ਮੈਂ ਕਬੂਤਰ ਲੰਗੜਾ ਲੂਲਾ - ਰਵਿੰਦਰ ਸਿੰਘ ਕੁੰਦਰਾ
ਮੈਂ ਕਬੂਤਰ ਲੰਗੜਾ ਲੂਲਾ, ਹਿਰਦਾ ਮੇਰਾ ਅੱਗ ਬਬੂਲਾ।
ਕੁਦਰਤ ਨੇ ਵੀ ਧੱਕਾ ਕੀਤਾ, ਜੱਗ ਵੀ ਮਿਲਿਆ ਬੇ ਅਸੂਲਾ।
ਦੁਨੀਆ ਸਾਰੀ ਖ਼ੁਸ਼ੀਆਂ ਮਾਣੇ, ਦਰਦ ਤੋਂ ਮੇਰੇ ਸਭ ਅਣਜਾਣੇ।
ਪਿਆਰ ਦੀ ਨਜ਼ਰ ਕਿਤੇ ਨਾ ਲੱਭੇ, ਵਜੂਦ ਮੇਰਾ ਨਾ ਕੋਈ ਪਛਾਣੇ।
ਹਰ ਟਾਹਣੀ 'ਤੇ ਹਰ ਬਸੇਰਾ, ਰਾਤ ਦਿਨ ਅਤੇ ਸ਼ਾਮ ਸਵੇਰਾ।
ਕੱਲਮ ਕੱਲਾ ਬਿਟ ਬਿਟ ਤੱਕਾਂ, ਲੱਭਦਾ ਨਹੀਂ ਕੋਈ ਸਾਥੀ ਮੇਰਾ।
ਹਾੜ੍ਹ ਸਿਆਲ ਮੈਂ ਕਈ ਲੰਘਾਏ, ਚਾਹਤ ਦੇ ਕਈ ਗੀਤ ਮੈਂ ਗਾਏ।
ਕਿਸੇ ਵੀ ਮੇਰਾ ਰਾਗ ਨਾ ਸੁਣਿਆ, ਕਿਸੇ ਨੂੰ ਮੇਰੇ ਭਾਵ ਨਾ ਭਾਏ।
ਹੌਕੇ ਹਾਵੇ ਰਹੇ ਮੇਰੇ ਸਾਥੀ, ਦਿਲ ਦੀ ਧੁਖਦੀ ਰਹੀ ਚੁਆਤੀ।
ਜਾਪਦਾ ਹੈ ਇੰਝ ਡਿਗਦੇ ਢਹਿੰਦੇ, ਬੀਤ ਜਾਵੇਗੀ ਕੁੱਲ ਹਿਆਤੀ।
ਮੇਰੀਆਂ ਹੀ ਅੱਖਾਂ ਦੇ ਸਾਹਮੇ, ਹੁੰਦੇ ਰਹਿੰਦੇ ਰੋਜ਼ ਡਰਾਮੇ।
ਮੇਰੇ ਨਾਲ ਹੀ ਅੱਖ ਮਿਲਾਣੋਂ, ਕਰ ਜਾਂਦੇ ਕਈ ਆਨੇ ਕਾਨੇ।
ਕਲੋਲਾਂ ਕਰਦੇ ਪਿਆਰ ਜਤਾਂਦੇ, ਚੁੰਝਾਂ ਜੋੜੇ ਨਿੱਤ ਭਿੜਾਂਦੇ,
ਮੈਨੂੰ ਦੇਖ ਮੇਰੇ ਸਿਰ ਚੜ੍ਹ ਕੇ, ਹੋਰ ਵੀ ਮੇਰਾ ਮੂੰਹ ਚਿੜ੍ਹਾਂਦੇ।
ਭੁੱਖ ਪਿਆਸ ਵੀ ਝੱਲਣੀ ਪੈਂਦੀ, ਜ਼ੋਰਾਵਰੀ ਜਦ ਮੈਨੂੰ ਖਹਿੰਦੀ,
ਘੁਰਕੀਆਂ ਮੇਰੇ ਅੱਗੇ ਪਿੱਛੇ, ਮੈਨੂੰ ਜਾਨ ਲੁਕਾਉਣੀ ਪੈਂਦੀ।
ਲੁਕ ਛਿਪ ਕੇ ਮੈਂ ਚੋਗਾ ਚੁਗਦਾ, ਚੁੰਝ ਗਿੱਲੀ ਵੀ ਨਹੀਂ ਨਸੀਬ,
ਖੰਭਾਂ ਦੇ ਵਾਰ ਮੈਨੂੰ ਪੱਛਦੇ, ਜਦ ਵੀ ਜਾਵਾਂ ਕਿਸੇ ਦੇ ਕਰੀਬ।
ਪੁੱਛਣਾ ਲੋਚਾਂ ਮੈਂ ਉਸ ਰੱਬ ਨੂੰ, ਦੱਸ ਖਾਂ ਮੈਨੂੰ ਜ਼ਰਾ ਤੂੰ ਅੜਿਆ,
ਕਿਹੜੀ ਗੱਲੋਂ ਮੈਥੋਂ ਰੁੱਸ ਕੇ, ਮੇਰਾ ਨਸੀਬ ਤੂੰ ਅੱਥਰਾ ਘੜਿਆ ।
ਮੈਂ ਕਬੂਤਰ ਲੰਗੜਾ ਲੂਲਾ, ਹਿਰਦਾ ਮੇਰਾ ਅੱਗ ਬਗੂਲਾ।
ਕੁਦਰਤ ਨੇ ਵੀ ਧੱਕਾ ਕੀਤਾ, ਜੱਗ ਵੀ ਮਿਲਿਆ ਬੇ ਅਸੂਲਾ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ