ਹੁਣ - ਕੇਹਰ ਸ਼ਰੀਫ਼
ਹੁਣ -
ਬਨੇਰੇ 'ਤੇ ਅੱਵਲ ਤਾਂ ਕਾਂ ਬੋਲਦਾ ਹੀ ਨਹੀਂ
ਭੁੱਲ-ਭੁਲੇਖੇ ਜੇ ਕਦੇ ਬੋਲੇ ਵੀ
ਤਾਂ ਇਹ ਜਰੂਰੀ ਨਹੀਂ ਕਿ ਕੋਈ
ਭਾਗਾਂ ਭਰਿਆ ਸੱਜਣ ਹੀ ਆਵੇ
ਥੱਕ-ਹਾਰ ਕੇ, ਰੁਜ਼ਗਾਰ ਦਫਤਰੋਂ
ਡਿਗਰੀਆਂ ਦਾ ਦਰਦਮਈ ਬੋਝ ਚੁੱਕੀ
ਬੇਰੁਜ਼ਗਾਰ ਪੁੱਤਰ ਵੀ ਘਰ ਮੁੜਦਾ ਹੈ।
ਸਮਾਂ ਬਹੁਤ ਜ਼ਾਲਮ ਹੋ ਗਿਆ ਹੈ
ਤਿੱਖੀਆਂ ਸੂਲ਼ਾਂ ਵਰਗਾ, ਨਿਰਦਈ
ਤੇ ਅਸਲੋਂ ਅਵਾਰਾ ਹੋਈ ਸਿਆਸਤ
ਡੈਣ ਬਣ ਗਈ ਹੈ, ਬੱਚੇ ਖਾਣੀ ਡੈਣ।
ਨਿੱਤ ਹੀ ਬੇਦਰਦੀ ਨਾਲ ਖਾ ਰਹੀ ਹੈ
ਨਵੀਂ ਪੀੜੀ ਦੇ ਸੁਹਜ ਭਰੇ, ਰੰਗੀਨ ਸੁਪਨੇ
ਉਗਲ਼ ਰਹੀ ਹੈ - ਅੰਨ੍ਹੀ ਬੇਰੁਜ਼ਗਾਰੀ
ਪਰ, ਸਿਆਸੀ ਰਾਸਧਾਰੀਆਂ ਨੇ
ਭਗਤ ਸਿੰਘ ਤੇ ਪਤਾ ਨਹੀਂ ਕਿਸ ਕਿਸ ਦਾ
ਸਾਂਗ ਬਣਾ ਲਿਆ ਹੈ, ਚਤਰਾਈ ਨਾਲ
ਐਵੇਂ ਹੀ ਆਪਣਾ ਚਿੱਤ ਪ੍ਰਚਾਉਣ ਲਈ
ਲੋਕਾਈ ਦੇ ਅੱਖੀਂ ਘੱਟਾ ਪਾਉਣ ਲਈ
ਭਗਤ ਸਿੰਘ ਦੀ ਸੋਚ ਨੂੰ ਚਿੜਾਉਣ ਲਈ ।
ਸੌੜੀ, ਲੋਭੀ ਸਿਆਸਤ ਦੇ ਪਸਾਰ ਲਈ
ਸ਼ਹੀਦ ਭਗਤ ਸਿੰਘ ਦਾ ਨਾਂ ਵਰਤਣਾ
ਬੌਣੀ ਸੋਚ ਤੇ ਅਤਿ ਘਿਨਾਉਣਾ ਕਰਮ ਹੈ
ਸੱਚੇ-ਸੁੱਚੇ ਸੰਗਰਾਮ ਨੂੰ ਦਾਗੀ ਕਰਨਾ ਵੀ,
ਪਰਾਏ ਹਾਸਲਾਂ ਦਾ ਮੁੱਲ ਵੱਟਣ ਵਾਲਿਓ
ਬੇਗਰਜ ਕੁਰਬਾਨੀਆਂ ਦਾ ਇਤਿਹਾਸ
ਸ਼ਾਨਾਮੱਤਾ ਹੀ ਰਹਿਣ ਦਿਓ,"ਮਿਹਰਬਾਨੋਂ"
ਆਪਣਾ ਬੌਨਾ "ਕੱਦ" ਵਾਧਾਉਣ ਖਾਤਰ
ਇਨਕਲਾਬੀ ਵਿਰਸੇ ਨੂੰ ਲੀਕ ਨਾ ਲਾਉ।
ਭਗਤ ਸਿੰਘ ਦਾ ਇਨਕਲਾਬ ਤਾਂ
ਹੇਠਲੀ ਉੱਤੇ ਕਰਨ ਵਾਲਾ ਕਰਮ ਹੈ
ਗਰੀਬ-ਗੁਰਬੇ ਤੇ ਮਿਹਨਤਕਸ਼ ਵਾਸਤੇ
ਮਿਹਨਤ ਦਾ ਜਾਇਜ਼ ਮੁੱਲ ਲੈਣਾ ਹੈ
ਇੱਜਤ, ਅਣਖ, ਆਜ਼ਾਦੀ ਨਾਲ ਜੀਊਣਾ ਹੈ
ਭਗਤ ਸਿੰਘ – ਬਹੁਤ ਸੋਚ, ਸਮਝ ਕੇ
ਇਨਕਲਾਬ-ਜ਼ਿੰਦਾਬਾਦ ਹੀ ਨਹੀਂ ਸੀ ਕਹਿੰਦਾ
ਸਾਮਰਾਜ - ਮੁਰਦਾਬਾਦ ਵੀ ਕਹਿੰਦਾ ਸੀ
ਲੁੱਟ ਦਾ ਖਾਤਮਾ, ਬਰਾਬਰੀ ਦਾ ਸਮਾਜ
ਇਨਸਾਨ ਨੂੰ ਇਨਸਾਨ ਹੀ ਸਮਝਣਾ
ਇਹੀ ਚਾਹੁੰਦਾ ਸੀ ਸੂਰਬੀਰ ਭਗਤ ਸਿੰਘ ।
ਨਿੱਘਰੀ ਸਿਆਸਤ ਦਾ ਚਲਣ ਅਜੀਬ ਹੈ
ਹੁਣ ਤਾਂ ਗੱਦੀ 'ਤੇ ਬਹਿਣ ਦੀ ਦੇਰ -
ਕਿ ਬਾਹਰਲੀਆਂ ਵੱਡੀਆਂ ਕੰਪਨੀਆਂ ਨੂੰ
ਉੱਚੀ ਉੱਚੀ ਵਾਜਾਂ ਮਾਰੀਆਂ ਜਾਂਦੀਆ ਹਨ
ਬਹੁਕੌਮੀਉਂ ! ਆਉ, ਸਾਡੇ ਵਿਹੜੇ ਪੈਰ ਪਾਉ
ਅਸੀਂ ਤੁਹਾਡੇ ਵਾਸਤੇ "ਸ਼ਗਨਾਂ" ਦਾ ਤੇਲ ਚੋਈਏ
ਆਉ ਤੇ, ਸਾਨੂੰ ਲੁੱਟਣ ਦਾ "ਕਸ਼ਟ" ਸਹਾਰੋ
ਅਸੀਂ ਤੁਹਾਡੇ ਭਾਈਵਾਲ ਤੇ ਖ਼ੈਰ-ਖੁਆਹ
ਇਸ ਤਰ੍ਹਾਂ ਆਪਣੀ ਧੁਆਂਖੀ ਸੋਚ ਨਾਲ
ਤੁਸੀਂ ਭਗਤ ਸਿੰਘ ਨੂੰ ਹੀਣਾ, ਨਾ ਕਰੋ
ਸੂਰਜ 'ਤੇ ਥੁੱਕਣ ਦਾ ਬੇਸ਼ਰਮ ਜਤਨ
ਕਦੇ ਵੀ ਕਾਮਯਾਬ ਨਹੀਂ ਹੋ ਸਕਣਾ ।
ਪਰ, ਸੁਣੋ - "ਲੋਕਤੰਤਰੀ ਰਹਿਬਰੋ", ਸੁਣੋਂ
ਲੁਟੇਰਿਆਂ ਦੀ ਦਲਾਲੀ ਕਰਨ ਵਾਲਿਉ
ਇਹ ਹੋਣਾ ਕਦਾਚਿਤ ਸੰਭਵ ਨਹੀਂ
ਉਹ ਭਾਵੇਂ ਥੋੜ੍ਹੇ ਹੀ ਸਹੀ --
ਭਗਤ ਸਿੰਘ ਦੇ ਵਾਰਿਸ ਅਜੇ ਜੀਊਂਦੇ ਹਨ
ਉਹ ਲੜਨਗੇ, ਆਪਣੇ ਹੱਕਾਂ ਲਈ
ਉਹ ਹਰ ਹਾਲ, ਹਰ ਸੂਰਤ ਭਿੜਨਗੇ
ਜਬਰ, ਜ਼ੁਲਮ ਦੀ ਕਾਲ਼ੀ ਹਨੇਰੀ ਨਾਲ
ਜਿੱਤਣ ਜਾਂ ਨਾਂ ਜਿੱਤਣ, ਪਤਾ ਨਹੀਂ
ਉਹ ਸਾਹਸੀ ਨੇ - ਸਿਰੜੀ ਨੇ, ਸਿਦਕੀ ਨੇ
ਹਾਰ ਨਹੀਂ ਮੰਨਣ ਲੱਗੇ - ਇਹ ਪੱਕਾ ਪਤਾ ਹੈ,
ਇਸ ਦਾ ਅਟੁੱਟ ਵਿਸ਼ਵਾਸ ਹੈ ।
ਭਗਤ ਸਿੰਘ ਦਾ ਸੁਪਨਾ, ਹਮੇਸ਼ਾ ਹੀ
ਸੰਘਰਸ਼ ਦੀ ਪ੍ਰੇਰਨਾ ਬਣਿਆਂ ਰਹੇਗਾ
ਜਾਗਦਾ ਰਹੇਗਾ, ਜਗਾਉਂਦਾ ਰਹੇਗਾ
ਭਗਤ ਸਿੰਘ ਸੰਘਰਸ਼ 'ਚ ਹਮੇਸ਼ਾ ਕਹਿੰਦਾ ਰਹੇਗਾ
ਇਨਕਲਾਬ -ਜ਼ਿੰਦਾਬਾਦ, ਸਾਮਰਾਜ -ਮੁਰਦਾਬਾਦ ।