‘ਅਮੋਲਕ ਹੀਰਾ’ ਪੁਸਤਕ ਅਮੋਲਕ ਸਿੰਘ ਜੰਮੂ ਦੀ ਜਦੋਜਹਿਦ ਦੀ ਦਾਸਤਾਂ -  ਉਜਾਗਰ ਸਿੰਘ

 ਪੰਜਾਬੀ ਟਿ੍ਰਬਿਊਨ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਦੁਆਰਾ ਸੰਪਾਦਿਤ ਪੁਸਤਕ ‘ਅਮੋਲਕ ਹੀਰਾ’ ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ, ਅਮੋਲਕ ਸਿੰਘ ਜੰਮੂ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਬਿਆਨ ਕਰਦੀ ਹੈ। 400 ਪੰਨਿਆਂ ਦੀ ਇਸ ਪੁਸਤਕ ਵਿੱਚ ਅਮੋਲਕ ਸਿੰਘ ਜੰਮੂ ਵੱਲੋਂ ਪੰਜਾਬ ਟਾਈਮਜ਼ ਯੂ ਐਸ ਏ ਸਪਤਾਹਿਕ ਅਖ਼ਬਾਰ ਵਿੱਚ ਲਿਖੇ ਗਏ ਲੇਖ ਪਹਿਲੇ 161 ਪੰਨਿਆਂ ਵਿੱਚ ਦਿੱਤੇ ਗਏ ਹਨ। ਬਾਕੀ 239 ਪੰਨਿਆਂ ਵਿੱਚ ਵੱਖ-ਵੱਖ ਵਿਦਵਾਨ ਪੱਤਰਕਾਰਾਂ, ਲੇਖਕਾਂ ਅਤੇ ਸਾਹਿਤਕਾਰਾਂ ਵੱਲੋਂ ਅਮੋਲਕ ਸਿੰਘ ਦੀ ਪੱਤਰਕਾਰੀ ਅਤੇ ‘ਪੰਜਾਬ ਟਾਈਮਜ਼ ਯੂ ਐਸ ਏ’ ਦੇ ਪੱਤਰਕਾਰੀ ਵਿੱਚ ਪਾਏ ਯੋਗਦਾਨ ਬਾਰੇ ਲਿਖੇ ਗਏ ਲੇਖ ਹਨ। ਸੰਪਾਦਕ ਨੇ ਪੁਸਤਕ ਨੂੰ ਮੁੱਖ ਤੌਰ ‘ਤੇ ‘ਲਿਖ਼ਤੁਮ ਖ਼ੁਦ’, ‘ਯਾਦਾਂ ਆਪਣੀ ਜੂਹ ਦੀਆਂ’, ‘ਆਗ਼ਾਜ਼ ਨਵੀਂ ਜਦੋਜਹਿਦ ਦਾ’, ‘ਸਿਰੜ ਸ਼ਖ਼ਸੀਅਤ ਅਤੇ ‘ਪੈਗ਼ਾਮ ਦਾ ਮਿਆਰ’ ਪੰਜ ਭਾਗਾਂ ਵਿੱਚ ਵੰਡਿਆ ਹੈ। ਮੇਰਾ ਅਮੋਲਕ ਸਿੰਘ ਜੰਮੂ ਨਾਲ ਬਹੁਤਾ ਤਾਲਮੇਲ ਨਹੀਂ ਰਿਹਾ ਪ੍ਰੰਤੂ ਮੇਰੇ ਬੀ ਏ ਤੱਕ ਦੇ ਜਮਾਤੀ ਰਾਜਿੰਦਰ ਸੋਢੀ ਪ੍ਰੂਫ਼ ਰੀਡਰ ਪੰਜਾਬੀ ਟਿ੍ਰਬਿਊਨ ਨਾਲ ਟਿ੍ਰਬਿਊਨ ਦੇ ਦਫ਼ਤਰ ਮਿਲਦਾ ਰਿਹਾ ਹਾਂ। ਜਦੋਂ ਪੰਜਾਬੀ ਟਿ੍ਰਬਿਊਨ ਸ਼ੁਰੂ ਹੋਇਆ ਉਦੋਂ ਮੈਂ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਸੀ। ਰਾਜਿੰਦਰ ਸੋਢੀ ਵੀ ਸਾਹਿਤਕ ਰੁਚੀ ਕਰਕੇ ਸਕੂਲ ਵਿੱਚੋਂ ਲਬਾਰਟਰੀ ਅਟੈਂਡੈਂਟ ਦੀ ਸਰਕਾਰੀ ਨੌਕਰੀ ਛੱਡ ਕੇ ਪੰਜਾਬੀ ਟਿ੍ਰਬਿਊਨ ਵਿੱਚ ਆਇਆ ਸੀ। ਫਿਰ ਜਦੋਂ ਮੈਂ ਪਟਿਆਲਾ ਵਿਖੇ ਸਹਾਇਕ ਲੋਕ ਸੰਪਰਕ ਅਧਿਕਾਰੀ ਲੱਗਿਆ ਤਾਂ ਖ਼ਬਰਾਂ ਲਗਵਾਉਣ ਲਈ ਟਿ੍ਰਬਿਊਨ ਦੇ ਦਫਤਰ ਜਾਂਦਾ ਰਹਿੰਦਾ ਸੀ। ਅਮੋਲਕ ਸਿੰਘ ਨਾਲ ਉਦੋਂ ਵੀ ਰਾਜਿੰਦਰ ਸੋਢੀ ਰਾਹੀਂ ਮੇਲ ਜੋਲ ਹੁੰਦਾ ਰਹਿੰਦਾ ਸੀ। ਇਕ ਦੋ ਵਾਰ ਗੁਰਦਿਆਲ ਬਲ ਦੇ ਨਾਲ ਵੀ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਪਹਿਲੇ ਭਾਗ ‘ਲਿਖ਼ਤੁਮ ਖ਼ੁਦ’ ਵਿੱਚ ਪੰਜਾਬ ਟਾਈਮਜ਼ ਦੇ ਸਾਲ 2009 ਦੇ ਅੰਕਾਂ ਵਿੱਚ ਸੰਪਾਦਕ ਅਮੋਲਕ ਸਿੰਘ ਜੰਮੂ ਦੀ ਕਲਮ ਵਿੱਚੋਂ ਨਿਕਲੀ ‘ਕਮਲਿਆਂ ਦਾ ਟੱਬਰ’ ਲੇਖ ਲੜੀ ਪ੍ਰਕਾਸ਼ਤ ਕੀਤੀ ਗਈ ਹੈ। ਇਸ ਭਾਗ ਵਿੱਚ 7 ਲੇਖ ਹਨ। ਦੂਜੇ ਭਾਗ ਵਿੱਚ ‘ਯਾਦਾਂ ਆਪਣੀ ਜੂਹ ਦੀਆਂ’ ਵਿੱਚ 8 ਲੇਖ ਪਿੰਡ ਵਿੱਚ ਬਿਤਾਏ ਬਚਪਨ ਤੇ ਉਸ ਤੋਂ ਅਗਲੇ ਵਰਿ੍ਹਆਂ ਦੀਆਂ ਨਮਕੀਨ ਤੇ ਹੁਸੀਨ ਯਾਦਾਂ ਦਾ ਸਿਲਸਿਲਾ ਹੈ। ਇਸ ਵਿੱਚ ਆਪਣੇ ਪਿੰਡ ਕੁੱਤੇਵੱਡ ਵਿਚਲੀ ਪਿੰਡਾਂ ਦੀ ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬੇ ਬਹੁਤ ਹੀ ਦਿਲਚਸਪ ਹਨ, ਜਿਨ੍ਹਾਂ ਨੂੰ ਪੜ੍ਹਕੇ ਵਿਦਿਆਰਥੀ ਜੀਵਨ ਅਤੇ ਆਪੋ ਆਪਣੇ ਪਿੰਡਾਂ ਦੀ ਤਸਵੀਰ  ਦਿਮਾਗ ਦੇ ਚਿਤਰਪਟ ਤੇ ਉਕਰ ਜਾਂਦੀ ਹੈ, ਕਿਉਂਕਿ ਵਿਦਿਆਰਥੀ ਜੀਵਨ ਵਿੱਚ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਹਨ। ਸਾਰੇ ਪਿੰਡਾਂ ਵਿੱਚ ਵੀ ਪਾਰਟੀਬਾਜ਼ੀ ਅਤੇ ਦੋਸਤੀ ਆਮ ਵੇਖਣ ਨੂੰ ਮਿਲਦੀ ਹੈ। ਕਈ ਲੇਖ ਪੜ੍ਹਕੇ ਬਚਪਨ  ਯਾਦ ਆ ਜਾਂਦਾ ਹੈ। ਕਹਿਣ ਤੋਂ ਭਾਵ ਅਮੋਲਕ ਸਿੰਘ ਦੇ ਹਰ ਲੇਖ ਵਿੱਚ ਦਿਲਚਸਪੀ ਬਣੀ ਰਹਿੰਦੀ ਹੈ। 2010 ਵਿੱਚ ਅਮੋਲਕ ਸਿੰਘ ਦੇ ਲਿਖੇ 6 ਲੇਖ ਸ਼ਾਮਲ ਹਨ, ਜਿਨ੍ਹਾਂ ਵਿੱਚ ਆਪਣੇ ਅਧਿਆਪਕਾਂ ਬਾਰੇ ਦਿਲਚਸਪ ਲੇਖ, ਕਾਲਜ ਦੀ ਜ਼ਿੰਦਗੀ, ਐਮ ਫਿਲ ਅਤੇ ਡਾ ਦਿਲਗੀਰ ਦੇ ਸਾਥ ਬਾਰੇ ਰੌਚਿਕਤਾ ਨਾਲ ਲਿਖਿਆ ਹੋਇਆ ਹੈ। ਉਸਤੋਂ ਬਾਅਦ  ‘ਆਗਾਜ਼ ਨਵੀਂ ਜਦੋਜਹਿਦ ਦਾ’ ਭਾਗ ਵਿੱਚ ਪੰਜਾਬੀ ਟਿ੍ਰਬਿਊਨ ਵਿੱਚ ਨੌਕਰੀ ਤੇ ਉਸ ਨਾਲ ਜੁੜੀਆਂ ਯਾਦਾਂ ਦੀ ਚੰਗੇਰ ਵਿੱਚ 9 ਲੇਖ ਹਨ, ਜਿਹੜੇ ਉਨ੍ਹਾਂ ਦੀ ਪੰਜਾਬੀ ਟਿ੍ਰਬਿਊਨ ਵਿੱਚ ਜਦੋਜਹਿਦ ਸੰਬੰਧੀ ਹਨ, ਜਿਨ੍ਹਾਂ ਨੂੰ ਪੜ੍ਹਕੇ ਪੰਜਾਬੀ ਟਿ੍ਰਬਿਊਨ ਵਰਗੇ ਨਾਮੀ ਅਦਾਰੇ ਦੀ ਸੌੜੀ ਰਾਜਨੀਤੀ ਦਾ ਪਾਜ ਉਘੜਕੇ ਸਾਹਮਣੇ ਆਉਂਦਾ ਹੈ। ਹਾਲਾਂ ਕਿ ਲੋਕ ਸੰਪਰਕ ਵਿਭਾਗ ਵਿੱਚ ਹੋਣ ਕਰਕੇ ਮੇਰਾ ਪੰਜਾਬੀ ਟਿ੍ਰਬਿਊਨ ਦੇ ਬਹੁਤੇ ਅਮਲੇ ਨਾਲ ਵਾਹ ਪੈਂਦਾ ਰਿਹਾ ਹੈ। ਮੈਂ ਸਮਝਦਾ ਸੀ ਕਿ ਮੈਂ ਉਨ੍ਹਾਂ ਬਾਰੇ ਬਹੁਤ ਕੁਝ ਜਾਣਦਾ ਹਾਂ ਪ੍ਰੰਤੂ  ਇਹ ਲੇਖ ਪੜ੍ਹਕੇ ਕਈ ਨਾਮੀ ਪੱਤਰਕਾਰਾਂ ਦੀ ਮਿਕਨਾਤੀਸੀ ਸੋਚ ਦਾ ਵੀ ਪਤਾ ਲਗਿਆ ਹੈ, ਜਿਹੜੇ ਅਖ਼ਬਾਰ ਤੋਂ ਬਾਹਰ ਆਪਣਾ ਬਿਹਤਰੀਨ ਅਕਸ ਬਣਾਈ ਬੈਠੇ ਸਨ। ਅਸਲੀਅਤ ਕੁਝ ਹੋਰ ਹੀ ਸੀ। ਚਾਪਲੂਸੀ ਅਤੇ ਧੜੇਬੰਦੀ ਵੀ ਅਹੁਦਿਆਂ ਦੀ ਪ੍ਰਾਪਤੀ ਲਈ ਯੋਗ ਉਮੀਦਵਾਰਾਂ ਦੀਆਂ ਆਸਾਂ ਤੋ ਪਾਣੀ ਫੇਰਨ ਵਿੱਚ ਵੱਡਾ ਯੋਗਦਾਨ ਪਾਉਂਦੀ ਰਹੀ ਹੈ। ‘ਸਿਰੜੀ ਸ਼ਖ਼ਸੀਅਤ’ ਵਾਲੇ ਭਾਗ ਵਿੱਚ 8 ਲੇਖਕਾਂ ਗੁਰਦਿਆਲ ਬੱਲ, ਪਿ੍ਰੰਸੀਪਲ ਸਰਵਣ ਸਿੰਘ,  ਸੁਰਿੰਦਰ ਸੋਹਲ, ਪ੍ਰੋ ਹਰਪਾਲ ਸਿੰਘ, ਨੀਲਮ ਲਾਜ ਸੈਣੀ, ਮੇਜਰ ਸਿੰਘ ਕੁਲਾਰ, ਕਰਮਜੀਤ ਸਿੰਘ ਅਤੇ ਕੁਲਜੀਤ ਦਿਆਲਪੁਰੀ ਦੇ ਲੇਖ ਹਨ, ਜਿਹੜੇ ਅਮੋਲਕ ਸਿੰਘ ਜੰਮੂ ਦੀ ਜ਼ਿੰਦਗੀ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਕੰਮ ਇਕ ਸੰਸਥਾ ਤੋਂ ਵੀ ਵੱਧ ਸੀ। ਉਨ੍ਹਾਂ ਨੇ ਪੱਤਰਕਾਰੀ ਦੇ ਮਿਆਰ ਵਿੱਚ ਵਾਧਾ ਹੀ ਨਹੀਂ ਕੀਤਾ ਸਗੋਂ ਪੱਤਰਕਾਰੀ ਨੂੰ ਸਹੀ ਲੀਹਾਂ ‘ਤੇ ਲਿਆਉਣ ਵਿੱਚ ਵਡਮੁਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਸੰਪਾਦਕੀ ਸੂਝ ਦਾ ਕੋਈ ਮੁਕਾਬਲਾ ਨਹੀਂ ਸੀ। ਇਹ ਪੁਸਤਕ ਪੜ੍ਹਕੇ ਅਮੋਲਕ ਸਿੰਘ ਦੀ ਸ਼ਕਲ ਜਿਹਨ ਵਿੱਚ ਘੁੰਮਣ ਲੱਗ ਜਾਂਦੀ ਹੈ। ਅਮੋਲਕ ਸਿੰਘ ਦੀ ਇਕ ਹੋਰ ਕਮਾਲ ਦੀ ਗੱਲ ਸੀ ਕਿ ਉਨ੍ਹਾਂ ਦੀਆਂ ਲਿਖਤਾਂ ਪੜ੍ਹਕੇ ਸੀਨ ਸਾਹਮਣੇ ਆ ਜਾਂਦੇ ਹਨ। ਉਹ ਅਖ਼ਬਾਰ ਲਈ ਆਏ ਮੈਟਰ ਦਾ ਇਕ-ਇਕ ਸ਼ਬਦ ਬੜੀ ਨੀਝ ਨਾਲ ਪੜ੍ਹਦੇ ਸਨ, ਜੇਕਰ ਲੇਖਕ ਕੋਲੋਂ ਕੋਈ ਗ਼ਲਤ ਗੱਲ ਲਿਖੀ ਗਈ ਤਾਂ ਉਨ੍ਹਾਂ ਦੀ ਬਰੀਕ ਨੀਝ ਉਸਨੂੰ ਦਰੁਸਤ ਕਰਨ ਦਾ ਕੰਮ ਕਰਦੀ ਸੀ। ਉਨ੍ਹਾਂ ਦੀ ਇਕ ਹੋਰ ਬਿਹਤਰੀਨ ਗੱਲ ਇਹ ਸੀ ਕਿ ਉਹ ਸਾਰੇ ਮੈਟਰ ਨੂੰ ਬਰੀਕ ਛਾਨਣੀ ਨਾਲ ਪੁਣਦੇ ਸਨ। ਉਨ੍ਹਾਂ ਨੇ ਆਪਣੇ ਅਖ਼ਬਾਰ ਵਿੱਚ ਕੁਝ ਕਾਲਮ ਸ਼ੁਰੂ ਕੀਤੇ ਹੋਏ ਸਨ, ਜਿਨ੍ਹਾਂ ਨੂੰ ਪਾਠਕ ਦਿਲਚਸਪੀ ਨਾਲ ਪੜ੍ਹਦੇ ਸਨ ਅਤੇ ਅਖ਼ਬਾਰ ਦੀ ਹਰ ਹਫ਼ਤੇ ਉਡੀਕ ਕਰਦੇ ਰਹਿੰਦੇ ਸਨ। ‘ਪੈਗ਼ਾਮਾ ਦਾ ਮਿਆਰ’ ਭਾਗ ਵਿੱਚ ਚੋਟੀ ਦੇ ਲੇਖਕਾਂ ਦੀਆਂ ਮਿਆਰੀ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਮੋਲਕ ਸਿੰਘ ਮੈਟਰ ਦੀ ਚੋਣ ਕਰਨ ਸਮੇਂ ਪਰਖਣ ਤੋਂ ਬਾਅਦ ਹੀ ਪ੍ਰਕਾਸ਼ਤ ਕਰਦੇ ਸਨ। ਅਭੈ ਸਿੰਘ, ਚੰਡੀਗੜ੍ਹ ਦਾ ‘ਇਹ ਬੇਲਾ ਸੱਚ ਕੀ ਨਹੀਂ ਹੈ’ ਸਿਰਲੇਖ ਵਾਲਾ ਲੰਬਾ ਖਤ ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ ਬਾਰੇ ਲਿਖਿਆ ਸ਼ਾਮਲ ਕੀਤਾ ਹੈ। ਜਦੋਂ ਕੋਈ ਅਜਿਹੀ ਬਹਿਸ ਛਿੜਦੀ ਸੀ ਤਾਂ ਉਹ ਦੋਹਾਂ ਪੱਖਾਂ ਦੇ ਲੇਖ ਲਗਾਉਂਦੇ ਸਨ।  ਇਸ ਤੋਂ ਇਲਾਵਾ ਦਰਿਆਈ ਪਾਣੀਆਂ ਬਾਰੇ ਇੰਜ ਪਾਲ ਸਿੰਘ ਢਿੱਲੋਂ ਦਾ ਲੇਖ ‘ਕਹਾਣੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਜਨੀਤਕ ਬਰਬਾਦੀ ਦੀ’ ਦਾ ਵੀ ਪ੍ਰਕਾਸ਼ਤ ਕੀਤਾ ਗਿਆ ਹੈ ਤਾਂ ਜੋ ਪੰਜਾਬ ਟਾਈਮਜ਼ ਦੇ ਪਾਠਕਾਂ ਨੂੰ ਅਸਲੀਅਤ ਪਤਾ ਲੱਗ ਸਕੇ। ਇਸੇ ਤਰ੍ਹਾਂ ਸਿਰਦਾਰ ਕਪੂਰ ਸਿੰਘ ਆਈ ਸੀ ਐਸ ਦਾ ‘ਸ੍ਰੀ ਅਨੰਦਪੁਰ ਸਾਹਿਬ ਦਾ 1973 ਵਾਲਾ ਮਤਾ’ ਸਿਰਲੇਖ ਵਾਲਾ ਲੇਖ ਅਤੇ ਇਸਦੇ ਨਾਲ ਹੀ 1978 ਵਾਲਾ ਅਨੰਦਪੁਰ ਸਾਹਿਬ ਮਤਾ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਡਾ ਜਸਬੀਰ ਸਿੰਘ ਆਹਲੂਵਾਲੀਆ ਦਾ ‘ ਅਨੰਦਪੁਰ ਸਾਹਿਬ ਦੇ ਮਤਿਆਂ ਦੇ ਜਨਮ ਦੀ ਸਾਚੀ ਸਾਖੀ’ ਸਿਰਲੇਖ ਵਾਲਾ ਲੇਖ ਵੀ ਪ੍ਰਕਾਸ਼ਤ ਕੀਤਾ ਕਿਉਂਕਿ ਅਮੋਲਕ ਸਿੰਘ ਹਮੇਸ਼ਾ ਸਾਰੇ ਪੱਖਾਂ ਦੇ ਲੇਖ ਪ੍ਰਕਾਸ਼ਤ ਕਰਦੇ ਸਨ ਤਾਂ ਜੋ ਪਾਠਕ ਕਿਸੇ ਭੁਲੇਖੇ ਵਿੱਚ ਨਾ ਰਹਿ ਜਾਣ। ਅਮੋਲਕ ਸਿੰਘ ਜੰਮੂ ਭਾਵੇਂ ਕਿਸੇ ਪੱਖ ਨਾਲ ਪ੍ਰਤੀਬੱਧ ਨਹੀਂ ਸਨ ਅਤੇ ਨਾ ਹੀ ਕਿਸੇ ਧੜੇ ਨਾਲ ਜੁੜੇ ਹੋਏ ਸਨ ਪ੍ਰੰਤੂ ਸਿੱਖ ਮਸਲਿਆਂ ਬਾਰੇ ਵਾਦਵਿਵਾਦ ਸੰਬੰਧੀ ਲੇਖ ਜ਼ਰੂਰ ਪ੍ਰਕਾਸ਼ਤ ਕਰਦੇ ਸਨ। ਇਸ ਪੁਸਤਕ ਵਿੱਚ ਵੀ  ਅਮਰਜੀਤ ਪਰਾਗ ਦਾ ‘ ਮੁੱਦਾ ਸਿੱਖਾਂ ਦੀ  ਅਕਾਂਖਿਆ ਦਾ’ ਗੁਰਦੀਪ ਸਿੰਘ ਦੇਹਰਾਦੂਨ ਦਾ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦੇ ਪ੍ਰਸੰਗ, ਗੁਰਬਚਨ ਦਾ ‘ਹਿੰਦੂ ਰਾਸ਼ਟਰ ਦਾ ਅਵਚੇਤਨ ਤੇ ਪੰਜਾਬੀ ਅਤੇ ਗੁਰਭਗਤ ਸਿੰਘ ਦਾ ਪੰਜਾਬ, ਪੰਜਾਬੀ ਸਭਿਆਚਾਰ ਦੀ ਮੌਲਿਕਤਾ ਲੇਖ, ਉਨ੍ਹਾਂ ਪੰਜਾਬ ਟਾਈਮਜ਼ ਵਿੱਚ ਪ੍ਰਕਾਸ਼ਤ ਕੀਤੇ, ਜਿਨ੍ਹਾਂ ਨੂੰ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਤੇਜ ਅਤੇ ਗੁਰਦਿਆਲ ਸਿੰਘ ਬਲ ਨੇ ਹੋਰ ਵੀ ਇਕ ਦਰਜਨ ਦੇ ਲੇਖ ਸ਼ਾਮਲ ਕੀਤੇ ਹਨ।
  ਮੁਢਲੇ ਤੌਰ ਇਸ ਪੁਸਤਕ ਵਿੱਚ ਅਮੋਲਕ ਸਿੰਘ ਜੰਮੂ ਦੇ ਇਕ ਬਿਹਤਰੀਨ ਇਨਸਾਨ , ਪੱਤਰਕਾਰ ਅਤੇ ਸੁਜੱਗ ਸੰਪਾਦਕ ਹੋਣ ਬਾਰੇ ਵਿਦਵਾਨ ਵਿਅਕਤੀਆਂ ਦੀ ਰਾਏ ਨੂੰ ਦਿੱਤਾ ਗਿਆ ਹੈ।
                                                  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                  
                                                                          ਮੋਬਾਈਲ-94178 13072
                                                         ujagarsingh48@yahoo.com