ਬੁਲਡੋਜ਼ਰ-ਸਿਆਸਤ ਤੇ ਬੁਲਡੋਜ਼ਰ-ਰਿਆਸਤ - ਸਵਰਾਜਬੀਰ

‘‘ਦੰਗਈ ਯਾਦ ਰੱਖਣ, ਹਰ ਸ਼ੁੱਕਰਵਾਰ ਦੇ ਬਾਅਦ ਸ਼ਨਿੱਚਰਵਾਰ ਜ਼ਰੂਰ ਆਉਂਦਾ ਹੈ।’’ ਇਹ ਟਵੀਟ ਯੋਗੀ ਆਦਿੱਤਿਆਨਾਥ ਦੇ ਮੀਡੀਆ ਸਲਾਹਕਾਰ ਮ੍ਰਿਤੁੰਜਯ ਕੁਮਾਰ ਦੀ ਹੈ ਜੋ ਉਸ ਨੇ ਪਿਛਲੇ ਸ਼ੁੱਕਰਵਾਰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਪੈਗੰਬਰ ਹਜ਼ਰਤ ਮੁਹੰਮਦ ਬਾਰੇ ਅਪਮਾਨਜਨਕ ਸ਼ਬਦ ਬੋਲੇ ਜਾਣ ਵਿਰੁੱਧ ਹੋਏ ਮੁਜ਼ਾਹਰਿਆਂ ਅਤੇ ਹਿੰਸਾ ਤੋਂ ਬਾਅਦ ਕੀਤੀ। ਹਜ਼ਰਤ ਮੁਹੰਮਦ ਸਾਹਿਬ ਬਾਰੇ ਅਪਮਾਨਜਨਕ ਟਿੱਪਣੀ ਭਾਰਤੀ ਜਨਤਾ ਪਾਰਟੀ ਦੀ ਕੌਮੀ ਤਰਜਮਾਨ ਨੂਪੁਰ ਸ਼ਰਮਾ ਨੇ ਇਕ ਟੈਲੀਵਿਜ਼ਨ ਚੈਨਲ ’ਤੇ ਕੀਤੀ ਸੀ। ਪਿਛਲੇ ਸ਼ੁੱਕਰਵਾਰ ਕਾਨਪੁਰ, ਸਹਾਰਨਪੁਰ, ਪ੍ਰਯਾਗਰਾਜ ਆਦਿ ਸ਼ਹਿਰਾਂ ਵਿਚ ਹੋਈ ਹਿੰਸਾ ਤੋਂ ਬਾਅਦ ਸ਼ਨਿੱਚਰਵਾਰ ਬੁਲਡੋਜ਼ਰ ਹਰਕਤ ਵਿਚ ਆਏ ਅਤੇ ਉਨ੍ਹਾਂ ਦੀ ਵਰਤੋਂ ਕਥਿਤ ਤੌਰ ’ਤੇ ਦੰਗਾ ਭੜਕਾਉਣ ਵਾਲੇ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਵਿਅਕਤੀਆਂ ਦੇ ਘਰ ਢਾਹੁਣ ਲਈ ਕੀਤੀ ਗਈ। ਮ੍ਰਿਤੁੰਜਯ ਕੁਮਾਰ ਦੀ ਟਵੀਟ ਅਜਿਹੇ ਸ਼ਨਿੱਚਰਵਾਰ ਬਾਰੇ ਹੈ ਜਦ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਸਰਕਾਰੀ ਬੁਲਡੋਜ਼ਰ ਆਉਂਦੇ ਹਨ ਅਤੇ ਲੋਕਾਂ ਦੇ ਘਰ ਢਾਹੁੰਦੇ ਹਨ। ਇਸ ਟਵੀਟ ਨਾਲ ਬੁਲਡੋਜ਼ਰ ਦੀ ਤਸਵੀਰ ਵੀ ਹੈ।
        ਏਨਾ ਤੁਰਤ-ਫੁਰਤ ‘ਨਿਆਂ’ ਕਰਨਾ ਉੱਤਰ ਪ੍ਰਦੇਸ਼ ਸਰਕਾਰ ਅਤੇ ਪੁਲੀਸ ਦੀ ਖ਼ਾਸੀਅਤ ਬਣ ਗਿਆ ਹੈ। ਇਹ ‘ਨਿਆਂ’ ਇੰਝ ‘ਕੀਤਾ’ ਜਾ ਰਿਹਾ ਹੈ ਜਿਵੇਂ ਇਹ ਸੱਚਮੁੱਚ ਦੀ ਕਾਨੂੰਨੀ ਪ੍ਰਕਿਰਿਆ ਹੋਵੇ। ਇਸ ਵਰਤਾਰੇ ਨੇ ਘੱਟਗਿਣਤੀ ਭਾਈਚਾਰੇ ਵਿਚ ਸਹਿਮ, ਦਹਿਸ਼ਤ ਅਤੇ ਬੇਗ਼ਾਨਗੀ ਦਾ ਮਾਹੌਲ ਪੈਦਾ ਕੀਤਾ ਹੈ। ਦੰਗਾ ਕਰਨ ਤੇ ਕਰਵਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਹ ਕਾਰਵਾਈ ਦੇਸ਼ ਦੇ ਕਾਨੂੰਨਾਂ ਅਨੁਸਾਰ ਹੋਣੀ ਚਾਹੀਦੀ ਹੈ।
         ਪਰ ਅਜਿਹਾ ‘ਨਿਆਂ’ ਸਿਰਫ਼ ਉੱਤਰ ਪ੍ਰਦੇਸ਼ ਵਿਚ ਹੀ ਨਹੀਂ ਕੀਤਾ ਜਾ ਰਿਹਾ, ਅਸੀਂ ਅਜਿਹਾ ‘ਨਿਆਂ’ ਮੱਧ ਪ੍ਰਦੇਸ਼ ਦੇ ਕਸਬੇ ਖਾਰਗੋਨ, ਗੁਜਰਾਤ ਦੇ ਕਸਬੇ ਹਿੰਮਤਨਗਰ, ਦਿੱਲੀ ਵਿਚ ਜਹਾਂਗੀਰਪੁਰੀ ਅਤੇ ਕਈ ਹੋਰ ਥਾਵਾਂ ’ਤੇ ਵੀ ਹੁੰਦਾ ਦੇਖਿਆ ਹੈ। ਟੈਲੀਵਿਜ਼ਨ ਚੈਨਲਾਂ ’ਤੇ ਬਹਿਸਾਂ ਹੋ ਰਹੀਆਂ ਹਨ ਪਰ ਕਿਸੇ ਸੱਤਾਧਾਰੀ ਦੇ ਚਿਹਰੇ ’ਤੇ ਪਛਤਾਵੇ ਦਾ ਪਰਛਾਵਾਂ ਤਕ ਨਹੀਂ, ਸਗੋਂ ਅਜਿਹੀਆਂ ਕਾਰਵਾਈਆਂ ਨੂੰ ਸਹੀ ਠਹਿਰਾਇਆ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ‘ਸਿੱਧੇ’ ਕੀਤਾ ਅਤੇ ਸਬਕ ਸਿਖਾਇਆ ਜਾ ਰਿਹਾ ਹੈ। ਅਸੀਂ ਬੁਲਡੋਜ਼ਰ-ਸਿਆਸਤ ਅਤੇ ਬੁਲਡੋਜ਼ਰ-ਰਿਆਸਤ/ਸਟੇਟ ਦੇ ਰੂਬਰੂ ਹਾਂ। ਇਹ ਸਿਆਸਤ ਤੇ ਰਿਆਸਤ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਆਪਣੀ ਵਾਜਬੀਅਤ ਸਿੱਧ ਕਰਨ ਵਿਚ ਕਾਮਯਾਬ ਹੋ ਰਹੀ ਹੈ।
        ਉੱਤਰ ਪ੍ਰਦੇਸ਼ ਵਿਚ ਬੁਲਡੋਜ਼ਰ ਕਾਫ਼ੀ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਚੋਣ ਰੈਲੀਆਂ ਵਿਚ ਬੁਲਡੋਜ਼ਰ ਖੜ੍ਹੇ ਵੀ ਕੀਤੇ ਗਏ, ਇਹ ਆਪਣੇ ਹਮਾਇਤੀਆਂ ਦੇ ਮਨ ਵਿਚ ਇਹ ਪ੍ਰਭਾਵ ਮਜ਼ਬੂਤ ਕਰਨ ਦਾ ਯਤਨ ਸੀ ਕਿ ਸਾਡੇ ਕੋਲ ਬੁਲਡੋਜ਼ਰ ਹਨ, ਅਸੀਂ ਮਜ਼ਬੂਤ ਬੁਲਡੋਜ਼ਰੀ ਸਿਆਸਤਦਾਨ ਹਾਂ, ਅਸੀਂ ਬੁਲਡੋਜ਼ਰ-ਰਿਆਸਤ ਦਾ ਨਿਰਮਾਣ ਕਰ ਰਹੇ ਹਾਂ। ਰੈਲੀਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਇਹ ਪਤਾ ਸੀ/ਹੈ ਕਿ ਇਹ ਬੁਲਡੋਜ਼ਰ ਕਿਨ੍ਹਾਂ ਵਿਰੁੱਧ ਵਰਤੇ ਜਾਣੇ ਹਨ। ਉੱਤਰ ਪ੍ਰਦੇਸ਼ ਵਿਚ ਇਹ ਅਪਰਾਧੀਆਂ ਵਿਰੁੱਧ ਵੀ ਵਰਤੇ ਗਏ ਪਰ ਇਨ੍ਹਾਂ ਦਾ ਮੁੱਖ ਨਿਸ਼ਾਨਾ ਦੇਸ਼ ਦੀ ਸਭ ਤੋਂ ਵੱਡੀ ਘੱਟਗਿਣਤੀ ਭਾਈਚਾਰੇ ਦੇ ਲੋਕ ਹਨ। ਤੁਸੀਂ ਸਮਝ ਸਕਦੇ ਹੋ ਉਨ੍ਹਾਂ ਨੂੰ ਅਪਰਾਧੀਆਂ ਦੇ ਬਰਾਬਰ ਰੱਖਿਆ ਅਤੇ ਅਪਰਾਧੀਆਂ ਜਿਹਾ ਸਲੂਕ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਰਾਮ ਨੌਮੀ ਦੇ ਸਮਾਗਮਾਂ ਅਤੇ ਜਲੂਸਾਂ ਦੌਰਾਨ ਹੋਈ ਹਿੰਸਾ ਤੋਂ ਬਾਅਦ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਜ਼ੁਬਾਨ ਦਿੰਦਿਆਂ ਕਿਹਾ ਸੀ, ‘‘ਜਿਸ ਘਰ ਤੋਂ ਪੱਥਰ ਆਏ ਹਨ, ਉਸ ਘਰ ਨੂੰ ਪੱਥਰ ਦਾ ਢੇਰ ਬਣਾ ਦਿਆਂਗੇ।’’ ਘਰਾਂ ਨੂੰ ਪੱਥਰਾਂ ਦੇ ਢੇਰ ਬਣਾਉਣਾ ਹੁਣ ਰਿਆਸਤ/ਸਟੇਟ ਦੀ ਆਮ/ਸਧਾਰਨ ਕਾਰਵਾਈ ਬਣ ਗਈ।
       ਜਮਾਤੀ ਦ੍ਰਿਸ਼ਟੀਕੋਣ ਤੋਂ ਰਿਆਸਤ ਨੂੰ ਹਾਕਮ ਜਮਾਤਾਂ ਅਤੇ ਆਧੁਨਿਕ ਰਿਆਸਤ ਨੂੰ ਸਰਮਾਏਦਾਰੀ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੀ ਇਕਾਈ ਵਜੋਂ ਚਿਤਵਿਆ ਗਿਆ ਹੈ। ਸਰਮਾਏਦਾਰ ਜਮਾਤ ਕਿਸੇ ਵੀ ਤਰ੍ਹਾਂ ਦੀ ਰਿਆਸਤ/ਸਟੇਟ ਨੂੰ ਉਦੋਂ ਤਕ ਸਵੀਕਾਰ ਕਰਦੀ ਰਹਿੰਦੀ ਹੈ ਜਦੋਂ ਤਕ ਉਹ (ਰਿਆਸਤ/ਸਟੇਟ) ਉਸ ਦੇ ਵਪਾਰ, ਕਾਰੋਬਾਰ, ਮੁਨਾਫ਼ੇ ਅਤੇ ਹੋਰ ਜਮਾਤੀ ਹਿੱਤਾਂ ’ਤੇ ਸੱਟ ਨਹੀਂ ਮਾਰਦੀ, ਅਜਿਹੀ ਰਿਆਸਤ/ਸਟੇਟ ਤਾਨਾਸ਼ਾਹ ਹੋ ਸਕਦੀ ਹੈ, ਜਮਹੂਰੀਅਤ ਹੋ ਸਕਦੀ ਹੈ, ਤਾਨਾਸ਼ਾਹੀ ਤੇ ਜਮਹੂਰੀਅਤ ਦਾ ਮਿਸ਼ਰਨ ਹੋ ਸਕਦੀ ਹੈ, ਫ਼ਿਰਕੂ ਤੇ ਧਰਮ ਆਧਾਰਿਤ ਹੋ ਸਕਦੀ ਹੈ। ਦੁਨੀਆ ਵਿਚ ਚਾਰ ਚੁਫ਼ੇਰੇ ਨਜ਼ਰ ਮਾਰਿਆਂ ਇਸ ਦੇ ਕਈ ਰੂਪ ਨਜ਼ਰ ਆਉਂਦੇ ਹਨ ਅਤੇ ਸਰਮਾਏਦਾਰ ਜਮਾਤ ਨੇ ਉਨ੍ਹਾਂ ਸਾਰੇ ਰੂਪਾਂ ਨੂੰ ਸਵੀਕਾਰ ਵੀ ਕੀਤਾ ਹੈ। ਭਾਰਤ ਵਿਚ ਵੀ ਅਜਿਹੀ ਸਥਿਤੀ ਹੈ, ਸਰਮਾਏਦਾਰ ਜਮਾਤ ਦਾ ਦ੍ਰਿਸ਼ਟੀਕੋਣ ਇਹੀ ਹੈ ਕਿ ਰਿਆਸਤ/ਸਟੇਟ ਜੋ ਮਰਜ਼ੀ ਕਰੀ ਜਾਵੇ ਪਰ ਸਾਡੇ ਹਿੱਤਾਂ ਨੂੰ ਠੇਸ ਨਾ ਪਹੁੰਚਾਏ। ਸਾਡੀ ਰਿਆਸਤ/ਸਟੇਟ ਇਕ ਪਾਸੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਂਦੀ ਹੈ ਅਤੇ ਦੂਸਰੇ ਪਾਸੇ ਕਾਰਪੋਰੇਟ ਅਦਾਰਿਆਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ।
        ਉਪਰੋਕਤ ਦਲੀਲ ਇਸ ਲਈ ਦਿੱਤੀ ਗਈ ਹੈ ਕਿਉਂਕਿ ਇਹ ਵੀ ਸਮਝਿਆ ਜਾਂਦਾ ਹੈ ਕਿ ਹਾਕਮ ਜਮਾਤਾਂ ਸਮਾਜ ਵਿਚ ਵਿਚਾਰਧਾਰਕ ਸਰਦਾਰੀ (Hegemony) ਬਣਾਉਣ ਲਈ ਇਹ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਕਿ ਉਹ ਸਮਾਜ ਦੇ ਹਰ ਵਰਗ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ, ਸਭ ਵਰਗਾਂ ਨੂੰ ਰਿਆਸਤ/ਸਟੇਟ ਵਿਚ ਥੋੜ੍ਹੀ ਬਹੁਤ ਥਾਂ ਦਿੱਤੀ ਜਾਂਦੀ ਹੈ, ਪ੍ਰਭਾਵਸ਼ਾਲੀ ਰਿਆਸਤ/ਸਟੇਟਾਂ ਇਹ ਪ੍ਰਭਾਵ ਦੇਣ ਦੀ ਵੀ ਕੋਸ਼ਿਸ਼ ਕਰਦੀਆਂ ਹਨ ਕਿ ਉਹ ਘੱਟਗਿਣਤੀ ਫ਼ਿਰਕਿਆਂ, ਨਸਲਾਂ ਅਤੇ ਘੱਟ ਸਾਧਨਾਂ ਵਾਲੇ ਲੋਕਾਂ ਦੇ ਹੱਕਾਂ ਅਤੇ ਭਾਵਨਾਵਾਂ ਦਾ ਖ਼ਾਸ ਖਿਆਲ ਰੱਖਦੀਆਂ ਹਨ। ਸਮਾਜ ਵਿਚ ਜਮਾਤੀ, ਜਾਤੀ ਤੇ ਨਸਲੀ ਤਾਕਤਾਂ ਦਾ ਸਮਤੋਲ ਵੀ ਕਈ ਵਾਰ ਅਜਿਹਾ ਹੁੰਦਾ ਹੈ ਕਿ ਘੱਟਗਿਣਤੀ ਫ਼ਿਰਕਿਆਂ ਅਤੇ ਘੱਟ ਸਾਧਨਾਂ ਵਾਲੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਰਿਆਸਤ/ਸਟੇਟ ਨੂੰ ਕੁਝ ਕਦਮ ਚੁੱਕਣੇ ਪੈਂਦੇ ਹਨ ਪਰ ਮੌਜੂਦਾ ਭਾਰਤੀ ਰਿਆਸਤ/ਸਟੇਟ ਦਾ ਕਿਰਦਾਰ ਕੁਝ ਵੱਖਰਾ ਹੈ। ਕਾਰਪੋਰੇਟ ਅਦਾਰਿਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਨਾਲ ਨਾਲ ਇਹ ਬਹੁਗਿਣਤੀ ਫ਼ਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਉਣ ਵਿਚ ਕਾਮਯਾਬ ਰਹੀ ਹੈ ਕਿ ਉਹ ਸੈਂਕੜੇ ਸਾਲਾਂ ਤੋਂ ਮੁਸਲਮਾਨ ਹਮਲਾਵਰਾਂ ਦੇ ਗੁਲਾਮ ਤੇ ਉਨ੍ਹਾਂ ਤੋਂ ਪੀੜਤ ਰਹੇ ਹਨ, ਮੌਜੂਦਾ ਰਾਜ ਸੈਂਕੜੇ ਸਾਲਾਂ ਬਾਅਦ ਹੋਂਦ ਵਿਚ ਆਇਆ ਉਨ੍ਹਾਂ ਦਾ ਆਪਣਾ ਰਾਜ ਹੈ।
        ਉੱਘੇ ਚਿੰਤਕ ਏਜਾਜ਼ ਅਹਿਮਦ ਨੇ ਲਿਖਿਆ ਸੀ, ਭਾਰਤੀ ਜਨਤਾ ਪਾਰਟੀ ਨੇ ਜਮਹੂਰੀ ਸੰਸਥਾਵਾਂ ਵਿਚ ਵੜ ਕੇ ਉਨ੍ਹਾਂ ’ਤੇ ਕਬਜ਼ਾ ਕਰ ਲਿਆ ਹੈ, ਮੌਜੂਦਾ ਭਾਰਤੀ ਰਿਆਸਤ ਵਿਚ ਕਲਾਸੀਕਲ ਸਰਮਾਏਦਾਰੀ ਨਿਜ਼ਾਮਾਂ ਵਿਚ ਚਿਤਵੀ ਗਈ ਸੰਸਥਾਵਾਂ ਦੀ ਖ਼ੁਦਮੁਖ਼ਤਾਰੀ (ਉਦਾਹਰਨ ਵਜੋਂ ਅਮਰੀਕਾ ਵਿਚ ਜਮਹੂਰੀ ਸੰਸਥਾਵਾਂ ਵੱਲੋਂ ਡੋਨਾਲਡ ਟਰੰਪ ਦਾ ਉਸ ਦੇ ਸ਼ਾਸਨਕਾਲ ਦੌਰਾਨ ਵਿਰੋਧ ਤੇ ਉਸ ਦੇ ਵਿਰੁੱਧ ਕਾਰਵਾਈ) ਖ਼ਤਮ ਕਰ ਦਿੱਤੀ ਗਈ ਹੈ। ਇਕ ਸਿਆਸੀ ਵਿਸ਼ਲੇਸ਼ਕ ਅਨੁਸਾਰ, ‘‘ਇਸ ਰਿਆਸਤ/ਸਟੇਟ ਦਾ ਰੂਪ ਅਤੇ ਕਿਰਦਾਰ ਉਸ ਰਿਆਸਤ/ਸਟੇਟ ਤੋਂ ਵੱਖਰਾ ਹੈ ਜੋ ਕਾਂਗਰਸ ਅਤੇ ਵਾਜਪਾਈ ਸਰਕਾਰਾਂ ਦੇ ਦੌਰਾਨ ਹੋਂਦ ਵਿਚ ਸੀ।’’ ਇਹ ਨਹੀਂ ਕਿ ਉਦੋਂ ਭਾਰਤ ਰਿਆਸਤ/ਸਟੇਟ ਕੋਈ ਦਿਆਲੂ ਅਤੇ ਵਿਆਪਕ ਲੋਕ-ਹਿੱਤ ਵਾਲੀ ਇਕਾਈ ਸੀ, ਇਹ ਓਦੋਂ ਵੀ ਕਾਰਪੋਰੇਟ ਅਤੇ ਸਰਮਾਏਦਾਰ ਜਮਾਤ ਦੇ ਹਿੱਤਾਂ ਨੂੰ ਅੱਗੇ ਵਧਾਉਣ ਅਤੇ ਘੱਟ ਸਾਧਨਾਂ ਵਾਲੇ ਲੋਕਾਂ ਦੀ ਲੁੱਟ ਕਰਨ ਵਾਲੀ ਸੀ ਪਰ ਇਸ ਦੇ ਕੁਝ ਪੱਖ ਜਮਹੂਰੀਅਤ ਨੂੰ ਵਧਾਉਣ ਵਾਲੇ ਸਨ ਅਤੇ ਸਮਾਜ ਪ੍ਰਤੀ ਪਹੁੰਚ ਸਭ ਧਾਰਮਿਕ ਫਿਰਕਿਆਂ ਦੀ ਸ਼ਮੂਲੀਅਤ ਵਾਲੀ (inclusive) ਸੀ। ਮੌਜੂਦਾ ਰਿਆਸਤ/ਸਟੇਟ ਦੀ ਪਹੁੰਚ ਦੇਸ਼ ਦੇ ਸਭ ਤੋਂ ਵੱਡੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਰਿਆਸਤ/ਸਟੇਟ ਤੋਂ ਬਾਹਰ ਰੱਖਣ ਵਾਲੀ (Exclusive) ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹੈ। ਇਸ ਬੁਲਡੋਜ਼ਰ-ਰਿਆਸਤ/ਸਟੇਟ ਵਿਚ ਬੁਲਡੋਜ਼ਰ ਇਕ ਧਾਰਮਿਕ ਫ਼ਿਰਕੇ ਦਾ ਰਖਵਾਲਾ ਹੈ ਅਤੇ ਇਕ ਧਾਰਮਿਕ ਫ਼ਿਰਕੇ ਦਾ ਦੁਸ਼ਮਣ, ਇਹ ਸੱਤਾ ਅਤੇ ਤਾਕਤ ਦਾ ਨਵਾਂ ਚਿੰਨ੍ਹ ਹੈ।
       ਪ੍ਰਯਾਗਰਾਜ (ਪਹਿਲਾਂ ਇਲਾਹਾਬਾਦ) ਵਿਚ ਵਿਦਿਆਰਥੀ ਆਗੂ ਆਫ਼ਰੀਨ ਫਾਤਿਮਾ ਦਾ ਘਰ ਢਾਹੁਣ ਵਾਲੀ ਵੀਡੀਓ ਨੇ ਸਭ ਦਾ ਧਿਆਨ ਖਿੱਚਿਆ ਹੈ, ਉਵੇਂ ਹੀ ਜਿਵੇਂ ਜਦ ਜਾਮੀਆ ਮਿਲੀਆ ਯੂਨੀਵਰਸਿਟੀ ਵਿਚ ਪੁਲੀਸ ਦੇ ਲਾਇਬ੍ਰੇਰੀ ਵਿਚ ਦਾਖਲ ਹੋਣ ’ਤੇ ਮਾਸੂਮ ਵਿਦਿਆਰਥਣਾਂ ਦੇ ਵਿਲਕਣ ਨੇ ਖਿੱਚਿਆ ਸੀ। ਘਰਾਂ ਵਿਚ ਘਰ ਹੈ, ਉਸ ਨੂੰ ਨਿਸ਼ਾਨਾ ਬਣਾ ਕੇ ਢਾਹਿਆ ਜਾ ਰਿਹਾ ਹੈ। ਪੁਲੀਸ ਦਾ ਕਹਿਣਾ ਹੈ ਕਿ ਆਫਰੀਨ ਦੇ ਪਿਤਾ ਮੁਹੰਮਦ ਜਾਵੇਦ ਨੇ ਭਾਜਪਾ ਦੇ ਬੁਲਾਰਿਆਂ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਸਬੰਧੀ ਬੋਲੇ ਗਏ ਅਪਮਾਨਜਨਕ ਸ਼ਬਦਾਂ ਵਿਰੁੱਧ ਰੋਸ ਪ੍ਰਗਟ ਕਰਨ ਦਾ ਸੱਦਾ ਦਿੱਤਾ ਸੀ। ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਜਸਟਿਸ ਬੀ. ਸੁਦਰਸ਼ਨ ਰੈਡੀ, ਜਸਟਿਸ ਏਕੇ ਗਾਂਗੁਲੀ, ਜਸਟਿਸ ਵੀ. ਗੋਪਾਲ ਗੌੜਾ ਅਤੇ ਹਾਈਕੋਰਟਾਂ ਦੇ ਕਈ ਜੱਜਾਂ ਅਤੇ ਨਾਮਵਰ ਵਕੀਲਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਾਮੰਨਾ ਨੂੰ ਇਸ ਸਬੰਧੀ ਚਿੱਠੀ ਲਿਖ ਕੇ ਕਿਹਾ ਕਿ ਸਰਬਉੱਚ ਅਦਾਲਤ ਪ੍ਰਯਾਗਰਾਜ ਵਿਚ ਢਾਹੇ ਜਾ ਰਹੇ ਮਕਾਨ ਦੀ ਵੀਡੀਓ ਦੇ ਮਾਮਲੇ ’ਚ ਆਪਣੇ ਆਪ (Suo-motu) ਵਿਚਾਰ ਕਰੇ। ਸੰਯੁਕਤ ਰਾਸ਼ਟਰ (United Nations-ਯੂਐੱਨ) ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਦੇ ਤਰਜਮਾਨ ਸਟੀਫ਼ਨ ਦੁਜਾਰਿਕ ਨੇ ਵੀ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀਆਂ ਤੋਂ ਬਾਅਦ ਹੋ ਰਹੀ ਹਿੰਸਾ ਨੂੰ ਰੋਕਣ ਦੀ ਅਪੀਲ ਕੀਤੀ ਹੈ। ਚਾਹੀਦਾ ਤਾਂ ਇਹ ਸੀ ਕਿ ਭਾਜਪਾ ਦੇ ਸੀਨੀਅਰ ਆਗੂ ਨੂਪੁਰ ਸ਼ਰਮਾ ਦੇ ਸ਼ਬਦਾਂ ਦਾ ਖੰਡਨ ਕਰਦੇ ਅਤੇ ਦੋਹਾਂ ਭਾਈਚਾਰਿਆਂ ਵਿਚ ਸਦਭਾਵਨਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਵਿਰੋਧਾਭਾਸ ਇਹ ਹੈ ਕਿ ਸੀਨੀਅਰ ਆਗੂਆਂ ਨੇ ਚੁੱਪ ਧਾਰ ਰੱਖੀ ਹੈ। ਕੱਟੜਪੰਥੀ ਇਸ ਤੋਂ ਉਤਸ਼ਾਹਿਤ ਹੋਏ ਹਨ ਅਤੇ ਉਨ੍ਹਾਂ ਨੇ ਭਾਜਪਾ ਦੁਆਰਾ ਨੂਪੁਰ ਸ਼ਰਮਾ ਨੂੰ ਪਾਰਟੀ ’ਚੋਂ ਮੁਅੱਤਲ ਕਰਨ ਅਤੇ ਨਵੀਨ ਜਿੰਦਲ (ਭਾਜਪਾ ਦਾ ਦਿੱਲੀ ਦਾ ਮੀਡੀਆ ਸੈੱਲ ਦਾ ਇੰਚਾਰਜ ਜਿਸ ਨੇ ਨੂਪੁਰ ਦੀ ਹਮਾਇਤ ਕੀਤੀ ਸੀ) ਨੂੰ ਪਾਰਟੀ ’ਚੋਂ ਕੱਢੇ ਜਾਣ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ; ਉਹ ਪੁੱਛ ਰਹੇ ਹਨ ਕਿ ਜੇ ਪਾਰਟੀ ਆਪਣੇ ਕਾਰਕੁਨਾਂ ਵਿਰੁੱਧ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰੇਗੀ ਤਾਂ ਉਹ ਪਾਰਟੀ ਦੀ ਵਿਚਾਰਧਾਰਾ ’ਤੇ ਪਹਿਰਾ ਕਿਵੇਂ ਦੇ ਸਕਣਗੇ। ਲੋਕ ਸਭਾ ਦੀ ਮੈਂਬਰ ਪ੍ਰਗਿਆ ਸਿੰਘ ਠਾਕੁਰ ਅਤੇ ਕਈ ਹੋਰ ਆਗੂਆਂ ਨੇ ਨੂਪੁਰ ਸ਼ਰਮਾ ਨੂੰ ਮੁਅੱਤਲ ਕਰਨ ਦਾ ਵਿਰੋਧ ਕੀਤਾ ਹੈ। ਕਾਰਕੁਨਾਂ ਦਾ ਵਿਰੋਧ ਸਪੱਸ਼ਟ ਕਰਦਾ ਹੈ ਕਿ ਉਨ੍ਹਾਂ ਦੀ ਸਮਝ ਅਨੁਸਾਰ ਇਸਲਾਮ ਤੇ ਮੁਸਲਿਮ ਭਾਈਚਾਰੇ ਦਾ ਵਿਰੋਧ ਕਰਨਾ ਹੀ ਭਾਜਪਾ ਦੀ ਵਿਚਾਰਧਾਰਾ ਹੈ, ਅਜਿਹੀ ਸਮਝ ਵਿਚ ਤਰਕ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ ਅਤੇ ਨਫ਼ਰਤ ਵਿਚਾਰਧਾਰਾ ਦੀ ਚੂਲ ਬਣ ਜਾਂਦੀ ਹੈ। ਨਫ਼ਰਤ ਭਰੇ ਪ੍ਰਚਾਰ ਨੂੰ ਹਿੰਦੂ ਭਾਈਚਾਰੇ ਦੀ ਮਾਨਸਿਕਤਾ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
       ਹਿੰਦੂ ਭਾਈਚਾਰੇ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿਸੇ ਧਰਮ ਦੀ ਉੱਤਮਤਾ ਦੂਸਰੇ ਧਰਮਾਂ ਦੇ ਵਿਰੋਧ ’ਚੋਂ ਜਨਮ ਨਹੀਂ ਲੈਂਦੀ। ਕਿਸੇ ਵੀ ਧਰਮ ਦੇ ਲੋਕਾਂ ਦੁਆਰਾ ਆਪਣੇ ਧਾਰਮਿਕ ਅਕੀਦੇ ਦੀ ਪਾਲਣਾ ਕਰਨ ਵਿਚ ਇਹ ਨਿਹਿਤ ਹੁੰਦਾ ਹੈ ਕਿ ਉਹ ਸਾਂਝੀਵਾਲਤਾ ਅਤੇ ਸਮਾਜਿਕ ਸਮਤਾ ਨੂੰ ਜ਼ਿੰਦਗੀ ਦੇ ਟੀਚੇ ਬਣਾਉਣ, ਆਪਣੇ ਧਰਮ ਅੰਦਰਲੀਆਂ ਕਮਜ਼ੋਰੀਆਂ ਨੂੰ ਵਾਚਣ, ਪਰਖਣ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ, ਦੂਸਰੇ ਧਰਮਾਂ ਦੇ ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਉਨ੍ਹਾਂ ਵਿਰੁੱਧ ਹਿੰਸਾ ਕਰਨ ਵਿਚ ਕੋਈ ਵਡਿਆਈ ਨਹੀਂ ਹੈ। ਅਜਿਹੇ ਸ਼ਬਦ ਕਿ ‘‘ਹਰ ਸ਼ੁੱਕਰਵਾਰ ਦੇ ਬਾਅਦ ਸ਼ਨਿੱਚਰਵਾਰ ਜ਼ਰੂਰ ਆਉਂਦਾ ਹੈ’’ ਅਤੇ ਬੁਲਡੋਜ਼ਰ ਕਾਰਵਾਈ ਸੱਤਾ ਦੀ ਕਰੂਰ ਤਾਕਤ ਦੇ ਵਿਸਥਾਰ ਦਾ ਬਿੰਬ ਪੇਸ਼ ਕਰਦੇ ਹਨ ਜਿਸ ਵਿਚ ਘੱਟਗਿਣਤੀ ਭਾਈਚਾਰਿਆਂ ਲਈ ਥਾਂ/ਸਪੇਸ ਘਟ ਰਹੀ ਹੈ।
     ਬੁਲਡੋਜ਼ਰ-ਸਿਆਸਤ ਅਤੇ ਬੁਲਡੋਜ਼ਰ-ਰਿਆਸਤ ਦੇ ਇਹ ਵਰਤਾਰੇ ਦੇਸ਼ ਦੇ ਹਿੱਤ ਵਿਚ ਨਹੀਂ ਹਨ। ਇਕ ਪੱਖ ਦੀ ਕੱਟੜਤਾ ਵਿਰੋਧੀ ਪੱਖ ਦੀ ਕੱਟੜਤਾ ਨੂੰ ਉਤਸ਼ਾਹਿਤ ਕਰਦੀ ਹੈ। ਜੇ ਸਮਾਜ ਦੇ ਸੂਝਵਾਨ ਲੋਕ ਅਜਿਹੇ ਚੱਕਰ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਕੱਟੜਤਾ ਅਤੇ ਹਿੰਸਾ ਦੀ ਇਹ ਅੱਗ ਕਦੇ ਹੌਲੀ ਹੌਲੀ ਸੁਲਘੇਗੀ ਅਤੇ ਕਦੇ ਭਾਂਬੜ ਬਣ ਕੇ ਮਚੇਗੀ। ਅਜਿਹੀ ਅੱਗ ਸਮਾਜਿਕ ਤਾਣੇ-ਬਾਣੇ ਨੂੰ ਤਬਾਹ ਕਰ ਸਕਦੀ ਹੈ। ਬਹੁਤ ਸਾਰੇ ਵਖਰੇਵਿਆਂ ਦੇ ਬਾਵਜੂਦ ਵੱਖ ਵੱਖ ਭਾਈਚਾਰੇ ਇਸ ਦੇਸ਼ ਵਿਚ ਇਕੱਠੇ ਵੱਸਦੇ ਆਏ ਹਨ। ਇਹ ਭੋਇੰ ਸਭ ਦੀ ਸਾਂਝੀ ਹੈ। ਸਾਡੇ ਗਿਆਨਵਾਨ ਹੋਣ ਦਾ ਮਤਲਬ ਸਾਂਝੀਵਾਲਤਾ ਤੇ ਸਹਿਣਸ਼ੀਲਤਾ ਨੂੰ ਵਧਾਉਣਾ ਹੋ ਸਕਦਾ ਹੈ, ਅਸਹਿਣਸ਼ੀਲ ਬਣਨਾ ਨਹੀਂ। ਭਾਜਪਾ ਦੇ ਬਹੁਤ ਸਾਰੇ ਆਗੂਆਂ ਦੀਆਂ ਕਾਰਵਾਈਆਂ ਅਸਹਿਣਸ਼ੀਲਤਾ ਅਤੇ ਨਫ਼ਰਤ ਵਧਾ ਰਹੀਆਂ ਹਨ। ਅਸਹਿਣਸ਼ੀਲਤਾ ਤੇ ਨਫ਼ਰਤ ਵੱਲ ਵਧਣ ਅਤੇ ਅਜਿਹੇ ਰੁਝਾਨਾਂ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਦੇ ਕਮਜ਼ੋਰ ਹੋਣ ਦੇ ਜਟਿਲ ਹਾਲਾਤ ਕੁਝ ਇਸ ਤਰ੍ਹਾਂ ਦੇ ਹਨ :
ਸ਼ਾਇਦ ਇਸ ਤਰ੍ਹਾਂ ਹੀ
ਨਫ਼ਰਤ ਦੇ ਮੁਕਾਮ ਤੇ ਪਹੁੰਚਦਾ ਹੈ ਆਦਮੀ
ਆਪਣੀ ਅਣਹੋਂਦ ਦੀ ਉਂਗਲ ਫੜੀ
ਉਸ ਪਹਾੜ ਤੇ ਚੜ੍ਹਦਾ ਹੈ ਜਿਸ ਤੋਂ ਡਿੱਗ
ਟੁੱਟਣਾ, ਬਿਖਰਨਾ, ਉਹਦਾ ਮੁਕੱਦਰ ਹੁੰਦਾ ਹੈ।
ਇਸ ਤਰ੍ਹਾਂ ਹੀ, ਸ਼ਾਇਦ
ਬੇਆਬਾਦ ਹੁੰਦੇ ਨੇ
ਸਰੀਰ, ਦੋਸਤੀਆਂ ਦੇ ਸ਼ਹਿਰ, ਪਿੰਡ, ਬਜ਼ਮਾਂ
ਇਸ ਤਰ੍ਹਾਂ ਹੀ, ਆਸਹੀਣ ਹੁੰਦਾ ਹੈ ਮਨੁੱਖ
ਇਸ ਤਰ੍ਹਾਂ ਹੀ, ਮੱਥੇ ਵਿਚ ਵੱਜਦੇ ਨੇ
ਆਪਣੀ ਬੇਵੱਸੀ ਦੇ ਬੇਸਿਰਨਾਵੇਂ ਪਲ।
ਉਦਾਸੀ ਦੇ ਇਸ ਮੁਕਾਮ ’ਚੋਂ ਗੁਜ਼ਰਦਿਆਂ ਆਸਾਂ-ਉਮੀਦਾਂ ਦੇ ਸੰਸਾਰ ਨੂੰ ਕਾਇਮ ਰੱਖਣ ਦੀ ਇਕੋ ਇਕ ਰਾਹ ਦੇਸ਼ ਦੀਆਂ ਜਮਹੂਰੀ ਤਾਕਤਾਂ ਦੀ ਏਕਤਾ ਵੱਲ ਵਧਣਾ ਅਤੇ ਜਨਤਕ ਸੰਘਰਸ਼ ਹਨ।