ਗੁਰਦਾ ਦਾਨ - ਰਵਿੰਦਰ ਸਿੰਘ ਕੁੰਦਰਾ
ਦਾਨ ਤੇਰਾ ਵਰਦਾਨ, ਕਿਸੇ ਲਈ ਹੋ ਸਕਦਾ ਹੈ,
ਉਮਰ ਭਰ ਦਾ ਅਹਿਸਾਨ, ਕਿਸੇ ਲਈ ਹੋ ਸਕਦਾ ਹੈ।
ਪੂਰੇ ਇੱਥੇ ਨਹੀਂ ਕੋਈ, ਸਭ ਹਾਂ ਅਸੀਂ ਅਧੂਰੇ,
ਏਸੇ ਲਈ ਹਾਂ ਅੱਡਦੇ, ਹੱਥ ਇੱਕ ਦੂਜੇ ਦੇ ਮੂਹਰੇ।
ਸਾਂਝ ਬੜੀ ਹੈ ਪਿਆਰੀ, ਮਨੁੱਖੀ ਫ਼ਿਤਰਤ ਵਾਲੀ,
ਦਾਤੇ ਵੀ ਹਾਂ ਖ਼ੂਬ, ਕਦੀ ਬਣਦੇ ਹਾਂ ਸਵਾਲੀ।
ਇੱਕ ਪਹੀਏ 'ਤੇ ਕਦੀ, ਨਾ ਚੱਲਦੀ ਜੀਵਨ ਗੱਡੀ,
ਸਾਰੀ ਉਮਰ ਇਕੱਲਿਆਂ, ਕਦੀ ਨਹੀਂ ਕਿਸੇ ਨੇ ਕੱਢੀ।
ਸਭ ਦਾਨਾਂ ਤੋਂ ਦਾਨ, ਬੜਾ ਹੈ ਸਰੀਰ ਕਟਾਉਣਾ,
ਆਪਣਾ ਅੰਗ ਕਟਾ ਕੇ, ਕਿਸੇ ਦੀ ਝੋਲੀ ਪਾਉਣਾ।
ਫੈਸਲੇ ਐਸੇ ਕਰਨਾ, ਕੰਮ ਹੈ ਦਿਲ ਗੁਰਦੇ ਦਾ,
ਬਹਾਦਰੀ ਵਾਲਾ ਜਜ਼ਬਾ, ਨਹੀਂ ਹਰ ਇੱਕ ਨੂੰ ਫ਼ੁਰਦਾ।
ਪਰ ਜੋ ਕਰ ਸਕਦਾ ਹੋਵੇ, ਮਹਾਨ ਹੈ ਉਸਦਾ ਕਾਰਾ,
ਸੋਹਲੇ ਗਾਉਂਦਾ ਉਸਦੇ, ਦਿਲੋਂ ਜਹਾਨ ਹੈ ਸਾਰਾ।
ਆ ਅਸੀਂ ਵੀ ਬਹਿ ਕੇ, ਸੰਜੀਦੇ ਫ਼ੈਸਲੇ ਕਰੀਏ,
ਗੁਰਦੇ ਕਰਕੇ ਦਾਨ, ਕਿਸੇ ਦੇ ਦਰਦ ਨੂੰ ਹਰੀਏ।
ਦਰਦਮੰਦ ਬਣਕੇ ਅੱਜ, ਕਿਸੇ ਦਾ ਦਰਦ ਵੰਡਾਈਏ,
ਚੰਗੀ ਸੋਭਾ ਖੱਟ ਕੇ, ਆਪਣਾ ਫ਼ਰਜ਼ ਨਿਭਾਈਏ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ