ਸੁਣਾਇਆ ਜਾ ਰਿਹਾ ਵਿਕਾਸ ਦਿੱਸਦਾ ਨਹੀਂ - ਸ਼ਾਮ ਸਿੰਘ ਅੰਗ-ਸੰਗ
ਦੇਸ਼ ਦੇ ਸਿਆਸਤਦਾਨ ਅਤੇ ਹੁਕਮਰਾਨ ਉੱਚੀ ਸੁਰ ਵਿੱਚ ਨਿੱਤ ਦਿਨ ਮੁਲਕ ਵਿਚਲੇ ਹਾਲਾਤ ਬਾਰੇ ਬੋਲਦਿਆਂ ਵਿਕਾਸ ਦੀ ਚਰਚਾ ਕਰਦੇ ਹਨ, ਪਰ ਉਹ ਧਰਤੀ 'ਤੇ ਕਿਧਰੇ ਦਿੱਸਦਾ ਨਹੀਂ। ਦਿੱਸੇ ਤਾਂ ਜੇ ਹੋਇਆ ਹੋਵੇ, ਪਰ ਹਰ ਪੰਜ ਸਾਲ ਬਾਅਦ ਵੋਟਾਂ ਹਾਸਲ ਕਰਨ ਲਈ ਹਰ ਸਿਆਸੀ ਪਾਰਟੀ ਦੇ ਬੁਲਾਰੇ ਆਪੋ-ਆਪਣੀਆਂ ਪ੍ਰਾਪਤੀਆਂ ਦੇ ਵੇਰਵੇ ਵੀ ਪੇਸ਼ ਕਰਦੇ ਹਨ ਅਤੇ ਲੁਭਾਉਣੇ ਵਾਅਦੇ ਵੀ ਕਰਦੇ ਹਨ, ਤਾਂ ਕਿ ਲੋਕਾਂ ਨੂੰ ਆਪੋ-ਆਪਣੇ ਵੱਲ ਖਿੱਚਿਆ ਜਾ ਸਕੇ।
ਸੜਕਾਂ, ਨਹਿਰਾਂ, ਪੁਲ, ਬੱਸ ਅੱਡੇ, ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਬੁਨਿਆਦੀ ਸਹੂਲਤਾਂ ਹਨ, ਜਿਨ੍ਹਾਂ ਦੀ ਉਸਾਰੀ ਸਰਕਾਰ ਦਾ ਕੰਮ ਹੈ, ਪਰ ਕੇਵਲ ਇਸ ਨੂੰ ਹੀ ਵਿਕਾਸ ਮੰਨ ਲੈਣਾ ਸਹੀ ਨਹੀਂ। ਇਹ ਵਿਕਾਸ ઠਦਾ ਹਿੱਸਾ ਤਾਂ ਹਨ, ਪਰ ਇਸ ਨਾਲ ਵਿਕਾਸ ਮੁਕੰਮਲ ਨਹੀਂ ਹੋ ਜਾਂਦਾ। ਜਿਹੜੇ ਇਸ ਕੁਝ ਨੂੰ ਹੀ ਵਿਕਾਸ ਸਮਝ ਕੇ ਇਸ ਦਾ ਢੰਡੋਰਾ ਪਿੱਟਦੇ ਹਨ, ਉਹ ਸਮੇਂ ਨਾਲ ਵੀ ਇਨਸਾਫ਼ ਨਹੀਂ ਕਰਦੇ ਅਤੇ ਜਨਤਾ ਨਾਲ ਵੀ ਨਹੀਂ।
ਗਲੀਆਂ-ਨਾਲੀਆਂ ਅਤੇ ਫਿਰਨੀਆਂ ਦੀ ਹਾਲਤ ਸੁਧਾਰ ਕੇ ਫੁੰਕਾਰੇ ਮਾਰਨੇ ਅਕਲਮੰਦੀ ਨਹੀਂ। ਜੇ ਸਰਕਾਰ ਨੇ ਅਜਿਹੇ ਕੰਮ ਹੀ ਨਹੀਂ ਕਰਵਾਉਣੇ ਤਾਂ ਹੋਰ ਸਰਕਾਰ ਕੀ ਕਰੇਗੀ? ਇਹ ਤਾਂ ਆਮ ਜਿਹੇ ਕੰਮ ਹਨ, ਜਿਨ੍ਹਾਂ ਤੋਂ ਸਿਆਸੀ ਲਾਹਾ ਨਹੀਂ ਲਿਆ ਜਾਣਾ ਚਾਹੀਦਾ। ਸੀਵਰੇਜ ਵਿਛਾਉਣਾ, ਬਿਜਲੀ ਦੇਣਾ ਅਤੇ ਹੋਰ ਬੁਨਿਆਦੀ ਸਹੂਲਤਾਂ ਘਰ-ਘਰ ਪੁਚਾਉਣਾ ਸਰਕਾਰ ਦਾ ਕੰਮ ਹੈ, ਜਿਸ ਦਾ ਅਹਿਸਾਨ ਨਹੀਂ ਜਤਾਉਣਾ ਚਾਹੀਦਾ।ઠ
ਸਕੂਲਾਂ, ਕਾਲਜਾਂ, ਮਹਾਂਵਿਦਿਆਲਿਆਂ ਦੀ ਹਾਲਤ ਠੀਕ ਨਾ ਹੋਵੇ ਤਾਂ ਵਿਦਿਆਰਥੀਆਂ ਨੂੰ ਜਾਣਕਾਰੀ ਅਤੇ ਗਿਆਨ ਹਾਸਲ ਨਹੀਂ ਹੋ ਸਕਦੇ। ਇਨ੍ਹਾਂ ਤੋਂ ਬਿਨਾਂ ਡਿਗਰੀਆਂ ਅਤੇ ਡਿਪਲੋਮੇ ਚੁੱਕੀ ਫਿਰਨੇ ਕਿਸੇ ਕੰਮ ਨਹੀਂ। ਪੜ੍ਹਾਈ ਦੇ ਖ਼ਰਚੇ ਵੱਧ ਹੋ ਜਾਣ, ਤਾਂ ਵੀ ਵਿਦਿਆਲੇ ਹਰ ਇੱਕ ਦੀ ਪਹੁੰਚ ਵਿੱਚ ਨਹੀਂ ਰਹਿੰਦੇ। ਜਿਹੜੇ ਮਾਪੇ ਫੇਰ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ, ਉਨ੍ਹਾਂ ਦੇ ਕੀਤੇ ਸਰਫ਼ੇ ਦੀ ਵੀ ਕਦਰ ਨਹੀਂ ਹੁੰਦੀ।
ਦੇਸ ਦੀ ਗੱਲ ਪਾਸੇ ਰੱਖਦਿਆਂ ਇਕੱਲੇ ਪੰਜਾਬ ਵਿੱਚ ਹੀ ਬੇਰੁਜ਼ਗਾਰ ਨੌਜਵਾਨਾਂ ਦੀ ਫ਼ੌਜ ਲੱਖਾਂ ਦੀ ਗਿਣਤੀ ਵਿੱਚ ਹੈ, ਜਿਹੜੇ ਬੇਆਸ ਵੀ ਹਨ ਅਤੇ ਨਿਰਾਸ਼ ਵੀ। ਘਰ-ਘਰ ਨੌਕਰੀ ਦੇਣ ਦੇ ਕੀਤੇ ਵਾਅਦਿਆਂ ਮਗਰੋਂ ਵੀ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈਂਦਾ, ਜਿਸ ਕਾਰਨ ਉਹ ਕਈ ਤਰ੍ਹਾਂ ਦੀਆਂ ਬੁਰਾਈਆਂ ਵਿੱਚ ਗਲਤਾਨ ਹੋ ਜਾਂਦੇ ਹਨ, ਜਿਨ੍ਹਾਂ ਦੇ ਦਾਇਰੇ ਤੋਂ ਨਸ਼ੇ ਵੀ ਬਾਹਰ ਨਹੀਂ।
ਹਸਪਤਾਲ ਜ਼ਿੰਦਗੀ ਨੂੰ ਅਰੋਗ ਕਰਨ ਵਾਲੇ ਅਤੇ ਬਚਾਉਣ ਵਾਲੇ ਹਨ, ਪਰ ਉਹ ਆਪ ਤੰਦਰੁਸਤ ਨਹੀਂ। ਉੱਥੇ ਨਾ ਡਾਕਟਰ ਮਿਲਦੇ ਹਨ ਅਤੇ ਨਾ ਹੀ ਦਵਾਈਆਂ। ਫੇਰ ਉਹ ਕੇਹੇ ਹਸਪਤਾਲ ਅਤੇ ਕੇਹੇ ਅਰੋਗ ਕੇਂਦਰ, ਜੋ ਜ਼ਿੰਦਗੀ ਨੂੰ ਬਚਾ ਸਕਣ?
ਗ਼ਰੀਬ ਸਿਰਫ਼ ਵੋਟਾਂ ਵੇਲੇ ਦਿੱਸਦੇ ਹਨ, ਜਦੋਂ ਉਨ੍ਹਾਂ ਅੱਗੇ ਹੱਥ ਜੋੜ ਕੇ ਵਕਤ ਸਾਰ ਲਿਆ ਜਾਂਦਾ ਹੈ, ਅੱਗੇ-ਪਿੱਛੇ ਉਨ੍ਹਾਂ ਦੀ ਯਾਦ ਹੀ ਨਹੀਂ ਆਉਂਦੀ। ਗ਼ਰੀਬੀ ਨੂੰ ਮਿਟਾਉਣ ਲਈ ਜ਼ੁਬਾਨੀ ਹੀ ਜਮ੍ਹਾਂ-ਖ਼ਰਚ ਕੀਤਾ ਜਾਂਦਾ ਹੈ, ਪਰ ਅੱਗੋਂ-ਪਿੱਛੋਂ ਦਾਲ-ਰੋਟੀ ਤੋਂ ਅੱਗੇ ਸੋਚਿਆ ਨਹੀਂ ਜਾਂਦਾ। ઠਹਾਕਮਾਂ ਦੀ ਅਜਿਹੀ ਸੋਚ ਉਨ੍ਹਾਂ ਦੀ ਆਪਣੀ ਬੌਧਿਕ ਕੰਗਾਲੀ ਹੈ, ਜੋ ਸੁਣਦੀ ਵੀ ਹੈ ਅਤੇ ਦਿੱਸਦੀ ਵੀ।
ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਕੋਈ ਜਤਨ ਨਹੀਂ ਕੀਤੇ ਜਾਂਦੇ, ਕਿਉਂਕਿ ਲੋਕ ਜਿੰਨੇ ਅਨਪੜ੍ਹ ਹੋਣਗੇ, ਓਨਾ ਹੀ ਵੋਟਾਂ ਵੇਲੇ ਵੱਧ ਕੰਮ ਆਉਣਗੇ। ਉਨ੍ਹਾਂ ਦੀ ਬੇਸਮਝੀ ਸਿਆਸਤਦਾਨਾਂ ਦੇ ਕੰਮ ਆਵੇਗੀ, ਜਿਸ ਕਾਰਨ ਉਹ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਠੋਸ ਕਦਮ ਨਹੀਂ ਉਠਾਉਣਗੇ। ਅਜਿਹਾ ਕਰਨਾ ਦੇਸ਼ ਦੇ ਬਹੁਤ ਲੋਕਾਂ ਨਾਲ ਵੱਡਾ ਅਨਿਆਂ ਹੈ, ਜੋ ਕਿ ਨਹੀਂ ਹੋਣਾ ਚਾਹੀਦਾ।
ਸਿਆਸਤਦਾਨ ਹੁਕਮਰਾਨ ਬਣਨ ਤੋਂ ਬਾਅਦ ਵੀ ਸਰਕਾਰ ਦੇ ਬਰਾਬਰ ਹੀ ਆਪਣੇ ਕਾਰੋਬਾਰ ਚਲਾਉਂਦੇ ਰਹਿੰਦੇ ਹਨ, ਜਿਸ ਕਾਰਨ ਸਰਕਾਰੀ ਖ਼ਜ਼ਾਨੇ ਦਿਨੇ-ਦੀਵੀਂ ਲੁੱਟੇ ਜਾਂਦੇ ਰਹਿੰਦੇ ਹਨ ਅਤੇ ਜਨਤਾ ਵਿਚਾਰੀ ਕੁਝ ਨਹੀਂ ਕਰ ਸਕਦੀ।ઠ
ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨੇ ਏਨੇ ਜ਼ਰੂਰੀ ਨਹੀਂ, ਜਿੰਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣੇ। ਜੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਦਿੱਤੇ ਜਾਣ ਤਾਂ ਉਹ ਆਪਣੀ ਕਮਾਈ ਨਾਲ ਆਪਣੇ ਮਾਂ-ਪਿਉ ਸਿਰ ਚੜ੍ਹੇ ਕਰਜ਼ੇ ਆਪੇ ਉਤਾਰ ਦੇਣਗੇ। ਅਜਿਹਾ ਹੋਣ ਨਾਲ ਸਰਕਾਰੀ ਖ਼ਜ਼ਾਨੇ ਦੀ ਅੰਞਾਈਂ ਲੁੱਟ ਵੀ ਨਹੀਂ ਹੋਵੇਗੀ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲ ਜਾਣਗੇ, ਜਿਨ੍ਹਾਂ ਨਾਲ ਪਰਵਾਰਾਂ ਦੇ ਪਰਵਾਰ ਸੌਖਿਆਂ ਹੋ ਜਾਣਗੇ।
ਮੁੱਕਦੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਵਿਕਾਸ ਕੇਵਲ ਸੁਣਾਇਆ ਨਹੀਂ ਜਾਣਾ ਚਾਹੀਦਾ, ਦਿੱਸਣਾ ਚਾਹੀਦਾ ਹੈ, ਤਾਂ ਕਿ ਸਹੀ ਅਰਥਾਂ ਵਿੱਚ ਮੰਨਿਆਂ ਜਾ ਸਕੇ। ਲੋਕਾਂ ਦਾ ਜੀਵਨ ਪੱਧਰ ਕਿੰਨਾ ਕੁ ਉੱਚਾ ਚੁੱਕਿਆ ਗਿਆ ਹੈ, ਇਸ ਤੋਂ ਹੀ ਪਤਾ ਲੱਗ ਸਕਦਾ ਹੈ ਕਿ ਵਿਕਾਸ ਹੋਇਆ ਹੈ ਕਿ ਨਹੀਂ। ਕੇਵਲ ਅੰਕੜੇ ਗਿਣਾਉਣ ਨਾਲ ਜਨਤਾ ਦਾ ਦਿਲ ਨਹੀਂ ਬਹਿਲਾਇਆ ਜਾ ਸਕਦਾ, ਅਸਲ ਅਤੇ ਅਮਲ ਵਿੱਚ ਵਿਕਾਸ ਕਰ ਕੇ ਦਿਖਾਉਣਾ ਪਵੇਗਾ।ઠ
ਕੇਂਦਰ ਦੀ ਸਰਕਾਰ ਹੋਵੇ ਜਾਂ ਫੇਰ ਰਾਜਾਂ ਦੀਆਂ ਸਰਕਾਰਾਂ ਹੋਣ, ਉਨ੍ਹਾਂ ਨੂੰ ਹੁਣ ਲਿਫ਼ਾਫ਼ੇਬਾਜ਼ੀ ਅਤੇ ਲਾਰੇਬਾਜ਼ੀ ਛੱਡ ਕੇ ਲੋਕ ਹਿੱਤ ਦੇ ਕੰਮ ਸ਼ੁਰੂ ਕਰਨੇ ਚਾਹੀਦੇ ਹਨ, ਤਾਂ ਜੁ ਜਨਤਾ ਨੂੰ ਵਾਰ-ਵਾਰ ਬੁੱਧੂ ਨਾ ਬਣਾਇਆ ਜਾਵੇ। ਸਿਆਸਤਦਾਨਾਂ ਅਤੇ ਹੁਕਮਰਾਨਾਂ ਨੂੰ ਹੁਣ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਕੇਵਲ ਝੂਠ ਬੋਲ ਕੇ ਹੀ ਕੰਮ ਨਹੀਂ ਚੱਲ ਸਕਦਾ, ਸਗੋਂ ਸੱਚ ਦੀ ਸਰਜ਼ਮੀਨ 'ਤੇ ਸੱਚ ਦਿਖਾਉਣਾ ਪਵੇਗਾ।
ਚੰਗਾ ਹੋਵੇ, ਜੇ ਹਵਾਈ ਅੱਡੇ ਕਾਇਮ ਕਰਨ ਦੇ ਦਮਗਜੇ ਮਾਰਨ ਵਾਲੇ ਲੋਕਾਂ ਨੂੰ ਹਵਾਈ ਜਹਾਜ਼ਾਂ ਵਿੱਚ ਸਫ਼ਰ ਕਰਨ ਦੇ ਸਮਰੱਥ ਬਣਾਉਣ ਵਾਸਤੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਅਮਲ ਵਿੱਚ ਸਾਰਥਿਕ ਕਦਮ ਉਠਾਉਣ, ਤਾਂ ਕਿ ਚੱਲ ਰਿਹਾ ਲਾਰੇਬਾਜ਼ੀ ਦਾ ਵਰਤਾਰਾ ਖ਼ਤਮ ਹੋਵੇ। ਜ਼ਰੂਰੀ ਹੈ ਕਿ ਵਿਕਾਸ ਸੁਣਾਇਆ ਹੀ ਨਾ ਜਾਵੇ, ਸਗੋਂ ਕੀਤਾ ਜਾਣਾ ਵੀ ਜ਼ਰੂਰੀ ਹੈ, ਦਿੱਸਣਾ ਵੀ।ઠ
ਬੇਅਦਬੀ 'ਤੇ ਸਿਆਸਤ
ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਬੇਅਦਬੀ ਸਹਾਰਨ ਯੋਗ ਨਹੀਂ। ਇਸ ਲਈ ਕਿ ਇਹ ਕੇਵਲ ਕਿਤਾਬ ਨਹੀਂ, ਸਗੋਂ ਸਤਿਕਾਰਤ ਗ੍ਰੰਥ ਹੈ, ਜਿਸ ਨੂੰ ਦੁਨੀਆ ਭਰ ਵਿੱਚ ਏਨਾ ਆਦਰ ਦਿੱਤਾ ਜਾਂਦਾ ਹੈ, ਜਿੰਨਾ ਹੋਰ ਕਿਸੇ ਵੀ ਗ੍ਰੰਥ ਨੂੰ ਨਹੀਂ ਦਿੱਤਾ ਜਾਂਦਾ। ਭਾਵੇਂ ਹਰ ਧਰਮ ਦੇ ਗ੍ਰੰਥ ਸਤਿਕਾਰ ਦੇ ਪਾਤਰ ਹਨ, ਪਰ ਕਿਸੇ ਨੂੰ ਵੀ ਗੁਰੂ ਦਾ ਦਰਜਾ ਹਾਸਲ ਨਹੀਂ।
ਬੇਅਦਬੀ ਦਾ ਮਾਮਲਾ ਗੰਭੀਰ ਹੈ, ਜਿਸ ਬਾਰੇ ਕੁਝ ਪੰਥਕ ਧਿਰਾਂ ਗੰਭੀਰਤਾ ਅਤੇ ਵਿਸ਼ਵਾਸ ਨਾਲ ਮੋਰਚਾ ਲਾਈ ਬੈਠੀਆਂ ਹਨ, ਤਾਂ ਜੁ ਨਿਆਂ ਹਾਸਲ ਕੀਤਾ ਜਾ ਸਕੇ। ਉਨ੍ਹਾਂ ਦੀਆਂ ਮੰਗਾਂ ਸਾਫ਼ ਤੇ ਸਪੱਸ਼ਟ ਹਨ, ਜਿਹੜੀਆਂ ਪੂਰੀਆਂ ਹੋਣ 'ਤੇ ਸੰਗਤਾਂ ਦੇ ਹਿਰਦੇ ਠੰਢੇ ਹੋ ਸਕਣਗੇ।ઠ
ਹੁਣ ਇਸ ਮਸਲੇ 'ਤੇ ਸਿਆਸਤ ਹੋਣ ਲੱਗ ਪਈ ਹੈ, ਜੋ ਕਿਸੇ ਤਰ੍ਹਾਂ ਵੀ ਠੀਕ ਨਹੀਂ। ਇਹ ਵਿਸ਼ਵਾਸ, ਧਰਮ ਅਤੇ ਸ਼ਰਧਾ ਦਾ ਮਾਮਲਾ ਹੈ, ਇਸ 'ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ, ਨਹੀਂ ਹੋਣੀ ਚਾਹੀਦੀ।ઠ
ਜੇ ਸਿਆਸੀ ਪਾਰਟੀਆਂ ਨੇ ਆਪਣੇ ਅਕੀਦੇ ਮੁਤਾਬਕ ਬੇਅਦਬੀ ਦੇ ਮਾਮਲੇ ਉੱਤੇ ਬੋਲਣਾ ਹੈ ਜਾਂ ਕੁਝ ਕਰਨਾ ਹੈ ਤਾਂ ਉਨ੍ਹਾਂ ਨੂੰ ਸ਼ਰਧਾ ਦੇ ਅਧੀਨ ਰਹਿ ਕੇ ਅਮਨ-ਚੈਨ ਦੇ ਰਾਹ 'ਤੇ ਤੁਰਨਾ ਚਾਹੀਦਾ ਹੈ, ਤਾਂ ਜੁ ਪੰਜਾਬ ਦੇ ਹਾਲਾਤ ਖ਼ਰਾਬ ਨਾ ਹੋਣ ਅਤੇ ਹੋਰ ਖਲਾਰਾ ਨਾ ਪੈ ਜਾਵੇ।
ਸਰਕਾਰ ਅਕਲ ਦੀ ਵਰਤੋਂ ਕਰਦਿਆਂ ਬੇਅਦਬੀ ਦੇ ਮਸਲੇ ਨੂੰ ਤੁਰੰਤ ਅਤੇ ਸਹੀ ਤਰ੍ਹਾਂ ਨਿਪਟਾਵੇ, ਤਾਂ ਜੁ ਲੋਕਾਂ ਨੂੰ ਸੰਤੁਸ਼ਟੀ ਮਿਲ ਸਕੇ ਅਤੇ ਸ਼ੋਰ ਬੰਦ ਹੋ ਸਕੇ।
ਲਤੀਫ਼ੇ ਦਾ ਚਿਹਰਾ-ਮੋਹਰਾ
ਮਿੱਤਰ ਹਸਪਤਾਲ 'ਚ ਆਪਣੇ ਮਿੱਤਰ ਦੇ ਭਰਾ ਦਾ ਹਾਲ ਪੁੱਛਣ ਗਿਆ ਅਤੇ ਬੋਲਿਆ, 'ਵਿਸ਼ ਯੂ ਅਰਲੀ ਰਿਕਵਰੀ।' ਉਸ ਦੇ ਬੈਠਿਆਂ ਹੀ ਬੀਮਾਰ ਦਾ ਗਵਾਂਢੀ ਆ ਗਿਆ, ਜੋ ਬੀਮਾਰ ਦੇ ਭਰਾ ਨੂੰ ਬੋਲਿਆ, 'ਬਈ ਜ਼ਰਾ ਚੰਗਾ ਧਿਆਨ ਰੱਖਣਾ, ਇਸੇ ਰੋਗ ਨਾਲ ਮੇਰਾ ਰਿਸ਼ਤੇਦਾਰ ਮਰ ਗਿਆ ਸੀ।'
ਸੰਪਰਕ : 98141-13338
27 Sept. 2018