ਮਨੁੱਖੀ ਹੋਂਦ ਦੀ ਜ਼ਾਮਨ ਜੈਵਿਕ ਵੰਨ-ਸਵੰਨਤਾ - ਵਿਜੈ ਬੰਬੇਲੀ
ਜੈਵਿਕ ਵੰਨ-ਸਵੰਨਤਾ ਧਰਤੀ ਉੱਤੇ ਜੀਵਨ ਦੇ ਆਧਾਰ ਦਾ ਵਿਗਿਆਨਕ ਸਰੋਤ ਹੈ। ਵੰਨ-ਸਵੰਨੇ ਪੌਦੇ ਅਤੇ ਜੀਵ ਸਾਨੂੰ ਬਹੁਪਰਤੀ ਜ਼ਰੂਰੀ ਸੇਵਾਵਾਂ ਅਤੇ ਸਾਵਾਂ ਜੀਵਨ ਮੁਹੱਈਆ ਕਰਦੇ ਹਨ। ਪੌਦਿਆਂ, ਜੀਵਾਂ, ਵਾਤਾਵਰਨ, ਕੁਦਰਤੀ ਸੋਮਿਆਂ ਅਤੇ ਮਨੁੱਖੀ ਗਤੀਵਿਧੀਆਂ ਦਾ ਪਰਸਪਰ ਸਬੰਧ ਹੈ। ਇਹੀ ਉਹ ਕੜੀ ਹੈ ਜਿਹੜੀ ਅਸੀਂ ਬੁੱਝ ਨਹੀਂ ਰਹੇ। ਸਿੱਟੇ ਵਜੋਂ ਪੌਦਿਆਂ ਅਤੇ ਜੀਵਾਂ ਦੀਆਂ ਅਨੇਕਾਂ ਕਿਸਮਾਂ ਲੁਪਤ ਹੋ ਗਈਆਂ ਹਨ ਜਾਂ ਹੋ ਰਹੀਆਂ ਹਨ। ਇਹ ਮਨੁੱਖ ਲਈ ਖ਼ਤਰੇ ਦੀ ਘੰਟੀ ਹੈ।
ਕੁਲ ਮਿਲਾ ਕੇ ਧਰਤੀ ’ਤੇ 15,36,663 ਕਿਸਮਾਂ ਦੇ ਪੌਦੇ ਅਤੇ ਜੀਵ ਹਨ : 2,87,655 ਕਿਸਮਾਂ ਦੇ ਪੌਦੇ ਅਤੇ 12,49,008 ਤਰ੍ਹਾਂ ਦੇ ਜੀਵ। ਇਨ੍ਹਾਂ ਵਿਚ ਮਨੁੱਖੀ ਨਸਲ ਵੀ ਸ਼ਾਮਿਲ ਹੈ। ਕੁਝ ਕੁ ਮਾਰੂਥਲੀ ਭਾਗਾਂ, ਬੰਜਰ ਚਟਾਨਾਂ ਜਾਂ ਫਿਰ ਉੱਚਤਮ ਪਰਬਤੀ ਸਿਖਰਾਂ ਛੱਡ ਕੇ ਬਾਕੀ ਸਭ ਥਾਂ ਇਹ ਕੁਦਰਤੀ ਭੰਡਾਰ ਮੌਜੂਦ ਹਨ। ਧਰਾਤਲੀ ਬਣਤਰ, ਜਲਵਾਯੂ, ਬਨਸਪਤੀ ਦੀ ਕਿਸਮ ਤੇ ਘਣਤਾ, ਜਲ ਸੋਮਿਆਂ ਦੀ ਮਿਕਦਾਰ ਤੇ ਡੂੰਘਾਈ ਅਤੇ ਮਿੱਟੀ ਦੀ ਕਿਸਮ ਤੇ ਕਿਸੇ ਖਿੱਤੇ ਦੀ ਕੁਦਰਤੀ ਬਨਸਪਤੀ ਵੀ ਜੀਵੀ ਮੰਡਲ ਉੱਪਰ ਪ੍ਰਭਾਵ ਪਾਉਂਦੇ ਹਨ। ਹਵਾ, ਨਮੀ, ਧੁੱਪ, ਮਿੱਟੀ ਅਤੇ ਪਾਣੀ ਤਕ ਸਾਰਾ ਤਾਣਾਬਾਣਾ ਪੌਦਿਆਂ-ਪ੍ਰਾਣੀਆਂ ਦੀਆਂ ਨਸਲਾਂ ਅਤੇ ਉਨ੍ਹਾਂ ਦੇ ਇਕ ਦੂਜੇ ਨਾਲ ਗੂੜ੍ਹੇ ਸਬੰਧਾਂ ਨਾਲ ਆਦਰਸ਼ਕ ਸੰਤੁਲਨ ਵਜੋਂ ਜੁੜਿਆ ਹੋਇਆ ਹੈ। ਮਨੁੱਖ ਨੇ ਇਹ ਸੰਤੁਲਨ ਵਿਗਾੜ ਦਿਤਾ ਹੈ। ਹੁਣ ਧਰਤੀ ਤੋਂ ਕੁੱਲ ਪੌਦ ਅਤੇ ਜੀਵ ਨਸਲਾਂ ਦੀ ਗਿਣਤੀ ਨੇ ਪਿਛਲਮੋੜਾ ਲੈ ਲਿਆ ਹੈ। ਮਨੁੱਖ ਦੀਆਂ ਅਚੇਤ-ਸੁਚੇਤ ਗਤੀਵਿਧੀਆਂ ਕਾਰਨ ਬਹੁਤ ਸਾਰੀਆਂ ਕਿਸਮਾਂ ਨਸ਼ਟ ਹੋ ਗਈਆਂ ਹਨ ਜਾਂ ਨਸ਼ਟ ਹੋਣ ਕੰਢੇ ਹਨ। ਇਸ ਵਿਚ ਭਾਵੇਂ ਵਾਤਾਵਰਨ ਹਾਲਾਤ ਅਤੇ ਕੁਦਰਤੀ ਘਟਨਾਕ੍ਰਮ ਵੀ ਅਹਿਮ ਰੋਲ ਨਿਭਾਉਂਦੇ ਹਨ ਪਰ ਮਨੁੱਖੀ ਆਪ-ਹੁਦਰੀਆਂ ਦੀ ਭੂਮਿਕਾ ਦਾ ਰੋਲ ਸਿਫ਼ਤੀ ਹੈ।
ਕੁਦਰਤੀ ਤੌਰ ’ਤੇ ਵਾਤਾਵਰਨ ਹਾਲਾਤ ਬਦਲਦੇ ਰਹਿੰਦੇ ਹਨ। ਕਦੀ ਇਹ ਤਬਦੀਲੀ ਸਹਿਜ ਚਾਲ ਆਉਂਦੀ ਹੈ ਅਤੇ ਜੀਵ-ਜੰਤੂ ਉਸੇ ਅਨੁਸਾਰ ਆਪਣੇ-ਆਪ ਨੂੰ ਢਾਲ ਲੈਂਦੇ ਹਨ। ਕਦੇ-ਕਦੰਤ ਇਹ ਤਬਦੀਲੀ ਬੜੀ ਤਿੱਖੀ ਤੇ ਚਾਣਚੱਕ ਹੁੰਦੀ ਹੈ ਜਿਹੜੀ ਜੀਵ ਜਗਤ ਲਈ ਬੜੀ ਹਾਨੀਕਾਰਕ ਸਿੱਧ ਹੁੰਦੀ ਹੈ। ਜਿਹੜੇ ਪੌਦੇ ਜਾਂ ਪ੍ਰਾਣੀ ਤਬਦੀਲੀਆਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ, ਉਹ ਤਾਂ ਬਚ ਜਾਂਦੇ ਹਨ, ਬਾਕੀ ਮਾਰੇ ਜਾਂਦੇ ਹਨ। ਉਂਜ ਮਨੁੱਖ ਨੇ ਜੈਵਿਕ ਵੰਨ-ਸਵੰਨਤਾ ਖਤਮ ਕਰਨ ਵਿਚ ਬੜਾ ਕੁਢਰ ਰੋਲ ਨਿਭਾਇਆ ਹੈ, ਸਿੱਧਾ ਅਤੇ ਅਸਿੱਧਾ, ਸਿੱਧੇ ਵਿਚ ਵਧਦੀ ਆਬਾਦੀ, ਜੰਗਲਾਂ ਦਾ ਉਜਾੜਾ, ‘ਅਧੁਨਿਕ’ ਖੇਤੀ, ਪਦਾਰਥਕ ‘ਸਹੂਲਤਾਂ’, ਧਨ-ਕੁਬੇਰੀ ਰੁਝਾਨ ਆਦਿ ਸ਼ਾਮਿਲ ਹਨ। ਅਸਿੱਧੇ ਵਿਚ ਪ੍ਰਦੂਸ਼ਤ ਵਾਤਾਵਰਨ, ਰੌਲਾ-ਰੱਪਾ, ਰਸਾਇਣਾਂ ਦੀ ਬੇਕਿਰਕ ਵਰਤੋਂ, ਕੁਦਰਤੀ ਸੋਮਿਆਂ ਦਾ ਅਚੇਤ-ਸੁਚੇਤ ਘਾਣ ਅਤੇ ‘ਹਰ ਵਸਤ ਮਨੁੱਖ ਲਈ’ ਵਾਲੀ ਧਾਰਨਾ।
ਇਵੇਂ ਹੀ ਜੈਵਿਕ ਵੰਨ-ਸਵੰਨਤਾ ਦੇ ਲਾਭਾਂ ਨੂੰ ਵੀ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਸਿੱਧੇ ਲਾਭ, ਭਾਵ, ਖਾਧ ਪਦਾਰਥ ਤੇ ਉਤਪਾਦਨੀ ਵਰਤੋਂ ਵਾਲੇ ਲਾਭ। ਅਸਿੱਧੇ ਲਾਭ, ਭਾਵ, ਖਾਧ ਪਦਾਰਥਾਂ ਵਜੋਂ ਤਾਂ ਅਯੋਗ ਪਰ ਭਵਿੱਖ ਲਈ ਲਾਹੇਵੰਦ। ਬਨਸਪਤੀ ਅਤੇ ਜੀਵਾਂ ਤੋਂ ਮਨੁੱਖੀ ਜੀਵਨ ਨੂੰ ਪ੍ਰਾਪਤ ਹੋਣ ਵਾਲੇ ਸਿੱਧੇ ਲਾਭਾਂ ਤੋਂ ਤਕਰੀਬਨ ਅਸੀਂ ਸਾਰੇ ਜਾਣੂ ਹਾਂ। ਬੋਹੜ ਦਾ ਰੁੱਖ ਇਕ ਦਿਨ ਵਿਚ 400 ਲਿਟਰ ਪਾਣੀ ਹਵਾ ਵਿਚ ਰਲਾ ਦਿੰਦਾ ਹੈ। ਜੰਗਲ ਦਾ ਇਕ ਵਰਗ ਕਿਲੋਮੀਟਰ ਰਕਬਾ 50,000 ਲਿਟਰ ਪਾਣੀ ਆਪਣੀਆਂ ਜੜ੍ਹਾਂ ਰਾਹੀਂ ਸਾਡੇ ਲਈ ਸੰਭਾਲ ਦਿੰਦਾ ਹੈ ਅਤੇ ਮਹਿਜ਼ ਇਕ ਹੈਕਟੇਅਰ ਰਕਬਾ ਵਾਯੂਮੰਡਲ ਦੀ 30 ਟਨ ਧੂੜ ਅਤੇ 3.7 ਮੀਟਰ ਟਨ ਕਾਰਬਨ ਡਾਇਆਕਸਾਈਡ ਸਮੇਟ ਸਕਦਾ ਹੈ, ਮੋੜਵੇ ਰੂਪ ਮਣਾਂ-ਮੂੰਹੀਂ ਆਕਸੀਜਨ ਦਿੰਦਾ ਹੈ। ਇਹੀ ਨਹੀਂ, 50 ਮੀਟਰ ਹਰੀ ਪੱਟੀ 20 ਤੋਂ 30 ਡੈਸੀਮਲ ਸ਼ੋਰ ਘਟਾ ਸਕਦੀ ਹੈ।
ਅਸਿੱਧੇ ਲਾਭਾਂ ਹਿੱਤ ਖੂਬਸੂਰਤ ਮਿਸਾਲ ਪਰਾਗਦਾਨੀਆਂ ਦੀ ਹੈ। ਪੌਦਿਆਂ ਦਾ ਜੀਵਨ-ਚੱਕਰ ਬਣੇ ਰਹਿਣ ਵਿਚ ਕੀਟਾਂ, ਤਿਤਲੀਆਂ, ਸ਼ਹਿਦ ਦੀਆਂ ਮੱਖੀਆਂ ਅਤੇ ਪੰਛੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ। ਧਰਤੀ ਉੱਤੇ ਲੱਗਭੱਗ 2,50,000 ਕਿਸਮ ਦੇ ਫੁੱਲਾਂ ਵਾਲੇ ਪੌਦੇ ਮੌਜੂਦ ਹਨ। ਇਨ੍ਹਾਂ ਵਿਚੋਂ 60 ਫੀਸਦੀ ਪੌਦੇ, ਪਰਾਗਦਾਨੀ ਜੀਵਾਂ ਦੀ ਮਦਦ ਨਾਲ ਫਲ ਅਤੇ ਬੀਜ ਪੈਦਾ ਕਰਦੇ ਹਨ। ਪਰਾਗਦਾਨੀਆਂ ਦੀ ਮਦਦ ਤੋਂ ਬਿਨਾਂ ਪੌਦਿਆਂ ਅੰਦਰ ਨਰ ਅਤੇ ਮਾਦਾ ਵੰਨਗੀਆਂ ਦਾ ਆਪਸੀ ਸੰਸੇਚਨ ਸੰਭਵ ਨਹੀਂ ਹੁੰਦਾ। ਕੌਮਾਂਤਰੀ ਕੁਦਰਤੀ ਸੁਰੱਖਿਆ ਸੰਸਥਾ ਮੁਤਾਬਿਕ, ਜੇ ਹੁਣ ਵਾਲੀ ਚਾਲ ਹੀ ਰਹੀ ਤਾਂ ਕੁਝ ਕੁ ਦਹਾਕਿਆਂ ’ਚ ਪਰਾਗਦਾਨੀਆਂ ਦੇ ਨਿਘਾਰ ਕਾਰਨ ਫੁੱਲਾਂ ਵਾਲੇ ਪੌਦਿਆਂ ਦੀਆਂ 20,000 ਵੰਨਗੀਆਂ ਖਤਮ ਹੋ ਜਾਣਗੀਆਂ।
ਜੀਵ ਵੰਨ-ਸਵੰਨਤਾ ਕ੍ਰਿਆਸ਼ੀਲ ਪ੍ਰਣਾਲੀ ਹੈ ਜਿਸ ਵਿਚ ਸਦਾ ਤਬਦੀਲੀ ਆਉਂਦੀ ਰਹਿੰਦੀ ਹੈ। ਲੱਖਾਂ ਸਾਲਾਂ ਦੀ ਉਥਲ-ਪੁਥਲ ਅਤੇ ਵਿਕਾਸ ਮਗਰੋਂ ਕੁਦਰਤ ਨੇ ਜੀਵਤ ਅਤੇ ਅਜੀਵਤ ਵਾਤਾਵਰਨ/ਹਾਲਾਤ ਵਿਚਕਾਰ ਹਾਂ-ਪੱਖੀ ਸੰਤੁਲਨ ਕਾਇਮ ਕੀਤਾ ਹੈ। ਇਸ ਸੰਤੁਲਨ ਵਿਚ ਆਈ ਰਤਾ ਜਿੰਨੀ ਤਬਦੀਲੀ ਵੀ ਕਿਸੇ ਨਸਲ ਲਈ ਖ਼ਤਰਾ ਬਣ ਜਾਂਦੀ ਹੈ। ਮਾਹਿਰਾਂ ਅਨੁਸਾਰ, ਹਰ ਵੰਨਗੀ ਇਕ ਖਾਸ ਅਰਸੇ ਤਕ ਧਰਤੀ ਉੱਤੇ ਜਿਊਂਦੀ ਹੈ, ਫਿਰ ਸਮਾਂ ਪਾ ਕੇ ਖ਼ਤਮ ਹੋ ਜਾਂਦੀ ਹੈ ਤੇ ਨਵੀਂ ਪੈਦਾ ਹੋ ਜਾਂਦੀ ਹੈ। ਅਤੀਤ ਵਿਚ ਇਹ ਸਭ ਲੁਪਤ ਹੋਣ ਦੀ ਦਰ ਬੜੀ ਧੀਮੀ ਸੀ, ਹੁਣ ਜਿਸ ਤੇਜ਼ੀ ਨਾਲ ਜੀਵ ਤੇ ਪੌਦ ਵੰਨਗੀਆਂ ਸਦਾ ਲਈ ਲੁਪਤ ਹੋ ਰਹੀਆਂ ਹਨ, ਚਿੰਤਾ ਦਾ ਵਿਸ਼ਾ ਹੈ।
ਪ੍ਰਾਚੀਨ ਸਮਿਆਂ ਵਿਚ ਕੁਦਰਤੀ ਵਿਕਾਸ ਦੌਰਾਨ ਜੀਵ ਵੰਨਗੀਆਂ ਦੇ ਖ਼ਤਮ ਹੋਣ ਦੀ ਦਰ 60-70 ਸਾਲਾਂ ਦੌਰਾਨ ਸਿਰਫ ਇਕ ਵੰਨਗੀ ਦਾ ਖ਼ਾਤਮਾ ਹੀ ਸੀ। ਦੁਧਾਰੂ ਜੀਵਾਂ ਦੀ ਇਕ ਵੰਨਗੀ ਤਾਂ ਕਰੀਬ 400 ਸਾਲਾਂ ਦੇ ਅਰਸੇ ਬਾਅਦ ਹੀ ਖ਼ਤਮ ਹੁੰਦੀ ਨੋਟ ਹੋਈ ਅਤੇ ਪੰਛੀਆਂ ਦੀ 200 ਸਾਲਾਂ ਪਿਛੋਂ। ਮਨੁੱਖੀ ਆਪ-ਹੁਦਰੀਆਂ ਕਾਰਨ ਹੁਣ ਹਾਲਾਤ ਚਿੰਤਾਜਨਕ ਹਨ। ਸੰਨ 1600 ਤੋਂ 1900 ਦੌਰਾਨ ਹਰ ਚਾਰ ਸਾਲਾਂ ਵਿਚ ਇਕ ਜੀਵ ਵੰਨਗੀ ਨਸ਼ਟ ਹੋਣ ਲੱਗੀ ਅਤੇ 1900 ਮਗਰੋਂ ਤਾਂ ਹਰ ਸਾਲ ਇਕ। ਹੁਣ ਰੋਜ਼ਾਨਾ ਇਕ ਜੀਵ ਜਾਂ ਪੌਦ ਨਸਲ ਖ਼ਤਮ ਹੋਣ ਦਾ ਅਨੁਮਾਨ ਹੈ। ਜੇ ਇਹੀ ਦਰ ਰਹੀ ਤਾਂ 2050 ਤੱਕ ਪ੍ਰਤੀ ਦਿਨ 100 ਵੰਨਗੀਆਂ ਦੇ ਜੀਵ ਜਾਂ ਪੌਦੇ ਸਦਾ ਲਈ ਲੁਪਤ ਹੋ ਰਹੇ ਹੋਣਗੇ।
ਕੁੱਲੀ, ਗੁੱਲੀ ਅਤੇ ਜੁਲੀ ਮੁਹੱਈਆ ਕਰਵਾਉਣ ਤੋਂ ਬਿਨਾਂ ਪੌਦੇ ਅਤੇ ਜੀਵ ਸਾਨੂੰ ਰੁਜ਼ਗਾਰ, ਸੁੱਖ-ਸਹੂਲਤਾਂ ਅਤੇ ਸ਼ਾਂਤੀ ਵੀ ਬਖਸ਼ਦੇ ਹਨ। ਧਰਤੀ ਦੀ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਇਹ ਵਾਤਾਵਰਨ ਨੂੰ ਸੁਖਾਵਾਂ ਬਣਾਉਣ ਵਿਚ ਖਾਸ ਯੋਗਦਾਨ ਪਾਉਂਦੇ ਹਨ। ਜਿਨ੍ਹਾਂ ਕਾਰਨਾਂ ਤੇ ਕਾਰਕਾਂ ਕਰਕੇ ਜੈਵਿਕ ਵੰਨ-ਸਵੰਨਤਾ ਖ਼ਤਰੇ ਵਿਚ ਹੈ, ਉਨ੍ਹਾਂ ਵਿਚੋਂ ਬਹੁਤੇਰੇ ਉਹ ਹਨ ਜਿਹੜੇ ਮਨੁੱਖ ਨੇ ਖੁਦ ਸਿਰਜੇ ਹਨ। ਇਸ ਲਈ ਹੁਣ ਸਾਨੂੰ ਕੁਦਰਤ ਪ੍ਰੇਮੀ ਅਤੇ ਸਰਬੱਤ ਦੇ ਭਲੇ ਵਾਲੇ ਨਿਜ਼ਾਮ ਦੀ ਲੋੜ ਹੈ। ਸਭਿਅਤਾ ਦੇ ਜਿਸ ਵਰਤਮਾਨ ਪੜਾਅ ਵਿਚੋਂ ਮਨੁੱਖ ਜਾਤੀ ਲੰਘ ਰਹੀ ਹੈ, ਉਸ ਵਿਚ ਕੁਦਰਤ ਨਾਲ ਮਨੁੱਖੀ ਰਿਸ਼ਤੇ ਦੇ ਮੁੜ ਮੁਲਾਂਕਣ ਦੀ ਲੋੜ ਹੈ। ਸਾਡੀਆਂ ਸਮਾਜਿਕ ਆਰਥਿਕ ਚਿੰਤਾਵਾਂ ਵਿਚ ਜਿਹੜਾ ਵਾਧਾ ਹੋ ਰਿਹਾ ਹੈ, ਉਸ ਦਾ ਮੂਲ ਆਧਾਰ ਕੁਦਰਤ ਦਾ ਉਜਾੜਾ ਵੀ ਹੈ। ਸ਼ਾਇਦ ਸਾਨੂੰ ਨਹੀਂ ਪਤਾ ਕਿ ਇਕ ਵੰਨਗੀ ਦੇ ਪੌਦ ਜਾਂ ਜੀਵ ਖ਼ਤਮ ਹੋਣ ’ਤੇ ਉਸ ਉੱਤੇ ਨਿਰਭਰ 10 ਤੋਂ 20 ਵੰਨਗੀਆਂ ਦੇ ਜੀਵਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਮਨੁੱਖੀ ਹੋਛਾਪਣ ਇਹੀ ਰਿਹਾ ਤਾਂ ਬੰਦੇ ਦੀ ਸਲਾਮਤੀ ਦੀ ਵੀ ਕੀ ਗਰੰਟੀ ਹੈ ?
ਸੰਪਰਕ : 94634-39075