ਪੰਜਾਬ ਨੂੰ ਪਾਣੀ ਦੇ ਸੰਕਟ ਵਿਚੋਂ ਕਿਵੇਂ ਕੱਢਿਆ ਜਾਵੇ - ਗੁਰਚਰਨ ਸਿੰਘ ਨੂਰਪੁਰ
ਅਸੀਂ ਪਾਣੀ ਦੀ ਪਹਿਲੀ ਸਭ ਤੋਂ ਬਹੁਮੁੱਲੀ ਉਪਰਲੀ ਤਹਿ ਖਤਮ ਕਰ ਦਿੱਤੀ। ਇਹ ਸਾਫ ਸੁਥਰਾ ਪਾਣੀ ਸੀ ਜੋ ਧਰਤੀ ਤੋਂ ਜ਼ੀਰ ਕੇ ਹੇਠਾਂ ਜਾਂਦਾ ਸੀ। ਇਸ ਤਹਿ ਦਾ ਸਿੱਧਾ ਸਬੰਧ ਮੌਨਸੂਨ ਅਤੇ ਮੀਂਹਾਂ ਵਾਲੇ ਮੌਸਮਾਂ ਨਾਲ ਜੁੜਿਆ ਹੋਇਆ ਸੀ। ਅਸੀਂ ਪਾਣੀ ਦੀ ਇਹ ਤਹਿ ਹੀ ਖਤਮ ਨਹੀਂ ਕੀਤੀ ਬਲਕਿ ਇਸ ਧਰਤੀ ’ਤੇ ਸਦੀਆਂ ਤੋਂ ਮੌਨਸੂਨੀ ਮੀਂਹਾਂ ਨਾਲ ਜੁੜੇ ਧਰਤੀ ਹੇਠਲੇ ਪਾਣੀ ਦਾ ਸਬੰਧ ਵੀ ਤੋੜ ਦਿੱਤਾ ਜਿਸ ਦੇ ਭਿਆਨਕ ਸਿੱਟੇ ਸਾਹਮਣੇ ਆ ਰਹੇ ਹਨ।
ਹੁਣ ਅਸੀਂ ਮੱਛੀ ਮੋਟਰਾਂ ਨਾਲ ਖਿੱਚਿਆ ਪਾਣੀ ਪੀ ਰਹੇ ਹਾਂ। ਪਾਈਪਾਂ ਦੇ ਟੋਟੇ ਪਾ ਕੇ ਮੋਟਰਾਂ ਹਰ ਸਾਲ ਹੋਰ ਨੀਵੀਆਂ ਕਰ ਰਹੇ ਹਾਂ। ਕੁਝ ਦਹਾਕੇ ਪਹਿਲਾਂ ਹਰ ਘਰ ਵਿਚ ਨਲਕਾ ਹੁੰਦਾ ਸੀ। ਕਦੇ ਸੋਚਿਆ ਸੀ, ਨਲਕੇ ਸੁੱਕ ਜਾਣਗੇ। ਨਲਕੇ ਸੁੱਕ ਗਏ, ਨਲਕਿਆਂ ਵਾਂਗ ਮੱਛੀ ਮੋਟਰਾਂ ਵੀ ਜਵਾਬ ਦੇ ਜਾਣਗੀਆਂ। ਇਹ ਭਰਮ ਹੀ ਹੈ ਕਿ ਮੱਛੀ ਮੋਟਰਾਂ ਦਾ ਪਾਣੀ ਸਦੀਵੀ ਹੈ।
ਅਸੀਂ ਪਾਣੀ ਦੀ ਮਹੱਤਤਾ ਨਹੀਂ ਸਮਝੀ। ਵੀਹ ਕੁ ਸਾਲ ਪਹਿਲਾਂ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਪੰਜਾਬ ਵਿਚ ਜ਼ਮੀਨਾਂ ਦੇ ਭਾਅ ਦੋ ਤੋਂ ਡੇਢ ਲੱਖ ਫ਼ੀ ਏਕੜ ਹੋ ਗਏ ਸਨ। ਕਾਰਨ ਸ਼ਾਇਦ ਹੋਰ ਵੀ ਹੋਣਗੇ ਪਰ ਸਭ ਤੋਂ ਵੱਡਾ ਕਾਰਨ ਜ਼ਮੀਨ ਦੀ ਪਹਿਲੀ ਤਹਿ ਤੋਂ ਪਾਣੀ ਦਾ ਖਤਮ ਹੋ ਜਾਣਾ ਸੀ। ਜ਼ਮੀਨਾਂ ਅਰਥਹੀਣ ਜਾਪਣ ਲੱਗੀਆਂ ਜਿਸ ਦੇ ਫਲਸਰੂਪ ਜ਼ਮੀਨਾਂ ਦੇ ਭਾਅ ਤੇਜ਼ੀ ਨਾਲ ਹੇਠਾਂ ਆ ਗਏ। ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਕਿਸੇ ਖਿੱਤੇ ਦੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ, ਕਾਰਾਂ, ਕੋਠੀਆਂ ਦਾ ਮੁੱਲ ਧਰਤੀ ਹੇਠਲੇ ਪਾਣੀ ਨਾਲ ਜੁੜਿਆ ਹੋਇਆ ਹੈ। ਜੇ ਧਰਤੀ ਹੇਠਾਂ ਪਾਣੀ ਨਹੀਂ ਤਾਂ ਸਭ ਕੁਝ ਮਿੱਟੀ ਹੋ ਸਕਦਾ ਹੈ। ਤੁਸੀਂ ਕਹੋਗੇ ਕਿ ਕਈ ਧਰਤੀਆਂ ਅਜਿਹੀਆਂ ਹਨ ਜਿੱਥੇ ਧਰਤੀ ਹੇਠਾਂ ਪਾਣੀ ਨਹੀਂ ਪਰ ਉੱਥੇ ਵੀ ਸ਼ਹਿਰ ਵੱਸੇ ਹੋਏ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਉਨ੍ਹਾਂ ਇਲਾਕਿਆਂ ਵਿਚ ਖਣਿਜ ਹਨ, ਕਿਤੇ ਤੇਲ ਨਿਕਲ ਰਿਹਾ ਹੈ, ਕਿਤੇ ਮਾਰਬਲ ਹੈ ਤੇ ਕਿਤੇ ਕੁਝ ਹੋਰ। ਸਾਡੀ ਜ਼ਮੀਨ ਚੰਗੀਆਂ ਫਸਲਾਂ ਪੈਦਾ ਕਰਨ ਦੇ ਸਮਰੱਥ ਹੈ। ਇਸ ਲਈ ਇਸ ਦੀ ਸਭ ਤੋਂ ਵੱਡੀ ਲੋੜ ਪਾਣੀ ਹੈ।
ਪਾਣੀ ਸਬੰਧੀ ਪੰਜਾਬ ਦੀ ਹਾਲਤ ਭਿਆਨਕ ਹੈ। ਸੂਬੇ ਦਾ ਵੱਡਾ ਹਿੱਸਾ ਮਾਰੂਥਲ ਬਣ ਹੀ ਨਹੀਂ ਰਿਹਾ ਬਲਕਿ ਬਣ ਗਿਆ ਹੈ ਅਤੇ ਇਸ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਪਿਛਲੀ ਜੁਲਾਈ ਦੀ ਖਬਰ ਸੀ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਹੂਆਣਾ ਦੇ 37 ਸਾਲਾ ਕਿਸਾਨ ਬਲਜੀਤ ਸਿੰਘ ਨੇ ਖੁਦਕੁਸ਼ੀ ਕਰ ਲਈ। ਕਾਰਨ ਇਹ ਸੀ ਕਿ ਔੜ ਲੱਗੀ ਹੋਈ ਸੀ। ਟਿਊਬਵੈੱਲ ਪਾਣੀ ਤੋਂ ਜਵਾਬ ਦੇ ਗਿਆ ਸੀ। ਝੋਨੇ ਦੇ ਖੇਤ ਵਿਚ ਪਾਣੀ ਸੁੱਕ ਗਿਆ ਸੀ। ਸੰਗਰੂਰ ਜਿ਼ਲ੍ਹੇ ਦੇ ਆਲੋਅਰਖ ਪਿੰਡ ਦੀ ਖਬਰ ਸੋਸ਼ਲ ਮੀਡੀਆ ’ਤੇ ਛਾਈ ਰਹੀ। ਉੱਥੇ ਇੱਕ ਬੋਰ ਵਿਚੋਂ ਕਾਲਾ ਪਾਣੀ ਨਿੱਕਲ ਰਿਹਾ ਹੈ, ਆਲੇ-ਦੁਆਲੇ ਦੇ ਲੋਕ ਭੈਭੀਤ ਸਨ। ਲੁਧਿਆਣੇ ਬੁੱਢਾ ਨਾਲਾ ਦੇਖਣ ਦਾ ਮੌਕਾ ਮਿਲਿਆ। ਲੁਧਿਆਣਾ ਸ਼ਹਿਰ ਦੀ ਜ਼ਮੀਨ ਹੇਠੋਂ ਸਾਫ ਪਾਣੀ ਬੋਰਾਂ ਰਾਹੀਂ ਨਿੱਕਲ ਕੇ ਫੈਕਟਰੀਆਂ ਵਿਚ ਪਲੀਤ ਹੁੰਦਾ ਹੈ। ਫਿਰ ਇਹ ਗੰਦਾ ਗਾੜ੍ਹਾ ਪਾਣੀ ਵੱਡੀ ਨਹਿਰ ਜਿਸ ’ਤੇ ਕੁਝ ਕਿਲੋਮੀਟਰ ਛੱਤ ਪਾਈ ਹੋਈ ਹੈ, ਰਾਹੀਂ ਸਤਲੁਜ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ। ਇਹ ਨਹਿਰ ਹਜ਼ਾਰਾਂ ਜੀਵਾਂ ਦੀ ਮੌਤ ਅਤੇ ਮਨੁੱਖਾਂ ਦੇ ਵੱਖ ਵੱਖ ਭਿਆਨਕ ਰੋਗਾਂ ਦਾ ਕਾਰਨ ਬਣ ਰਹੀ ਹੈ। ਜੇ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਪਾਣੀ ਦੀ ਹੋ ਰਹੀ ਅੰਨ੍ਹੀ ਵਰਤੋਂ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਝੋਨੇ ਲਈ ਵਰਤੇ ਜਾ ਰਹੇ ਪਾਣੀ ਕਿਤੇ ਵੱਧ ਹੈ।
ਬਠਿੰਡਾ ਅੰਮ੍ਰਿਤਸਰ ਹਾਈਵੇ ਤੋਂ ਫਿਰੋਜ਼ਪੁਰ ਜਿ਼ਲ੍ਹੇ ਦਾ ਛੋਟਾ ਇਤਿਹਾਸਕ ਕਸਬਾ ਹੈ ਮੁੱਦਕੀ। ਇਸ ਕਸਬੇ ਦੇ ਨੇੜੇ ਪੈਂਦੇ ਪਿੰਡ ਕਬਰਵੱਛਾ ਵਿਚ ਰਹਿੰਦੇ ਆਪਣੇ ਇੱਕ ਅਧਿਆਪਕ ਮਿੱਤਰ ਨੂੰ ਸਵੇਰੇ ਸਵੇਰੇ ਫੋਨ ਕੀਤਾ। ਫੋਨ ਉਸ ਦੀ ਪਤਨੀ ਨੇ ਉਠਾਇਆ ਤੇ ਉਸ ਕਿਹਾ ਕਿ ਉਹ ਪਾਣੀ ਲੈਣ ਗਏ ਹੋਏ ਹਨ। ਸ਼ਾਮ ਨੂੰ ਮਿੱਤਰ ਨਾਲ ਗੱਲ ਹੋਈ ਤਾਂ ਉਸ ਦੱਸਿਆ ਕਿ ਸਾਰਾ ਪਿੰਡ ਰਾਜਸਥਾਨ ਫੀਡਰ ਨਹਿਰ ਦੇ ਕਿਨਾਰੇ ’ਤੇ ਲੱਗੇ ਨਲਕਿਆਂ ਤੋਂ ਪਾਣੀ ਲੈ ਕੇ ਆਉਂਦਾ ਹੈ। ਦਸ ਬਾਰਾਂ ਸਾਲ ਪਹਿਲਾਂ ਇਸ ਪਿੰਡ ਦੇ ਲੋਕ ਪਿੰਡ ਦੀ ਜ਼ਮੀਨ ਹੇਠਲਾ ਪਾਣੀ ਪੀਂਦੇ ਵਰਤਦੇ ਸਨ ਪਰ ਹੁਣ ਇਹ ਇਕੱਲਾ ਅਜਿਹਾ ਪਿੰਡ ਨਹੀਂ। ਫਿਰੋਜ਼ਪੁਰ, ਫਰੀਦਕੋਟ ਅਤੇ ਮੁਕਤਸਰ ਸਾਹਿਬ ਦੇ ਅਨੇਕ ਪਿੰਡ ਹਨ ਜਿੱਥੇ ਲੋਕ ਹਰ ਰੋਜ਼ ਸਵੇਰੇ ਨਹਿਰਾਂ ਨੇੜਲੇ ਨਲਕਿਆਂ ਤੋਂ ਪਾਣੀ ਭਰ ਕੇ ਲਿਆਉਂਦੇ ਹਨ।
ਆਟਾ ਦਾਲ, ਘਿਉ ਖੰਡ ਅਤੇ ਸਸਤੀ ਬਿਜਲੀ ਦੇ ਨਾਂ ’ਤੇ ਵੋਟਾਂ ਲੈਣ ਵਾਲੀਆਂ ਸਿਆਸੀ ਧਿਰਾਂ ਵਿਚੋਂ ਕਿਸੇ ਇੱਕ ਨੂੰ ਵੀ ਇਸ ਬਾਰੇ ਫਿਕਰ ਹੈ? ਹੁਣ ਅਸੀਂ ਪਾਣੀ ਦੀ ਦੂਜੀ 200 ਤੋਂ 300 ਫੁੱਟ ਵਾਲੀ ਤਹਿ ਵਿਚੋਂ ਪਾਣੀ ਖਿੱਚ ਰਹੇ ਹਾਂ। ਸਾਡੀ ਕਮਾਈ ਦਾ ਵੱਡਾ ਹਿੱਸਾ ਕਿਤੋਂ ਦੂਰੋਂ ਲਿਆਂਦੇ ਪਾਣੀ ’ਤੇ ਖਰਚ ਹੋਣ ਲੱਗੇਗਾ। ਇਸ ਸਮੇਂ ਮੁਲਕ ਵਿਚ ਪਾਣੀ ਦੀ ਇੱਕ ਲਿਟਰ ਬੋਤਲ ਦਾ ਮੁੱਲ 20 ਤੋਂ 25 ਰੁਪਏ ਹੈ। ਕੁਝ ਪਹਾੜੀ ਸਥਾਨਾਂ, ਵੱਡੇ ਹੋਟਲਾਂ ਅਤੇ ਹੋਰ ਖਾਸ ਥਾਵਾਂ ’ਤੇ ਇਹ ਰੇਟ 30 ਤੋਂ 35 ਰੁਪਏ ਹੈ। ਇਸ ਸਮੇਂ ਕੌਮਾਂਤਰੀ ਮੰਡੀ ਵਿਚ ਕੱਚੇ ਤੇਲ ਦਾ ਮੁੱਲ 30 ਤੋਂ 32 ਰੁਪਏ ਲਿਟਰ ਹੈ। ਹੋ ਸਕਦਾ ਹੈ, ਕਿਸੇ ਦਿਨ ਤੇਲ ਨਾਲੋਂ ਪੀਣ ਵਾਲੇ ਪਾਣੀ ਦੀ ਕੀਮਤ ਵਧ ਜਾਵੇ। ਭਵਿੱਖ ਵਿਚ ਅਮੀਰੀ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਕਰੇਗੀ। ਕੁਝ ਕੰਪਨੀਆਂ ਨੇ ਡੀਜ਼ਲ ਪੈਟਰੋਲ ਤੋਂ ਬਗੈਰ, ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਬਾਜ਼ਾਰ ਵਿਚ ਉਤਾਰ ਦਿੱਤੀਆਂ ਹਨ। ਡਰਾਇਵਰ ਤੋਂ ਬਗੈਰ ਚੱਲਦੀਆਂ ਇਹ ਕਾਰਾਂ ਆਸਟਰੇਲੀਆ, ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਵਿਚ ਸੜਕਾਂ ’ਤੇ ਦੌੜਨ ਲੱਗੀਆਂ ਹਨ। ਬਹੁਤ ਜਲਦੀ ਪੈਟਰੋਲ ਅਤੇ ਡੀਜ਼ਲ ’ਤੇ ਨਿਰਭਰਤਾ ਘਟ ਰਹੀ ਹੈ।
ਜੇ ਅਸੀਂ ਸੁਹਿਰਦ ਹੋਈਏ ਤਾਂ ਪਾਣੀ ਦਾ ਧਰਤੀ ਹੇਠਲਾ ਪੱਧਰ ਸੁਧਾਰਿਆ ਜਾ ਸਕਦਾ ਹੈ। ਫੈਕਟਰੀਆਂ ਕਾਰਖਾਨਿਆਂ ਵਿਚ ਵਰਤੇ ਜਾਣ ਵਾਲਾ ਪਾਣੀ ਸੋਧ ਕੇ ਦੁਬਾਰਾ ਵਰਤਿਆ ਜਾਵੇ। ਸਰਕਾਰ ਝੋਨੇ ਦੀ ਫਸਲ ਦੀ ਥਾਂ ਹੋਰ ਫਸਲਾਂ ’ਤੇ ਐੱਮਐੱਸਪੀ ਦੇਵੇ। ਖੇਤੀ ਲਈ ਧਰਤੀ ਹੇਠਲੇ ਪਾਣੀ ਦੀ ਬਜਾਇ ਨਹਿਰੀ ਪਾਣੀ ਨੂੰ ਤਰਜੀਹ ਦਿੱਤੀ ਜਾਵੇ। ਦਰਿਆਵਾਂ ਵਿਚ ਲਗਾਤਾਰ ਸੁੱਟਿਆ ਜਾ ਰਿਹਾ ਜ਼ਹਿਰੀਲਾ ਮਾਦਾ ਤੁਰੰਤ ਰੋਕਿਆ ਜਾਵੇ। ਹਰ ਪਿੰਡ ਵਿਚ ਮੀਂਹ ਦਾ ਪਾਣੀ ਸੰਭਾਲਣ ਲਈ ਰੇਤ ਦੇ ਫਿਲਟਰ ਬਣਾ ਕੇ ਇਸ ਪਾਣੀ ਨਾਲ ਰੀਚਾਰਜ ਕਰਨ ਦੇ ਪ੍ਰਬੰਧ ਕੀਤੇ ਜਾਣ। ਮੀਂਹਾਂ ਦੌਰਾਨ ਵਹਿਣ ਵਾਲੀਆਂ ਛੋਟੀਆਂ ਛੋਟੀਆਂ ਨਦੀਆਂ ਨੈਆਂ ਸੁਰਜੀਤ ਕੀਤੀਆਂ ਜਾਣ। ਰੁੱਖ ਲਗਾਉਣ ਦੇ ਨਾਲ ਨਾਲ ਇਨ੍ਹਾਂ ਨੂੰ ਪਾਲਣ ਲਈ ਵਿਸ਼ੇਸ਼ ਪ੍ਰੋਗਰਾਮ ਬਣਾਏ ਜਾਣ। ਬਹੁਤ ਸਾਰੀਆਂ ਅਜਿਹੀਆਂ ਉਦਾਹਰਣਾਂ ਹਨ ਜਿੱਥੇ ਧਰਤੀ ਹੇਠਲਾ ਪਾਣੀ ਸੁੱਕ ਗਿਆ ਅਤੇ ਸੂਝਵਾਨ ਲੋਕਾਂ ਨੇ ਇਕੱਠੇ ਹੋ ਕੇ ਇਸ ਨੂੰ ਦੁਬਾਰਾ ਹਾਸਿਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅਜਿਹੀਆਂ ਕੁਝ ਤਰਜੀਹਾਂ ’ਤੇ ਕੰਮ ਕਰਕੇ ਵਾਤਾਵਰਨ ਮਾਹਿਰਾਂ ਦੀ ਯੋਗ ਅਗਵਾਈ ਨਾਲ ਰੁੱਸ ਗਏ ਪਾਣੀਆਂ ਨੂੰ ਮੁੜ ਮੋੜਿਆ ਜਾ ਸਕਦਾ ਹੈ।
ਸੰਪਰਕ : 98550-51099