ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

27 ਜੂਨ 2022

ਹੌਲਦਾਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ- ਇਕ ਖ਼ਬਰ

ਹਾਇ ਓ ਰੱਬਾ ਰਿਸ਼ਵਤ ਬਾਝ ਹਨ੍ਹੇਰਾ, ਨਹੀਂ ਲਗਦਾ ਦਿਲ ਮੇਰਾ।

‘ਆਪ’ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉੱਤਰੇਗੀ, ਥੋੜ੍ਹਾ ਸੰਜਮ ਰੱਖਣ ਦੀ ਲੋੜ ਹੈ- ਭਗਵੰਤ ਮਾਨ

ਤੈਨੂੰ ਲੈ ਦਊਂ ਸਲੀਪਰ ਕਾਲ਼ੇ, ਹੌਸਲਾ ਤੂੰ ਰੱਖ ਗੋਰੀਏ।

ਸੰਗਰੂਰ ਦੀ ਸੀਟ ਸਿਆਸੀ ਧਿਰਾਂ ਲਈ ਬਣੀ ਵਕਾਰ ਦਾ ਸਵਾਲ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿਤਰੂ ਵੜੇਵੇਂ ਖਾਣੀ।

ਫੌਜ ਵਾਪਸ ਨਹੀਂ ਲਵੇਗੀ ਅਗਨੀਪੱਥ ਯੋਜਨਾ- ਭਾਰਤ ਸਰਕਾਰ

ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ , ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

ਸੰਗਰੂਰ ਚੋਣ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੀ ਗਈ- ਹਰਸਿਮਰਤ ਬਾਦਲ

ਬੀਬੀ ਜੀ ਇਹ ਲੂਣ ਕਿੰਨਾ ਕੁ ਚਿਰ ਗੁੰਨ੍ਹੀ ਜਾਉਗੇ?

‘ਰਬੜ ਦੀ ਮੋਹਰ’ ਵਾਲਾ ਰਾਸ਼ਟਰਪਤੀ ਦੇਸ਼ ਲਈ ਕਿਸੇ ਕੰਮ ਦਾ ਨਹੀਂ- ਯਸ਼ਵੰਤ ਸਿਨਹਾ

ਤੂੰ ਕਾਹਦਾ ਪਟਵਾਰੀ, ਮੁੰਡਾ ਮੇਰਾ ਰੋਵੇ ਅੰਬ ਨੂੰ।

ਸ਼੍ਰੋਮਣੀ ਅਕਾਲੀ ਦਲ ਆਪਣੀਆਂ ਕਮੀਆਂ ਸੁਧਾਰ ਕੇ ਭਵਿੱਖ ‘ਚ ਮਜ਼ਬੂਤ ਹੋਵੇਗਾ- ਜਗਦੀਪ ਸਿੰਘ ਚੀਮਾ

ਯਾਨੀ ਕਿ ਹੁਣ ਗੁਲੂਕੋਜ਼ ਲੱਗਣ ਦੀ ਉਡੀਕ ਕਰ ਰਹੇ ਹੋ।

ਬੰਦੀ ਸਿੰਘਾਂ ਦੀ ਰਿਹਾਈ ਲਈ ਚੋਣ ਲੜ ਰਹੇ ਹਾਂ-ਸੁਖਬੀਰ ਬਾਦਲ

ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।

ਸੰਗਰੂਰ ਚੋਣ ਦੀ ਹਾਰ ਸਾਡੇ ਅਵੇਸਲੇਪਨ ਅਤੇ ਵੱਧ ਭਰੋਸੇ ਦਾ ਨਤੀਜਾ- ਵਿਧਾਇਕ ਲਖਬੀਰ ਰਾਏ

ਵਕਤੋਂ ਮੈਂ ਖੁੰਝ ਗਈ, ਘੜਾ ਦੇਖ ਨਾ ਲਿਆ ਟੁਣਕਾ ਕੇ।

ਸੰਗਰੂਰ ਨੇ ਦੱਸ ਦਿਤਾ ਹੈ ਕਿ ਪੰਜਾਬ ਨੂੰ ਦਿੱਲੀ ਥੱਲੇ ਲੱਗਣਾ ਮੰਨਜ਼ੂਰ ਨਹੀਂ- ਬੀਬੀ ਕਿਰਨਜੋਤ ਕੌਰ

ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਕਨੌੜ ਝੱਲਣੀ।

ਰੂਸ ਨੇ ਚੀਨ ਨੂੰ ਸਸਤੇ ਦਰਾਂ ‘ਤੇ ਸ਼ੁਰੂ ਕੀਤੀ ਤੇਲ ਦੀ ਸਪਲਾਈ- ਇਕ ਖ਼ਬਰ

ਅਸਾਂ ਜੇਠ ਨੂੰ ਲੱਸੀ ਨਹੀਉਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

ਭਾਜਪਾ ਦੀ ਸੇਵਾ ‘ਚ ਲੱਗੀਆਂ ਹੋਈਆਂ ਹਨ ਸੀ.ਬੀ.ਆਈ. ਅਤੇ ਈ.ਡੀ.- ਹਰੀਸ਼ ਰਾਵਤ

ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।

‘ਅਗਨੀਪੱਥ’ ਯੋਜਨਾ ਮੋਦੀ ਦਾ ਇਕ ਹੋਰ ਜੁਮਲਾ ਤੇ ਛਲਾਵਾ- ਬੀਬੀ ਰਾਜੂ

ਤੈਥੋਂ ਸਾਹਿਬ ਲੇਖਾ ਮੰਗਸੀ, ਬਾਹੂ ਰੱਤੀ ਘੱਟ ਨਾ ਮਾਸਾ ਹੂ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਅਮਲ ਫੇਰ ਠੰਢੇ ਬਸਤੇ ਵਿਚ- ਇਕ ਖ਼ਬਰ

ਛੜਿਆਂ ਦੇ ਗਈ ਅੱਗ ਨੂੰ, ਉਹਨੀਂ ਚੱਪਣੀ ਭੁਆਂ ਕੇ ਮਾਰੀ।

ਬੇਅਦਬੀ ਕਾਂਡ: ਸਬੂਤ ਹੋਣ ਦੇ ਬਾਵਜੂਦ ਬਾਦਲਾਂ ਨੂੰ ਬਚਾਇਆ ਗਿਆ- ਕੁੰਵਰ ਵਿਜੈ ਪ੍ਰਤਾਪ ਸਿੰਘ

ਲਾਲ ਸਿੰਘ ਤੇਜ ਸਿੰਘ ਜੀ, ਕਰ ਗਏ ਨੇ ਗ਼ਦਾਰੀ ਭਾਰੀ।

                                  ========