ਜ਼ਖ਼ਮ ਦੀ ਦਾਸਤਾਨ - ਨਿਰਮਲ ਸਿੰਘ ਕੰਧਾਲਵੀ

ਗੁਰਦੁਆਰੇ ਵਲ ਦੇ ਪਾਸਿਉਂ ਨਗਾਰਾ ਵੱਜਦਾ ਸੁਣਿਆਂ ਤਾਂ ਪਤਾ ਲੱਗਿਆ ਕਿ ਨਿਹੰਗ ਸਿੰਘਾਂ ਦਾ ਜਥਾ ਆਇਆ ਹੋਇਆ ਹੈ। ਮੈਨੂੰ ਬਚਪਨ ਦੇ ਉਹ ਦਿਨ ਯਾਦ ਆਏ ਜਦੋਂ ਨਿਹੰਗ ਸਿੰਘਾਂ ਦਾ ਜਥਾ ਹੋਲੇ ਮਹੱਲੇ ‘ਤੇ ਆਨੰਦਪੁਰ ਸਾਹਿਬ ਜਾਂਦਿਆਂ ਦੋ ਤਿੰਨ ਦਿਨ ਸਾਡੇ ਪਿੰਡ ਠਹਿਰਿਆ ਕਰਦਾ ਸੀ ਤੇ ਗੁਰਦੁਆਰੇ ਵਾਹਵਾ ਰੌਣਕਾਂ ਲਗਦੀਆਂ ਹੁੰਦੀਆਂ ਸਨ। ਮੇਰੇ ਪੈਰ ਬਦੋ ਬਦੀ ਗੁਰਦੁਆਰੇ ਵਲ ਨੂੰ ਤੁਰ ਪਏ। ਮੈਂ ਜਦੋਂ ਗੁਰਦੁਆਰੇ ਕੋਲ ਫਿਰਨੀ ਉੱਪਰ ਬਣੀ ਪੁਲ਼ੀ ‘ਤੇ ਪਹੁੰਚਿਆ ਤਾਂ ਮੈਨੂੰ ਮੇਰਾ ਹਾਈ ਸਕੂਲ ਤੱਕ ਦਾ ਜਮਾਤੀ, ਸ਼ਾਹਾਂ ਦਾ ਸੋਹਣੀ ਖੜ੍ਹਾ ਦਿਸਿਆ। ਉਹਨਾਂ ਦੇ ਟੱਬਰ ਦੀ ਅੱਲ ‘ਸ਼ਾਹ’ ਪਈ ਹੋਈ ਸੀ। ਭਾਵੇਂ ਕਿ ਸਾਨੂੰ ਇਕ ਦੂਜੇ ਨੂੰ ਦੇਖਿਆਂ ਕਈ ਦਹਾਕੇ ਬੀਤ ਚੁੱਕੇ ਸਨ ਪਰ ਫਿਰ ਵੀ ਇਕ ਦੂਜੇ ਨੂੰ ਪਛਾਨਣ ਵਿਚ ਸਾਨੂੰ ਦੇਰ ਨਾ ਲੱਗੀ ਤੇ ਅਸੀਂ ਅੱਖ ਦੇ ਫੋਰ ਵਿਚ ਹੀ ਇਕ ਦੂਜੇ ਨੂੰ ਗਲਵੱਕੜੀ ‘ਚ ਲੈ ਲਿਆ ਤੇ ਭਾਵੁਕ ਵੀ ਹੋ ਗਏ।
ਸੋਹਣੀ ਨੇ ਮੇਰੀ ਖੱਬੀ ਬਾਂਹ ਫੜੀ ਤੇ ਬੜੇ ਗਹੁ ਨਾਲ ਦੇਖਣ ਲੱਗਾ। ਮੈਂ ਹੱਸਦਿਆਂ ਉਸ ਨੂੰ ਦੱਸਿਆ ਕਿ ਉਹਦੇ ਦਿਤੇ ਹੋਏ ਜ਼ਖ਼ਮ ਦਾ ਨਿਸ਼ਾਨ ਕਈ ਸਾਲ ਤਾਂ ਦਿਸਦਾ ਰਿਹਾ ਪਰ ਹੁਣ ਹੌਲੀ ਹੌਲੀ ਬਿਲਕੁਲ ਚਮੜੀ ਦੇ ਨਾਲ਼ ਮਿਲ ਗਿਆ ਹੈ।
ਕੀ ਸੀ ਜ਼ਖ਼ਮ ਦੀ ਦਾਸਤਾਨ? ਸਾਡਾ ਪ੍ਰਾਇਮਰੀ ਸਕੂਲ ਪਿੰਡੋਂ ਥੋੜ੍ਹਾ ਜਿਹਾ ਹਟਵਾਂ ਸੀ। ਸਕੂਲ ਦੇ ਨਾਲ਼ ਹੀ ਇਕ ਟੋਭਾ ਸੀ ਜਿਸ ਵਿਚ ਬਰਸਾਤਾਂ ਦਾ ਪਾਣੀ ਜਮ੍ਹਾਂ ਹੋ ਜਾਂਦਾ ਤੇ ਸਾਰਾ ਸਾਲ ਹੀ ਇਸ ਪਾਣੀ ਦੀ ਵਰਤੋਂ ਹੁੰਦੀ। ਪਸ਼ੂ ਪਾਣੀ ਪੀਂਦੇ ਤੇ ਔਰਤਾਂ ਕੱਪੜੇ ਧੋਂਦੀਆਂ। ਤੇ ਅਸੀਂ ਏਸੇ ਟੋਭੇ ‘ਤੇ ਫੱਟੀਆਂ ਧੋਂਦੇ, ਰੇਤਾ ਦੇ ਘਰ ਬਣਾਉਂਦੇ ਤੇ ਕਾਗ਼ਜ਼ ਦੀਆਂ ਕਿਸ਼ਤੀਆਂ ਪਾਣੀ ‘ਚ ਤਾਰਦੇ। ਇਸ ਟੋਭੇ ਨੂੰ ‘ਬ੍ਰਹਮ  ਤਾਲ’ ਕਿਹਾ ਜਾਂਦਾ ਸੀ।  
ਪਿੰਡ ਦੇ ਇਸ ਪਾਸੇ ਦੀ ਜ਼ਮੀਨ ਰੇਤਲੀ ਸੀ। ਉਦੋਂ ਕਮਾਦ ਦੀ ਖੇਤੀ ਬਹੁਤ ਕੀਤੀ ਜਾਂਦੀ ਸੀ ਕਿਉਂਕਿ ਭੋਗ ਪੁਰ ਦੀ ਸ਼ੂਗਰ ਮਿੱਲ ‘ਚ ਗੰਨੇ ਦੀ ਖਪਤ ਹੋ ਜਾਂਦੀ ਸੀ। ਝੋਨੇ ਦਾ ਤਾਂ ਨਾਮੋ-ਨਿਸ਼ਾਨ ਵੀ ਨਹੀਂ ਸੀ ਉਦੋਂ। ਟੋਭੇ ਦੇ ਕੋਲੋਂ ਦੀ ਰਾਹ ਲੰਘਦਾ ਸੀ ਜੋ ਕਿ ਸਕੂਲ ਕੋਲੋਂ ਮੋੜ ਮੁੜ ਕੇ ਪੱਕੀ ਸੜਕ ਵਲ ਜਾਂਦਾ ਸੀ।  ਪਿੰਡਾਂ ‘ਚ ਅਜੇ ਲਿੰਕ ਸੜਕਾਂ ਨਹੀਂ ਸਨ ਬਣੀਆਂ। ਸੋ ਇਸ ਪਾਸੇ ਵਲ ਦੇ ਕਿਸਾਨ ਇਸੇ ਰਸਤੇ ਥਾਣੀਂ ਪੱਕੀ ਸੜਕ ’ਤੇ ਚੜ੍ਹਦੇ ਸਨ ਤੇ ਟਾਂਡਾ ਉੜਮੁੜ ਵਲ ਦੀ ਹੋ ਕੇ ਭੋਗ ਪੁਰ ਮਿੱਲ ਨੂੰ ਜਾਂਦੇ ਸਨ। ਭਾਵੇਂ ਕਿ ਉਹਨਾਂ ਨੂੰ ਬਹੁਤ ਘੁੰਮ ਕੇ ਜਾਣਾ ਪੈਂਦਾ ਸੀ ਪਰ ਹੋਰ ਕੋਈ ਰਾਹ ਵੀ ਤਾਂ ਨਹੀਂ ਸੀ।
ਟੋਭੇ ਦੇ ਕੋਲ ਰਾਹ ਰੇਤਲਾ ਹੋਣ ਕਰ ਕੇ ਕਈ ਵਾਰੀ ਕਿਸਾਨਾਂ ਦੇ ਗੱਡੇ ਰੇਤਾ ‘ਚ ਫਸ ਜਾਂਦੇ। ਉਦੋਂ ਅਜੇ ਗੱਡੇ ਵੀ ਬਹੁਤੇ ਲੱਕੜ ਦੇ ਪਹੀਆਂ ਵਾਲ਼ੇ ਹੀ ਹੁੰਦੇ ਸਨ। ਕਿਸੇ ਵਿਰਲੇ ਟਾਂਵੇਂ ਕਿਸਾਨ ਕੋਲ਼ ਹੀ ਟਾਇਰਾਂ ਵਾਲ਼ਾ ਗੱਡਾ ਹੁੰਦਾ ਸੀ ਜਿਸ ਨੂੰ  ਰੇਹੜੀ ਕਿਹਾ ਜਾਂਦਾ ਸੀ। ਜਦੋਂ ਵੀ ਕਿਸੇ ਕਿਸਾਨ ਦਾ ਗੱਡਾ ਰੇਤਾ ‘ਚ ਫਸ ਜਾਂਦਾ ਤਾਂ ਉਹ ਸਕੂਲੇ ਆ ਕੇ ਮਾਸਟਰਾਂ ਨੂੰ ਬੇਨਤੀ ਕਰਦਾ ਕਿ ਉਹ ਦੋ ਚਾਰ ਮੁੰਡੇ ਗੱਡੇ ਨੂੰ ਧੱਕਾ ਲਾਉਣ ਲਈ ਉਸ ਨਾਲ ਭੇਜਣ।
ਅਕਤੂਬਰ ਦਾ ਅਖੀਰ ਜਾਂ ਨਵੰਬਰ ਦਾ ਸ਼ੁਰੂ ਸੀ। ਠੰਢ ਕਾਫੀ ਸੀ। ਹੈੱਡਮਾਸਟਰ ਮੇਲਾ ਸਿੰਘ ਸਾਨੂੰ ਚੌਥੀ ਜਮਾਤ ਨੂੰ ਹਿਸਾਬ ਦੇ ਸਵਾਲ ਕੱਢਣੇ ਦੇ ਕੇ ਆਪ ਕੁਰਸੀ ‘ਤੇ ਚੌਂਕੜੀ ਮਾਰ ਕੇ ਬੈਠੇ ਨਿੱਘੀ ਨਿੱਘੀ ਧੁੱਪ ਦਾ ਆਨੰਦ ਮਾਣ ਰਹੇ ਸਨ। ਡੱਬੀਆਂ ਵਾਲ਼ੀ ਖੇਸੀ ਉੱਤੇ ਲੈ, ਕੁਰਸੀ ‘ਤੇ ਚੌਂਕੜੀ ਮਾਰ ਕੇ ਬੈਠਣ ਦਾ ਉਹਨਾਂ ਦਾ ਆਪਣਾ ਹੀ ਅੰਦਾਜ਼ ਸੀ। ਏਨੀ ਦੇਰ ਨੂੰ ਇਕ ਕਿਸਾਨ ਨੇ ਆ ਬੇਨਤੀ ਕੀਤੀ ਕਿ ਕੁਝ ਮੁੰਡਿਆਂ ਨੂੰ ਭੇਜ ਕੇ ਉਹਦਾ ਗੱਡਾ ਕਢਵਾ ਦੇਣ। ਹੈੱਡਮਾਸਟਰ ਸਾਹਿਬ ਨੇ ਕੁਰਸੀ ਦੇ ਨਾਲ ਰੱਖੀ ਹੋਈ ਤੂਤ ਦੀ ਛਿਟੀ ਚੁੱਕ ਕੇ ਦੁਨਾਲੀ ਵਾਂਗ ਮੁੰਡਿਆਂ ਵਲ ਨੂੰ ਸੇਧੀ ਤੇ ‘ਕੱਲੇ ‘ਕੱਲੇ ਦਾ ਨਾਂ ਲੈ ਕੇ ਚਾਰ ਜਣਿਆਂ ਨੂੰ ਕਿਸਾਨ ਨਾਲ ਜਾਣ ਦਾ ਹੁਕਮ ਦਿਤਾ। ਮੇਰਾ ਤੇ ਸੋਹਣੀ ਦਾ ਨਾਮ ਵੀ ਚੌਹਾਂ ਵਿਚ ਸ਼ਾਮਲ ਸੀ।
ਅਸੀਂ ਚਾਰੇ ਮੁੰਡੇ ਆਪਣੇ ਆਪਣੇ ਆਸਣ (ਤੱਪੜ) ਤੋਂ ਉੱਠੇ ਤੇ ਕਿਸਾਨ ਨਾਲ ਤੁਰ ਪਏ। ਜਾਂਦਿਆਂ ਮੈਨੂੰ ਇਉਂ ਲਗ ਰਿਹਾ ਸੀ ਜਿਵੇ ਅਸੀਂ ਐਵਰੈਸਟ ਦੀ ਚੋਟੀ ਨੂੰ ਸਰ ਕਰਨ ਲਈ ਜਾ ਰਹੇ ਸਾਂ। ਕੁਝ ਦਿਨ ਪਹਿਲਾਂ ਹੀ ਹੈੱਡਮਾਸਟਰ ਸਾਹਿਬ ਨੇ ਸਾਨੂੰ ਐਵਰੈਸਟ ਦੀ ਚੋਟੀ ਸਰ ਕਰਨ ਦੀ ਕਹਾਣੀ  ਕਲਾਸ ਵਿਚ ਸੁਣਾਈ ਸੀ।
ਖੈਰ, ਅਸੀਂ ਕਿਸਾਨ ਦਾ ਗੱਡਾ ਰੇਤਾ ‘ਚੋਂ ਕਢਵਾ ਦਿਤਾ ਤੇ ‘ਇਨਾਮ’ ਵਜੋਂ ਅਸੀਂ ਇਕ ਇਕ ਗੰਨਾ ਭਰਿਆਂ ਦੇ ਵਿਚੋਂ ਧੂਹ ਲਿਆ। ਕਿਸਾਨ ਨੇ ਦੇਖ ਵੀ ਲਿਆ ਪਰ ਉਸ ਨੇ ਕੁਝ ਨਾ ਕਿਹਾ। ਸੋਹਣੀ ਦੇ ਹੱਥ ਡਾਂਗ ਵਰਗਾ ਸਿੱਧਾ ਤੇ ਮੋਟਾ ਗੰਨਾ ਆਇਆ। ਵਾਪਸ ਆਏ ਤਾਂ ਹੈੱਡਮਾਸਟਰ ਸਾਹਿਬ ਨੇ ਸੋਹਣੀ ਨੂੰ ਆਵਾਜ਼ ਮਾਰ ਕੇ ਸੱਦਿਆ ਤੇ ਗੰਨਾ ਉਹਦੇ ਪਾਸੋਂ ਲੈ ਕੇ ਚੂਪਣ ਲੱਗ ਪਏ। ਅਸੀਂ ਵੀ ਆਪਣੀ ਆਪਣੀ ਥਾਂ ਬੈਠ ਕੇ ਗੰਨੇ ਚੂਪਣ ਲੱਗੇ ਤੇ ਕਈ ਮੁੰਡੇ  ਸੋਹਣੀ ਨੂੰ ਛੇੜਨ ਲੱਗ ਪਏ ਕਿ ਉਹਦਾ ਗੰਨਾ ਹੈੱਡਮਾਸਟਰ ਨੇ ਲੈ ਲਿਆ ਹੈ। ਸੋਹਣੀ ਬੜੀ ਤਰਸਯੋਗ ਹਾਲਤ ਵਿਚ ਭਰਿਆ ਪੀਤਾ ਬੈਠਾ ਸੀ। ਉਹ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਿਹਾ ਸੀ ਤੇ ਉੱਪਰੋਂ ਅੰਗੂਠਾ ਦਿਖਾ ਦਿਖਾ ਕੇ ਮੁੰਡੇ ਉਸ ਨੂੰ ਜਿੱਚ ਕਰ ਰਹੇ ਸਨ। ਭੁਕਾਨੇ ‘ਚ ਹਵਾ ਭਰਨ ਵਾਂਗ ਉਹਦਾ ਗੁੱਸਾ ਪਲ ਪਲ ਵਧਦਾ ਜਾ ਰਿਹਾ ਸੀ। ਮੈਂ ਅਜੇ ਤੱਕ ਉਸ ਨੂੰ ਕੁਝ ਨਹੀਂ ਸੀ ਕਿਹਾ। ਮੈਂ ਆਪਣਾ ਗੰਨਾ ਤੱਪੜ ‘ਤੇ ਰੱਖ ਕੇ ਸੋਹਣੀ ਦੇ ਨੇੜੇ ਜਾ ਕੇ ਉਸ ਨੂੰ ਅੰਗੂਠਾ ਦਿਖਾ ਕੇ ਛੇੜਨ ਲੱਗਾ। ਉਹਦੇ ਕੋਲ ਟੀਨ ਦੀ ਇਕ ਸਲੇਟ ਸੀ ਜਿਸ ਦਾ ਲੱਕੜ ਦਾ ਚੌਖਟਾ ਤਾਂ ਕਦੋਂ ਦਾ ਸਵਰਗ ਸਿਧਾਰ ਗਿਆ ਹੋਇਆ ਸੀ, ਬਸ ਤਿੱਖੇ ਕੋਣਿਆਂ ਵਾਲਾ ਟੀਨ ਦਾ ਪੱਤਰਾ ਹੀ ਬਚਿਆ ਹੋਇਆ ਸੀ। ਸੋਹਣੀ ਨੇ ਉਹੀ ਪੱਤਰਾ ਚੁੱਕਿਆ ਤੇ ਅੱਖ ਦੇ ਫੋਰ ਵਿਚ ਮੇਰੀ ਬਾਂਹ ‘ਤੇ ਦੇ ਮਾਰਿਆ। ਪੱਤਰੇ ਦੇ ਤਿੱਖੇ ਕੋਣੇ ਨੇ ਬਾਂਹ ਨੂੰ ਖਰਬੂਜ਼ੇ ਵਾਂਗ ਚੀਰ ਸੁੱਟਿਆ ਤੇ ਲਹੂ ਦੀਆਂ ਧਾਰਾਂ ਵਗ ਤੁਰੀਆਂ ਤੇ ਮੈਂ ਰੋਂਦੇ ਰੋਂਦੇ ਨੇ ਹੈੱਡਮਾਸਟਰ ਸਾਹਿਬ ਨੂੰ ਜਾ ਸ਼ਿਕਾਇਤ ਲਾਈ, ਤੇ ਅੱਗੋਂ ਮੈਨੂੰ ਹੁਕਮ ਹੋ ਗਿਆ ਕਿ ਕੰਨ ਫੜ ਲਵਾਂ। ਸ਼ਾਇਦ ਵਗਦੇ ਲਹੂ ‘ਤੇ ਉਹਨਾਂ ਨੇ ਨਜ਼ਰ ਨਹੀਂ ਸੀ ਪਈ। ਜਦੋਂ ਉਹਨਾਂ ਨੇ ਲਹੂ ਵਗਦਾ ਦੇਖਿਆ ਤਾਂ ਉਹ ਵੀ ਘਬਰਾ ਗਏ ਤੇ ਜਲਦੀ ਜਲਦੀ ਅਲਮਾਰੀ ਵਿਚੋਂ ਟਿੰਚਰ ਆਇਉਡੀਨ ਲਿਆ ਕੇ ਜ਼ਖ਼ਮ ‘ਤੇ ਲਗਾਈ ਤੇ ਚਲਾਵੀਂ ਜਿਹੀ ਪੱਟੀ ਕਰ ਦਿਤੀ।  ਫਿਰ ਉਹ ਮੈਨੂੰ ਘਰ ਛੱਡਕੇ ਆਏ ਤੇ ਮਾਤਾ ਜੀ ਨੂੰ ਘਟਨਾ ਬਾਰੇ ਦੱਸਿਆ ਤੇ ਤਾਕੀਦ ਕੀਤੀ ਕਿ ਡਾਕਟਰ ਤੋਂ ਚੰਗੀ ਤਰ੍ਹਾਂ ਪੱਟੀ ਕਰਵਾ ਲੈਣ ਤੇ ਟੈਟਨਸ ਦਾ ਟੀਕਾ ਜ਼ਰੂਰ ਲਗਵਾ ਲੈਣ ।  
ਮਾਤਾ ਜੀ ਨੇ ਇਕ ਵਾਰੀ ਵੀ ਹੈੱਡਮਾਸਟਰ ਸਾਹਿਬ ਨੂੰ ਉਲਾਂਭਾ ਨਹੀਂ ਦਿਤਾ ਤੇ ਨਾ ਹੀ ਉਹ ਸੋਹਣੀ ਹੋਰਾਂ ਦੇ ਘਰ ਉਲਾਂਭਾ ਦੇਣ ਗਏ ਸਗੋਂ ਮੈਨੂੰ ਹੀ ਘੂਰਿਆ ਕਿ ਮੈਂ ਸੋਹਣੀ ਨੂੰ ਕਿਉਂ ਖਿਝਾਇਆ ਸੀ। ਉਸ ਜ਼ਮਾਨੇ ਵਿਚ ਬੱਚੇ ਤੇ ਉਹਨਾ ਦੇ ਮਾਂ ਬਾਪ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਿਆ ਕਰਦੇ ਸਨ। ਅੱਜ ਹਾਲਾਤ ਬਹੁਤ ਬਦਲ ਗਏ ਹਨ। ਸਾਡੇ ਵੇਲੇ ਅਧਿਆਪਕ ਜਦੋਂ ਸਾਨੂੰ ਸਕੂਲ ਦੀ ਸਫ਼ਾਈ, ਫੁੱਲਾਂ ਬੂਟਿਆਂ ਨੂੰ ਪਾਣੀ ਪਾਉਣ ਤੇ ਸਕੂਲ ਦੇ ਹੋਰ ਨਿੱਕੇ ਨਿੱਕੇ ਕੰਮ ਕਰਨ ਲਈ ਕਹਿੰਦੇ ਹੁੰਦੇ ਸਨ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਖ਼ਾਸ ਸਮਝਿਆ ਕਰਦੇ ਸਾਂ। ਪਰ ਅੱਜ ਤਾਂ ਝੱਟ ਗਰਦਾਨ ਦਿਤਾ ਜਾਂਦਾ ਹੈ ਕਿ ਮਾਸਟਰਾਂ ਵਲੋਂ ਬੱਚਿਆਂ ਤੋਂ ਬਾਲ-ਮਜ਼ਦੂਰੀ ਕਰਵਾਈ ਜਾ ਰਹੀ ਹੈ।
ਖ਼ੈਰ, ਦੂਜੇ ਦਿਨ ਸਵੇਰੇ ਮਾਤਾ ਜੀ ਨੇ ਮੈਨੂੰ ਸਕੂਲ ਨਾ ਜਾਣ ਲਈ ਕਿਹਾ। ਪਰ ਮੈਨੂੰ ਤਾਂ ਸ਼ੁਰੂ ਤੋਂ ਹੀ ਸਕੂਲ ਨਾਲ ਇਸ਼ਕ ਸੀ। ਮੈਂ ਤਾਂ ਛੁੱਟੀ ਵਾਲੇ ਦਿਨ ਵੀ ਸਕੂਲ ਦਾ ਗੇੜਾ ਮਾਰ ਆਇਆ ਕਰਦਾ ਸਾਂ। ਮੈਂ ਫੱਟੀ ਬਸਤਾ ਚੁੱਕਿਆ ਤੇ ਸਕੂਲੇ ਪਹੁੰਚ ਗਿਆ। ਹੈੱਡਮਾਸਟਰ ਸਾਹਿਬ ਨੇ ਸੋਹਣੀ ਨੂੰ ਮੇਰੇ ਕੋਲੋਂ ਹੋਰ ਵੀ ਦੂਰ ਬਿਠਾਇਆ ਤਾਂ ਕਿ ਕਿਤੇ ਅਸੀਂ ਲੜ ਨਾ ਪਈਏ।
ਅੱਧੀ ਛੁੱਟੀ ਵੇਲੇ ਮੈਂ ਫੱਟੀ ਧੋਣ ਲਈ ਟੋਭੇ ‘ਤੇ ਗਿਆ ਤੇ ਮੇਰੇ ਮਗਰੇ ਮਗਰ ਸੋਹਣੀ ਵੀ ਆ ਗਿਆ। ਮੈਂ ਪਹਿਲਾਂ ਤਾਂ ਡਰਿਆ ਕਿ ਸੋਹਣੀ ਮੈਨੂੰ ਕੁਝ ਕਹੇਗਾ ਪਰ ਦੋ ਤਿੰਨ ਮੁੰਡੇ ਹੋਰ ਵੀ ਆ ਗਏ ਤੇ ਮੇਰਾ ਹੌਸਲਾ ਵਧ ਗਿਆ। ਸੋਹਣੀ ਮੇਰੇ ਨੇੜੇ ਆ ਕੇ ਕਹਿੰਦਾ, “ ਤੇਰੀ ਬਾਂਹ ਦੁਖਦੀ ਹੋਣੀ ਆਂ ਲਿਆ ਮੈਂ ਤੇਰੀ ਫੱਟੀ ਵੀ ਧੋ ਕੇ ਗਾਚੀ ਲਾ ਦਿਆਂ।“ ਜਿਹੜਾ ਥੋੜ੍ਹਾ ਬਹੁਤ ਡਰ ਤੇ ਗੁੱਸਾ ਮੇਰੇ ਮਨ ਵਿਚ ਸੀ ਪਤਾ ਨਹੀਂ ਕਿਧਰ ਉਡ ਪੁਡ ਗਿਆ ਤੇ ਮੈਂ ਫੱਟੀ ਉਸ ਨੂੰ ਫੜਾ ਦਿਤੀ। ਦੋਵੇਂ ਫੱਟੀਆਂ ਧੋ ਕੇ ਉਹਨੇ ਹਵਾ ‘ਚ ਲਹਿਰਾਈਆਂ ਤੇ ਗਾਉਣ ਲੱਗਿਆ, “ ਸੂਰਜਾ ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਤਾਂ ਘਰ ਨੂੰ ਜਾਹ” ਤੇ ਮੈਂ ਵੀ ਕੱਲ੍ਹ ਵਾਲ਼ੀ ਗੱਲ ਭੁੱਲ ਕੇ ਉਹਦੀ ਸੁਰ ਨਾਲ਼ ਸੁਰ ਮਿਲਾ ਰਿਹਾ ਸਾਂ।  
ਅੱਜ ਜੀਵਨ ਦੇ ਸਫ਼ਰ ਦੇ ਸੱਤਵੇਂ ਦਹਾਕੇ ‘ਤੇ ਪਹੁੰਚ ਕੇ ਉਹ ਜ਼ਮਾਨੇ ਬੜੀ ਸ਼ਿੱਦਤ ਨਾਲ ਯਾਦ ਆ ਰਹੇ ਹਨ। ਪੰਜਤਾਲੀ ਸਾਲਾਂ ਤੋਂ ਇੰਗਲੈਂਡ ‘ਚ ਰਹਿੰਦਿਆਂ ਵੀ ਸੁਫ਼ਨੇ ਪਿੰਡ ਦੀਆਂ ਗਲ਼ੀਆਂ ਦੇ ਹੀ ਕਿਉਂ ਆਉਂਦੇ ਹਨ? ਕਾਸ਼ ਉਹ ਸਮਾਂ ਮੁੜ ਆਵੇ। ਪਰ ਸਮਾਂ ਕਦੀ ਨਹੀਂ ਠਹਿਰਦਾ। ਬਕੌਲ ਭਾਈ ਵੀਰ ਸਿੰਘ, “ ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ................ਲੰਘ ਗਿਆ ਨਾ ਮੁੜ ਕੇ ਆਂਵਦਾ।“
                                +++++++++++++++