ਸਿੱਖਿਆ : ਕਿੱਤੇ ਤੋਂ ਧੰਦੇ ਦਾ ਸਫ਼ਰ - ਅਵਿਜੀਤ ਪਾਠਕ
ਉਹ ਸਮਾਜ ਜਿੱਥੇ ਭ੍ਰਿਸ਼ਟਾਚਾਰ ਦੇ ਰੁਝਾਨ ਨੂੰ ਲਗਭਗ ਅੰਗੀਕਾਰ ਕਰ ਲਿਆ ਗਿਆ ਹੋਵੇ, ਜੇ ਉੱਥੇ ਸਿੱਖਿਆ ਦੇ ਖੇਤਰ ਵਿਚ ਨਿੱਤ ਨਵੀਆਂ ਹੇਰਾਫੇਰੀਆਂ ਦੀਆਂ ਅਮੁੱਕ ਕਹਾਣੀਆਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਤਾਂ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ। ਫਿਰ ਵੀ ਭ੍ਰਿਸ਼ਟਾਚਾਰ ਦੇ ਇਸ ਆਡੰਬਰ ਅਤੇ ਇਸ ਦੀ ਸਮਾਜਿਕ ਮਾਨਤਾ ਦੇ ਬਾਵਜੂਦ ਜਦੋਂ ਅਸੀਂ ਕਿਸੇ ਉਪ ਕੁਲਪਤੀ ਨੂੰ ਜਾਅਲੀ ਡਿਗਰੀਆਂ ਵੇਚਦੇ ਹੋਏ ਦੇਖਦੇ ਹਾਂ, ਜਾਂ ਕਿਸੇ ਮੰਤਰੀ ਜਾਂ ਉਸ ਦੇ ਸਾਥੀਆਂ ਨੂੰ ਸਕੂਲ ਅਧਿਆਪਕਾਂ ਦੀ ਪੂਰੀ ਭਰਤੀ ਦੀ ਪ੍ਰਕਿਰਿਆ ਨੂੰ ਹੀ ਉਧਾਲਦੇ ਹੋਏ ਦੇਖਦੇ ਹਾਂ ਤਾਂ ਚੁੱਪ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਗੁੱਸੇ ਤੇ ਖਿਝ ਦਾ ਕਾਰਨ ਇਹ ਹੈ ਕਿ ਜੇ ਅਸੀਂ ਸਿੱਖਿਆ ਦੇ ਖੇਤਰ ਨੂੰ ਇੰਝ ਹੀ ਬਰਬਾਦ ਕਰਦੇ ਰਹੇ ਅਤੇ ਅਧਿਆਪਨ ਦੇ ਕਿੱਤੇ ਦੀ ਅਧੋਗਤੀ ਕਰਦੇ ਰਹੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਸੰਵਾਰਨ ਵਾਲਾ ਤੇ ਉਨ੍ਹਾਂ ਅੰਦਰਲੀਆਂ ਸੁੱਤੀਆਂ ਕਲਾਵਾਂ ਜਗਾਉਣ ਵਾਲਾ ਕੋਈ ਨਹੀਂ ਬਚੇਗਾ। ਧਨ ਦੀ ਪੂਜਾ ਕਰਦਿਆਂ ਜਾਂ ਟੈਕਨੋ-ਮੈਨੇਜਰਾਂ ਤੇ ਵਪਾਰੀਆਂ ਦੇ ਭੇਸ ਵਿਚ ਵਿਦਿਆਦਾਨੀਆਂ ਦੇ ਰੂਪ ਵਿਚ ਉਭਰੇ ਨਵੇਂ ਨਾਇਕਾਂ ਅਤੇ ਕਾਰਪੋਰੇਟ ਕੁਲੀਨਾਂ ਦੇ ਏਜੰਟਾਂ ਦੇ ਰੂਪ ਵਿਚ ਸਿਆਸਤਦਾਨਾਂ ਦੀ ਜੈ-ਜੈਕਾਰ ਕਰਨ ਦੇ ਚੱਕਰ ਵਿਚ ਅਸੀਂ ਇਹ ਭੁੱਲ ਹੀ ਗਏ ਹਾਂ ਕਿ ਜਿਹੜਾ ਸਮਾਜ ਸਿੱਖਿਆ ਦੀ ਲੋਅ ਦੇ ਅਲੰਬਰਦਾਰ ਆਪਣੇ ਅਧਿਆਪਕ ਗੁਆ ਲੈਂਦਾ ਹੈ, ਉਹ ਤਾਂ ਪਹਿਲਾਂ ਹੀ ਸਾਹਸਤਹੀਣ ਹੋ ਚੁੱਕਿਆ ਹੁੰਦਾ ਹੈ।
ਆਓ, ਭਲੇ ਵੇਲਿਆਂ ਦਾ ਕੁਝ ਉਦਰੇਵਾਂ ਲਾਹ ਲਈਏ। ਸੋਚੋ ਕਿ ਸ਼ਾਂਤੀਨਿਕੇਤਨ ਵਿਚ ਇਕ ਵੱਡੇ ਦਰਖ਼ਤ ਦੀ ਛਾਵੇਂ ਰਾਬਿੰਦਰਨਾਥ ਟੈਗੋਰ ਅਤੇ ਮੋਹਨਦਾਸ ਕਰਮਚੰਦ ਗਾਂਧੀ ਇਕੱਠੇ ਬੈਠੇ ਸਿੱਖਿਆ, ਸਭਿਆਚਾਰ ਤੇ ਤਹਿਜ਼ੀਬ ਦੀਆਂ ਗੱਲਾਂ ਕਰ ਰਹੇ ਹਨ ਤੇ ਇਹ ਚਿੰਤਨ ਕਰ ਰਹੇ ਹਨ ਕਿ ਦੇਸ਼ ਦੀ ਝੋਲੀ ਵਿਚ ਨਵੇਂ ਸੁਪਨੇ ਤੇ ਉਮੀਦਾਂ ਕਿੰਝ ਪਾਏ ਜਾਣ। ਜ਼ਰਾ ਸੋਚੋ ਕਿ ਨਹਿਰੂ ਦੀ ਕੈਬਨਿਟ ਵਿਚ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗਾ ਕੋਈ ਸਿਖਿਆਦਾਨੀ ਸਿਆਸੀ ਜਮਾਤ ਨੂੰ ਪੜ੍ਹਾ ਰਿਹਾ ਹੈ। ਆਸ਼ੂਤੋਸ਼ ਮੁਖਰਜੀ ਅਤੇ ਗੋਪਾਲਸਵਾਮੀ ਪਾਰਥਾਸਾਰਥੀ ਜਿਹੇ ਸਾਡੇ ਕੁਝ ਮਹਾਨ ਉਪ ਕੁਲਪਤੀਆਂ ਦਾ ਧਿਆਨ ਕਰੋ। ਸੀਵੀ ਰਮਨ ਅਤੇ ਸਰਵਪੱਲੀ ਰਾਧਾਕ੍ਰਿਸ਼ਨਨ ਜਿਹੇ ਥੰਮ੍ਹ ਪ੍ਰੋਫੈਸਰਾਂ ਬਾਰੇ ਸੋਚੋ, ਤੇ ਬਹੁਤ ਸਾਰੇ ਗੁਮਨਾਮ ਪਰ ਸਿਰੇ ਦੇ ਦਿਆਨਤਦਾਰ ਅਧਿਆਪਕਾਂ ਬਾਰੇ ਸੋਚੋ ਜੋ ਮਾਰੀਆ ਮੌਂਟੈਸਰੀ ਅਤੇ ਗਿਜੂਬਾਈ ਬਡੇਖਾਂ ਵਰਗਿਆਂ ਤੋਂ ਪ੍ਰੇਰਨਾ ਲੈਂਦੇ ਹਨ ਅਤੇ ਸਿੱਖਿਆ ਦੇ ਮੌਲਿਕ ਤੇ ਜੀਵਨ ਨੂੰ ਚਾਹੁਣ ਦਾ ਏਜੰਡਾ ਅਮਲ ਵਿਚ ਉਤਾਰਨਾ ਚਾਹੁੰਦੇ ਹਨ। ਉਸ ਪੀੜ੍ਹੀ ਦੀ ਕਲਪਨਾ ਕਰੋ ਜਿਹੜੀ ਪਾਓਲੋ ਫਰੇਰੇ ਅਤੇ ਈਵਾਨ ਇਲਿਚ ਨਾਲ ਗੁਫ਼ਤਗੂ ਕਰਨਾ ਲੋਚਦੀ ਹੈ ਜਾਂ ਫਿਰ ਸਿੱਖਿਆ ਮੁਤੱਲਕ ਜਿਦੂ ਕ੍ਰਿਸ਼ਨਾਮੂਰਤੀ ਦੀਆਂ ਗੱਲਾਂ ਬਾਤਾਂ ਸੁਣਨ ਦੀ ਆਦੀ ਹੈ। ਸਾਡੇ ਕੁਝ ਜ਼ਹੀਨ ਇਤਿਹਾਸਕਾਰਾਂ, ਭੌਤਿਕ ਸ਼ਾਸਤਰੀਆਂ, ਸਮਾਜ ਸ਼ਾਸਤਰੀਆਂ ਬਾਰੇ ਸੋਚੋ ਜਿਨ੍ਹਾਂ ਨੇ ਆਪਣੇ ਸਫ਼ਲ ਕਰੀਅਰਾਂ ਨੂੰ ਲੱਤ ਮਾਰ ਕੇ ਪਿੰਡਾਂ ਤੇ ਗ਼ਰੀਬ ਗੁਰਬੇ ਬੱਚਿਆਂ ਨਾਲ ਮਿਲ ਕੇ ਕੰਮ ਕਰਨ ਦਾ ਰਾਹ ਚੁਣਿਆ ਅਤੇ ਇਹ ਸਾਬਿਤ ਕੀਤਾ ਕਿ ਨਵੇਂ ਭਾਰਤ ਅੰਦਰ ਕਿਸੇ ਏਕਲੱਵਿਆ ਨੂੰ ਸਿੱਖਿਆ ਦੀ ਜੋਤ ਤੋਂ ਵਿਰਵਾ ਨਹੀਂ ਰੱਖਿਆ ਜਾਣਾ ਚਾਹੀਦਾ।
ਹੋ ਸਕਦਾ ਹੈ ਕਿ ਨਵੀਂ ਪੀੜ੍ਹੀ ਇਸ ’ਤੇ ਵਿਸ਼ਵਾਸ ਨਾ ਕਰੇ। ਕਾਰਨ ਇਹ ਹੈ ਕਿ ਉਹ ਪਹਿਲਾਂ ਹੀ ਨਿਰਾਸ਼ ਹੋ ਚੁੱਕੀ ਹੈ ਕਿਉਂਕਿ ਉਸ ਨੇ ਸਾਡੇ ਕੁਝ ਉਪ ਕੁਲਪਤੀਆਂ ਦੀਆਂ ਕਰਤੂਤਾਂ ਦੀ ਅਸਲੋਂ ਵੱਖਰੀ ਕਹਾਣੀ ਸੁਣੀ ਹੈ। ਹਾਲ ਹੀ ਵਿਚ ਹੈਦਰਾਬਾਦ ਪੁਲੀਸ ਨੇ ਸਰਵਪੱਲੀ ਰਾਧਾਕ੍ਰਿਸ਼ਨਨ ਯੂਨੀਵਰਸਿਟੀ, ਭੋਪਾਲ ਦੇ ਇਕ ਮੌਜੂਦਾ ਅਤੇ ਇਕ ਸੇਵਾਮੁਕਤ ਉਪ ਕੁਲਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਉਪਰ ਬੀਟੈੱਕ ਤੋਂ ਲੈ ਕੇ ਐੱਮਬੀਏ ਤੱਕ, ਹਰ ਕਿਸਮ ਦੀਆਂ ਡਿਗਰੀਆਂ ਪੈਸੇ ਲੈ ਕੇ ਵੰਡਣ ਦਾ ਦੋਸ਼ ਹੈ। ਹਿਮਾਚਲ ਪ੍ਰਦੇਸ਼ ਦੀ ਇਕ ਯੂਨੀਵਰਸਿਟੀ ਦੇ ਚੇਅਰਮੈਨ ਉਪਰ 55000 ਡਿਗਰੀਆਂ ਵੇਚਣ ਦਾ ਦੋਸ਼ ਲੱਗਿਆ ਹੈ। ਇਨ੍ਹਾਂ ਬਹੁ-ਕਰੋੜੀ ਘੁਟਾਲਿਆਂ ਦੀ ਕਹਾਣੀ ਮੁੱਕਣ ਦਾ ਨਾਂ ਨਹੀਂ ਲੈ ਰਹੀ।
ਪੱਛਮੀ ਬੰਗਾਲ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਭਰਤੀ ਸਕੈਂਡਲ ਸਾਹਮਣੇ ਆਇਆ ਹੈ ਅਤੇ 2016 ਵਿਚ ਭਰਤੀ ਲਈ ਮੈਰਿਟ ਸੂਚੀ ਨਾਲ ਛੇੜਛਾੜ ਵਿਚ ਸਬੰਧਿਤ ਮੰਤਰੀ ਦੀ ਸ਼ਮੂਲੀਅਤ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕੋਲਕਾਤਾ ਹਾਈ ਕੋਰਟ ਨੇ ਸੂਬੇ ਦੇ ਜੂਨੀਅਰ ਸਿੱਖਿਆ ਮੰਤਰੀ ਦੀ ਧੀ ਨੂੰ ਤਨਖ਼ਾਹ ਮੋੜਨ ਦੀ ਤਾਕੀਦ ਕਰਨ ਦੇ ਹੁਕਮ ਦਿੱਤੇ ਹਨ ਜੋ ਉਹ 2018 ਤੋਂ ਲੈ ਰਹੀ ਸੀ, ਉਸ ਨੂੰ ਸਹਾਇਕ ਅਧਿਆਪਕ ਦੇ ਤੌਰ ’ਤੇ ਉਸ ਸਕੂਲ ਵਿਚ ਦਾਖ਼ਲ ਹੋਣ ਤੋਂ ਵਰਜ ਦਿੱਤਾ ਗਿਆ ਹੈ। ਜਦੋਂ ਭ੍ਰਿਸ਼ਟਾਚਾਰ ਤੇ ਕੁਨਬਾਪਰਵਰੀ ਦੀਆਂ ਇਹੋ ਜਿਹੀਆਂ ਖਬਰਾਂ ਦਾ ਹੜ੍ਹ ਰੁਕਣ ਦਾ ਨਾਂ ਨਾ ਲੈ ਰਿਹਾ ਹੋਵੇ ਤਾਂ ਕੀ ਇਹ ਵਾਕਈ ਸੰਭਵ ਹੈ ਕਿ ਨਵੀਂ ਪੀੜ੍ਹੀ ਇਹ ਵਿਸ਼ਵਾਸ ਕਰ ਲਵੇਗੀ ਕਿ ਦੁਨੀਆ ਬਦਲੀ ਜਾ ਸਕਦੀ ਹੈ ?
ਇਸ ਸਿੱਖਿਆ ਫਰਜ਼ੀਵਾੜੇ ਦਾ ਸਾਡੇ ਲਈ ਕੀ ਮਤਲਬ ਬਣਦਾ ਹੈ? ਇਸ ਦੇ ਕਾਰਨ ਬਹੁਤ ਸਾਰੇ ਹਨ- ਸਿੱਖਿਆ ਦਾ ਨੰਗਾ ਚਿੱਟਾ ਵਪਾਰੀਕਰਨ (ਜਿਵੇਂ ਪੈਸੇ ਨਾਲ ਸਟਾਰਬੱਕਸ ਦੀ ਕੌਫੀ ਦਾ ਕੱਪ ਖਰੀਦਿਆ ਜਾ ਸਕਦਾ ਹੈ, ਉਵੇਂ ਹੀ ਬੀਟੈੱਕ, ਬੀਐੱਡ, ਐੱਮਬੀਏ ਜਾਂ ਇੱਥੋਂ ਤੱਕ ਕਿ ਐੱਮਬੀਬੀਐੱਸ ਦੀ ਡਿਗਰੀ ਵੀ ਖਰੀਦੀ ਜਾ ਸਕਦੀ ਹੈ), ਸਿਆਸੀ ਜਮਾਤ ਅਤੇ ਸਿੱਖਿਆ ਦੇ ਵਪਾਰੀਆਂ ਦੇ ਨਾਪਾਕ ਗੱਠਜੋੜ ਕਰ ਕੇ ਮੈਨੇਜਮੈਂਟ ਕੋਟੇ ਤੇ ਕੈਪੀਟੇਸ਼ਨ ਫੀਸ ਵਾਲੇ ਘਟੀਆ ਮਿਆਰ ਦੇ ਮੈਡੀਕਲ ਕਾਲਜ ਤੇ ਟੈਕਨੀਕਲ ਯੂਨੀਵਰਸਿਟੀਆਂ ਦਾ ਉਭਾਰ ਹੋਇਆ ਹੈ, ਲੰਮੇ ਸਮੇਂ ਤੋਂ ਬਣੀ ਡਿਪਲੋਮਾ ਕੋਰਸ ਦੀ ਬਿਮਾਰੀ ਜਿਸ ਕਰ ਕੇ ਕੋਈ ਵੀ ਅਧਪੜ੍ਹ ਬੀਏ/ਐੱਮਏ ਜਾਂ ਇੱਥੋਂ ਤੱਕ ਕਿ ਪੀਐੱਚਡੀ ਦੀ ਡਿਗਰੀ ਵੀ ਲੈ ਸਕਦਾ ਹੈ।
ਉਂਝ, ਸਾਡੇ ਵਰਗੇ ਅੰਗਰੇਜ਼ੀ ਪੜ੍ਹੇ ਲਿਖੇ, ਸ਼ਹਿਰੀ, ਪ੍ਰੋਫੈਸ਼ਨਲ ਮੱਧ ਵਰਗੀ ਲੋਕਾਂ ਦਾ ਕੀ ਹਾਲ ਹੈ? ਸਾਡੇ ਦੇਸ਼ ਦੀ ਅਧੋਗਤੀ ਲਈ ਅਸੀਂ ਘੱਟ ਕਸੂਰਵਾਰ ਨਹੀਂ ਹਾਂ। ਕੀ ਅਸੀਂ ਅਧਿਆਪਨ ਦੇ ਕਿੱਤੇ ਦਾ ਵਾਕਈ ਸਤਿਕਾਰ ਕਰਦੇ ਹਾਂ? ਕੀ ਅਸੀਂ ਵਾਕਈ ਚਾਹੁੰਦੇ ਹਾਂ ਕਿ ਸਾਡੇ ਬੱਚੇ ਮਹਾਨ ਅਧਿਆਪਕਾਂ ਕੋਲੋਂ ਸਿੱਖਿਆ ਲੈਣ? ਕੀ ਅਸੀਂ ਕਦੇ ਇਹ ਮੰਗ ਕਰਨ ਲਈ ਸੜਕਾਂ ’ਤੇ ਆਏ ਹਾਂ ਕਿ ਸਾਡੇ ਬੱਚਿਆਂ ਨੂੰ ਸਕੂਲਾਂ ਵਿਚ ਚੰਗੀਆਂ ਲਾਇਬ੍ਰੇਰੀਆਂ, ਰਚਨਾਤਮਿਕ ਤੇ ਪ੍ਰਯੋਗੀ ਅਧਿਆਪਨ ਵਿਧੀਆਂ ਤੇ ਚੰਗੇ ਅਧਿਆਪਕਾਂ ਦੀ ਲੋੜ ਹੈ ਤਾਂ ਜੋ ਸਹੀ ਸਿੱਖਿਆ ਦੇ ਸੰਕਲਪ ਨੂੰ ਸਾਕਾਰ ਕੀਤਾ ਜਾ ਸਕੇ। ਅਜਿਹੀ ਸਿੱਖਿਆ ਜੋ ਮਹਿਜ਼ ਇਕ-ਸਮਾਨ ਟੈਸਟ ਪਾਸ ਕਰਨ ਦੀ ਤਕਨੀਕ ਨਹੀਂ ਹੁੰਦੀ ਸਗੋਂ ਬੌਧਿਕ ਗਿਆਨ ਤੇ ਸੁਹਜਮਈ ਕਲਪਨਾ ਨੂੰ ਇਕਮਿਕ ਕਰਦੀ ਹੈ ਜਾਂ ਉਹ ਸੰਵੇਦਨਾ ਭਰਦੀ ਹੈ ਜੋ ਨਿਮਰਤਾ, ਦਿਆਲਤਾ ਅਤੇ ਪਰਉਪਕਾਰ ਦਾ ਸੰਚਾਰ ਕਰਦੀ ਹੋਵੇ। ਕੀ ਅਸੀਂ ਕਦੇ ਆਵਾਜ਼ ਉਠਾਈ ਹੈ ਕਿ ਸਾਡੀਆਂ ਕੁਝ ਚੰਗੀਆਂ ਜਨਤਕ ਯੂਨੀਵਰਸਿਟੀਆਂ ਨੂੰ ਚਲੰਤ ਸਿਆਸੀ ਹਮਲੇ ਤੋਂ ਬਚਾਇਆ ਜਾਵੇ? ਜਾਂ ਫਿਰ ਕੀ ਅਸੀਂ ਸੋਚਦੇ ਹਾਂ ਕਿ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਬੱਚੇ ਤਾਂ ਭਾਰਤ ਛੱਡ ਕੇ ਆਰਾਮ ਨਾਲ ਵਿਦੇਸ਼ ਜਾ ਕੇ ਵੱਸ ਜਾਣਗੇ? ਜਾਂ ਫਿਰ ਕੀ ਅਸੀਂ ਸਿਰ ਕੁਝ ਬ੍ਰਾਂਡ ਲੱਭ ਰਹੇ ਹਾਂ ਜਾਂ ਕਹਿ ਲਓ ਕਿ ਕੋਚਿੰਗ ਸੈਂਟਰ ਰਣਨੀਤੀਕਾਰ, ਐਡ ਟੈੱਕ ਕੰਪਨੀਆਂ ਤੇ ਸਫ਼ਲਤਾ ਦੇ ਗੁਰ ਮੰਤਰਾਂ ਦੀ ਤਲਾਸ਼ ਕਰ ਰਹੇ ਹਾਂ?
ਸਾਡੇ ਵਿਚੋਂ ਕਿੰਨੇ ਕੁ ਲੋਕਾਂ ਨੂੰ ਇਹ ਅਹਿਸਾਸ ਹੈ ਕਿ ਅਧਿਆਪਕ ਕੋਈ ਤਕਨੀਸ਼ੀਅਨ ਨਹੀਂ ਹੁੰਦਾ ਜੋ ਹਰ ਬੱਚੇ ਇਹ ਯਾਦ ਕਰਨ ਲਈ ਮਜਬੂਰ ਕਰੇ ਕਿ ‘ਏ’ ਫਾਰ ਐਪਲ ਹੁੰਦਾ ਹੈ, 19x19= 361 ਹੁੰਦਾ ਹੈ ਸਗੋਂ ਇਸ ਦੀ ਬਜਾਇ ਅਧਿਆਪਕ ਅਜਿਹਾ ਪ੍ਰਵਰਤਕ ਹੁੰਦਾ ਹੈ ਜੋ ਗਣਿਤ ਤੇ ਭੌਤਿਕ ਵਿਗਿਆਨ ਦੇ ਫਾਰਮੂਲਿਆਂ ਜਾਂ ਇਤਿਹਾਸ ਤੇ ਭੂਗੋਲ ਅੰਕੜਿਆਂ ਨਾਲ ਖੇਡਦਿਆਂ ਹੋਇਆਂ ਵੀ ਬੱਚੇ ਦੀ ਸੁੱਤੀ ਕਲਾ ਜਗਾਉਣ ਦੀ ਚਾਹਤ ਰੱਖਦਾ ਹੈ? ਜਾਪਦਾ ਹੈ ਕਿ ਅਸੀਂ ਕਾਹਲੀ ਵਿਚ ਪਏ ਹੋਏ ਹਾਂ। ਇਸ ਤਟ-ਫਟ ਯੁੱਗ ਅੰਦਰ ਝਟਪਟ ਨਤੀਜੇ ਹਾਸਲ ਕਰਨ ਡਹੇ ਹੋਏ ਹਾਂ, ਫਿਰ ਭਾਵੇਂ ਉਹ ਕਿਸੇ ਵੀ ਕੀਮਤ ’ਤੇ ਮੈਡੀਕਲ ਕਾਲਜ ਦੀ ਸੀਟ ਹੋਵੇ ਜਾਂ ਕਿਸੇ ਵਿਦੇਸ਼ੀ ਯੂਨੀਵਰਸਿਟੀ ਵਿਚ ਦਾਖ਼ਲਾ ਹੋਵੇ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਚੁੱਪਚਾਪ ਅਧਿਆਪਨ ਦੇ ਕਿੱਤੇ ਨੂੰ ਪੈ ਰਹੀ ਮਾਰ ਆਪਣੇ ਅੱਖੀਂ ਦੇਖ ਰਹੇ ਹਾਂ ਅਤੇ ਮਾਫੀਆ ਨੂੰ ਨਵੀਂ ਉਭਰੀ ਸਿੱਖਿਆ ਸਨਅਤ ਚਲਾਉਣ ਦੀ ਇਜਾਜ਼ਤ ਦੇ ਰਹੇ ਹਾਂ।
ਸਿੱਖਿਆ ਨੂੰ ਬਚਾਉਣ ਅਤੇ ਇਸ ਅੰਧਕਾਰ ਵਿਚੋਂ ਨਿਕਲਣ ਲਈ ਹੁਣ ਲੋਕ ਲਹਿਰ ਤੋਂ ਬਿਨਾਂ ਹੋਰ ਕੋਈ ਰਾਹ ਨਜ਼ਰ ਨਹੀਂ ਆਉਂਦਾ।
* ਲੇਖਕ ਸਮਾਜ ਸ਼ਾਸਤਰੀ ਹੈ।