ਆਖੂੰ ਗੱਲ ਖਰੀ - ਵੀਰਪਾਲ ਕੌਰ ਭੱਠਲ "
ਮੇਰੇ ਦੇਸ਼ ਦੀ ਸੁੱਤੀ ਜ਼ਮੀਰ ਨੂੰ
ਕੋਈ ਆ ਕੇ ਦਿਓ ਹਲੂਣ
ਇੱਥੇ ਚੰਦ ਸਿੱਕਿਆਂ ਲਈ ਵਿਕਦਾ ਹੈ
ਬਈ ਰਿਸ਼ਵਤ ਖੋਰ ਕਾਨੂੰਨ।
ਨਿਰਦੋਸ਼ ਸਜ਼ਾ ਨੇ ਕੱਟਦੇ ਤੇ ਦੋਸ਼ੀ ਹੋਣ ਬਰੀ
ਚੰਗੀ ਲੱਗੇ ਚਾਹੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਇੱਥੇ ਸਾਧਾਂ ਦੇ ਵੱਗ ਲੁੱਟਦੇ
ਰਹੇ ਜਨਤਾ ਨੂੰ ਭਰਮਾ
ਅਤੇ ਰਹਿੰਦੀ ਖੂੰਹਦੀ ਦੇਸ਼ ਨੂੰ
ਕੁੱਝ ਗਈ ਸਿਆਸਤ ਖਾ
ਇੱਥੇ ਉੱਠਦੀ ਜੋ ਇਨਸਾਫ਼ ਲਈ
ਉਹ ਬੰਦ ਆਵਾਜ਼ ਕਰੀਂ
ਚੰਗੀ ਲੱਗੇ ਚਾਹੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਇੱਥੇ ਵਿੱਚ ਨਸ਼ੇ ਦੀ ਨਹਿਰ ਦੇ
ਰੁੜ੍ਹ ਰਹੇ ਪੰਜਾਬੀ ਵੀਰ
ਇੱਥੇ ਘਰ ਘਰ ਸੱਥਰ ਵਿੱਛ ਗਏ
ਨੈਣੋਂ ਨਹੀਂ ਰੁੱਕਦਾ ਨੀਰ
ਅਸੀਂ ਤਰਲੇ ਪਾਏ ਬਹੁਤ ਨੇ
ਸਾਡੀ ਕਿਸੇ ਨਾ ਬਾਂਹ ਫੜੀ
ਚੰਗੀ ਲੱਗੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਕੁਝ ਕੁੱਖਾਂ ਦੇ ਵਿੱਚ ਮਰਦੀਆਂ
ਕੁਝ ਹਵਸ ਦਾ ਹੋਈਆ ਸ਼ਿਕਾਰ
ਕੁਝ ਬਲੀ ਦਾਜ ਦੀ ਚੜ੍ਹ ਗਈਆਂ
ਕੁਝ ਦਿੱਤੀਆਂ ਉਝ ਦੁਰਕਾਰ
ਜੱਗ ਜਨਨੀ ਰੋਵੇ ਲੇਖ ਨੂੰ
ਜਾਂਦੀ ਵਿੱਚੋਂ ਵਿੱਚ ਸੜੀ
ਚੰਗੀ ਲੱਗੇ ਚਾਹੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਮਾਈ ਭਾਗੋ ਨਹੀਂ ਕੋਈ ਜੰਮਦੀ
ਪਈਆਂ ਘਰ ਘਰ ਹੀਰਾ ਜੰਮ
ਇੱਥੇ ਇੱਜ਼ਤਾਂ ਥਾਂ ਥਾਂ ਰੁਲਦੀਆਂ
ਨਾ ਹੋਣ ਕਿਸੇ ਤੋਂ ਥੰਮ
ਅੱਜ ਅਣਖਾਂ ਵਾਜੋਂ ਵੀਰਪਾਲ
ਜਿੱਤ ਬਾਜੀ ਅਸੀਂ ਹਰੀ
ਚੰਗੀ ਲੱਗੇ ਚਾਹੇ ਮਾੜੀ ਮੈਂ ਤਾਂ ਆਖੂੰ ਗੱਲ ਖਰੀ
ਵੀਰਪਾਲ ਕੌਰ ਭੱਠਲ "