ਕਿਤਾਬ ਸਮੀਖਿਆ / ਪਹਿਲਾ ਪਾਣੀ ਜੀਉ ਹੈ - ਸਮੀਖਿਆਕਾਰ - ਗੁਰਮੀਤ ਸਿੰਘ ਪਲਾਹੀ
ਲੇਖਕ :- ਡਾ: ਬਰਜਿੰਦਰ ਸਿੰਘ ਹਮਦਰਦ
ਪ੍ਰਕਾਸ਼ਕ :- ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ
ਕੀਮਤ :- 350 ਰੁਪਏ
ਡਾ: ਬਰਜਿੰਦਰ ਸਿੰਘ ਨੇ 'ਪਹਿਲਾ ਪਾਣੀ ਜੀਉ ਹੈ' ਕਿਤਾਬ ਵਿੱਚ ਪਾਣੀ ਬਾਰੇ ਖ਼ਾਸ ਤੌਰ 'ਤੇ ਪੰਜਾਬੀ ਦੇ ਪਾਣੀਆਂ ਬਾਰੇ 24-04-1986 ਤੋਂ 8.07.2021 ਦੌਰਾਨ ਲਿਖੇ 74 ਲੇਖ ਸ਼ਾਮਲ ਕੀਤੇ ਹਨ।
ਪੰਜਾਬ 'ਚ ਹੀ ਨਹੀਂ ਸਗੋਂ ਸਮੁੱਚੀ ਦੁਨੀਆ 'ਚ ਪਾਣੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਚਿੰਤਾਵਾਨ ਲੋਕ ਇਸ ਪ੍ਰਤੀ ਅਤਿ ਚਿੰਤਤ ਹਨ। ਅਮਰੀਕੀ ਰਾਕਟ ਵਿਗਿਆਨੀ ਈਲੋਨ ਮਸਲ ਦਾ ਕਹਿਣਾ ਹੈ ਕਿ ਭਵਿੱਖ 'ਚ ਉਹ ਲੋਕ ਅਮੀਰ ਨਹੀਂ ਹੋਣਗੇ ਜਿਹਨਾ ਕੋਲ ਤੇਲ ਹੋਏਗਾ, ਸਗੋਂ ਉਹ ਲੋਕ ਅਮੀਰ ਹੋਣਗੇ ਜਿਹਨਾ ਕੋਲ ਪਾਣੀ ਹੋਏਗਾ ਜਾਂ ਜਿਹਨਾ ਦੀ ਧਰਤੀ ਹੇਠ ਪਾਣੀ ਹੋਏਗਾ। ਕਿਸੇ ਹੋਰ ਚਿੰਤਕ ਦਾ ਕਹਿਣਾ ਹੈ ਕਿ ਵਿਸ਼ਵ ਵਿੱਚ ਅਗਲੇ ਯੁੱਧ ਦਾ ਕਾਰਨ ਪਾਣੀ ਹੋਏਗਾ।
ਹੱਥਲੀ ਕਿਤਾਬ ਵਿੱਚ 1986 ਤੋਂ ਪੈਦਾ ਹੋਏ ਸੂਬਿਆਂ 'ਚ ਪਾਣੀਆਂ ਦੀ ਵੰਡ ਅਤੇ "ਲਿੰਕ ਨਹਿਰ ਦੇ ਮਸਲੇ' ਤੋਂ ਲੈਕੇ ਪੰਜਾਬ ਨਾਲ ਕੇਂਦਰ ਵਲੋਂ ਕੀਤੀ ਗਈ ਕਾਣੀ ਵੰਡ ਦਾ ਜ਼ਿਕਰ ਤਾਂ ਡਾ: ਬਰਜਿੰਦਰ ਸਿੰਘ ਹਮਦਰਦ ਨੇ ਕੀਤਾ ਹੀ ਹੈ, ਪੰਜਾਬ 'ਚ ਹੋ ਰਹੀ ਪਾਣੀ ਦੀ ਅਤਿਅੰਤ ਵਰਤੋਂ, ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ, ਦਰਿਆਈ ਪਾਣੀਆਂ ਪ੍ਰਤੀ ਕੇਂਦਰ ਵਲੋਂ ਰਿਪੇਰੀਅਨ ਕਾਨੂੰਨ ਦੀ ਅਣਦੇਖੀ, ਸਿਆਸਤਦਾਨਾਂ ਵਲੋਂ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਈਮਾਨਦਾਰੀ ਨਾਲ ਹੱਲ ਨਾ ਕਰਨਾ ਆਦਿ ਵਿਸ਼ਿਆਂ ਨੂੰ ਗੰਭੀਰਤਾ ਨਾਲ ਛੋਹਿਆ ਹੈ।
ਡਾ: ਬਰਜਿੰਦਰ ਸਿੰਘ ਸੁਝਾਉਂਦੇ ਹਨ ਕਿ ਜੇਕਰ ਪੰਜਾਬ ਨੂੰ ਦਰਿਆਈ ਪਾਣੀਆਂ ਦਾ ਪੂਰਾ ਹਿੱਸਾ ਮਿਲੇ, ਖੇਤੀ ਖੇਤਰ 'ਚ ਇਸਦੀ ਦੁਰਵਰਤੋਂ ਨਾ ਹੋਵੇ, ਪੰਜਾਬ ਦੇ ਜਲ ਸਰੋਤਾਂ ਨੂੰ ਬਚਾਉਣ ਲਈ ਯੋਗ ਪ੍ਰਬੰਧ ਹੋਣ, ਪੰਜਾਬ ਦੇ ਲੋਕ ਘਰਾਂ ਵਿੱਚ ਵਰਤੋਂ ਵੇਲੇ ਵੀ ਪਾਣੀ ਦੀ ਅਹਿਮੀਅਤ ਸਮਝਣ ਤਾਂ ਪੰਜਾਬ ਮੁੜ ਖੁਸ਼ਹਾਲ ਹੋ ਸਕੇਗਾ, ਇਸ ਦੇ ਚਿਹਰੇ 'ਤੇ ਮੁੜ ਖੇੜਾ ਆ ਸਕੇਗਾ ਕਿਉਂਕਿ ਪਾਣੀਆਂ ਦੀ ਘਾਟ ਨੇ ਪੰਜਾਬ ਨੂੰ ਮਾਰੂਥਲ ਦੇ ਕੰਢੇ ਪਹੁੰਚਾ ਦਿੱਤਾ ਹੈ।"ਪੰਜਾਬ ਵਿੱਚ ਪਾਣੀ ਦੀਆਂ ਦੋ ਸਮੱਸਿਆਵਾਂ ਹਨ। ਇੱਕ ਤਾਂ ਬਹੁਤ ਸਾਰੇ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਲਗਤਾਰ ਥੱਲੇ ਡਿੱਗਦਾ ਜਾ ਰਿਹਾ ਹੈ। ਦੂਜੀ ਸਮੱਸਿਆ ਸੇਮ ਦੀ ਹੈ ਜੋ ਮੁੱਖ ਰੂਪ ਵਿੱਚ ਮਾਲਵੇ ਦੇ ਇਲਾਕੇ ਵਿੱਚ ਹੈ।"
176 ਸਫ਼ਿਆਂ ਦੀ ਕਿਤਾਬ "ਪਹਿਲਾ ਪਾਣੀ ਜੀਉ ਹੈ" ਵਿੱਚ ਪੰਜਾਬ ਦੇ ਪਾਣੀ ਦੇ ਸੰਕਟ ਨਾਲ-ਨਾਲ ਪਲੀਤ ਹੋ ਰਹੇ ਪਾਣੀ ਅਤੇ ਵਾਤਾਵਰਨ ਸਬੰਧੀ ਵੀ ਲੋਕਾਂ ਨੂੰ ਚਿਤਾਰਿਆ ਹੈ ਅਤੇ ਸੁਚੇਤ ਕੀਤਾ ਹੈ। "ਬਿਨ੍ਹਾਂ ਸ਼ੱਕ ਜੇਕਰ ਪਾਣੀ ਦੀ ਸੰਭਾਲ ਪ੍ਰਤੀ ਅੰਦੋਲਨ ਚਲਾਕੇ ਲੋਕਾਂ ਨੂੰ ਪੂਰੀ ਤਰ੍ਹਾਂ ਸੁਚੇਤ ਨਾ ਕੀਤਾ ਗਿਆ ਤਾਂ ਹੋਣ ਵਾਲੇ ਇਸ ਵੱਡੇ ਨੁਕਸਾਨ ਲਈ ਅਸੀਂ ਸਾਰੇ ਭਾਗੀ ਹੋਵਾਂਗੇ"।
ਡਾ: ਹਮਦਰਦ ਦੀਆਂ ਪਾਣੀ ਸਬੰਧੀ ਲਿਖੀਆਂ ਗਈਆਂ ਲਗਾਤਾਰ ਲੇਖਣੀਆਂ ਲੋਕਾਂ ਨੂੰ ਸਮੇਂ-ਸਮੇਂ ਇਹ ਅਹਿਸਾਸ ਕਰਵਾਉਂਦੀਆਂ ਰਹੀਆਂ ਹੋਣਗੀਆਂ ਕਿ 'ਜਲ ਨਹੀਂ ਤਾਂ ਜਹਾਨ ਨਹੀਂ', 'ਜਲ ਹੀ ਜੀਵਨ ਹੈ', 'ਨਾ ਮਿਲੇਗੀ ਹਵਾ ਨਾ ਮਿਲੇਗਾ ਪਾਣੀ', 'ਨਹੀ ਤਾਂ ਬਹੁਤ ਦੇਰ ਹੋ ਜਾਵੇਗੀ', ਪਰ ਪੰਜਾਬ ਵਿੱਚ ਖੇਤੀ ਝੋਨੇ ਅਤੇ ਕਣਕ ਦੀ ਖੇਤੀ ਕਾਰਨ ਹਾਲਤ ਹੀ ਇਹੋ ਜਿਹੇ ਕਰ ਦਿੱਤੇ ਗਏ ਹਨ ਕਿ ਪੰਜਾਬ ਦੇ ਕਿਸਾਨ ਇਸ ਚੱਕਰ ਵਿੱਚੋਂ ਬਾਹਰ ਨਿਕਲ ਹੀ ਨਹੀਂ ਸਕੇ। ਫਸਲਾਂ ਦੀ ਵਿੰਭਨਤਾ,ਪਾਣੀ ਦੀ ਘੱਟ ਵਰਤੋਂ ਵਾਲਾ ਫਾਰਮੂਲਾ ਵੀ ਉਹਨਾ ਨੂੰ ਰਾਸ ਨਹੀਂ ਆਉਂਦਾ। ਸਿੱਟੇ ਵਜੋਂ ਪਾਣੀ ਦਾ ਸੰਕਟ ਵਧ ਰਿਹਾ ਹੈ। ਦਰਿਆਈ ਪਾਣੀਆਂ ਦੇ ਵਿਵਾਦ ਬਾਰੇ, ਪਾਣੀਆਂ ਤੇ ਰਾਜਨੀਤੀ ਬਾਰੇ ਤਾਂ ਡਾ: ਬਰਜਿੰਦਰ ਸਿੰਘ ਹੁਰਾਂ ਸਪਸ਼ਟ ਵਿਚਾਰ ਆਪਣੇ ਲੇਖਾਂ ‘ਚ ਸਮੇਂ-ਸਮੇਂ ਪੇਸ਼ ਕੀਤੇ ਹੀ ਹਨ, ਪਰ ਨਾਲ ਦੀ ਨਾਲ ਸਿੰਧ ਜਲ ਸਮਝੋਤੇ ਅਤੇ ਭਾਰਤ-ਪਾਕਿ ਜਲ-ਵਿਵਾਦ ਸਬੰਧੀ ਪਾਕਿਸਤਾਨ ਦੀਆਂ ਚਾਲਾਂ ਤੋਂ ਵੀ ਲੇਖਕ ਨੇ ਭਾਰਤ ਸਰਕਾਰ ਨੂੰ ਸੁਚੇਤ ਕੀਤਾ ਹੈ।
ਡਾ: ਬਰਜਿੰਦਰ ਸਿੰਘ ਹੰਢਿਆ ਵਰਤਿਆ ਵਾਰਤਾਕਾਰ ਹੈ। ਨਿੱਤ ਅਜੀਤ ਅਖ਼ਬਾਰ ਦੀ ਸੰਪਾਦਕੀ ਲਿਖਕੇ ਅਤੇ ਗੂੜ੍ਹੇ ਵਿਚਾਰ ਪੇਸ਼ ਕਰਨ ਕਾਰਨ ਆਪਦਾ ਨਾਂਅ ਪੰਜਾਬੀ ਦੇ ਪ੍ਰਸਿੱਧ ਵਾਰਤਕ ਲਿਖਣ ਵਾਲਿਆਂ ਦੀ ਪਹਿਲੀ ਕਤਾਰ ਵਿੱਚ ਹੈ। ਪੰਜਾਬ ਹਿਤੈਸ਼ੀ ਪੱਤਰਕਾਰਤਾ ਕਰਨ ਵਾਲਾ ਡਾ: ਬਰਜਿੰਦਰ ਸਿੰਘ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਹੈ। ਉਸਦੀ ਇਹ ਕਿਤਾਬ ਪਾਠਕਾਂ ਅਤੇ ਖ਼ਾਸ ਕਰ ਖੋਜ਼ੀ ਵਿਦਿਆਰਥੀਆਂ ਲਈ ਉਹਨਾ ਨੂੰ ਅੱਗੋਂ ਖੋਜ਼ ਦੇ ਕੰਮ ਆਉਣ ਵਾਲੀ ਪੁਸਤਕ ਹੈ, ਕਿਉਂਕਿ ਪੰਜਾਬ ਦੇ ਪਾਣੀਆਂ ਸਬੰਧ ਗੰਭੀਰ ਤੱਥ, ਸਮੇਂ ਸਮੇਂ ਦਰਿਆਈ ਪਾਣੀਆਂ ਦੀ ਵੰਡ 'ਚ ਸਿਆਸੀ ਚਾਲਾਂ ਅਤੇ ਬੇਈਮਾਨੀਆਂ ਅਤੇ ਪੰਜਾਬ ਨਾਲ ਕੀਤੀਆਂ ਬੇਇਨਸਾਫੀਆਂ ਦਾ ਹਾਲ ਵੀ ਇਸ 'ਚ ਦਰਜ਼ ਹੈ।
ਡਾ: ਬਰਜਿੰਦਰ ਸਿੰਘ ਦੇ ਇਹ ਲੇਖ ਸਿਰਫ਼ ਅਖ਼ਬਾਰੀ ਲੇਖਾਂ ਦੀ ਤਰ੍ਹਾਂ ਨਹੀਂ ਹਨ, ਸਗੋਂ ਖੋਜ਼ ਭਰਪੂਰ ਹਨ ਅਤੇ ਸੰਵਾਦ ਰਚਾਉਂਦੇ ਹਨ। ਵਾਤਾਵਰਨ ਦੀ ਸੰਭਾਲ, ਪਾਣੀਆਂ ਦਾ ਮਸਲਾ, ਪਾਣੀਆਂ ਦੀ ਖ਼ਜ਼ੂਲ ਖ਼ਰਚੀ, ਪਾਣੀਆਂ ਦੀ ਘਾਟ ਕਾਰਨ ਵਿਗੜ ਰਹੀ ਅਰਥ ਵਿਵਸਥਾ ਦੀ ਬਾਤ ਪਾਉਂਦੇ ਹਨ। ਉਹਨਾ ਦੀ ਪੁਸਤਕ "ਪਹਿਲਾ ਪਾਣੀ ਜੀਉ ਹੈ", ਨੂੰ ਪੰਜਾਬੀ ਵਾਰਤਕ ਵਿਹੜੇ 'ਚ ਜੀਅ ਆਇਆਂ। ਉਹਨਾ ਦੇ ਇਹਨਾ ਲੇਖਾਂ ਨੇ ਪ੍ਰਸਿੱਧ ਅਮਰੀਕੀ ਆਦਿਵਾਸੀ ਕਵੀ "ਕਰੀ" ਦੀਆਂ ਇਹਨਾ ਸਤਰਾਂ ਦੇ ਸੱਚ ਨੂੰ ਬਿਆਨਿਆਂ ਹੈ:-
"ਜਦੋਂ ਇਸ ਧਰਤੀ ਦਾ ਆਖ਼ਰੀ ਰੁੱਖ ਵੱਢਿਆ ਗਿਆ,
ਜਦੋਂ ਆਖ਼ਰੀ ਦਰਿਆ ਦਾ ਪਾਣੀ ਜ਼ਹਿਰ ਹੋ ਗਿਆ,
ਜਦੋਂ ਆਖ਼ਰੀ ਮੱਛੀ ਫੜੀ ਗਈ ਤਾਂ
ਉਦੋਂ ਸਾਨੂੰ ਸਮਝ ਆਏਗਾ ਕਿ ਪੈਸਿਆਂ ਨੂੰ ਖਾਧਾ ਨਹੀਂ ਜਾ ਸਕਦਾ।"
- ਗੁਰਮੀਤ ਸਿੰਘ ਪਲਾਹੀ
ਸੰਪਰਕ : 9815802070