ਔਰਤ ਦੇ ਵਧਦੇ ਕਦਮ - ਗੁਰਸ਼ਰਨ ਸਿੰਘ ਕੁਮਾਰ

ਅੱਜ ਦੀ ਔਰਤ ਨਿੱਤ ਨਵੀਂਆਂ ਬੁਲੰਦੀਆਂ ਛੂਹ ਰਹੀ ਹੈ। ਔਰਤ ਦੀ ਇਸ ਉੱਨਤੀ ਦੇਖਣ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਸ ਨੇ ਆਪਣਾ ਸਫ਼ਰ ਕਿਥੋਂ ਸ਼ੁਰੂ ਕੀਤਾ। ਭਾਵ ਉਹ ਕਿੱਥੋਂ ਤੁਰੀ ਅਤੇ ਕਿਹੜੀਆਂ ਬਿਖਮ ਸਥਿਤੀਆਂ ਵਿਚੋਂ ਹੁੰਦੀ ਹੋਈ ਅੱਜ ਦੇ ਸਥਾਨ ਤੇ ਪਹੁੰਚੀ। ਉਸ ਲਈ ਅੱਗੋਂ ਆਉਣ ਵਾਲੀਆਂ ਕਿਹੜੀਆਂ ਚੁਣੌਤੀਆਂ ਹਨ?
ਔਰਤ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸਿਫ਼ਰ ਦੇ ਬਿੰਦੂ ਤੋਂ ਵੀ ਹੇਠਾਂ ਤੋਂ ਸ਼ੁਰੂ ਕੀਤਾ। ਆਦਿ ਕਾਲ ਤੋਂ ਹੀ ਔਰਤ ਮਰਦ ਪ੍ਰਧਾਨ ਸਮਾਜ ਦੇ ਜ਼ੁਲਮ ਦਾ ਸ਼ਿਕਾਰ ਹੁੰਦੀ ਰਹੀ ਹੈ। ਪਹਿਲੇ ਸਮੇਂ ਵਿਚ ਔਰਤ ਨੂੰ ਮਨੁੱਖ ਹੀ ਨਹੀਂ ਸੀ ਸਮਝਿਆ ਜਾਂਦਾ। ਉਸ ਨੂੰ ਜਾਇਦਾਦ ਜਾਂ ਭੋਗ ਦੀ ਵਸਤੂ ਸਮਝਿਆ ਜਾਂਦਾ ਸੀ ਜਿਸ ਨੂੰ ਦੂਸਰੇ ਨੂੰ ਉਪਹਾਰ ਦੇ ਰੂਪ ਵਿਚ ਦਿੱਤਾ ਜਾ ਸਕਦਾ ਸੀ, ਵੇਚਿਆ ਵੀ ਜਾ ਸਕਦਾ ਸੀ ਅਤੇ ਜੂਏ ਵਿਚ ਹਾਰਿਆ ਵੀ ਜਾ ਸਕਦਾ ਸੀ। ਔਰਤ ਨੂੰ ਪਸ਼ੂ ਦੀ ਤਰ੍ਹਾਂ ਕਿਸੇ ਵੀ ਕਿੱਲੇ ਨਾਲ ਬੰਨ੍ਹ ਦਿੱਤਾ ਜਾਏ ਤਾਂ ਵੀ ਉਹ ਉਫ ਨਹੀਂ ਸੀ ਕਰ ਸਕਦੀ। ਸਮਾਜ ਵਿਚ ਉਸ ਦੀ ਕੋਈ ਇੱਛਾ ਨਹੀਂ ਸੀ। ਇਸੇ ਨੂੰ ਮੰਨੂ ਮਹਾਰਾਜ ਨੇ ਲਿਖਿਆ ਸੀ:
ਢੋਲ, ਗਵਾਰ, ਸ਼ੁਦਰ, ਪਸ਼ੂ ਅੋਰ ਨਾਰੀ
ਯੇਹ ਸਭ  ਤਾੜਨ ਕੇ ਅਧਿਕਾਰੀ।
ਮਹਾਂ ਭਾਰਤ ਅਤੇ ਰਮਾਇਣ ਵਿਚ ਦਰੋਪਤੀ ਅਤੇ ਸੀਤਾ ਦਾ ਕਿਵੇਂ ਸ਼ੋਸਨ ਹੋਇਆ ਇਹ ਸਭ ਨੂੰ ਭਲੀ ਭਾਂਤ ਪਤਾ ਹੀ ਹੈ। ਬਹੁ ਪਤਨੀ ਪ੍ਰਥਾ, ਦਾਜ ਪ੍ਰਥਾ,ਸਤੀ ਪ੍ਰਥਾ, ਦੇਵ ਦਾਸੀ ਪ੍ਰਥਾ, ਵਿਧਵਾ ਤੇ ਚਾਦਰ ਪਾਣ ਦੀ ਪ੍ਰਥਾ, ਬੁਰਕਾ ਅਤੇ ਘੂੰਘਟ ਆਦਿ ਔਰਤ ਨੂੰ ਦਬਾ ਕੇ ਰੱਖਣ ਦੀਆਂ ਮੂੰਹ ਬੋਲਦੀਆਂ ਕਹਾਣੀਆਂ ਹਨ। ਇੱਥੇ ਹੀ ਬੱਸ ਨਹੀਂ ਕਿਸੇ ਵੀ ਔਰਤ ਨੂੰ ਬਦਨਾਮ ਕਰ ਕੇ ਅਤੇ ਵਿਭਚਾਰੀ ਆਖ ਕੇ ਸਰੇਆਮ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਸੀ। ਜਰਾ ਸੋਚੋ ਉਨ੍ਹਾਂ ਨਾਲ ਵਿਭਚਾਰ ਕਰਨ ਵਾਲੇ ਕੌਣ ਹੁੰਦੇ ਸਨ? ਸਫੈਦਪੋਸ਼ ਜਿਨ੍ਹਾਂ ਦਾ ਜਿਕਰ ਤੱਕ ਨਹੀਂ ਸੀ ਹੁੰਦਾ। ਉਹ ਸਦਾ ਦੁਧ ਧੋਤੇ ਹੀ ਰਹਿੰਦੇ ਸਨ।
ਅੱਜ ਕੱਲ੍ਹ ਵੀ ਕਈ ਘਰਾਂ ਵਿਚ ਬਾਲੜੀਆਂ ਨੂੰ ਬੋਝ ਸਮਝ ਕੇ ਗਰਭ ਵਿਚ ਹੀ ਖਤਮ ਕਰਵਾ ਦਿੰਦੇ ਹਨ। ਇਹ ਗ਼ਲਤ ਵੀ ਹੈ ਅਤੇ ਪਾਪ ਵੀ। ਇਸੇ ਲਈ ਅੱਜ ਵੀ ਔਰਤਾਂ ਦੀ ਪ੍ਰਤੀਸ਼ਤ ਪੁਰਸ਼ਾਂ ਨਾਲੋਂ ਘੱਟ ਹੈ। ਲੜਕੇ ਦੇ ਪੈਦਾ ਹੋਣ ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਲੱਡੂ ਵੰਡੇ ਜਾਂਦੇ ਹਨ ਪਰ ਲੜਕੀ ਦੇ ਪੈਦਾ ਹੋਣ ਤੇ ਘਰ ਵਿਚ ਮਾਤਮ ਛਾ ਜਾਂਦਾ ਹੈ ਜਿਵੇਂ ਕੋਈ ਮਰ ਗਿਆ ਹੋਵੇ। ਲੜਕੀ ਦੀ ਮਾਂ ਨੂੰ ਵੀ ਬਹੁਤ ਤੰਗ ਕੀਤਾ ਜਾਂਦਾ ਹੈ ਜਿਵੇਂ ਲੜਕੀ ਪੈਦਾ ਕਰਨ ਵਿਚ ਇਕੱਲ੍ਹੀ ਉਸ ਦਾ ਹੀ ਹੱਥ ਹੋਵੇ। ਇਹ ਸਮਝਿਆ ਜਾਂਦਾ ਹੈ ਕਿ ਉਸ ਨੇ ਸਾਰੇ ਖਾਨਦਾਨ ਨੂੰ ਵੱਟਾ ਲਾ ਕੇ ਸਭ ਲਈ ਨਮੋਸ਼ੀ ਖੜ੍ਹੀ ਕਰ ਦਿੱਤੀ ਹੈ। ਲੜਕੇ ਅਤੇ ਲੜਕੀਆਂ ਦੇ ਪਾਲਣ ਪੋਸ਼ਣ ਵਿਚ ਬਹੁਤ ਵਿਤਕਰਾ ਕੀਤਾ ਜਾਂਦਾ ਹੈ। ਪਹਿਲਾਂ ਲੜਕੀਆਂ ਦੀ ਪੜਾਈ ਵਲ ਬਿਲਕੁਲ ਹੀ ਧਿਆਨ ਨਹੀਂ ਸੀ ਦਿੱਤਾ ਜਾਂਦਾ। ਕਿਹਾ ਜਾਂਦਾ ਸੀ ਕਿ ਇਸ ਨੇ ਕਿਹੜਾ ਅਫ਼ਸਰ ਬਣਨਾ ਹੈ। ਇਸ ਦੀ ਪੜਾਈ ਦਾ ਕੀ ਫਾਇਦਾ। ਅਗਲੇ ਘਰ ਜਾ ਚੁਲ੍ਹਾ ਚੋਂਕਾ ਹੀ ਤਾਂ ਕਰਨਾ ਹੈ।
ਇੱਥੇ ਹੀ ਬਸ ਨਹੀਂ ਅੱਜ ਵੀ ਮਰਦ ਜੋ ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ ਜਿਵੇਂ ਤੇਰੀ ਮਾਂ ਦੀ......,ਤੇਰੀ ਭੈਣ ਦੀ.....ਆਦਿ ਉਹ ਵੀ ਔਰਤ ਨੂੰ ਜਲੀਲ ਕਰਨ ਵਾਲੀਆਂ ਹੀ ਹੁੰਦੀਆਂ ਹਨ। ਔਰਤ ਨੂੰ ਜੋ ਅਸੀਸਾਂ ਦਿੱਤੀਆਂ ਜਾਂਦੀਆਂ ਹਨ, ਉਹ ਸਭ ਪੁਰਸ਼ ਦੇ ਭਲੇ ਲਈ ਹੀ ਹੁੰਦੀਆਂ ਹਨ ਜਿਵੇਂ-ਪੁੱਤਰਵਤੀ ਹੋਵੇਂ, ਬੁੱਢ ਸੁਹਾਗਣ ਹੋਵੇਂ, ਸੱਤਾਂ ਪੁੱਤਰਾਂ ਦੀ ਮਾਂ ਹੋਵੇਂ ਆਦਿ। ਇਹ ਹੈ ਔਰਤ ਪ੍ਰਤੀ ਸਾਡੇ ਅੱਜ ਦੇ ਮਰਦ ਪ੍ਰਧਾਨ ਦੀ ਸੋਚ।
ਦੋਸਤੋ ਔਰਤ ਨੂੰ ਇਸ ਦਲਦਲ ਦੀ ਹਾਲਤ ਵਿਚੋਂ ਕੱਢਣ ਲਈ ਕੋਈ ਅੱਗੇ ਨਹੀਂ ਆਇਆ ਤਾਂ ਇਸ ਭਿਆਨਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਉਭਾਰਿਆ ਅਤੇ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਕਿਹਾ। ਭਾਂਵ ਜਿਸ ਔਰਤ ਨੇ ਰਾਜੇ ਮਹਾਰਾਜਿਆਂ ਨੂੰ ੳਤੇ ਪੀਰਾਂ ਪੈਗੰਬਰਾਂ ਨੂੰ ਜਨਮ ਦਿੱਤਾ ਹੈ ਉਸ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ।
ਔਰਤ ਮਾੜੀ ਕਿਵੇਂ ਹੋਈ? ਔਰਤ ਬਿਨਾ ਦੁਨੀਆਂ ਕਿਆਸੀ ਹੀ ਨਹੀਂ ਜਾ ਸਕਦੀ। ਉਹ ਮਾਂ, ਭੈਣ, ਪ੍ਰੇਮਿਕਾ, ਪਤਨੀ ਅਤੇ ਬੇਟੀ ਹੈ। ਔਰਤ ਤੋਂ ਬਿਨਾ ਪੁਰਸ਼ ਅਧੂਰਾ ਹੀ ਹੈ। ਔਰਤ ਬਹੁਤ ਨਾਜ਼ੁਕ ਵੀ ਹੈ ਅਤੇ ਫੌਲਾਦ ਦੀ ਤਰ੍ਹਾਂ ਮਜ਼ਬੂਤ ਵੀ। ਮਾਈ ਭਾਗੋ, ਸ਼ਰਨਜੀਤ ਕੌਰ ਅਤੇ ਝਾਂਸੀ ਦੀ ਰਾਣੀ ਵੀਰਾਂਗਣਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ।
ਅਜਿਹੇ ਹਾਲਾਤ ਵਿਚ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਔਰਤ ਦਾ ਨਵੇਂ ਸਿਰੇ ਤੋਂ ਸਫ਼ਰ ਸ਼ੁਰੂ ਹੋਇਆ। ਉਸ ਨੇ ਅਨੇਕਾਂ ਜ਼ੁਲਮਾਂ ਅਤੇ ਬੇਇਨਸਾਫ਼ੀਆਂ ਨੂੰ ਸਹਾਰਦੇ ਹੋਏ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ। ਉਸ ਦਾ ਸਤਰ ਉੱਚਾ ਚੁਕਣ ਲਈ ਸਰਕਾਰ ਅਤੇ ਕੁਝ ਅਗਾਂਹ ਵਧੂ ਲੋਕਾਂ ਨੇ ਵੀ ਹਿੱਸਾ ਪਾਇਆ। ਸਭ ਤੋਂ ਪਹਿਲਾਂ ਅੋਰਤਾਂ ਖਿਲਾਫ ਪੁਰਾਣੀਆਂ ਅਤੇ ਗ਼ਲਤ ਰਸਮਾਂ ਨੂੰ ਖਤਮ ਕਰਨ ਵੱਲ ਧਿਆਨ ਦਿੱਤਾ ਗਿਆ। ਮਹਿਸੂਸ ਕੀਤਾ ਗਿਆ ਕਿ ਧੀਆਂ ਦਾ ਪਾਲਣ ਪੋਸ਼ਣ ਵੀ ਪੁੱਤਰਾਂ ਦੀ ਤਰ੍ਹਾਂ ਲਾਡ ਪਿਆਰ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉੱਚੀ ਵਿਦਿਆ ਦੇ ਕੇ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਵੱਖਰੀ ਪਛਾਣ ਬਣਾ ਸਕਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਦੇ ਵਿਕਾਸ ਵਿਚ ਭਰਪੂਰ ਹਿੱਸਾ ਪਾ ਸੱਕਣ। ਬਾਲੜੀਆਂ ਦੀ ਪੜ੍ਹਾਈ ਲਈ ਉੱਚੇਚੇ ਉਪਰਾਲੇ ਕੀਤੇ ਗਏ।ਕਿਹਾ ਗਿਆ ਕਿ ਜੇ ਇਕ ਲੜਕੀ ਨੂੰ ਪੜ੍ਹਾ ਲਿਆ ਤਾਂ ਸਮਝੋ ਕਿ ਪੂਰੇ ਖਾਨਦਾਨ ਹੀ ਪੜ੍ਹਾ ਲਿਆ। ਇਸ ਤਰ੍ਹਾਂ ਭਾਰਤ ਵਿਚ  ਅੋਰਤਾਂ ਲਈ ਇਕ ਨਵਾਂ ਸਵੇਰਾ ਹੋਇਆ। ਵਿਦਿਆ ਨਾਲ ਔਰਤ ਦਾ ਗਿਆਨ ਵਧਿਆ। ਉਸ ਨੂੰ ਆਪਣੀ ਹਸਤੀ ਦਾ ਪਤਾ ਲੱਗਿਆ। ਉਹ ਕਾਫ਼ੀ ਹੱਦ ਤੱਕ ਮਰਦਾਂ ਅਤੇ ਸੱਸਾਂ ਦੀਆਂ ਜ਼ਿਆਦਤੀਆਂ 'ਚੋਂ ਆਜ਼ਾਦ ਹੋਈ। ਉਸ ਨੇ ਘਰ ਦੀ ਚਾਰਦੀਵਾਰੀ ਵਿਚੋਂ ਨਿਕਲ ਕੇ ਸਮਾਜ ਵਿਚ ਖੁਲ੍ਹ ਕੇ ਵਿਚਰਨਾ ਸ਼ੁਰੂ ਕੀਤਾ ਅਤੇ ਪਰਿਵਾਰ, ਸਮਾਜ ਅਤੇ ਦੇਸ਼ ਦੁਨੀਆਂ ਦੇ ਵਿਕਾਸ ਵਿਚ ਆਪਣਾ ਅਮੁੱਲਾ ਯੋਗਦਾਨ ਪਾ ਕੇ ਦੁਨੀਆਂ ਨੂੰ ਚਕਾਚੌਂਧ ਕਰ ਦਿੱਤਾ।
ਹੁਣ ਸਮਾਜ ਅਤੇ ਪਰਿਵਾਰ ਵਿਚ ਔਰਤ ਦਾ ਦਰਜਾ ਪਹਿਲੇ ਵਾਲਾ ਨਹੀਂ ਰਿਹਾ। ਹੁਣ ਔਰਤ ਮਰਦ ਦੇ ਪੈਰਾਂ ਦੀ ਜੁੱਤੀ ਨਹੀਂ ਰਹੀ ਸਗੋਂ ਉਹ ਜੀਵਨ ਸੰਗਨੀ ਹੈ। ਉਹ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ, ਪਰਿਵਾਰ ਅਤੇ ਦੇਸ਼ ਦੀ ਉਨਤੀ ਵਿਚ ਭਰਪੂਰ ਯੋਗਦਾਨ ਪਾ ਰਹੀ ਹੈ। ਉਹ ਮਰਦ ਦੀ ਗੁਲਾਮ ਨਹੀਂ ਰਹੀ। ਉਸ ਦੀ ਹੋਂਦ ਕੇਵਲ ਰਸੋਈ ਅਤੇ ਹੋਰ  ਘਰੇਲੂ ਕੰਮਾਂ ਕਾਰਾਂ ਤੱਕ ਹੀ ਸੀਮਤ ਨਹੀਂ। ਇਸ ਲਈ ਉਸ ਨਾਲ ਕਿਸੇ ਵੱਲੋਂ ਵੀ ਘਟੀਆ ਸਲੂਕ ਨਹੀਂ ਹੋਣਾ ਚਾਹੀਦਾ। ਉਹ ਪੜ੍ਹੀ ਲਿਖੀ ਹੈ। ਉਸ ਦੇ ਅੰਦਰਲੇ ਗਿਆਨ ਦੇ ਨੇਤਰ ਖੁੱਲ੍ਹ ਗਏ ਹਨ। ਉਹ ਬਾਹਰ ਦੇ ਸਾਰੇ ਕੰਮ ਅਤੇ ਰੁਜ਼ਗਾਰ ਦੇ ਸਾਰੇ ਕੰਮ ਨਿਭਾ ਰਹੀ ਹੈ। ਉਹ ਪਰਿਵਾਰ ਦੀ ਆਰਥਕ ਦਸ਼ਾ ਸੁਧਾਰਨ ਵਿਚ ਵੱਡਾ ਯੋਗਦਾਨ ਪਾ ਰਹੀ ਹੈ। ਸਮਾਜ ਵਿਚ ਉਸ ਦੀ ਮਰਦਾਂ ਦੇ ਬਰਾਬਰ ਇੱਜ਼ਤ ਹੈ। ਹੁਣ ਉਹ ਨਿਮਾਣੀ ਅਤੇ ਨਿਤਾਣੀ ਨਹੀਂ ਰਹੀ। ਆਪਣੀ ਇਸ ਹੋਂਦ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਸ ਨੂੰ ਘਰੇਲੂ ਕੰਮ ਕਾਰ ਵਿਚੋਂ ਪਤੀ ਜਾਂ ਸੱਸ ਦੇ ਸਹਿਯੋਗ ਦੀ ਲੋੜ ਹੈ। ਇਸ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਨੂੰਹਾਂ ਤੋਂ ਆਪਣਾ ਦਬਦਬਾ ਘਟਾਉਣਾ ਚਾਹੀਦਾ ਹੈ। ਘਰ ਦੇ ਸਾਰੇ ਜੀਆਂ ਨੂੰ ਹਮੇਸ਼ਾਂ ਦੂਜੇ ਪ੍ਰਤੀ ਚੰਗੀ ਭਾਵਨਾ ਅਤੇ ਜੁਬਾਨ ਵਿਚ ਮਿਠਾਸ ਰੱਖਣੀ ਚਾਹੀਦੀ ਹੈ।
ਇਸ ਸਮੇਂ ਤੱਕ ਕੇਵਲ ਭਾਰਤ ਦੀ ਨਾਰੀ ਨੇ ਹੀ ਆਜ਼ਾਦੀ ਨਹੀਂ ਲਈ ਸਗੋਂ ਦੁਨੀਆਂ ਭਰ ਦੀਆਂ ਔਰਤਾਂ ਨੇ ਹੀ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਅਤੇ ਪੁਰਸ਼ ਸਮਾਜ ਨੂੰ ਹੈਰਾਨ ਕਰ ਦਿੱਤਾ। ਅੱਜ ਜ਼ਿੰਦਗੀ ਦਾ ਕੋਈ ਮੁਕਾਮ ਨਹੀਂ ਜਿਸ ਵਿਚ ਹਿੱਸਾ ਪਾ ਕੇ ਔਰਤਾਂ ਨੇ ਆਪਣੀ ਸਰਦਾਰੀ ਨਹੀਂ ਦਿਖਾਈ। ਮੁਸ਼ਕਿਲ ਤੋਂ ਮੁਸ਼ਕਿਲ ਜ਼ੋਖਿਮ ਭਰੇ ਕੰਮਾਂ, ਜਿਨ੍ਹਾਂ ਵਿਚ ਕੇਵਲ ਪੁਰਸ਼ਾਂ ਦੀ ਹੀ ਸਰਦਾਰੀ ਮੰਨੀ ਜਾਂਦੀ ਸੀ, ਵਿਚ ਵੀ ਬਰਾਬਰ ਹਿੱਸਾ ਪਾ ਕੇ ਅੋਰਤਾਂ ਪੁਰਸ਼ਾਂ ਦੇ ਬਰਾਬਰ ਖੜ੍ਹੀਆਂ ਹਨ। ਕਈ ਖਿੱਤਿਆਂ ਵਿਚ ਤਾਂ ਅੱਜ ਇਕੱਲ੍ਹੀ ਔਰਤ ਦੀ ਹੀ ਅਜ਼ਾਰੇਦਾਰੀ ਬਣ ਗਈ ਹੈ। ਜਿਵੇਂ ਰਿਸੈਪਸਨਿਸ਼ਟ ਅਤੇ ਨਰਸਰੀ ਸਕੂਲ ਅਧਿਆਪਕ ਆਦਿ। ਅੱਜ ਅੋਰਤਾਂ ਆਈ. ੲ.ੇ ਐਸ., ਆਈ. ਐਫ. ਐਸ. ਅਤੇ ਪੀ. ਸੀ. ਐਸ ਦੀਆਂ ਸਭ ਤੋਂ ਉੱਚੀਆਂ ਨੌਕਰੀਆਂ ਤੇ ਬਿਰਾਜਮਾਨ ਹਨ। ਉਹ ਫੌਜ, ਪੁਲਿਸ ਅਤੇ ਇੰਨਜੀਨਰਿੰਗ ਦੀਆਂ ਕੁਰਸੀਆਂ ਸੰਭਾਲੀ ਬੈਠੀਆਂ ਹਨ। ਉਹ ਪੁਲਾੜ ਵਿਚ ਵੀ ਉਡਾਰੀਆਂ ਲਾ ਰਹੀਆਂ ਹਨ। ਉਹ ਦਰਜੀ, ਮਿਸਤਰੀ ਅਤੇ ਪਲੰਬਰ ਆਦਿ ਦਾ ਕੰਮ ਵੀ ਆਸਾਨੀ ਨਾ ਕਰ ਰਹੀਆਂ ਹਨ। ਉਹ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਵੀ ਚੁਣੀਆਂ ਜਾ ਕੇ ਦੇਸ਼ ਦੀ ਵਾਗਡੋਰ ਸੰਭਾਲ ਰਹੀਆਂ ਹਨ। ਉਹ ਮੰਤਰੀ ਅਤੇ ਕਈ ਦੇਸ਼ਾਂ ਦੀਆਂ ਪ੍ਰਧਾਨ ਮੰਤਰੀ ਬਣ ਕੇ ਵੀ ਆਪਣੇ ਦੇਸ਼ਾਂ ਦੇ ਲੋਕਾਂ ਦੀ ਸਮੁੱਚੀ ਕਰ ਰਹੀਆਂ ਹਨ।
ਇਸ ਸਭ ਦੇ ਬਾਵਜੂਦ ਵੀ ਅੱਜ ਅੋਰਤਾਂ ਨੂੰ ਦੂਹਰੀ ਮੁਸ਼ੱਕਤ ਕਰਨੀ ਪੈ ਰਹੀ ਹੈ ਦਫ਼ਤਰ ਦੇ ਕੰਮ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਵੀ ਪੂਰੀ ਸੰਭਾਲ ਕਰਨੀ ਪੈਂਦੀ ਹੈ। ਉਨ੍ਹਾਂ ਲਈ ਮਿਹਨਤ ਜ਼ਿਆਦਾ ਅਤੇ ਆਰਾਮ ਘੱਟ ਹੈ ਪਰ ਹਾਲੀ ਵੀ ਕਈ ਘਟੀਆ ਸੋਚ ਵਾਲੇ ਬੰਦੇ ਆਪਣੀ ਪਤਨੀ ਨੂੰ ਤਾਅਨਾ ਦਿੰਦੇ ਹਨ-'ਤੂੰ ਸਾਰੀ ਦਿਹਾੜੀ ਕਰਦੀ ਹੀ ਕੀ ਹੈਂ? ਇੱਥੇ ਪੁਰਸ਼ਾਂ ਨੂੰ ਆਪਣੀ ਸੋਚ ਬਦਲ ਕੇ ਆਪਣੀਆਂ ਅੋਰਤਾਂ ਨਾਲ ਘਰ ਦੇ ਕੰਮਾਂ ਵਿਚ ਸਹਿਯੋਗ ਕਰਨਾ ਚਾਹੀਦਾ ਹੈ।
ਇਕ ਵਾਰੀ ਕਿਸੇ ਨੇ ਆਪਣੇ ਦੋਸਤ ਨੂੰ ਪੁੱਛਿਆ ਕਿ ਪਾਣੀ ਦੀ ਕੀ ਵੈਲੀਊ (ਕੀਮਤ) ਹੈ? ਉਸ ਨੇ ਉੱਤਰ ਦਿੱਤਾ ਕਿ ਇਕ ਦਿਨ ਪਾਣੀ ਨਾ ਪੀ, ਆਪੇ ਕੀਮਤ ਪਤਾ ਲੱਗ ਜਾਵੇਗੀ। ਔਰਤ ਤੋਂ ਬਿਨਾ ਪੁਰਸ਼ ਅਧੂਰਾ ਹੈ। ਔਰਤ ਤੋਂ ਬਿਨਾ ਸੰਸਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਔਰਤ ਨਾਲ ਹੀ ਪਰਿਵਾਰ ਬਣਦਾ ਹੈ। ਜੇ ਇਕ ਦਿਨ ਵੀ ਪਤਨੀ ਪੇਕੇ ਚਲੀ ਜਾਏ ਤਾਂ ਸਾਰਾ ਘਰ ਹੀ ਉੱਲਟ ਪੁੱਲਟ ਹੋ ਜਾਂਦਾ ਹੈ। ਬੰਦੇ ਨੂੰ ਆਪਣੇ ਕੱਪੜੇ ਹੀ ਨਹੀਂ ਲੱਭਦੇ। ਸਾਰਾ ਘਰ ਭੂੂੂੂਤਵਾੜਾ ਬਣ ਜਾਂਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਘਰ ਵਿਚ ਗੁਣਵੰਤੀ ਨਾਰ ਹੋਏ ਤਾਂ ਉਹ ਪਤੀ ਅਤੇ ਪਰਿਵਾਰ ਦੇ ਭਾਗ ਬਦਲ ਕੇ ਰੱਖ ਦਿੰਦੀ ਹੈ। ਗੁਣਵੰਤੀ ਨਾਰ ਨਾਲ ਘਰ ਵਿਚ ਖ਼ੁਸ਼ਹਾਲੀ ਅਤੇ ਸੁੱਖ ਸ਼ਾਤੀ ਆਉਂਦੀ ਹੈ। ਔਰਤ ਮਮਤਾ ਦੀ ਮੂਰਤ ਹੈ ਪਰਿਵਾਰ ਵਿਚ ਉਹ ਸਭ ਨੂੰ ਅਥਾਹ ਪਿਆਰ ਵੰਡਦੀ ਹੈ। ਔਰਤ ਤੋਂ ਬਿਨਾ ਘਰ ਨਹੀਂ ਬਣਦਾ। ਬੰਦੇ ਭਾਵੇਂ ਚਾਰ, ਪੰਜ ਜਾਂ ਇਸ ਤੋਂ ਵੀ ਜ਼ਿਆਦਾ ਹੋ ਜਾਣ ਪਰ ਉਨ੍ਹਾਂ ਨੂੰ ਪਰਿਵਾਰ ਨਹੀਂ ਕਿਹਾ ਜਾ ਸਕਦਾ (ਉਹ ਛੜੇ ਮਲੰਗ ਹੀ ਅਖਵਾਉਂਦੇ ਹਨ)। ਉਨ੍ਹਾ ਵਿਚ ਇਕ ਵੀ ਔਰਤ ਰਲ ਜਾਏ ਤਾਂ ਉਹ ਪਰਿਵਾਰ ਬਣ ਜਾਂਦਾ ਹੈ। ਔਰਤ ਸੁੰਦਰਤਾ ਦੀ ਦੇਵੀ ਅਤੇ ਸ਼ਕਤੀ ਦੀ ਪ੍ਰਤੀਕ ਹੈ। ਉਸ ਦੀ ਇਕ ਮੁਸਕਰਾਹਟ ਹੀ ਬੰਦੇ ਦੇ ਮਨ ਨੂੰ ਮੋਹ ਲੈਂਦੀ ਹੈ। ਉਹ ਮੋਮ ਦੀ ਤਰ੍ਹਾਂ ਨਰਮ ਵੀ ਹੈ ਅਤੇ ਚੰਡੀ ਦੀ ਤਰ੍ਹਾਂ ਤਾਕਤਵਰ ਵੀ ਹੈ।
ਇੱਥੇ ਇਕ ਗੱਲ ਹੋਰ ਵੀ ਹੈ ਕਿ ਆਪਣੀ ਕੁੱਖ ਵਿਚੋਂ ਸੰਤਾਨ ਪੈਦਾ ਕਰਨ ਦੀ ਦਾਤ ਪ੍ਰਮਾਤਮਾ ਨੇ ਕੇਵਲ ਔਰਤ ਨੂੰ ਹੀ ਦਿੱਤੀ ਹੈ। ਪੁਰਸ਼ ਭਾਵੇਂ ਜਿੰਨਾ ਮਰਜ਼ੀ ਮਹਾਨ ਕੰਮ ਕਰ ਲਏ ਪਰ ਉਹ ਆਪਣੇ ਪੇਟ ਵਿਚੋਂ ਸੰਤਾਨ ਪੈਦਾ ਨਹੀਂ ਕਰ ਸਕਦਾ।ਇਹ ਖ਼ੁਸ਼ੀ ਪ੍ਰਮਾਤਮਾ ਨੇ ਕੇਵਲ ਔਰਤ ਨੂੰ ਹੀ ਦਿੱਤੀ ਹੈ।
ਆਪਣੀ ਮਹਾਨ ਉਨਤੀ ਕਾਰਨ ਅੋਰਤਾਂ ਨੂੰ ਆਪਣੇ ਤੇ ਮਾਣ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਪਰ ਘਮੰਢ ਨਹੀਂ ਹੋਣਾ ਚਾਹੀਦਾ। ਪਰਿਵਾਰਕ ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੋਰਤਾਂ ਨੂੰ ਘਰ ਵਿਚ ਬਜ਼ੁਰਗ ਸੱਸ ਸਹੁਰੇ ਨੂੰ ਪੂਰਾ ਮਾਣ ਇੱੱਜ਼ਤ ਦੇਣਾ ਚਾਹੀਦਾ ਹੈ। ਹੰਕਾਰ ਵਿਚ ਆ ਕੇ ਕਈ ਅੋਰਤਾਂ ਆਪਣੇ ਪਤੀ ਨੂੰ ਨੌਕਰ ਸਮਝਦੀਆਂ ਹਨ। ਫਿਰ ਸਾਰੀ ਉਮਰ ਨੌਕਰਾਣੀ ਬਣ ਕੇ ਹੀ ਬਿਤਾਉਂਦੀਆਂ ਹਨ। ਇਸ ਦੇ ਉੱਲਟ ਕਈ ਅੋਰਤਾਂ ਆਪਣੇ ਪਤੀ ਨੂੰ ਘਰ ਦਾ ਰਾਜਾ (ਮਾਲਕ) ਬਣਾ ਕਿ ਰੱਖਦੀਆਂ ਹਨ। ਫਿਰ ਸਾਰੀ ਉਮਰ ਪਰਿਵਾਰ ਵਿਚ ਰਾਣੀ ਬਣ ਕੇ ਰਾਜ ਕਰਦੀਆਂ ਹਨ ਅਤੇ ਸੁੱਖ ਮਾਣਦੀਆਂ ਹਨ। ਉਨ੍ਹਾਂ ਦੇ ਘਰ ਵਿਚ ਸਦਾ ਸ਼ਾਤੀ ਰਹਿੰਦੀ ਹੈ। ਬਾਹਰ ਵਾਲਿਆਂ ਨੂੰ ਉਨ੍ਹਾਂ ਦੇ ਘਰੋਂ ਹਾਸੇ ਛਣਕਦੇ ਸੁਣਦੇ ਹਨ।
ਬੇਸ਼ੱਕ ਸਰਕਾਰ ਨੇ ਔਰਤ ਦੀ ਰੱਖਿਆ ਅਤੇ ਸਨਮਾਨ ਲਈ ਕਈ ਕਾਨੂੰਨ ਬਣਾਏ ਹਨ ਪਰ ਉਹ ਬੇਅਸਰ ਸਾਬਤ ਹੋ ਕੇ ਰਹਿ ਗਏ ਹਨ। ਅੱਜ ਵੀ ਦੇਸ਼ ਵਿਚ ਔਰਤ ਦਾ ਸ਼ੋਸ਼ਨ ਹੋ ਰਿਹਾ ਹੈ। ਕਈ ਵਾਰੀ ਜਦ ਕੋਈ ਔਰਤ ਘਰੋਂ ਇਕੱਲ੍ਹੀ ਬਾਹਰ ਜਾ ਰਹੀ ਹੋਏ ਤਾਂ ਉਸ ਨੂੰ ਮਵਾਲੀ ਪੁਰਸ਼ਾਂ ਦੀਆਂ ਕਾਮੁਕ ਨਜ਼ਰਾਂ ਦਾ ਅਤੇ ਨੰਗੇ ਫ਼ਿਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੀਆਂ ਛੋਟੀਆਂ ਬਾਲੜੀਆਂ ਨਾਲ ਬਲਾਤਕਾਰ ਕੇ ਉਨ੍ਹਾਂ ਨੂੰ ਜਾਨੋ ਮਾਰ ਦਿੱਤਾ ਜਾਂਦਾ ਹੈ ਤਾਂ ਕਿ ਵਹਿਸ਼ੀ ਦਰਿੰਦਿਆਂ ਦਾ ਕੋਈ ਸਬੂਤ ਨਾ ਰਹੇ। ਇੱਥੇ ਪੁਲਿਸ ਅਤੇ ਕਾਨੂੰਨ ਵੀ ਬੇਬੱਸ ਹੋ ਕੇ ਰਹਿ ਜਾਂਦੇ ਹਨ। ਫਿਰ ਵੀ ਨਾਰੀ ਇਨ੍ਹਾਂ ਜੁਲਮਾਂ ਨੂੰ ਸਹਿੰਦੀ ਹੋਈ ਅੱਗੇ ਵਧਦੀ ਜਾ ਰਹੀ ਹੈ ਅਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਰਹੀ ਹੈ।
ਇਸ ਇੰਟਰਨੈਟ ਦੇ ਯੁੱਗ ਵਿਚ ਵੀ ਕੁਝ ਅੋਰਤਾਂ (ਖਾਸ ਕਰ ਕੇ ਨੀਵੇਂ ਤਬਕੇ ਦੀਆਂ) ਲਈ ਬੜਾ ਕੁਝ ਕਰਨ ਦੀ ਲੋੜ ਹੈ। ਗ਼ਰੀਬ ਅੋਰਤਾਂ ਬਗਲੀ ਵਿਚ ਛੋਟੇ ਛੋਟੇ ਬੱਚਿਆਂ ਨੂੰ ਪਾਈ ਸਿਰਾਂ ਇੱਟਾਂ ਅਤੇ ਗਾਰੇ ਦੇ ਵੱਡੇ ਵੱਡੇ ਢੇਰ ਢੋਂਦੀਆਂ ਨਜ਼ਰ ਆਉਂਦੀਆਂ ਹਨ। ਉਹ ਸੜਕਾਂ ਅਤੇ ਰੇਲਵੇ ਸਟੇਸ਼ਨਾ 'ਤੇ ਭੀਖ ਮੰਗਦੀਆਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਦਾ ਸਤਰ ਉੱਚਾ ਚੁੱਕਣ ਲਈ ਅਤੇ ਵਿਦਿਆ ਦੇਣ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਤਾਂ ਕਿ ਉਹ ਹੋਣਹਾਰ ਬੱਚਿਆਂ ਨੂੰ ਜਨਮ ਦੇ ਕੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾ ਸੱਕਣ।
ਗਿਆਨ ਦਾ ਕੋਈ ਅੰਤ ਨਹੀਂ। ਹਰ ਕੰਮ ਵਿਚ ਸੁਧਾਰ ਦੀ ਗੁੰਜਾਇਸ਼ ਰਹਿੰਦੀ ਹੈ। ਅੱਗੇ ਵਧਣਾ ਹੀ ਜ਼ਿੰਦਗੀ ਦਾ ਨਿਯਮ ਹੈ। ਇਸ ਲਈ ਇਹ ਕਦੀ ਨਹੀਂ ਕਿਹਾ ਜਾ ਸਕਦਾ ਕਿ ਔਰਤ ਨੇ ਅੰਤਿਮ ਮੰਜ਼ਿਲ ਨੂੰ ਛੂੂਹ ਲਿਆ ਹੈ ਅਤੇ ਹੁਣ ਉਸ ਨੂੰ ਹੋਰ ਅੱਗੇ ਵਧਣ ਦੀ ਜ਼ਰੂਰਤ ਨਹੀਂ। ਪਰਿਵਰਤਨ ਜ਼ਿੰਦਗੀ ਦਾ ਨਿਯਮ ਹੈ। ਸੁਹਜ ਸੁਆਦ ਮਨੁੱਖ ਦੀ ਫਿਤਰਤ ਹੈ। ਇਨ੍ਹਾਂ ਦੋਹਾਂ ਗੱਲਾਂ ਕਰ ਕੇ ਹੀ ਮਨੁੱਖ ਨੇ ਪੱਥਰ ਯੁੱਗ ਤੋਂ ਅੱਜ ਤੱਕ ਦਾ ਸਫ਼ਰ ਤਹਿ ਕੀਤਾ ਹੈ।ਮੰਜ਼ਿਲਾਂ ਤਾਂ ਹੋਰ ਵੀ ਅੱਗੇ ਤੋਂ ਅੱਗੇ ਹਨ। ਹਾਲੀ ਪੁਲਾੜ ਵਿਚ ਅਤੇ ਹੋਰ ਖਿਤਿਆਂ ਵਿਚ ਬਹੁਤ ਖੋਜ ਹੋਣੀ ਹੈ। ਕਈ ਭਿਆਨਕ ਬਿਮਾਰੀਆਂ ਦੇ ਇਲਾਜ ਲੱਭੇ ਜਾਣੇ ਹਨ ਜਿਸ ਵਿਚ ਅੋਰਤਾਂ ਦੀ ਵੱਡੀ ਭਾਗੀਦਾਰੀ ਦੀ ਲੋੜ ਪਵੇਗੀ।
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861
email: gursharan1183@yahoo.in