ਸੱਚ ਤੋਂ ਡਰਦੇ ਹਾਕਮ - ਚੰਦ ਫਤਿਹਪੁਰੀ
ਆਲਟ ਨਿਊਜ਼ ਇੱਕ ਵੈੱਬਸਾਈਟ ਹੈ, ਜਿਹੜੀ ਸੋਸ਼ਲ ਮੀਡੀਆ ਉੱਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੀਆਂ ਜਾਂਦੀਆਂ ਲਿਖਤਾਂ ਤੇ ਵੀਡੀਓਜ਼ ਦਾ ਸੱਚ ਸਾਹਮਣੇ ਲਿਆਉਣ ਦਾ ਕੰਮ ਕਰਦੀ ਹੈ ਉਸ ਨੇ ਪਿਛਲੇ ਸਮੇਂ ਦੌਰਾਨ ਅਨੇਕਾਂ ਵਾਰ ਭਗਵਾਂ ਬਿਰਗੇਡ ਵੱਲੋਂ ਸਮਾਜ ਦੇ ਧਰੁਵੀਕਰਨ ਲਈ ਪਾਈਆਂ ਗਈਆਂ ਭਰਮ ਫੈਲਾਉਣ ਵਾਲੀਆਂ ਫਰਜ਼ੀ ਖ਼ਬਰਾਂ/ਪੋਸਟਾਂ ਦਾ ਭਾਂਡਾ ਭੰਨਿਆ ਹੈ । ਇਸ ਲਈ ਇਸ ਵੈਬਸਾਈਟ ਦੇ ਪ੍ਰਬੰਧਕ ਹਕੂਮਤ ਦੀਆਂ ਅੱਖਾਂ ਵਿੱਚ ਰੜਕਦੇ ਰਹੇ ਹਨ ।
ਬੀਤੇ ਸੋਮਵਾਰ ਨੂੰ ਦਿੱਲੀ ਪੁਲਸ ਨੇ ਆਲਟ ਨਿਊਜ਼ ਦੇ ਕੋ-ਫਾਊਂਡਰ ਤੇ ਫੈਕਟ ਚੈਕਰ ਮੁਹੰਮਦ ਜ਼ੁਬੈਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਦਿੱਲੀ ਪੁਲਸ ਦੀ ਇਹ ਕਾਰਵਾਈ ਹੈਰਾਨ ਕਰਨ ਵਾਲੀ ਸੀ, ਕਿਉਂਕਿ ਜ਼ੁਬੈਰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇੱਕ ਅਜਿਹੇ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ, ਜਿਸ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਉਸ ਨੂੰ ਅਗਾਊਂ ਜ਼ਮਾਨਤ ਮਿਲੀ ਹੋਈ ਸੀ, ਪਰ ਸ਼ਾਮ ਨੂੰ ਦੱਸਿਆ ਗਿਆ ਕਿ ਉਸ ਨੂੰ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾਂਦਾ ਹੈ ।
ਇਹ ਗ੍ਰਿਫ਼ਤਾਰੀ ਉਸ ਦਿਨ ਕੀਤੀ ਗਈ, ਜਿਸ ਦਿਨ 26 ਜੂਨ ਨੂੰ ਦੇਸ਼ ਭਰ ਵਿੱਚ ਐਮਰਜੈਂਸੀ ਦੀ ਵਰ੍ਹੇਗੰਢ ਮਨਾਈ ਜਾ ਰਹੀ ਸੀ ਤੇ ਪ੍ਰਧਾਨ ਮੰਤਰੀ ਮੋਦੀ ਜਰਮਨੀ ਵਿੱਚ ‘ਪ੍ਰਗਟਾਵੇ ਦੀ ਅਜ਼ਾਦੀ’ ਦੀ ਰਾਖੀ ਦਾ ਸੰਕਲਪ ਲੈ ਰਹੇ ਸਨ ।
ਪੁਲਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੂਨ 2022 ਵਿੱਚ ਦਿੱਲੀ ਪੁਲਸ ਨੂੰ ਇੱਕ ਗੁੰਮਨਾਮ ਵਿਅਕਤੀ ਨੇ ਟਵੀਟ ਰਾਹੀਂ ਸ਼ਿਕਾਇਤ ਕੀਤੀ ਸੀ ਕਿ, ‘ਦਿੱਲੀ ਪੁਲਸ, ਹਮਾਰੇ ਭਗਵਾਨ ਹਨੂੰਮਾਨ ਜੀ ਕੋ ਹਨੀਮੂਨ ਸੇ ਜੋੜਕਰ ਹਿੰਦੂਆਂ ਕਾ ਅਪਮਾਨ ਕੀਆ ਗਿਆ ਹੈ, ਕਿਉਂਕਿ ਹਨੂੰਮਾਨ ਜੀ ਬ੍ਰਹਮਚਾਰੀ ਹੈਂ । ਕ੍ਰਿਪਾ ਇਸ ਸ਼ਖਸ ਕੇ ਖ਼ਿਲਾਫ਼ ਕਾਰਵਾਈ ਕਰੇਂ ।’ ਇਹ ਟਵੀਟ 19 ਜੂਨ 2022 ਨੂੰ ਕੀਤਾ ਗਿਆ ਤੇ ਪੁਲਸ ਨੇ 20 ਜੂਨ ਨੂੰ ਜ਼ੁਬੈਰ ਵਿਰੁੱਧ ਕੇਸ ਦਰਜ ਕਰ ਲਿਆ ।
ਇਸ ਸ਼ਿਕਾਇਤ ਦਾ ਅਧਾਰ ਮੁਹੰਮਦ ਜ਼ੁਬੈਰ ਵੱਲੋਂ 24 ਮਾਰਚ 2018 ਨੂੰ ਟਵੀਟ ਕੀਤੀ ਗਈ ਇੱਕ ਤਸਵੀਰ ਸੀ, ਜਿਸ ਵਿੱਚ ਇੱਕ ਹੋਟਲ ਦੇ ਸਾਈਨ ਬੋਰਡ ਦੀਆਂ ਦੋ ਤਸਵੀਰਾਂ ਸਨ, ਜਿਸ ਦਾ ਪਹਿਲਾ ਨਾਂਅ ਹਨੀਮੂਨ ਹੋਟਲ ਤੋਂ ਬਦਲ ਕੇ ਹਨੂੰਮਾਨ ਹੋਟਲ ਕਰ ਦਿੱਤਾ ਗਿਆ ਸੀ । ਇਹ ਫੋਟੋ 1983 ਵਿੱਚ ਬਣੀ ਇੱਕ ਕਮੇਡੀ ਫਿਲਮ ‘ਕਿਸੀ ਸੇ ਨਾ ਕਹਨਾ’ ਦੇ ਇੱਕ ਸੀਨ ਤੋਂ ਲਈ ਗਈ ਸੀ, ਜਿਸ ਦਾ ਨਿਰਦੇਸ਼ਨ ਰਿਸ਼ੀਕੇਸ਼ ਮੁਖਰਜੀ ਨੇ ਕੀਤਾ ਸੀ । ਇਹ ਫਿਲਮ ਸੈਂਸਰ ਬੋਰਡ ਵੱਲੋਂ ਪਾਸ ਕੀਤੇ ਜਾਣ ਤੋਂ ਬਾਅਦ ਟੀ ਵੀ ਉੱਤੇ ਵੀ ਦਿਖਾਈ ਜਾ ਚੁੱਕੀ ਹੈ । ਇਸ ਫਿਲਮ ਵਿੱਚ ਦੀਪਤੀ ਨਵਲ, ਫਾਰੂਖ ਸ਼ੇਖ ਤੇ ਉਤਪਲ ਦੱਤ ਵਰਗੇ ਅਦਾਕਾਰ ਹਨ । ਜਿਸ ਸੀਨ ਦੀ ਵਰਤੋਂ ਕਰਨ ਉੱਤੇ ਮੁਹੰਮਦ ਜ਼ੁਬੈਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਉਹ ਸੀਨ ਪਹਿਲਾਂ ਵੀ ਕਈ ਵਾਰੀ ਵਰਤਿਆ ਜਾ ਚੁੱਕਾ ਹੈ । ‘ਇੰਡੀਅਨ ਐੱਕਸਪ੍ਰੈੱਸ’ ਨੇ 2018 ਦੇ ਇੱਕ ਆਰਟੀਕਲ ਵਿੱਚ ਵੀ ਇਸ ਸੀਨ ਦੀ ਵਰਤੋਂ ਕੀਤੀ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਸੋਸ਼ਲ ਮੀਡੀਆ ਉਤੇ ਇਸ ਤਸਵੀਰ ਦੀ ਵਰਤੋਂ ਕਰਦੇ ਰਹੇ ਹਨ, ਪਰ ਕਦੇ ਵੀ ਇਸ ਨੂੰ ‘ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ’ ਦਾ ਕਾਰਨ ਨਹੀਂ ਮੰਨਿਆ ਗਿਆ ।
ਦਿੱਲੀ ਪੁਲਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੂਨ 2022 ਦੇ ਮਹੀਨੇ ਵਿੱਚ ਜਦੋਂ ਦਿੱਲੀ ਪੁਲਸ ਨੂੰ ਟਵਿਟਰ ਹੈਂਡਲ ਵੱਲੋਂ ਅਲਰਟ ਕੀਤਾ ਗਿਆ ਕਿ ਮੁਹੰਮਦ ਜ਼ੁਬੈਰ ਨੇ ਪਹਿਲਾਂ ਇੱਕ ਇਤਰਾਜ਼ਯੋਗ ਟਵੀਟ ਕੀਤਾ ਸੀ ਅਤੇ ਬਾਅਦ ਵਿੱਚ ਉਨ੍ਹਾ ਦੇ ਫਾਲੋਅਰਜ਼ ਨੇ ਜ਼ੋਰ-ਸ਼ੋਰ ਨਾਲ ਘ੍ਰਿਣਾ ਫੈਲਾਉਣ ਦਾ ਸਿਲਸਲਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਇਸ ਮਾਮਲੇ ਵਿੱਚ ਉਸ ਦੀ ਜਾਂਚ ਕੀਤੀ ਗਈ ਤੇ ਉਸ ਦੀ ਭੂਮਿਕਾ ਇਤਰਾਜ਼ਯੋਗ ਪਾਈ ਗਈ ।
ਮੁਹੰਮਦ ਜ਼ੁਬੈਰ ਦੀ ਗਿ੍ਫ਼ਤਾਰੀ ਤੋਂ ਬਾਅਦ ਵਿਰੋਧੀ ਪਾਰਟੀਆਂ ਤੇ ਜਨਤਕ ਸੰਗਠਨਾਂ ਵੱਲੋਂ ਇਸ ਦੀ ਸਖ਼ਤ ਨਿੰਦਾ ਕਰਦਿਆਂ ਉਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਹੈ ।
ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਕਿਹਾ ਹੈ, ”ਇਹ ਸਪੱਸ਼ਟ ਹੈ ਕਿ ਆਲਟ ਨਿਊਜ਼ ਦੀ ਚੌਕਸੀ ਦੇ ਖ਼ਿਲਾਫ਼ ਉਹ ਲੋਕ ਹਨ, ਜੋ ਸਮਾਜ ਦਾ ਧਰੁਵੀਕਰਨ ਕਰਨ ਤੇ ਰਾਸ਼ਟਰਵਾਦੀ ਭਾਵਨਾਵਾਂ ਭੜਕਾਉਣ ਲਈ ਦੁਰਪ੍ਰਚਾਰ ਨੂੰ ਹਥਿਆਰ ਵਜੋਂ ਵਰਤਦੇ ਹਨ । ਜ਼ੁਬੈਰ ਨੂੰ ਫੌਜਦਾਰੀ ਕਾਨੂੰਨ ਦੀ ਧਾਰਾ 153 ਤੇ 295 ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ । ਇਹ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਹੈ, ਕਿਉਂਕਿ ਉਸ ਦੀ ਵੈੱਬਸਾਈਟ ਆਲਟ ਨਿਊਜ਼ ਨੇ ਪਿਛਲੇ ਕੁਝ ਸਾਲਾਂ ਵਿੱਚ ਫਰਜ਼ੀ ਖ਼ਬਰਾਂ ਦੀ ਪਛਾਣ ਕਰਨ ਤੇ ਦੁਰਪ੍ਰਚਾਰ ਮੁਹਿੰਮਾਂ ਦਾ ਮੁਕਾਬਲਾ ਕਰਨ ਲਈ ਬਹੁਤ ਹੀ ਉਦੇਸ਼ਪੂਰਨ ਅਤੇ ਤੱਥਾਤਮਕ ਤਰੀਕੇ ਨਾਲ ਕੰਮ ਕੀਤਾ ਹੈ ।”
ਗਿਲਡ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਹੈ, ”ਜ਼ੁਬੈਰ ਨੇ ਭਾਜਪਾ ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਦੀ ਇੱਕ ਚੈਨਲ ‘ਤੇ ਪੈਗੰਬਰ ਮੁਹੰਮਦ ਵਿਰੁੱਧ ਕੀਤੀ ਗਈ ਟਿੱਪਣੀ ਨੂੰ ਸਾਹਮਣੇ ਲਿਆਂਦਾ ਸੀ । ਇਸ ਜ਼ਹਿਰੀਲੇ ਬਿਆਨ ਨੂੰ ਸਾਹਮਣੇ ਲਿਆਉਣ ਕਰਕੇ ਹੀ ਸੱਤਾਧਾਰੀ ਹਾਕਮਾਂ ਨੇ ਇਹ ਕਦਮ ਉਠਾਇਆ ਹੈ ।”
ਇਸੇ ਦੌਰਾਨ ਦੇਸ਼ ਦੇ ਆਨਲਾਈਨ ਪ੍ਰਕਾਸ਼ਕਾਂ ਦੇ ਸੰਗਠਨ ‘ਡਿਜੀਪਬ’ ਨੇ ਵੀ ਦਿੱਲੀ ਪੁਲਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ । ਡਿਜੀਪਬ ਨੇ ਕਿਹਾ ਹੈ, ”ਇੱਕ ਲੋਕਤੰਤਰ ਵਿੱਚ, ਜਿੱਥੇ ਹਰ ਵਿਅਕਤੀ ਨੂੰ ਬੋਲਣ ਤੇ ਪ੍ਰਗਟਾਵੇ ਦੀ ਅਜ਼ਾਦੀ ਦਾ ਹੱਕ ਹੈ, ਇਹ ਦੁਖਦਾਈ ਹੈ ਕਿ ਇਸ ਤਰ੍ਹਾਂ ਦੇ ਕਰੜੇ ਕਾਨੂੰਨਾਂ ਦੀ ਵਰਤੋਂ ਪੱਤਰਕਾਰਾਂ ਵਿਰੁੱਧ ਕੀਤੀ ਜਾ ਰਹੀ ਹੈ, ਜੋ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਵਿਰੁੱਧ ਇੱਕ ਜਾਗਰੂਕ ਪਹਿਰੇਦਾਰ ਦੀ ਭੂਮਿਕਾ ਨਿਭਾਅ ਰਹੇ ਹਨ |”
ਇਸ ਤੋਂ ਇਲਾਵਾ ਕਾਂਗਰਸ, ਸੀ. ਪੀ. ਆਈ., ਸੀ. ਪੀ. ਐੱਮ., ਆਪ, ਸਮਾਜਵਾਦੀ ਤੇ ਪਾਰਟੀ ਟੀ. ਐੱਮ. ਸੀ. ਦੇ ਆਗੂਆਂ ਨੇ ਵੀ ਮੁਹੰਮਦ ਜ਼ੁਬੈਰ ਦੀ ਗਿ੍ਫ਼ਤਾਰੀ ਦੀ ਨਿੰਦਾ ਕਰਦਿਆਂ ਉਸ ਦੀ ਫ਼ੌਰਨ ਰਿਹਾਈ ਦੀ ਮੰਗ ਕੀਤੀ ਹੈ |