਰਮਿਕਤਾ ਨਾਲ ਇਸ ਤਰ੍ਹਾਂ ਦੀ ਹਿੰਸਾ ਦਾ ਟਾਕਰਾ ਕਰਨਾ ਮੁਮਕਿਨ ਹੋ ਸਕਦਾ ਹੈ? ਕਿਸੇ ਸੋਚ-ਵਿਚਾਰ ਤੋਂ ਸੱਖਣੇ ਧਾਰਮਿਕ ਆਗੂਆਂ ਅਤੇ ਜਥੇਬੰਦ ਧਰਮਾਂ ਦੇ ਰੂੜ੍ਹੀਵਾਦੀ ਫਰਮਾਨਾਂ ਤੋਂ ਪਰੇ ਪਿਆਰ ਦੀ ਧਾਰਮਿਕਤਾ ਦਾ ਸਬੰਧ ਧਰਮ ਨਿਰਪੱਖਤਾ ਤੇ ਪਵਿੱਤਰਤਾ, ਅਸਾਧਾਰਨਤਾ ਤੇ ਉੱਤਮਤਾ ਅਤੇ ਤਲਾਅ ਤੇ ਸਮੁੰਦਰ ਦੇ ਮੇਲ ਨਾਲ ਹੈ। ਇਹ ਜੁੜਾਓ ਦਾ ਲੈਅਬੱਧ ਸੰਗੀਤ ਹੈ, ਹਰ ਚੀਜ਼ ਵਿਚ ਬ੍ਰਹਮ ਦੀ ਮੌਜੂਦਗੀ ਦਾ ਅਹਿਸਾਸ, ਇਹ ਭਾਵੇਂ ਵਗਦੀ ਨਦੀ ਹੋਵੇ, ਕੋਈ ਛੋਟਾ ਜਿਹਾ ਨੀਲਾ ਫੁੱਲ ਹੋਵੇ, ਗੇਂਦ ਨਾਲ ਖੇਡਦੀ ਕੋਈ ਬੱਚੀ, ਆਪਣੇ ਬਿਮਾਰ ਪਿਤਾ ਦਾ ਖਿ਼ਆਲ ਰੱਖ ਰਹੀ ਕੋਈ ਧੀ, ਜਾਂ ਫਿਰ ਕੋਈ ਨੌਜਵਾਨ ਵਿਦਿਆਰਥੀ ਜਿਹੜਾ ਦੰਗਾ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ ਆਪਣਾ ਪੂਰਾ ਤਾਣ ਲਾ ਰਿਹਾ ਹੋਵੇ। ਪਿਆਰ, ਸੰਵਾਦ ਅਤੇ ਦਿਆਲਤਾ ਇਸ ਧਾਰਮਿਕਤਾ ਦੇ ਪ੍ਰਤੀਕ ਹਨ ਇਹੋ ਇਸ ਦੀ ਬਾਈਬਲ ਹੈ, ਕੁਰਾਨ ਹੈ ਤੇ ਇਹੋ ਉਪਨਿਸ਼ਦ ਹਨ।
ਰੂਮੀ ਇਸ ਦੁਨੀਆ ਤੋਂ ਜਾ ਚੁੱਕੇ ਹਨ, ਕਬੀਰ ਵੀ ਹੁਣ ਜਿ਼ੰਦਾ ਨਹੀਂ ਹਨ, ਗਾਂਧੀ ਵੀ ਮਰ ਚੁੱਕੇ ਹਨ ਪਰ ਮੈਨੂੰ ਅਤੇ ਤੁਹਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਨੂੰ ਇਕ ਵਾਰੀ ਮੁੜ ਜ਼ਿੰਦਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਕੀ ਇਸ ਕੂੜ ਪਸਾਰੇ ਦੇ ਦੌਰ ਵਿਚ ਇਹ ਸਾਡੀ ਸਾਂਝੀ ਅਰਦਾਸ/ਪ੍ਰਾਰਥਨਾ ਹੋ ਸਕਦੀ ਹੈ?
* ਲੇਖਕ ਸਮਾਜ ਸ਼ਾਸਤਰੀ ਹੈ।