ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ - 2 ਜੇਠ ਬਨਾਮ ਜੇਠ ਸੁਦੀ 4 - ਸਰਵਜੀਤ ਸਿੰਘ ਸੈਕਰਾਮੈਂਟੋ
ਅੱਜ ਤੋਂ 416 ਸਾਲ ਪਹਿਲਾ, ਭਾਵੇਂ ਇਹ ਦੋਵੇਂ ਤਾਰੀਖਾਂ ਇਕੋ ਦਿਨ ਭਾਵ ਸ਼ੁਕਰਵਾਰ ਨੂੰ ਹੀ ਆਈਆਂ ਸਨ, ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਨ੍ਹਾਂ ਵਿਚੋਂ ਇਕ ਤਾਰੀਖ 2 ਜੇਠ, ਸੂਰਜੀ ਬ੍ਰਿਕਮੀ (ਸੂਰਜੀ ਸਿਧਾਂਤ) ਕੈਲੰਡਰ ਦੀ ਹੈ ਅਤੇ ਦੂਜੀ ਤਾਰੀਖ, ਜੇਠ ਸੁਦੀ 4, ਚੰਦ ਦੇ ਕੈਲੰਡਰ ਮੁਤਾਬਕ ਹੈ। ਉਸ ਵੇਲੇ ਦੇ ਸਰਕਾਰੀ ਰਿਕਾਰਡ ਵਿੱਚ ਇਹ ਤਾਰੀਖ, 2 ਸ਼ਫਰ 1015 ਹਿਜਰੀ ਦਰਜ ਹੋਵੇਗੀ। ਅੰਗਰੇਜ ਭਗਤ ਲਿਖਾਰੀਆਂ ਵੱਲੋਂ ਇਸੇ ਤਾਰੀਖ ਨੂੰ 30 ਮਈ 1606 ਈ: (ਜੂਲੀਅਨ) ਵੀ ਲਿਖਿਆ ਗਿਆ ਹੈ। ਜੂਲੀਅਨ ਕੈਲੰਡਰ ਕਦੇ ਆਪਣੇ ਖ਼ਿੱਤੇ ਵਿੱਚ ਲਾਗੂ ਹੀ ਨਹੀਂ ਹੋਇਆ ਅਤੇ ਹਿਜਰੀ ਕੈਲੰਡਰ ਮੌਕੇ ਦੀ ਸਰਕਾਰ ਦਾ ਕੈਲੰਡਰ ਸੀ, ਇਸ ਲਈ ਆਪਾਂ ਇਨ੍ਹਾਂ ਦੋਵਾਂ ਕੈਲੰਡਰਾਂ ਨੂੰ ਇਥੇ ਹੀ ਛੱਡਦੇ ਹੋਏ ਬਿਕ੍ਰਮੀ ਕੈਲੰਡਰ ਦੀਆਂ ਦੋਵੇਂ ਤਾਰੀਖਾਂ ਨੂੰ ਹੀ ਆਪਣੀ ਵਿਚਾਰ ਚਰਚਾ ਦਾ ਕੇਂਦਰ ਬਿੰਦੂ ਬਣਾਵਾਂਗੇ। ਇਨ੍ਹਾਂ ਦੋਵਾਂ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ, ਅੱਜ ਸਾਡੇ ਲਈ ਚੁਣੌਤੀ ਬਣਦੀ ਜਾ ਰਹੀ ਹੈ। ਇਹ ਚੁਣੌਤੀ ਕਿਸੇ ਹੋਰ ਨੇ ਨਹੀ ਦਿੱਤੀ ਸਗੋਂ ਸਾਡੇ ਧਾਰਮਿਕ ਮੁਖੀਆਂ ਵੱਲੋਂ ਹੀ ਦਿੱਤੀ ਗਈ ਹੈ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਇਸ ਸਾਲ (2079 ਬਿ:) ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 21 ਜੇਠ (3 ਜੂਨ) ਦਿਨ ਸ਼ੁਕਰਵਾਰ ਦਾ ਦਰਜ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਤਾਰੀਖ ਤਾਂ ਉੱਪਰ ਦੱਸੀਆਂ ਤਾਰੀਖਾਂ ਵਿਚੋਂ ਕਿਸੇ ਨਾਲ ਵੀ ਮੇਲ ਨਹੀਂ ਖਾਂਦੀ, ਫੇਰ ਇਹ ਤਾਰੀਖ ਕਿਥੋ ਆਈ? ਪਿਛਲੇ ਸਾਲ (2078 ਬਿ:) ਦੇ ਕੈਲੰਡਰ ਵਿਚ ਇਹ ਦਿਹਾੜਾ 32 ਜੇਠ ਦਾ ਦਰਜ ਸੀ। ਪਰ ਕੈਲੰਡਰ ਦਾ ਆਰੰਭ ਹਰ ਸਾਲ 1 ਚੇਤ ਤੋਂ ਹੀ ਹੁੰਦਾ ਹੈ ਅਤੇ ਹਰ ਸਾਲ ਵੈਸਾਖੀ ਵੀ ਇੱਕ ਵੈਸਾਖ ਦੀ ਦਰਜ ਹੈ। ਅਸਲ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ, 365.2563 ਦਿਨ) ਛਾਪਦੀ ਹੈ। ਕੁਝ ਦਿਹਾੜੇ ਤਾਂ ਪ੍ਰਵਿਸ਼ਟਿਆਂ ਮੁਤਾਬਕ ਹੀ ਨਿਰਧਾਰਤ ਕਰਦੀ ਹੈ ਜੋ ਹਰ ਸਾਲ ਮੁੜ ਉਸੇ ਪ੍ਰਵਿਸ਼ਟੇ ਨੂੰ ਆਉਂਦੇ ਹਨ, ਜਿਵੇ ਵੈਸਾਖੀ ਹਰ ਸਾਲ ਇਕ ਵੈਸਾਖ ਨੂੰ ਹੀ ਆਉਂਦੀ ਹੈ। ਪਰ ਕੁਝ ਤਾਰੀਖਾਂ ਨੂੰ ਨਿਰਧਾਰਤ ਚੰਦ ਦੇ ਕੈਲੰਡਰ ਮੁਤਾਬਕ ਕੀਤਾ ਜਾਂਦਾ ਹੈ ਅਤੇ ਦਰਜ ਪ੍ਰਵਿਸ਼ਿਟਆ ਵਿਚ ਕੀਤਾ ਜਾਂਦਾ ਹੈ। ਇਸ ਕਾਰਨ ਹਰ ਸਾਲ ਪ੍ਰਵਿਸ਼ਟਾ ਬਦਲ ਜਾਂਦਾ ਹੈ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ (ਦਿਨ ਅਤੇ ਰਾਤ) 24 ਘੰਟੇ ਵਿਚ ਪੂਰਾ ਹੁੰਦਾ ਹੈ। ਧਰਤੀ ਸੂਰਜ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.242196 ਦਿਨ ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਸਾਲ ਦੀ ਇਸੇ ਲੰਬਾਈ ਮੁਤਾਬਕ ਹੀ ਰੁੱਤਾਂ ਬਦਲਦੀਆਂ ਹਨ। ਚੰਦ ਧਰਤੀ ਦੇ ਦਵਾਲੇ ਘੁੰਮਦਾ ਹੈ। ਚੰਦ ਦਾ ਇਕ ਚੱਕਰ 29.53 ਦਿਨਾਂ ਵਿਚ ਪੂਰਾ ਹੁੰਦਾ ਹੈ। ਜਿਸ ਨੂੰ ਇਕ ਮਹੀਨਾ ਕਹਿੰਦੇ ਹਨ। ਚੰਦ ਦੇ ਸਾਲ ਵਿੱਚ ਵੀ ਉਹੀ 12 ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ। ਚੰਦ ਦੇ ਸਾਲ ਵਿੱਚ 354.37 ਦਿਨ ਹੁੰਦੇ ਹਨ। ਭਾਵ ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ਇਕ ਸਾਲ ਵਿੱਚ 11 ਦਿਨ, ਦੋ ਸਾਲ ਵਿੱਚ 22 ਦਿਨ ਪਿਛੇ ਰਹਿ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। 2081 ਬਿ: ਵਿੱਚ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। (19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ) ਇਸ ਸਾਲ ਵਿਚ ਸਾਵਣ ਦੇ ਦੋ ਮਹੀਨੇ ਹੋਣਗੇ ਅਤੇ ਸਾਲ ਦੇ ਦਿਨ 384-85 ਹੋਣਗੇ। ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ, ਹਿੰਦੂ ਮੱਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਜਿਹੜਾ ਦਿਹਾੜਾ ਪਿਛਲੇ ਸਾਲ ਤੋਂ 11 ਦਿਨ ਪਹਿਲਾਂ ਆਉਣਾ ਚਾਹੀਂਦਾ ਸੀ, 13ਵੇਂ ਮਹੀਨੇ ਤੋਂ ਪਿਛੋਂ ਆਉਣ ਵਾਲੇ ਦਿਹਾੜੇ, ਪਿਛਲੇ ਸਾਲ ਤੋਂ 18-19 ਦਿਨ ਪੱਛੜ ਕੇ ਆਵੇਗਾ। ਇਹ ਹੈ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦਾ ਕਮਾਲ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ ਹੀ ਕਰਨਾ ਪੈਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਅਪਣਾ ਲਿਆ ਜਾਵੇ? ਜੇ ਅਸੀਂ ਇਹ ਦਿਹਾੜਾ ਜੇਠ ਸੁਦੀ 4 ਦੀ ਬਿਜਾਏ ਹਰ ਸਾਲ 2 ਹਾੜ ਨੂੰ ਮਨਾਉਂਦੇ ਹਾਂ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ? ਇਸ ਨਾਲ ਸਾਡਾ ਕੋਈ ਨੁਕਸਾਨ ਨਹੀ ਹੁੰਦਾ। ਇਸ ਨਾਲ ਤਾਂ ਸਾਨੂੰ ਲਾਭ ਹੀ ਲਾਭ ਹੈ। ਅਸੀ ਵਦੀ-ਸੁਦੀ ਦੇ ਮੱਕੜਜਾਲ ਵਿੱਚੋਂ ਨਿਕਲ ਸਕਦੇ ਹਾਂ। ਸਾਰੀ ਦੁਨੀਆਂ ਵਿਚ ਇਹ ਦਿਹਾੜਾ 2 ਹਾੜ (16 ਜੂਨ) ਨੂੰ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਨੂੰ ਕਦੇ ਵੀ ਪਾਕਿਸਤਾਨ ਵਿਖੇ ਜਥਾ ਭੇਜਣ ਵਿੱਚ ਸਮੱਸਿਆ ਨਹੀਂ ਆਵੇਗੀ। ਪਿਛਲੇ 12 ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਸਿਰਫ ਦੋ ਸਾਲ ਹੀ ਜਥਾ ਭੇਜ ਸਕੀ ਹੈ। 2010 ਈ: ਵਿੱਚ, ਜਦੋ ਦੋਵੇ ਤਾਰੀਖਾਂ ਇਕੋ ਹੀ ਦਿਨ ਆਈਆਂ ਸਨ ਅਤੇ 2018 ਈ: ਵਿੱਚ ਜਦੋ ਜੇਠ ਸੁਦੀ 4, 17 ਜੂਨ ਨੂੰ ਆਈ ਸੀ ਪਰ ਨਾਨਕਸ਼ਾਹੀ ਕੈਲੰਡਰ ਮੁਤਾਬਕ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ 2 ਜੇਠ (16 ਜੂਨ) ਨੂੰ ਹੀ ਮਨਾਇਆ ਗਿਆ ਸੀ। ਜੇ 2018 ਈ: ਵਿੱਚ ਸ਼ਹੀਦੀ ਦਿਹਾੜਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ ਨੂੰ ਮਨਾਇਆ ਜਾ ਸਕਦਾ ਹੈ ਤਾਂ ਹਰ ਸਾਲ ਕਿੳ ਨਹੀਂ? ਜੇ ਸ਼੍ਰੋਮਣੀ ਕਮੇਟੀ ਨੇ ਇਸ ਪਾਸੇ ਅਜੇ ਵੀ ਧਿਆਨ ਨਾ ਦਿੱਤਾ ਤਾਂ ਹੁਣ ਇਹ 2086 ਬਿ: (16 ਜੂਨ 2029 ਈ:) ਵਿੱਚ ਹੀ ਜਥਾ ਭੇਜ ਸਕੇਗੀ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਜੁਲਾਈ 2019 ਈ: ਵਿੱਚ ਅੰਤਰ ਰਾਸ਼ਟਰੀ ਨਗਰ ਕੀਰਤਨ ਦੇ ਸਬੰਧ ਵਿੱਚ, ਗਿਆਨੀ ਹਰਪ੍ਰੀਤ ਸਿੰਘ ਜੀ ਇਕ ਜਥਾ ਲੈ ਕੇ ਪਾਕਿਸਤਾਨ ਗਏ ਸਨ। ਉਥੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀਂ ਦੇ ਨੁਮਾਇਦਿਆਂ ਨਾਲ ਵਿਚਾਰ-ਵਿਟਾਂਦਰੇ ਦੌਰਾਨ, ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਅਗਲੇ ਸਾਲ ਤੋਂ ਆਪਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਕੱਠੇ ਮਨਾਵਾਂਗੇ। ਪਰ ਤਿੰਨ ਸਾਲ ਬੀਤ ਜਾਣ ਤੇ ਵੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਇਸ ਸਮੱਸਿਆ ਦੇ ਹਲ ਲਈ ਕੋਈ ਯਤਨ ਨਹੀਂ ਕੀਤਾ ਗਿਆ। ਕੀ ਗਿਆਨੀ ਹਰਪ੍ਰੀਤ ਸਿੰਘ ਨੇ ਉਥੇ ਪੈਦਾ ਹੋਏ ਅਣਸੁਖਾਵੇ ਹਾਲਤਾਂ ਨੂੰ ਟਾਲਣ ਲਈ ਹੀ, ਸਿਆਸਤਦਾਨਾਂ ਵਾਂਗੂੰ ਝੂਠਾਂ ਵਾਆਦਾ ਕੀਤਾ ਸੀ? ਜੇ ਅਜੇਹਾ ਹੀ ਸੀ ਤਾਂ ਅੱਗੇ ਤੋਂ ਇਨ੍ਹਾਂ ਵੱਲੋਂ ਕੀਤੇ ਗਏ ਵਾਅਦਿਆਂ, ਯਕੀਨਦਹਾਨੀ ਜਾਂ ਲਈ ਗਈ ਸਾਲਸੀ ਜਿੰਮੇਵਾਰੀ ਤੇ ਕੋਈ ਕਿਵੇਂ ਯਕੀਨ ਕਰੇਗਾ?
ਇਥੇ ਇਕ ਨੁਕਤਾ ਹੋਰ ਵੀ ਸਾਝਾਂ ਕਰਨਾ ਜਰੂਰੀ ਹੈ। ਜਿਹੜੇ ਕਹਿੰਦੇ ਹਨ ਕਿ ਜੇਹੜਾ ਕੈਲੰਡਰ ਗੁਰੂ ਸਾਹਿਬ ਨੇ ਬਣਾਇਆ ਅਤੇ ਪ੍ਰਚੱਲਤ ਕੀਤਾ ਸੀ, ਉਹ ਕਿਓ ਛੱਡੀਏ। ਪਹਿਲੀ ਗੱਲ ਤਾਂ ਇਹ ਕਿ ਗੁਰੂ ਜੀ ਨੇ ਕੋਈ ਕੈਲੰਡਰ ਨਹੀ ਬਣਾਇਆ। ਗੁਰੂ ਸਾਹਿਬ ਜੀ ਦੇ ਸਮੇਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ, ਸਾਲ ਦੀ ਲੰਬਾਈ 365.2587 ਦਿਨ) ਹੀ ਪ੍ਰਚੱਲਤ ਸੀ। ਉਸ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ, 1964 ਈ: ਵਾਲੀ ਸੋਧ ਨੂੰ ਪ੍ਰਵਾਨ ਕਰਕੇ ਛੱਡਿਆ ਜਾ ਚੁੱਕਾ ਹੈ। ਗੁਰੂ ਕਾਲ ਵਾਲੇ ਕੈਲੰਡਰ (ਸੂਰਜੀ ਸਿਧਾਂਤ) ਮੁਤਾਬਕ ਇਸ ਸਾਲ ਜੇਠ ਦੀ ਸੰਗਰਾਂਦ ਐਤਵਾਰ (15 ਮਈ) ਨੂੰ ਸੀ ਜਦੋ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਮੁਤਾਬਕ ਜੇਠ ਦੀ ਸੰਗਰਾਂਦ 14 ਮਈ ਨੂੰ ਸੀ। ਇਸ ਸਾਲ ਸਾਵਣ ਅਤੇ ਕੱਤਕ ਦੀ ਸੰਗਰਾਂਦ ਵੀ ਦੋਵਾਂ ਕੈਲੰਡਰਾਂ ਵਿਚ ਇਕ ਦਿਨ ਦੇ ਫ਼ਰਕ ਨਾਲ ਆਉਣਗੀਆਂ। ਹੁਣ ਦੱਸੋ ਦੋ-ਦੋ ਸੰਗਰਾਂਦਾਂ ਲਈ ਜਿੰਮੇਵਾਰ ਕੌਣ ਹੈ?
ਹੁਣ ਜਦੋਂ ਅਸੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾਂ ਹਰ ਸਾਲ ਜੇਠ ਸੁਦੀ 4 ਦੀ ਬਿਜਾਏ 2 ਹਾੜ ਨੂੰ ਮਨਾਉਦੇ ਹਾਂ ਤਾਂ ਹਰ ਸਾਲ ਇਹ ਦਿਹਾੜਾਂ 2 ਹਾੜ ਨੂੰ ਹੀ ਆਵੇਗਾ ਅਤੇ ਉਸ ਦਿਨ ਜੂਨ ਮਹੀਨੇ ਦੀ 16 ਤਾਰੀਖ ਹੀ ਹੋਵੇਗੀ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਵੈਸਾਖੀ ਹਰ ਸਾਲ ਇੱਕ ਵੈਸਾਖ ਨੂੰ ਮਨਾਈ ਜਾ ਸਕਦੀ ਹੈ, ਵੱਡੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਅਤੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾਂ ਹਰ ਸਾਲ 13 ਪੋਹ ਨੂੰ ਮਨਾਇਆ ਜਾ ਸਕਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾਂ ਹਰ ਸਾਲ 2 ਹਾੜ ਨੂੰ ਕਿਓ ਨਹੀਂ ਮਨਾਇਆ ਜਾ ਸਕਦਾ? ਹੁਣ ਇਹ ਫੈਸਲਾ ਪੂਰੇ ਵਿਸ਼ਵ `ਚ ਫੈਲ ਚੁੱਕੀ ਸਿੱਖ ਕੌਮ ਨੇ ਕਰਨਾ ਹੈ ਕਿ, ਕੀ ਸਾਨੂੰ ਮੌਸਮੀ ਕੈਲੰਡਰ ਤੇ ਅਧਾਰਤ ਨਾਨਕਸ਼ਾਹੀ ਕੈਲੰਡਰ, ਜਿਸ ਦੇ ਪ੍ਰਵਿਸ਼ਟੇ ਅਤੇ ਤਾਰੀਖਾਂ ਸਦਾ ਵਾਸਤੇ ਇਕੋ ਹੀ ਰਹਿਣਗੀਆਂ, ਦੀ ਲੋੜ ਹੈ ਜਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ, ਜਿਸ ਦੀਆਂ ਤਾਰੀਖਾਂ ਹਰ ਸਾਲ ਬਦਲ ਜਾਂਦੀਆਂ ਹਨ?