ਯਾਦਾਂ ਦੇ ਰੂਬਰੂ - ਗੁਰਬਚਨ ਜਗਤ

ਫਰਵਰੀ 1997 ਦੇ ਦਿਨਾਂ ਦੀ ਗੱਲ ਹੈ ਜਦੋਂ ਜੰਮੂ ਕਸ਼ਮੀਰ ਪੁਲੀਸ ਦੇ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲਣ ਤੋਂ ਕੁਝ ਦਿਨਾਂ ਬਾਅਦ ਅਸੀਂ ਹਾਲਾਤ ਦਾ ਜਾਇਜ਼ਾ ਲੈਣ ਲਈ ਜੰਮੂ ਤੋਂ ਕਸ਼ਮੀਰ ਲਈ ਉਡਾਣ ਭਰੀ (ਸਰਦੀਆਂ ਕਰਕੇ ਸੂਬਾਈ ਸਰਕਾਰ ਦਾ ਮੁੱਖ ਦਫ਼ਤਰ ਜੰਮੂ ਤੋਂ ਚੱਲ ਰਿਹਾ ਸੀ)। ਮੈਂ ਮੌਕੇ ਦਾ ਲਾਹਾ ਲੈਂਦਿਆਂ ਸ੍ਰੀਨਗਰ ਵਿਚ ਹਜ਼ਰਤਬਲ ਦਰਗਾਹ ਅਤੇ ਗੁਰਦੁਆਰਾ ਛਠੀ ਪਾਤਸ਼ਾਹੀ ਵਿਖੇ ਮੱਥਾ ਟੇਕਿਆ। ਅਸੀਂ ਸੂਬਾਈ ਸਰਕਾਰ ਦੇ ਹੈਲੀਕਾਪਟਰ (ਚਾਰ ਸੀਟਾਂ ਤੇ ਇਕਹਿਰੇ ਇੰਜਣ ਵਾਲੇ) ਵਿਚ ਸਵਾਰ ਹੋਏ ਜਿਸ ਦੇ ਪਾਇਲਟ ਸਰਦਾਰ ਜੇ.ਐੱਸ. ਕਾਹਲੋਂ ਸਨ ਜੋ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਮੁਖੀ ਵੀ ਸਨ। ਜੰਮੂ ਪਰਤਦਿਆਂ ਜਦੋਂ ਅਸੀਂ ਪੀਰ ਪੰਜਾਲ ਰੇਂਜ ਉੱਤੋਂ ਲੰਘ ਰਹੇ ਸਾਂ ਤਾਂ ਮੈਂ ਨੋਟ ਕੀਤਾ ਕਿ ਸਾਡਾ ਹੈਲੀਕਾਪਟਰ ਪਹਾੜੀ ਢਲਾਣ ਵੱਲ ਬਣੀਆਂ ਕੁਝ ਇਮਾਰਤਾਂ ਵੱਲ ਝੁਕ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮੈਂ ਇਸ ਮੋੜੇ ਬਾਰੇ ਕੁਝ ਜਾਣ ਪਾਉਂਦਾ ਹੈਲੀਕਾਪਟਰ ਇਕ ਛੋਟੀ ਜਿਹੀ ਛੱਤ ’ਤੇ ਆਣ ਉਤਰਿਆ। ਕਾਹਲੋਂ ਨੇ ਆਖਿਆ ਕਿ ਜਲਦੀ ਜਲਦੀ ਉੱਤਰ ਕੇ ਅਸੀਂ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨ ਕਰ ਲਈਏ। ਹੈਲੀਕਾਪਟਰ ਗੁਫ਼ਾ ਦੇ ਐਨ ਸਾਹਮਣੇ ਉੱਤਰਿਆ ਸੀ ਅਤੇ ਇੰਜਣ ਚਲਦਾ ਛੱਡ ਦਿੱਤਾ ਗਿਆ ਸੀ। ਅਸੀਂ ਦੋਵਾਂ ਨੇ ਮੰਦਰ ਵਿਚ ਮੱਥਾ ਟੇਕਿਆ ਤੇ ਜੰਮੂ ਲਈ ਵਾਪਸ ਚੱਲ ਪਏ। ਮੈਂ ਕਾਹਲੋਂ ਦੀ ਇਸ ਦੀਦਾ ਦਲੇਰੀ ਤੇ ਨੇਮ ਤੋੜਨ ਦੀ ਕਾਰਵਾਈ ਤੋਂ ਦੰਗ ਰਹਿ ਗਿਆ ਪਰ ਉਸ ਦਾ ਕਹਿਣਾ ਸੀ ਕਿ ਮੇਰੇ ਕਾਰਜਕਾਲ ਦੀ ਸਫ਼ਲਤਾ ਲਈ ਇਹ ਜ਼ਰੂਰੀ ਸੀ। (ਬਾਅਦ ਵਿਚ ਮੰਦਰ ਦੇ ਅਧਿਕਾਰੀਆਂ ਨੇ ਗੁਫ਼ਾ ਦੇ ਸਾਹਮਣੇ ਇਕ ਵੱਡਾ ਪੱਥਰ ਰਖਵਾ ਦਿੱਤਾ ਸੀ ਤਾਂ ਕਿ ਮੁੜ ਕੋਈ ਅਜਿਹਾ ਕੰਮ ਕਰਨ ਦਾ ਹੌਸਲਾ ਨਾ ਕਰੇ)। ਉਸ ਸ਼ਖ਼ਸ ਨਾਲ ਮੇਰੀ ਜਾਣ ਪਛਾਣ ਇੰਝ ਹੋਈ ਸੀ ਜਿਸ ਨੂੰ ਹਵਾਈ ਸੈਨਾ ਵਿਚਲੇ ਉਸ ਦੇ ਸਾਥੀ ਤੇ ਹਵਾਬਾਜ਼ - ਕਿੰਗ ਕਾਹਲੋਂ ਦੇ ਨਾਂ ਨਾਲ ਜਾਣਦੇ ਸਨ।
        ਜਦੋਂ ਵੀ ਮੈਂ ਕਦੇ ਉਸ ਨਾਲ ਉਡਾਣ ਭਰੀ ਤਾਂ ਇਸ ਦਾ ਵੱਖਰਾ ਹੀ ਅਨੁਭਵ ਹੁੰਦਾ ਸੀ ਤੇ ਪਤਾ ਚਲਦਾ ਸੀ ਕਿ ਲੋਕੀਂ ਉਸ ਨੂੰ ਕਿਉਂ ਕਿੰਗ ਕਾਹਲੋਂ ਕਹਿੰਦੇ ਸੀ। ਆਮ ਤੌਰ ’ਤੇ ਪੀਰ ਪੰਜਾਲ ਉਪਰੋਂ ਉਡਦਿਆਂ ਸੰਘਣੇ ਬੱਦਲਾਂ ਦੀ ਪਰਤ ਛਾਈ ਰਹਿੰਦੀ ਹੈ ਤੇ ਕਈ ਵਾਰ ਮੈਂ ਆਖਣਾ ਕਿ ਬੇਸ ’ਤੇ ਵਾਪਸ ਮੁੜ ਚੱਲੀਏ ਪਰ ਉਹ ਚੱਕਰ ’ਤੇ ਚੱਕਰ ਕੱਟਦਾ ਰਹਿੰਦਾ ਤੇ ਕੋਈ ਮਾਮੂਲੀ ਜਿਹਾ ਰਾਹ ਲੱਭ ਕੇ ਉਸ ਵੱਲ ਸਿੱਧਾ ਹੋ ਲੈਂਦਾ ਤਾਂ ਮੇਰੇ ਸਾਹ ਵਿਚ ਸਾਹ ਆਉਂਦਾ। ਕਈ ਵਾਰ ਅਸੀਂ ਕਾਰਗਿਲ ਤੇ ਲੱਦਾਖ ਜਾਣਾ ਹੁੰਦਾ ਤਾਂ ਆਕਸੀਜਨ ਸਿਲੰਡਰ ਨਾਲ ਲਿਜਾਣੇ। 8000 ਫੁੱਟ ਦੀ ਉਚਾਈ ’ਤੇ ਇਨ੍ਹਾਂ ਦੀ ਵਰਤੋਂ ਕਰਨੀ ਜ਼ਰੂਰੀ ਹੁੰਦੀ ਸੀ ਪਰ ਕਾਹਲੋਂ ਦੇ ਹੁੰਦਿਆਂ ਘੱਟ ਹੀ ਸਿਲੰਡਰ ਨਜ਼ਰ ਆਉਂਦੇ ਅਤੇ ਅਕਸਰ ਅਸੀਂ 8000 ਹਜ਼ਾਰ ਫੁੱਟ ਦੀ ਉਚਾਈ ’ਤੇ ਜ਼ਾਂਕਸਾਰ ਦੱਰਾ ਪਾਰ ਕਰਦੇ ਸਾਂ। ਦੱਰੇ ਦੀ ਚੋਟੀ ਨੇੜੇ ਜਾ ਕੇ ਹਵਾ ਦੇ ਰੁਖ਼ ਦੀ ਸਮੱਸਿਆ ਬਣ ਜਾਂਦੀ ਸੀ ਤੇ ਇਹ ਦੁਪਹਿਰ ਤੋਂ ਪਹਿਲਾਂ ਪਾਰ ਕਰਨਾ ਹੁੰਦਾ ਸੀ। ਇਕ ਵਾਰ ਅਸੀਂ ਲੇਟ ਹੋ ਗਏ ਅਤੇ ਆਮ ਵਾਂਗ ਮੈਂ ਉਸ ਨੂੰ ਵਾਪਸ ਚੱਲਣ ਦੀ ਬੇਨਤੀ ਕੀਤੀ ਪਰ ਉਸ ਨੇ ਚੜ੍ਹਾਈ ਉਦੋਂ ਤੱਕ ਜਾਰੀ ਰੱਖੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਹਵਾ ਦੇ ਸਿੱਧੇ ਦਬਾਅ ਕਰਕੇ ਹੈਲੀਕਾਪਟਰ ਬੰਦ ਹੋ ਗਿਆ। ਮੈਂ ਉਸ ਵੱਲ ਦੇਖਿਆ ਕਿ ਉਸ ਦਾ ਪੂਰਾ ਧਿਆਨ ਕੰਟਰੋਲ ਪਾਉਣ ’ਤੇ ਲੱਗਿਆ ਹੋਇਆ ਸੀ ਤੇ ਉਸ ਨੇ ਹਲਕਾ ਜਿਹਾ ਮੋੜ ਲੈ ਕੇ ਤੁਰੰਤ ਹੈਲੀਕਾਪਟਰ ਨੂੰ ਇੰਜ ਉਡਾ ਦਿੱਤਾ ਜਿਵੇਂ ਚਾਰੇ ਪੈਰ ਚੁੱਕ ਕੇ ਘੋੜਾ ਛਾਲ ਮਾਰਦਾ ਹੈ ਤੇ ਥੋੜ੍ਹੀ ਦੇਰ ’ਚ ਹੀ ਅਸੀਂ ਦੱਰੇ ਤੋਂ ਪਾਰ ਸਾਂ। ਇਹ ਸੀ ਕਾਹਲੋਂ - ਜ਼ਹੀਨ ਤੇ ਹੋਣਹਾਰ ਪਾਇਲਟ ਜੋ ਬੰਦੇ ਤੇ ਮਸ਼ੀਨ ਨੂੰ ਆਖ਼ਰੀ ਹੱਦ ਤੱਕ ਪਰਖਦਾ ਰਹਿੰਦਾ ਸੀ।
       ਕਿੰਗ ਕਾਹਲੋਂ ਨਾਲ ਉਡਾਣ ਭਰਦਿਆਂ ਕਦੇ ਬੋਰੀਅਤ ਨਹੀਂ ਹੋਈ ਤੇ ਤੁਸੀਂ ਹਰ ਵੇਲੇ ਸੀਟ ਦੀ ਕਿਨਾਰੀ ’ਤੇ ਹੀ ਰਹਿੰਦੇ ਸਓ। ਉਹ ਪਹਾੜੀ ਇਲਾਕੇ ਦਾ ਪਾਰਖੂ ਸੀ ਅਤੇ ਕੋਈ ਨਿੱਕੀ ਜਿਹੀ ਹਰਕਤ ਵੀ ਉਸ ਦੀ ਅੱਖ ਤੋਂ ਬਚ ਕੇ ਨਹੀਂ ਲੰਘ ਸਕਦੀ ਸੀ। ਇਕ ਦਿਨ ਪਹਾੜਾਂ ਉੱਤੋਂ ਦੀ ਉਡਾਣ ਭਰਦਿਆਂ ਨਿਵਾਣ ਰੁਖ਼ ਲੈਂਦਿਆਂ ਤਿੰਨ ਚਾਰ ਜਣਿਆਂ ਦੇ ਇਕ ਗਰੁੱਪ ਵੱਲ ਇਸ਼ਾਰਾ ਕੀਤਾ ਤੇ ਮੈਨੂੰ ਯਕੀਨ ਦਿਵਾਇਆ ਕਿ ਇਹ ਅਤਿਵਾਦੀ ਹਨ। ਅਸੀਂ ਸੂਚਨਾ ਦੇ ਦਿੱਤੀ ਪਰ ਇਸ ਇਲਾਕੇ ਤੱਕ ਅੱਪੜਨਾ ਬਹੁਤ ਮੁਸ਼ਕਲ ਸੀ। ਮੇਰੇ ਜੰਮੂ ਕਸ਼ਮੀਰ ਜਾਣ ਤੋਂ ਪਹਿਲਾਂ ਵੀ ਉਸ ਦੀ ਮੁਸਤੈਦੀ ਸਦਕਾ ਇਕ ਬਚਾਓ ਮਿਸ਼ਨ ਨੂੰ ਸਿਰੇ ਚਾੜ੍ਹਨ ਵਿਚ ਮਦਦ ਮਿਲੀ ਸੀ। ਪਹਿਲਗਾਮ ਨੇੜੇ ਅਤਿਵਾਦੀਆਂ ਨੇ ਕੁਝ ਵਿਦੇਸ਼ੀ ਸੈਲਾਨੀਆਂ ਨੂੰ ਅਗਵਾ ਕਰ ਲਿਆ ਸੀ। ਇਸ ਨੂੰ ਲੈ ਕੇ ਕੌਮੀ ਪੱਧਰ ’ਤੇ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਤੇ ਸੁਰੱਖਿਆ ਦਸਤਿਆਂ ਵੱਲੋਂ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਪਰ ਕੋਈ ਸਫ਼ਲਤਾ ਹੱਥ ਨਾ ਲੱਗ ਸਕੀ। ਕਿੰਗ ਕਾਹਲੋਂ ਇਕ ਰੁਟੀਨ ਉਡਾਣ ਭਰ ਰਿਹਾ ਸੀ ਜਦੋਂ ਉਸ ਨੇ ਇਕ ਪਹਾੜੀ ਚੋਟੀ ’ਤੇ ਇਕ ਵਿਅਕਤੀ ਨੂੰ ਹੱਥ ਲਹਿਰਾਉਂਦੇ ਹੋਏ ਦੇਖਿਆ। ਉਸ ਨੇ ਹੈਲੀਕਾਪਟਰ ਨੇੜੇ ਲਿਆ ਕੇ ਦੇਖਿਆ ਕਿ ਇਹ ਕੋਈ ਵਿਦੇਸ਼ੀ ਵਿਅਕਤੀ ਸੀ ਅਤੇ ਉਸ ਨੇ ਇਕ ਛੋਟੀ ਜਿਹੀ ਜਗ੍ਹਾ ਦੇਖੀ ਜਿੱਥੇ ਹੈਲੀਕਾਪਟਰ ਉਤਾਰਿਆ ਜਾ ਸਕੇ। ਇਹ ਬਹੁਤ ਔਖਾ ਕੰਮ ਸੀ ਪਰ ਉਸ ਨੇ ਕਰ ਦਿਖਾਇਆ। ਇਸ ਤਰ੍ਹਾਂ ਉਸ ਦੀ ਉਡਣ ਯੋਗਤਾ ਤੇ ਬਾਰੀਕ ਨਜ਼ਰ ਸਦਕਾ ਉਸ ਬੰਦੇ ਨੂੰ ਆਸਾਨੀ ਨਾਲ ਬਚਾ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਲੈਫਟੀਨੈਂਟ ਜਨਰਲ ਸਕਲਾਨੀ (ਜੰਮੂ ਕਸ਼ਮੀਰ ਸਰਕਾਰ ਦੇ ਉਸ ਵੇਲੇ ਦੇ ਸਲਾਹਕਾਰ) ਹੈਲੀਕਾਪਟਰ ਵਿਚ ਸਵਾਰ ਸਨ। ਇਹ ਇਕ ਖ਼ਤਰਨਾਕ ਮਿਸ਼ਨ ਸੀ ਜਿਸ ਵਿਚ ਹੌਸਲੇ ਤੇ ਹੁਨਰਮੰਦੀ ਦਾ ਵੀ ਹੱਥ ਸੀ ਜਿਸ ਲਈ ਉਹ ਦੋਵੇਂ ਸ਼ਾਬਾਸ਼ ਦੇ ਹੱਕਦਾਰ ਸਨ ਪਰ ਜਹਾਜ਼ ਤਾਂ ਕਿੰਗ ਕਾਹਲੋਂ ਹੀ ਉਡਾ ਰਿਹਾ ਸੀ। ਉਸ ਨੂੰ ਹਵਾਈ ਫ਼ੌਜ ਵਿਚ ਨੌਕਰੀ ਦੌਰਾਨ ਦਲੇਰੀ ਵਾਲੇ ਇਕ ਮਿਸ਼ਨ ਲਈ ਸ਼ੌਰਯ ਚੱਕਰ ਦਿੱਤਾ ਗਿਆ ਸੀ।
       ਕਈ ਹੋਰਨਾਂ ਮੌਕਿਆਂ ’ਤੇ ਵੀ ਉਸ ਨੇ ਮੌਤ ਨਾਲ ਲੁਕਣਮੀਟੀ ਖੇਡੀ ਸੀ। ਇਕ ਵਾਰ ਡੱਲ ਝੀਲ ਤੋਂ ਉਡਦਿਆਂ ਉਸ ਦਾ ਹੈਲੀਕਾਪਟਰ ਪੱਥਰ ਦੀ ਤਰ੍ਹਾਂ ਝੀਲ ਵਿਚ ਡਿੱਗ ਪਿਆ- ਸ਼ਾਇਦ ਇੰਜਣ ਬੰਦ ਹੋ ਗਿਆ ਸੀ। ਪਰ ਕਿੰਗ ਕਾਹਲੋਂ ਆਪਣੇ ਮੁਸਾਫ਼ਰਾਂ ਸਹਿਤ ਸਹੀ ਸਲਾਮਤ ਬਾਹਰ ਆ ਗਿਆ। ਇਕ ਵਾਰ ਮੇਰੇ ਕਾਰਜਕਾਲ ਦੌਰਾਨ ਉਹ ਕੁਝ ਵਿਦੇਸ਼ੀ ਸੈਲਾਨੀਆਂ (ਸ਼ਾਇਦ ਫਰਾਂਸੀਸੀ) ਨੂੰ ਸਕੀਇੰਗ ਵਾਸਤੇ ਉੱਚੀਆਂ ਚੋਟੀਆਂ ’ਤੇ ਲੈ ਗਿਆ। ਉਹ ਵਾਰ ਵਾਰ ਚੋਟੀ ’ਤੇ ਪਹੁੰਚ ਕੇ ਕੁਝ ਸੈਲਾਨੀਆਂ ਨੂੰ ਉਤਾਰ ਦਿੰਦਾ ਸੀ ਤੇ ਫਿਰ ਨਿਵਾਣ ’ਤੇ ਜਾ ਕੇ ਉਨ੍ਹਾਂ ਨੂੰ ਚੁੱਕ ਲੈਂਦਾ ਸੀ। ਇਸ ਤਰ੍ਹਾਂ ਦੀ ਇਕ ਸੌਰਟੀ ਦੌਰਾਨ ਇੰਜਣ ਬੰਦ ਹੋ ਗਿਆ ਤੇ ਹੈਲੀਕਾਪਟਰ ਇਕ ਬਹੁਤ ਹੀ ਗਹਿਰੀ ਖੱਡ ਵਿਚ ਜਾ ਡਿੱਗਿਆ। ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ਪਰ ਇਕ ਵਾਰ ਫਿਰ ਕਰਾਮਾਤ ਹੋਈ ਕਿ ਕਿੰਗ ਕਾਹਲੋਂ ਤੇ ਉਸ ਦੇ ਮੁਸਾਫ਼ਰ ਸਹੀ ਸਲਾਮਤ ਬਚ ਕੇ ਆ ਗਏ। ਉਨ੍ਹਾਂ ਨੂੰ ਚੁੱਕ ਕੇ ਕੈਂਪ ਵਿਚ ਪਹੁੰਚਾਇਆ ਗਿਆ ਪਰ ਹੈਲੀਕਾਪਟਰ ਦੇ ਮਲਬੇ ਨੂੰ ਲਿਆਉਣ ਦਾ ਕੋਈ ਜ਼ਰੀਆ ਨਾ ਬਣ ਸਕਿਆ। ਇਹ ਸਭ ਪੜ੍ਹ ਕੇ ਪਾਠਕ ਦੇ ਮਨ ਵਿਚ ਸੁਆਲ ਆਉਂਦਾ ਹੋਵੇਗਾ ਕਿ ਆਖ਼ਰ ਇੰਨਾ ਲੰਮਾ ਸਮਾਂ ਇਹ ਦੀਦਾ ਦਲੇਰੀ ਨੂੰ ਚੱਲਣ ਕਿਉਂ ਦਿੱਤਾ ਗਿਆ। ਇਸ ਦਾ ਸੰਖੇਪ ਜਵਾਬ ਇਹ ਹੈ ਕਿ ਉਸ ਦੇ ਬੌਸ, ਮੁੱਖ ਮੰਤਰੀ ਡਾਕਟਰ ਫਾਰੂਕ ਅਬਦੁੱਲਾ ਖ਼ੁਦ ਵੱਡੇ ਵੱਡੇ ਖ਼ਤਰੇ ਮੁੱਲ ਲੈਣ ਵਾਲਿਆਂ ਵਿਚ ਆਉਂਦੇ ਸਨ। ਉਸ ਨੂੰ ਰਿਆਸਤ ਦੇ ਚੱਪੇ ਚੱਪੇ ਦੀ ਜਾਣਕਾਰੀ ਸੀ ਅਤੇ ਜਿਨ੍ਹਾਂ ਪਿੰਡਾਂ ਉੱਤੋਂ ਦੀ ਉੱਡਦੇ ਸਨ, ਉਨ੍ਹਾਂ ਦੇ ਨਾਂ ਯਾਦ ਹੁੰਦੇ ਸਨ ਅਤੇ ਪਹਾੜੀ ਖੇਤਰ ਦੀ ਜਾਣਕਾਰੀ ਦੇ ਮਾਮਲੇ ’ਚ ਕਿੰਗ ਦਾ ਕੋਈ ਸਾਨੀ ਨਹੀਂ ਸੀ। ਇਕ ਵਾਰ ਅਸੀਂ ਜੰਮੂ ਲਾਗੇ ਰਾਜਮਾਰਗ ਵੱਲ ਵਾਪਸ ਆ ਰਹੇ ਸੀ ਜਦੋਂ ਕਿੰਗ ਨੇ ਸੜਕ ਦੇ ਕੰਢੇ ਇਕ ਢਾਬੇ ਵੱਲ ਇਸ਼ਾਰਾ ਕਰ ਕੇ ਦੱਸਿਆ ਕਿ ਪਹਿਲਾਂ ਅਸੀਂ ਇਸ ਉੱਤੇ ਰੁਕੇ ਸਾਂ। ਅਸੀਂ ਰਾਜਮਾਰਗ ਦੇ ਨੇੜੇ ਉੱਤਰ ਗਏ। ਢਾਬਾ ਮਾਲਕ ਦੌੜਿਆ ਆਇਆ ਤਾਂ ਡਾਕਟਰ ਸਾਬ੍ਹ ਉਸ ਨੂੰ ਜੱਫੀ ਪਾ ਕੇ ਮਿਲੇ ਅਤੇ ਜਲਦੀ ਹੀ ਮਸਾਲੇ ਵਾਲੀ ਚਾਹ ਦੇ ਭਰੇ ਮੱਗ ਅਤੇ ਪਕੌੜੇ ਆ ਗਏ ਤੇ ਇਸ ਦੌਰਾਨ ਢਾਬਾ ਮਾਲਕ ਨੂੰ ਇਕ ਵਾਰ ਵੀ ਹਦਾਇਤ ਦੇਣ ਦੀ ਲੋੜ ਨਹੀਂ ਪਈ। ਜਲਦੀ ਹੀ ਲੋਕਾਂ ਨੂੰ ਡਾਕਟਰ ਸਾਬ੍ਹ ਦੀ ਆਮਦ ਦਾ ਪਤਾ ਚੱਲ ਗਿਆ ਅਤੇ ਆਵਾਜਾਈ ਰੁਕਣ ਲੱਗ ਪਈ। ਇਸ ਨੇ ਇਕ ਤਰ੍ਹਾਂ ਦੀ ਛੋਟੀ ਜਨਤਕ ਮਿਲਣੀ ਦਾ ਰੂਪ ਲੈ ਲਿਆ ਤੇ ਚਾਹ ਤੇ ਪਕੌੜਿਆਂ ਦਾ ਦੌਰ ਚੱਲ ਪਿਆ। ਹਨੇਰਾ ਹੋਣ ’ਤੇ ਕੰਟਰੋਲ ਰੂਮ ਤੋਂ ਸਾਡੀ ਲੋਕੇਸ਼ਨ ਬਾਰੇ ਵਾਰ ਵਾਰ ਪੁੱਛਿਆ ਜਾ ਰਿਹਾ ਸੀ। ਹਰ ਪਾਸੇ ਹਾਸਾ ਠੱਠਾ ਚੱਲ ਰਿਹਾ ਸੀ ਤੇ ਮੁਸਾਫ਼ਰਾਂ ਨੂੰ ਘਰ ਜਾ ਕੇ ਦੱਸਣ ਲਈ ਇਕ ਕਹਾਣੀ ਮਿਲ ਗਈ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਅਤੇ ਲੋਕਾਂ ਨਾਲ ਰਾਬਤਾ ਬਣਾਉਣ ਦਾ ਇਹ ਹੀ ਉਨ੍ਹਾਂ ਦਾ ਤਰੀਕਾ ਰਿਹਾ ਹੈ। ਉਹ ਇਕੋ ਸਮੇਂ ਆਪਣੀ ਕਿਸਮ ਦੇ ਕੁਲੀਨ ਤੇ ਨਾਲ ਹੀ ਆਮ ਆਦਮੀ ਹਨ।
        ਇਸੇ ਤਰ੍ਹਾਂ ਦੀ ਇਕ ਘਟਨਾ ਇੰਝ ਵਾਪਰੀ ਜਿਸ ਦਾ ਸੰਖੇਪ ਸਾਰ ਇਉਂ ਹੈ : ਕਾਰਗਿਲ ਜੰਗ ਦੇ ਸ਼ੁਰੂਆਤੀ ਦਿਨਾਂ ’ਚ ਅਸੀਂ ਮੋਰਚੇ ਤੋਂ ਵਾਪਸ ਆ ਰਹੇ ਸਾਂ ਕਿ ਹਨੇਰਾ ਹੋ ਗਿਆ। ਸੋਨਮਰਗ ਲਾਗੇ ਲੋਕਾਂ ਦੀ ਜੁੜੀ ਭੀੜ ਮੁੱਖ ਮੰਤਰੀ ਦੀ ਨਜ਼ਰੀਂ ਪੈ ਗਈ। ਅਸੀਂ ਹੇਠਾਂ ਉੱਤਰ ਕੇ ਵੇਖਿਆ ਕਿ ਇਹ ਫ਼ੌਜੀ ਜਵਾਨਾਂ ਦਾ ਇਕੱਠ ਸੀ। ਉਹ ਰੁੜਕੀ ਤੋਂ ਵਾਪਸ ਆ ਰਹੇ ਸਨ। ਠੰਢ ਕਾਰਨ ਹੱਥ ਠਰ ਰਹੇ ਸਨ ਪਰ ਉਨ੍ਹਾਂ ਨੇ ਗਰਮੀ ਦੀ ਵਰਦੀ ਪਾਈ ਹੋਈ ਸੀ। ਮੁੱਖ ਮੰਤਰੀ ਨੇ ਜਵਾਨਾਂ ਤੇ ਅਫ਼ਸਰਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਿਸ ਨਾਲ ਉਨ੍ਹਾਂ ਨੂੰ ਕੁਝ ਹੌਸਲਾ ਮਿਲਿਆ ਤੇ ਉਨ੍ਹਾਂ ਦਾ ਤਣਾਅ ਵੀ ਹਲਕਾ ਹੋ ਗਿਆ। ਬੇਸ਼ੱਕ, ਵਾਪਸ ਆ ਕੇ ਉਨ੍ਹਾਂ ਕਈ ਮੀਟਿੰਗਾਂ ਕਰ ਕੇ ਇਸ ਗੱਲ ’ਤੇ ਵਿਚਾਰ ਚਰਚਾ ਕੀਤੀ ਕਿ ਕਿਵੇਂ ਅਸੀਂ ਫ਼ੌਜੀਆਂ ਦੀ ਮਦਦ ਕਰ ਸਕਦੇ ਹਾਂ। ਅਸੀਂ ਇਕ ਲੜਾਈ ਲੜ ਰਹੇ ਸਾਂ (ਮੋਰਚੇ ’ਤੇ ਫ਼ੌਜ ਸੀ ਅਤੇ ਅੰਦਰਲੇ ਖੇਤਰ ਵਿਚ ਪੁਲੀਸ ਤੇ ਨੀਮ ਫ਼ੌਜੀ ਦਸਤੇ ਸਨ) ਤੇ ਹਰੇਕ ਦਿਨ ਇਕ ਚੁਣੌਤੀ ਵਾਂਗ ਹੁੰਦਾ ਸੀ। ਕੇਂਦਰ ਵਿਚ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸੂਬੇ ਵਿਚ ਮੁੱਖ ਮੰਤਰੀ ਡਾਕਟਰ ਅਬਦੁੱਲਾ ਤੋਂ ਪੂਰੀ ਹਮਾਇਤ ਮਿਲਣ ਸਦਕਾ ਹੀ ਸਮੁੱਚਾ ਢਾਂਚਾ ਸਿੱਟੇ ਕੱਢ ਕੇ ਦੇ ਸਕਿਆ। ਬੱਝਵੀਂ ਹਮਾਇਤ ਮਿਲਣ ਸਦਕਾ ਹੀ ਜੋਖ਼ਮ ਲੈਣ ਤੇ ਅਜਿਹੇ ਕਦਮ ਪੁੱਟਣ ਦਾ ਸਾਹਸ ਪੈਦਾ ਹੋ ਸਕਿਆ। ਅਜਿਹੇ ਸਮਿਆਂ ’ਤੇ ਅੱਗ ਤੇ ਤਜਰਬੇ ਦੀ ਕੁਠਾਲੀ ਵਿਚ ਪੈ ਕੇ ਲੀਡਰਸ਼ਿਪ ਦੀ ਪਰਖ ਹੁੰਦੀ ਹੈ, ਕੋਈ ਜੰਗੀ ਜਰਨੈਲ ਆਪਣੇ ਜਵਾਨਾਂ ਦੀ ਸਮੱਰਥਾ ਦੀ ਅਜ਼ਮਾਇਸ਼ ਕਰਦਾ ਹੈ ਤੇ ਵੱਖਰੇ ਢੰਗ ਨਾਲ ਸੋਚਣਾ ਪੈਂਦਾ ਹੈ।
      ਜਿਨ੍ਹਾਂ ਲੋਕਾਂ ਦਾ ਇਨ੍ਹਾਂ ਚੀਜ਼ਾਂ ਨਾਲ ਵਾਹ ਨਹੀਂ ਹੁੰਦਾ ਉਨ੍ਹਾਂ ਲਈ ਇਹ ਸਭ ਕੁਝ ਸਾਧਨਾਂ ਦੀ ਦੁਰਵਰਤੋਂ, ਵਾਹ ਵਾਹ ਜਾਂ ਫਿਰ ਨਿਰ੍ਹਾ ਪੁਰਾ ਕੋਝਾਪਣ ਲੱਗ ਸਕਦਾ ਹੈ ਪਰ ਕਠੋਰ ਤੱਥ ਇਹ ਹੈ ਕਿ ਕਠਿਨ ਹਾਲਤਾਂ ਤੇ ਸਮਿਆਂ ਨੂੰ ਉਹ ਲੀਡਰ ਹੀ ਸੰਭਾਲ ਸਕਦੇ ਹਨ ਜਿਨ੍ਹਾਂ ਅੰਦਰ ਵੱਖਰੀ ਤਰ੍ਹਾਂ ਸੋਚਣ ਦਾ ਮਾਦਾ ਹੁੰਦਾ ਹੈ, ਜਿਨ੍ਹਾਂ ਕੋਲ ਮੂਹਰੇ ਹੋ ਕੇ ਅਗਵਾਈ ਦੇਣ ਦਾ ਠਰੰਮਾ, ਹੌਸਲਾ ਤੇ ਅਹਿਦ ਹੁੰਦਾ ਹੈ, ਨਾ ਕਿ ਉਹ ਜਿਹੜੇ ਹੈੱਡਕੁਆਰਟਰਾਂ ਦੇ ਡੈਸਕਾਂ ’ਤੇ ਬੈਠ ਕੇ ਕਾਗਜ਼ਾਂ ਤੇ ਵਹੀ ਖਾਤਿਆਂ ਨਾਲ ਝਗੜਦੇ ਰਹਿੰਦੇ ਹਨ। ਉਨ੍ਹਾਂ ਦੇ ਪਿੱਠ ’ਤੇ ਹੋਣ ਸਦਕਾ ਹੀ ਕਿੰਗ ਸਿਰੇ ਤੱਕ ਉਡ ਸਕਿਆ ਸੀ ਤੇ ਸਾਨੂੰ ਸਾਰਿਆਂ ਨੂੰ ਇਸ ਦਾ ਲਾਹਾ ਮਿਲ ਸਕਿਆ। ਹੁਣ ਅੰਤ ਵਿਚ ਮੈਂ ਦੱਸ ਦੇਵਾਂ ਕਿ ਇਸ ਸਮੇਂ ਕਿੰਗ ਸਾਡੇ ਦਰਮਿਆਨ ਨਹੀਂ ਰਹੇ। ਜੰਮੂ ਕਸ਼ਮੀਰ ਤੋਂ ਮੇਰੇ ਆਉਣ ਤੋਂ ਬਾਅਦ ਇਕ ਵਾਰ ਕਿੰਗ ਸ੍ਰੀ ਅਮਰਨਾਥ ਧਾਮ ਦੀ ਇਕ ਆਮ ਫੇਰੀ ’ਤੇ ਜਾ ਰਿਹਾ ਸੀ ਕਿ ਅਚਾਨਕ ਮੌਸਮ ਖ਼ਰਾਬ ਹੋ ਗਿਆ ਤੇ ਉਨ੍ਹਾਂ ਦਾ ਹੈਲੀਕਾਪਟਰ ਹੇਠਾਂ ਆ ਕੇ ਬਿਜਲੀ ਦੀਆਂ ਤਾਰਾਂ ਵਿਚ ਉਲਝ ਗਿਆ। ਇਸ ਵਾਰ ਬਿਜਲੀ ਦੀਆਂ ਤਾਰਾਂ ਸਾਹਮਣੇ ਕਿੰਗ ਦੀ ਕੋਈ ਪੇਸ਼ ਨਾ ਚੱਲ ਸਕੀ! ਦੁਆ ਹੈ ਕਿ ਕਿੰਗ ਕਾਹਲੋਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ ।